Thursday, 05 July 2012 10:09
Print PDF

 

 

ਪਾਕਿਸਤਾਨ ਵਿਚ 30 ਸਾਲ ਦੀ ਕੈਦ ਕੱਟ ਕੇ ਜਦੋਂ ਸੁਰਜੀਤ ਸਿੰਘ ਵਾਹਘਾ ਸਰਹੱਦ ਰਾਹੀਂ ਆਪਣੇ ਮੁਲਕ ਪਰਤਿਆ ਤਾਂ ਉਸ ਦੇ ਚਿਹਰੇ ਉਤੇ ਘਰ ਪਹੁੰਚਣ ਦੀ ਖੁਸ਼ੀ ਤਾਂ ਸੀ ਪਰ ਨਾਲ-ਨਾਲ ਅੰਦਰੋਂ ਮਨ ਦੁਖੀ ਵੀ ਸੀ ਕਿਉਂਕਿ ਉਸ ਨੇ ਆਪਣੀ ਜਵਾਨੀ ਦੇ ਤਿੰਨ ਦਹਾਕੇ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਗੁਜ਼ਾਰੇ ਹਨ ਅਤੇ ਉਸ ਦੇ ਪਰਿਵਾਰ ਵਾਲੇ ਉਸ ਦੀ ਛੱਤਰ ਛਾਇਆ ਤੋਂ ਮਹਿਰੂਮ ਹੋ ਗਏ। ਉਸ ਦੀ ਪਤਨੀ ਜੋ ਕਿ ਭਰ ਜਵਾਨ ਮੁਟਿਆਰ ਸੀ, ਦੇ ਅਰਮਾਨ ਹੰਝੂਆਂ ਨਾਲ ਵਹਿ ਗਏ। ਅੱਜ ਉਹ ਪੋਤੇ ਪੋਤੀਆਂ ਦੀ ਦਾਦੀ ਬਣ ਚੁੱਕੀ ਹੈ। ਸੁਰਜੀਤ ਸਿੰਘ ਦੇ ਮਨ ਵਿਚ ਜੋ ਦੁੱਖ ਸੀ, ਉਸ ਦਾ ਭਾਵੇਂ ਇਜ਼ਹਾਰ ਤਾਂ ਨਹੀਂ ਕੀਤਾ, ਪਰ ਹੌਲੀ-ਹੌਲੀ ਉਹ ਮਨ ਦੀ ਭੜਾਸ ਕੱਢ ਰਿਹਾ ਹੈ। ਉਸ ਨੇ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਉਹ ਪਾਕਿਸਤਾਨ ਦੀ ਜਾਸੂਸੀ ਕਰਦਾ ਹੋਇਆ ਫੜ੍ਹਿਆ ਗਿਆ ਸੀ। ਜਾਸੂਸੀ ਦੀ ਗੱਲ ਸੁਣਦਿਆਂ ਹੀ ਕੇਂਦਰ ਸਰਕਾਰ ਨੇ ਇਸ ਗੱਲੋਂ ਇਨਕਾਰ

ਕਰ ਦਿੱਤਾ ਕਿ ਭਾਰਤ ਨੇ ਕਦੇ ਆਪਣੇ ਜਾਸੂਸਾਂ ਤੋਂ ਜਾਸੂਸੀ ਕਰਵਾਈ ਹੈ। ਸਰਕਾਰ ਦੇ ਇਸ ਪ੍ਰਤੀਕਰਮ ਮਗਰੋਂ ਹੁਣ ਸੁਰਜੀਤ ਸਿੰਘ ਨੇ ਕਿਹਾ ਹੈ ਕਿ ਉਹ ਮੁਆਵਜ਼ੇ ਲਈ ਅਦਾਲਤ ਦਾ ਦਰਵਾਜ਼ਾ ਖੜਕਾਵੇਗਾ ਅਤੇ ਸਬੂਤ ਪੇਸ਼ ਕਰੇਗਾ ਕਿ ਉਹ ਪਾਕਿਸਤਾਨ ਵਿਚ ਜਾਸੂਸੀ ਕਰਨ ਗਿਆ ਸੀ।  ਸਰਕਾਰ ਹਮੇਸ਼ਾ ਹੀ ਕਿਸੇ ਵੀ ਜਾਸੂਸ ਦੇ ਰਿਹਾਅ ਹੋਣ ਮਗਰੋਂ ਅਕਸਰ ਇਹ ਕਹਿੰਦੀ ਹੈ ਕਿ ਉਸ ਦਾ 'ਜਾਸੂਸ' ਨਾਲ ਕੋਈ ਲੈਣ-ਦੇਣ ਨਹੀਂ ਹੈ। ਇਹ ਸਰਕਾਰਾਂ ਦੀ ਮਜ਼ਬੂਰੀ ਵੀ ਹੈ ਕਿ ਉਹ ਜਾਸੂਸਾਂ ਨੂੰ ਆਪਣਾ ਨਹੀਂ ਮਨ ਸਕਦੀਆਂ, ਕਿਉਂਕਿ ਕੌਮਾਂਤਰੀ ਕਾਨੂੰਨ ਕਿਸੇ ਵੀ ਮੁਲਕ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਕਿ ਕੋਈ ਮੁਲਕ ਦੂਜੇ ਮੁਲਕ ਦੀਆਂ ਗੁਪਤ ਜਾਣਕਾਰੀਆਂ ਹਾਸਲ ਕਰਨ ਲਈ ਜਾਸੂਸੀ ਦਾ ਢੰਗ ਤਰੀਕਾ ਅਪਣਾਵੇ। ਇਹ ਗੱਲ ਅਲੱਗ ਹੈ ਕਿ ਅਸਿੱਧੇ ਰੂਪ ਵਿਚ ਇਹ ਸਭ ਕੁਝ ਹੁੰਦਾ ਆਇਆ ਹੈ ਅਤੇ ਹੋ ਵੀ ਰਿਹਾ ਹੈ ਪਰ ਸਰਕਾਰਾਂ ਜਦੋਂ 'ਜਾਸੂਸਾਂ' ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਬੇਮੁਖ ਹੁੰਦੀਆਂ ਹਨ ਤਾਂ ਇਸ ਦਾ ਦੁਖ ਪੀੜਤ ਪਰਿਵਾਰ ਨੂੰ ਹੁੰਦਾ ਹੀ ਹੈ, ਨਾਲ-ਨਾਲ ਆਮ ਵਿਅਕਤੀ ਵੀ ਹਾਅ ਦਾ ਨਾਅਰਾ ਮਾਰਦਾ ਹੈ।  ਕੁਝ ਸਾਲ ਪਹਿਲਾਂ ਕਸ਼ਮੀਰ ਸਿੰਘ ਵੀ ਪਾਕਿਸਤਾਨ ਦੀਆਂ ਜੇਲ੍ਹਾਂ ਵਿਚੋਂ 36 ਸਾਲ ਦੀ ਜੇਲ੍ਹ ਕੱਟ ਕੇ ਭਾਰਤ ਪਰਤਿਆ ਸੀ। ਉਸ ਦੇ ਇੰਨੇ ਚਿਰ ਵਿਦੇਸ਼ੀ ਜੇਲ੍ਹ ਵਿਚ ਰਹਿਣ ਕਾਰਨ ਪਿਛੇ ਪਰਿਵਾਰ ਪੂਰੀ ਤਰ੍ਹਾਂ ਅਲੱਗ-ਥਲੱਗ ਪੈ ਗਿਆ ਸੀ। ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਉਠ ਗਿਆ ਸੀ। ਭਾਵੇਂ ਬਾਅਦ ਵਿਚ ਪੰਜਾਬ ਸਰਕਾਰ ਨੇ ਕਸ਼ਮੀਰ ਸਿੰਘ ਦੀ ਆਰਥਿਕ ਤੌਰ 'ਤੇ ਸਹਾਇਤਾ ਵੀ ਕੀਤੀ, ਪਰ ਉਸ ਦੇ ਚਾਰ ਦਹਾਕਿਆਂ ਦਾ ਬੇਸ਼ਕੀਮਤੀ ਸਮਾਂ ਕਿਵੇਂ ਮੋੜਿਆ ਜਾ ਸਕਦਾ ਹੈ।
 ਮੈਨੂੰ ਨਿੱਜੀ ਤੌਰ 'ਤੇ ਦੋ ਜਾਸੂਸਾਂ ਨੂੰ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਵਿਚੋਂ ਇਕ ਸੀ ਮੋਹਨ ਲਾਲ ਭਾਸਕਰ। ਉਹ ਬੁਨਿਆਦੀ ਤੌਰ 'ਤੇ ਇਕ ਸ਼ਾਇਰ ਸੀ ਅਤੇ ਸ਼ਾਇਰ ਵੀ ਦੇਸ਼ ਭਗਤੀ ਕਵਿਤਾਵਾਂ ਦਾ। 1980 ਤੋਂ ਲੈ ਕੇ 1990 ਤੱਕ ਮੈਨੂੰ ਫਿਰੋਜ਼ਪੁਰ ਰਹਿਣ ਦਾ ਮੌਕਾ ਮਿਲਿਆ। ਉਥੇ ਸਾਹਿਤਕ ਮਿਲਣੀਆਂ ਵਿਚ ਭਾਸਕਰ ਜੋ ਇਸ ਦੁਨੀਆਂ ਵਿਚ ਨਹੀਂ ਰਹੇ, ਨੂੰ ਅਕਸਰ ਮਿਲਣ ਦਾ ਮੌਕਾ ਮਿਲਦਾ ਸੀ। ਉਨ੍ਹਾਂ ਬਾਰੇ ਮੈਨੂੰ ਮੇਰੇ ਸਤਿਕਾਰਯੋਗ ਪ੍ਰੋਫੈਸਰ ਚਮਨ ਲਾਲ ਅਰੋੜਾ ਜੋ ਖ਼ੁਦ ਵੀ ਕਲਾਕਾਰ ਹਨ, ਨੇ ਕੁਝ ਜਾਣਕਾਰੀ ਮੁਹਈਆ ਕਰਵਾਈ ਸੀ।  ਫਿਰੋਜ਼ਪੁਰ ਜਿਥੇ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀਆਂ ਸਰਹੱਦ ਦੇ ਨਜ਼ਦੀਕ ਸਮਾਧਾਂ ਬਣੀਆਂ ਹੋਈਆਂ ਹਨ, ਉਥੇ 23 ਮਾਰਚ ਨੂੰ ਮੇਲਾ ਲਗਦਾ ਹੈ, ਇਥੇ ਭਾਸਕਰ ਨੇ ਇਕ ਦੇਸ਼ ਭਗਤੀ ਦੀ ਕਵਿਤਾ ਸੁਣਾਈ। ਇਹ ਕਵਿਤਾ ਇਕ ਮਿਲਟਰੀ ਅਧਿਕਾਰੀ ਨੇ ਸੁਣੀ ਅਤੇ ਉਹ ਭਾਸਕਰ ਕੋਲ ਆਇਆ, 'ਬਹੁਤ ਖ਼ੂਬਸੂਰਤ ਕਵਿਤਾ ਸੀ।' ਭਾਸਕਰ ਨੇ ਮਿਲਟਰੀ ਅਫ਼ਸਰ ਦਾ ਧੰਨਵਾਦ ਕੀਤਾ। ਮਿਲਟਰੀ ਅਧਿਕਾਰੀ ਨੇ ਅੱਗੋਂ ਕਿਹਾ, '' ਕਵਿਤਾ ਲਿਖਣ ਅਤੇ ਦੇਸ਼ ਲਈ ਅਸਲ ਵਿਚ ਕੁਝ ਕਰਨ ਵਿਚ ਬਹੁਤ ਫਰਕ ਹੈ।'' ਭਾਸਕਰ ਨੇ ਕਿਹਾ, ''ਜੇਕਰ ਮੌਕਾ ਮਿਲਿਆ ਤਾਂ ਅਸਲ ਵਿਚ ਵੀ ਕੁਝ ਕਰ ਵਿਖਾਵਾਂਗਾ।''
 ਮਿਲਟਰੀ ਅਫ਼ਸਰ ਤਾੜ ਗਿਆ ਕਿ ਇਸ ਨੌਜਵਾਨ ਤੋਂ ਕੁਝ ਕੰਮ ਲਿਆ ਜਾ ਸਕਦਾ ਹੈ। ਮਿਲਟਰੀ ਅਫ਼ਸਰ ਨੇ ਉਸ ਨੂੰ ਮਾਨਸਿਕ ਤੌਰ 'ਤੇ ਜਾਸੂਸੀ ਕਰਨ ਲਈ ਤਿਆਰ ਕਰ ਲਿਆ। ਉਸ ਨੂੰ ਬਕਾਇਦਾ ਕਲਮਾਂ ਪੜ੍ਹਨੀਆਂ ਸਿਖਾਈਆਂ, ਉਸ ਦੀ ਸੁੰਨਤ ਕੀਤੀ ਗਈ, ਉਸ ਨੂੰ ਉਰਦੂ ਸਿਖਾਇਆ ਗਿਆ। ਭਾਸਕਰ ਨੇ ਪੂਰੇ ਜੋਸ਼ ਨਾਲ ਦੇਸ਼ ਭਗਤੀ ਕੀਤੀ ਅਤੇ ਪਾਕਿਸਤਾਨ  ਵਿਚ ਜਾ ਕੇ ਉਥੋਂ ਦੀਆਂ ਗੁਪਤ ਜਾਣਕਾਰੀਆਂ ਹਾਸਲ ਕੀਤੀਆਂ ਅਤੇ ਭਾਰਤ ਵਿਚ ਪਹੁੰਚਾਈਆਂ ਗਈਆਂ। ਉਦੋਂ ਅੱਜ ਵਰਗੀ ਤਕਨਾਲੋਜੀ ਵੀ ਨਹੀਂ ਸੀ। ਉਦੋਂ ਜੋ ਕੁਝ ਵੀ ਕੀਤਾ ਜਾਂਦਾ ਸੀ ਜਾਂ ਜਿਹੜੀ ਗੁਪਤ ਜਾਣਕਾਰੀ ਹਾਸਲ ਕੀਤੀ ਜਾਂਦੀ ਸੀ, ਉਸ ਨੂੰ ਆਪਣੇ ਮੁਲਕ ਵਿਚ ਪਹੁੰਚਾਉਣਾ ਬਹੁਤ ਮੁਸ਼ਕਿਲ ਸੀ। ਜਦੋਂ ਜਾਸੂਸ ਫੜਿਆ ਜਾਂਦਾ ਸੀ ਤਾਂ ਉਸ ਉਤੇ ਜੋ ਤਸ਼ੱਦਦ ਹੁੰਦਾ ਸੀ, ਉਸ ਬਾਰੇ ਬਿਆਨ ਕਰਨਾ ਵੀ ਮੁਸ਼ਕਿਲ ਹੈ। ਆਖਿਰ ਭਾਸਕਰ ਵੀ ਫੜਿਆ ਗਿਆ। ਉਸ ਉੱਤੇ ਅੰਨ੍ਹੇ ਤਸ਼ੱਦਦ ਹੋਏ। ਕੈਦ ਹੋਈ।  ਸਜ਼ਾ ਕੱਟਣ ਮਗਰੋਂ ਜਦੋਂ ਉਹ ਦੇਸ਼ ਪਰਤਿਆ ਤਾਂ ਉਸ ਦੇ ਪਰਿਵਾਰ ਨੂੰ ਪੁੱਛਣ ਵਾਲਾ ਕੋਈ ਨਹੀਂ ਸੀ। ਉਹ ਬਾਅਦ ਵਿਚ ਇਕ ਸਕੂਲ ਵਿਚ ਅਧਿਆਪਕ ਲੱਗ ਗਿਆ। ਉਸ ਨੇ ਜਾਸੂਸੀ ਬਾਰੇ ਇਕ ਕਿਤਾਬ ਲਿਖੀ-'ਮੈਂ ਥਾ ਪਾਕਿਸਤਾਨ ਮੇਂ  ਭਾਰਤ ਕਾ ਜਾਸੂਸ।' ਜਿਸ ਦਾ ਬਾਅਦ ਵਿਚ ਅੰਗ੍ਰੇਜ਼ੀ ਵਿਚ ਤਰਜ਼ਮਾ ਹੋਇਆ  ''Under the Shadow of Boynots.”
 ਦੂਜਾ ਜਾਸੂਸ ਪੇਸ਼ੇ ਤੋਂ ਡਾਕਟਰ ਸੀ ਮੇਰੇ ਪਿਤਾ ਜੀ ਫਿਰੋਜ਼ਪੁਰ ਦੇ ਆਯੂਰਵੈਦਿਕ ਵਿਭਾਗ ਵਿਚ ਸੁਪਰਡੈਂਟ ਸਨ। ਉਹ ਡਾਕਟਰ ਅਕਸਰ ਹੀ ਸਾਡੇ ਘਰ ਆਉਂਦਾ ਸੀ। ਉਸ ਨੂੰ ਵੀ ਜਾਸੂਸੀ ਕਰਨ ਦਾ ਮੌਕਾ ਮਿਲਿਆ। ਉਹ ਪਾਕਿਸਤਾਨ ਦੀਆਂ ਜਾਣਕਾਰੀਆਂ ਭਾਰਤ ਭੇਜਦਾ ਰਿਹਾ। ਇਕ ਵਾਰ ਉਹ ਨੌਜਵਾਨ ਮਹਿਲਾ ਜਾਸੂਸ ਨਾਲ ਜਦੋਂ ਸਰਹੱਦ ਪਾਰ ਕਰ ਰਿਹਾ ਸੀ ਤਾਂ ਰੇਂਜਰਾਂ ਨੂੰ ਜਦੋਂ ਆਹਟ ਹੋਈ ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ। ਗੋਲੀ ਉਸ  ਜਾਸੂਸ ਡਾਕਟਰ ਦੇ ਪੱਟ ਵਿਚ ਲੱਗੀ ਪਰ ਉਹ ਜ਼ਖ਼ਮੀ ਹਾਲਤ ਵਿਚ ਪਾਕਿਸਤਾਨ ਵਿਚ ਪੁੱਜ ਗਿਆ। ਉਹ ਕਿਸੇ ਡਾਕਟਰ ਕੋਲ ਜਾਂ ਹਸਪਤਾਲ ਵਿਚ ਨਹੀਂ ਸੀ ਜਾ ਸਕਦਾ ਕਿਉਂਕਿ ਉਸ ਤੋਂ ਗੋਲੀ ਦਾ ਕਾਰਨ ਪੁੱਛਿਆ ਜਾਣਾ ਸੀ। ਇਸ ਲਈ ਉਸ ਨੇ ਆਪਣੇ ਪੱਟ ਵਿਚ ਆਪ ਹੀ ਟੀਕੇ ਲਗਾ ਕੇ ਗੋਲੀ ਕੱਢ ਲਈ। ਉਹ ਜ਼ਖ਼ਮ ਮੈਂ ਖੁਦ ਵੀ ਦੇਖੇ। ਭਾਰਤ ਵਾਪਸ ਆਉਣ 'ਤੇ ਉਸ ਦੀ ਸੁਣਵਾਈ ਕਿਥੇ ਵੀ ਨਹੀਂ ਹੋਈ। ਇਹ ਤਾਂ ਇੱਕਾ-ਦੁੱਕਾ ਘਟਨਾਵਾਂ ਹਨ। ਸਰਹੱਦ ਦੇ ਨਜ਼ਦੀਕ ਬਹੁਤ ਸਾਰੇ ਅਜਿਹੇ ਪਿੰਡ ਮਿਲਦੇ ਹਨ ਜਿਥੇ ਉਥੋਂ ਦੇ ਲੋਕਾਂ ਤੋਂ ਅਕਸਰ ਹੀ ਜਾਸੂਸੀ ਕਰਵਾਈ ਜਾਂਦੀ ਹੈ। ਗੁਰਦਾਸਪੁਰ ਜ਼ਿਲ੍ਹੇ  ਦੇ ਕਈ ਪਿੰਡਾਂ ਦੇ ਜਾਸੂਸਾਂ ਦੀਆਂ ਕਹਾਣੀਆਂ ਛੱਪ ਚੁੱਕੀਆਂ ਹਨ। ਸਰਹੱਦ ਨਾਲ ਲੱਗਦੇ ਪਿੰਡਾਂ ਵਿਚਲੇ ਨੌਜਵਾਨਾਂ ਨੂੰ ਦੇਸ਼ ਭਗਤੀ ਦੇ ਨਾਮ 'ਤੇ ਅਕਸਰ ਹੀ ਪਾਕਿਸਤਾਨ ਵਿਚ ਭੇਜਿਆ ਜਾਂਦਾ ਹੈ। ਹੋਰਨਾਂ ਮੁਲਕਾਂ ਵਿਚ ਵੀ ਅਜਿਹਾ ਹੀ ਹੋਵੇਗਾ। ਪਾਕਿਸਤਾਨ ਵੀ ਅਜਿਹੇ ਕੰਮ ਕਰਨ ਵਿਚ ਪਿਛੇ ਨਹੀਂ ਹੈ। ਇਸ ਲਈ ਭਾਰਤ ਨੂੰ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ, ਪਰ ਜੋ ਲੋਕ ਦੇਸ਼ ਭਗਤੀ ਦੇ ਵਹਿਣ ਵਿਚ ਵਗ ਕੇ ਦੇਸ਼ ਲਈ ਮਰਨ ਮਿਟਣ ਲਈ ਤਿਆਰ ਹੋ ਜਾਂਦੇ ਹਨ, ਕੀ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ? ਇਹ ਲੋਕ ਤਾਂ ਦੁਸ਼ਮਣਾਂ ਵਿਚ ਹਮੇਸ਼ਾ ਘਿਰੇ ਰਹਿੰਦੇ ਹਨ। ਫ਼ੌਜੀ ਤਾਂ ਸਰਹੱਦਾਂ 'ਤੇ ਤੈਨਾਤ ਹੁੰਦੇ ਹਨ ਪਰ ਜਾਸੂਸਾਂ ਨੂੰ ਦੂਜੇ ਮੁਲਕਾਂ ਵਿਚ ਜਾਣਾ ਪੈਂਦਾ ਹੈ ਅਤੇ ਜਾਨ ਤਲੀ 'ਤੇ ਰੱਖ ਕੇ ਆਪਣੇ ਫ਼ਰਜ਼ ਨਿਭਾਉਣੇ ਪੈਂਦੇ ਹਨ। ਉਨ੍ਹਾਂ ਦਾ ਸਾਰਾ ਪਰਿਵਾਰ ਗ੍ਰਿਫ਼ਤਾਰੀ ਮਗਰੋਂ ਉਜੜ-ਪੁੱਜੜ ਜਾਂਦਾ ਹੈ, ਪਰ ਉਨ੍ਹਾਂ ਦੇ ਪਰਿਵਾਰ ਨੂੰ ਢਾਰਸ ਦੇਣ ਵਾਲਾ ਕੋਈ ਨਹੀਂ ਹੁੰਦਾ। ਪਰਿਵਾਰ ਦੇ ਲੋਕ ਦਰ-ਦਰ ਦੀਆਂ ਠੋਕਰਾਂ ਖਾਂਦੇ ਰਹਿੰਦੇ ਹਨ ਪਰ ਕੋਈ ਵੀ ਨਹੀਂ ਪੁੱਛਦਾ। ਸਿਆਸਤਦਾਨ ਜਿਹੜੇ ਅਰਬਾਂ ਰੁਪਏ ਦੇ ਭ੍ਰਿਸ਼ਟਾਚਾਰ ਕਰਦੇ ਹਨ, ਦੇਸ਼ ਦੀਆਂ ਪੰਜ ਸਿਤਾਰਾ ਜੇਲ੍ਹਾਂ ਵਿਚ  ਬੈਠ ਕੇ ਵੀ ਸੱਤਾ ਚਲਾਉਂਦੇ ਹਨ, ਉਹ ਫਿਰ ਵੀ ਦੇਸ਼ ਭਗਤ ਹੀ ਕਹਾਉਂਦੇ ਹਨ। ਜਿਹੜੇ ਲੋਕ ਅਸਲ ਵਿਚ ਦੇਸ਼  ਭਗਤ ਹਨ, ਉਨ੍ਹਾਂ ਨੂੰ ਜ਼ਿੱਲਤ ਦੀ ਜ਼ਿੰਦਗੀ ਬਿਤਾਉਣੀ ਪੈਂਦੀ ਹੈ। ਆਪਣੇ ਹੱਕ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਹੈ। ਕੀ ਸਾਡੇ ਦੇਸ਼ ਦਾ ਨਿਜ਼ਾਮ ਇਸੇ ਪ੍ਰਕਾਰ ਚੱਲਦਾ ਰਹੇਗਾ। ਸਿਆਸਾਤਦਾਨ ਜੇਕਰ ਕੈਦ ਕੱਟ ਲੈਣ ਤਾਂ ਉਹ ਉਸ 'ਕੈਦ' ਨੂੰ ਦੇਸ਼ ਭਗਤੀ ਦਾ ਨਾਮ ਦੇ ਕੇ ਉਸ ਨੂੰ ਹਮੇਸ਼ਾ ਕੈਸ਼ ਕਰਦੇ ਰਹਿੰਦੇ ਹਨ ਅਤੇ ਦੇਸ਼ ਦੀ ਸੱਤਾ ਚਲਾਉਂਦੇ ਹਨ ਪਰ ਜਿਹੜੇ ਲੋਕ ਦੇਸ਼ ਦੀ ਖ਼ਾਤਰ ਕੈਦਾਂ ਕੱਟਦੇ ਹਨ, ਉਹ ਕੀੜੇ ਮਕੌੜਿਆਂ ਦੀ ਜ਼ਿੰਦਗੀ ਬਤੀਤ ਕਰਦੇ ਹਨ । ਕੀ ਕੋਈ ਸੁਰਜੀਤ ਸਿੰਘ, ਕਸ਼ਮੀਰ ਸਿੰਘ ਅਤੇ ਮੋਹਨ ਲਾਲ ਭਾਸਕਰ ਦੀਆਂ ਦੁੱਖ ਤਕਲੀਫ਼ਾਂ ਨੂੰ ਸੁਣ ਕੇ ਕੋਈ ਜਾਸੂਸੀ ਵਰਗੀ ਦੇਸ਼ ਭਗਤੀ ਲਈ ਤਿਆਰ ਹੋ ਜਾਵੇਗਾ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਪੰਜਾਬ ਡਾਇਰੀਕੀ ਇਹੀ ਹੈ ਦੇਸ਼ ਭਗਤੀ ਲਈ ਮਰ ਮਿਟਣ ਵਾਲਿਆਂ ਦਾ ਇਨਾਮ?

Currency Converter

Amount:
From:
To:


Gurbani Radio


Gurbani - Sri Harmandir Sahib