ਅਮਰੀਕਾ ਦੇ ਵਿਸਕਾਨਸਿਨ ਸੂਬੇ ਦੇ ਇਕ ਗੁਰਦੁਆਰੇ ਵਿਚ ਹੋਈ ਫਾਇੰਰਿੰਗ ਕਾਰਨ 7 ਵਿਅਕਤੀਆਂ ਦੀ ਹੋਈ ਮੌਤ ਨੇ ਪੂਰੇ ਸਿੱਖ ਜਗਤ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਓਕਕ੍ਰੀਕ ਗੁਰਦੁਆਰੇ ਵਿਚ ਜਿਨ੍ਹਾਂ ਵਿਅਕਤੀਆਂ ਨੇ ਗੋਲੀਬਾਰੀ ਕੀਤੀ ਉਨ੍ਹਾਂ ਵਿਚੋਂ ਇਕ ਮਾਰਿਆ ਗਿਆ ਹੈ ਜੋ ਕਿ ਗੋਰਾ ਹੈ। ਅਮਰੀਕਾ ਨੇ ਇਸ ਘਟਨਾ 'ਤੇ ਸੰਵੇਦਨਾ ਪ੍ਰਗਟ ਕਰਦੇ ਹੋਏ ਇਸ ਨੂੰ ਘਰੇਲੂ ਅਤਿਵਾਦ ਦਾ ਨਾਮ ਦਿੱਤਾ ਹੈ ਪਰ ਸਿੱਖ ਜਥੇਬੰਦੀਆਂ ਨੇ ਸ਼ੰਕਾ ਪ੍ਰਗਟ ਕੀਤੀ ਹੈ ਕਿ ਇਹ ਇਕ ਨਸਲੀ ਨਫ਼ਰਤ ਵਾਲਾ ਹਮਲਾ ਹੈ। ਸਿੱਖਾਂ ਦੇ ਇਹ ਜੋ ਸ਼ੰਕੇ ਹਨ, ਉਹ ਅਸਲ ਵਿਚ ਪਿਛਲੀਆਂ ਘਟਨਾਵਾਂ 'ਤੇ ਅਧਾਰਿਤ ਹਨ। ਜਦੋਂ ਕਿ ਅਮਰੀਕਾ ਉੱਤੇ 11 ਸਤੰਬਰ 2001 ਨੂੰ ਹਮਲਾ ਹੋਇਆ ਸੀ, ਉਦੋਂ ਅਮਰੀਕਨ ਗੋਰਿਆਂ ਨੇ ਜਿਹੜੀ ਹਿੰਸਕ ਪ੍ਰਤੀਕਿਰਿਆ ਦਿੱਤੀ ਸੀ, ਉਸ ਦਾ ਸ਼ਿਕਾਰ ਸਿੱਖਾਂ ਨੂੰ ਵੀ ਹੋਣਾ ਪਿਆ ਸੀ। ਉਦੋਂ ਵੀ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਮਾਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲਾ ਹਮਲਾ 15 ਸਤੰਬਰ 2001 ਨੂੰ ਅਤਿਵਾਦੀ ਹੋਇਆ ਜਦੋਂ ਇਕ ਗੋਰੇ ਫਰੈਂਕ ਸਿਲਵਾ ਰੌਕ ਨੇ ਮੀਸਾ ਮਰੀਜ਼ ਗੈਸ ਸਟੇਸ਼ਨ 'ਤੇ

ਬਲਬੀਰ ਸਿੰਘ ਸੋਢੀ ਨੂੰ ਮਾਰ ਦਿੱਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸਿੱਖਾਂ ਉੱਤੇ 295 ਹਮਲੇ ਹੋ ਚੁੱਕੇ ਹਨ। ਇਕ ਦਸਤਾਵੇਜ਼ੀ ਫਿਲਮ 'ਮਿਸਟੇਕਨ ਆਈਡੈਂਟਟੀ: ਸਿੱਖਜ਼ ਇਨ ਐਮਰੀਕਾ' ਵਿਚ ਵੀ ਇਨ੍ਹਾਂ ਹਮਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸੇ ਪ੍ਰਕਾਰ ਪਿਛਲੇ ਸਾਲ ਸੁਰਿੰਦਰ ਸਿੰਘ ਅਤੇ ਉਨ੍ਹਾਂ ਦੇ ਦੋਸਤ ਗੁਰਮੇਜ ਸਿੰਘ ਨੂੰ ਵੀ ਗੋਰਿਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਅਜਿਹੇ ਹਮਲਿਆਂ ਤੋਂ ਸਿੱਖ ਤਾਂ ਪ੍ਰੇਸ਼ਾਨ ਹਨ, ਖ਼ੁਦ ਅਮਰੀਕਾ ਦੇ ਕਾਨੂੰਨ ਮਾਹਿਰ ਵੀ ਇਸ ਸਮੱਸਿਆ ਪ੍ਰਤੀ ਗੰਭੀਰ ਹਨ। ਤਕਰੀਬਨ 100 ਕਾਨੂੰਨ ਮਾਹਿਰਾਂ ਨੇ ਇਸ ਸਬੰਧ ਵਿਚ ਅਪੀਲ ਵੀ ਕੀਤੀ ਸੀ ਕਿ ਅਮਰੀਕਨ ਸਿੱਖਾਂ 'ਤੇ ਜਿਹੜੇ ਹਮਲੇ ਹੋਏ ਹਨ, ਉਨ੍ਹਾਂ ਦਾ ਡਾਟਾ ਇਕੱਠਾ ਕੀਤਾ ਜਾਵੇ ਤਾਂ ਜੋ ਅਜਿਹੇ ਹਮਲਿਆਂ ਦੀ ਰੋਕਥਾਮ ਲਈ ਰਣਨੀਤੀ ਬਣਾਈ ਜਾ ਸਕੇ। ਅਟਾਰਨੀ ਜਨਰਲ ਐਰਿਕ ਹੋਲਡਰ ਜੋ ਕਿ ਹਾਊਸ ਆਫ਼ ਰਿਪਰੈਂਸਟਿਵ ਦੇ ਮੈਂਬਰ ਹਨ, ਨੇ ਨਿਆਂ ਵਿਭਾਗ ਨੂੰ ਸਿੱਖ ਵਿਰੋਧੀ ਹਮਲਿਆਂ ਦਾ ਡਾਟਾ ਇਕੱਠਾ ਕਰਕੇ ਹਮਲਿਆਂ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕਣ ਲਈ ਕਿਹਾ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਅਮਰੀਕੀ ਸਮਾਜ ਵਿਚ ਅਜਿਹੀ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ।
ਇਹ ਜੋ ਹਮਲੇ ਹੋ ਰਹੇ ਹਨ, ਇਸ ਸਬੰਧ ਵਿਚ ਪਹਿਲਾਂ ਵੀ ਕਿਹਾ ਜਾ ਚੁੱਕਾ ਹੈ ਕਿ ਅਮਰੀਕਨ ਸਿੱਖਾਂ ਨੂੰ ਅਮਰੀਕਾ ਵਿਚ ਇਕ ਅਜਿਹੀ ਮੁਹਿੰਮ ਚਲਾਉਣੀ ਚਾਹੀਦੀ ਹੈ ਜਿਸ ਨਾਲ ਉਥੇ ਵੱਸਦੇ ਗੋਰਿਆਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਸਿੱਖਾਂ ਦਾ ਇਸਲਾਮ ਜਾਂ ਅਲਕਾਇਦਾ ਜਿਹੀਆਂ ਅਤਿਵਾਦੀਆਂ ਜਥੇਬੰਦੀਆਂ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੱਗੜੀ ਕਾਰਨ ਸਿੱਖਾਂ ਦੀ ਦਿੱਖ ਜ਼ਰੂਰ ਮੁਸਲਿਮ ਲੀਡਰਾਂ ਵਰਗੀ ਹੋ ਸਕਦੀ ਹੈ ਪਰ ਸਿਧਾਂਤਾਂ ਵਿਚ ਬਹੁਤ ਜ਼ਿਆਦਾ ਫਰਕ ਹੈ। ਸਿੱਖ ਇਕ ਸ਼ਾਂਤੀ ਪਸੰਦ ਕੌਮ ਹੈ। ਇਹ ਕੌਮ ਜਿਸ ਮੁਲਕ ਵਿਚ ਵੀ ਵਾਸਾ ਕਰਦੀ ਹੈ, ਉਥੋਂ ਦੇ ਵਿਕਾਸ ਅਤੇ ਪ੍ਰਗਤੀ ਲਈ ਪੂਰੀ ਤਰ੍ਹਾਂ ਵਚਨਬੱਧ ਹੰਦੀ ਹੈ। ਅਮਰੀਕਾ ਵਿਚ ਵੀ ਬਹੁਤ ਸਾਰੇ ਅਜਿਹੇ ਸਿੱਖ ਹਨ ਜਿਹੜੇ ਇਸ ਮੁਲਕ ਦੀ ਉਨਤੀ ਵਿਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਹੁਣ ਤਾਂ ਉਹ ਉਥੋਂ ਦੀ ਸਿਆਸਤ ਵਿਚ ਵੀ ਸਰਗਰਮ ਹਨ। ਇਸ ਸਬੰਧ ਵਿਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅਮਰੀਕਾ ਸਰਕਾਰ ਨੂੰ ਕਿਹਾ ਹੈ ਕਿ ਉਹ ਸਿੱਖਾਂ ਦੀ ਸੁਰੱਖਿਆ ਲਈ ਯਤਨ ਕਰੇ ਅਤੇ ਇਹ ਯਕੀਨੀ ਬਣਾਵੇ ਕਿ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ। ਇਸ ਸਬੰਧ ਵਿਚ ਉਨ੍ਹਾਂ ਨੇ ਭਾਰਤੀ ਅੰਬੈਂਸੀ ਨੂੰ ਵੀ ਨਿਰਦੇਸ਼ ਦਿੱਤੇ ਹਨ। ਸਿੱਖ ਲੀਡਰਾਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਇਸ ਮਾਮਲੇ ਦੀ ਪੂਰੀ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਇਸ ਸਬੰਧ ਵਿਚ ਭਾਰਤ ਸਰਕਾਰ ਨੂੰ ਅਮਰੀਕਾ ਉਤੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ ਲਈ ਵਿਸ਼ੇਸ਼ ਦਬਾਅ ਪਾਉਣਾ ਚਾਹੀਦਾ ਹੈ ਕਿਉਂਕਿ ਜਦੋਂ ਕਦੇ ਵੀ ਕਿਸੇ ਅਮਰੀਕੀ ਨਾਗਰਿਕ ਨਾਲ ਕਿਸੇ ਦੂਜੇ ਮੁਲਕ ਵਿਚ ਕੋਈ ਅਣਹੋਣੀ ਹੁੰਦੀ ਹੈ ਤਾਂ ਅਮਰੀਕੀ ਪ੍ਰਸ਼ਾਸਨ ਉਨ੍ਹਾਂ ਮੁਲਕਾਂ ਦੇ ਨੱਕ ਵਿਚ ਦਮ ਕਰ ਦਿੰਦਾ ਹੈ। ਭਾਰਤੀ- ਅਮਰੀਕੀ ਸਿੱਖਾਂ ਦੇ ਵੀ ਮਨੁੱਖੀ ਅਧਿਕਾਰ ਹਨ। ਭਾਵੇਂ ਅਮਰੀਕੀ ਪ੍ਰਸ਼ਾਸਨ ਆਪਣੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਵਚਨਬੱਧ ਹੈ ਪਰ ਨਾਲ-ਨਾਲ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਹੈ ਕਿ ਸਾਰੇ ਯਤਨਾਂ ਦੇ ਬਾਵਜੂਦ ਅਮਰੀਕਾ ਵਿਚ ਸਿੱਖਾਂ ਉਤੇ ਜਿਹੜੇ ਨਸਲੀ ਹਮਲੇ ਹੋਏ ਹਨ, ਉਨ੍ਹਾਂ ਨੂੰ ਰੋਕਣ ਵਿਚ ਅਮਰੀਕਾ ਪੂਰੀ ਤਰ੍ਹਾਂ ਅਸਫਲ ਹੋਇਆ ਹੈ। ਇਹ ਹਮਲਾ ਅਮਰੀਕੀ ਪ੍ਰਸ਼ਾਸਨ ਦੇ ਮੱਥੇ 'ਤੇ ਇੱਕ ਵੱਡਾ ਕਲੰਕ ਹੈ ਕਿਉਂਕਿ ਜਿਹੜਾ ਮੁਲਕ ਪੂਰੀ ਦੁਨੀਆਂ ਨੂੰ ਅਤਿਵਾਦ ਦੇ ਹਮਲਿਆਂ ਤੋਂ ਸੁਰੱਖਿਅਤ ਰੱਖਣ ਦੇ ਦਾਅਵੇ ਕਰਦਾ ਹੈ, ਉਸੇ ਮੁਲਕ ਦੇ ਨਾਗਰਿਕ ਉਥੇ ਵਸਦੀਆਂ ਘੱਟ ਗਿਣਤੀਆਂ ਨੂੰ ਨਸਲੀ ਹਮਲਿਆਂ ਦਾ ਸ਼ਿਕਾਰ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਵਿਚ ਵਿਘਨ ਪਾਉਂਦੇ ਹਨ। ਅਮਰੀਕਾ ਵਿਚ ਜਿਹੜਾ ਹਮਲਾ ਸਿੱਖਾਂ ਉਤੇ ਹੋਇਆ ਹੈ ਉਹ ਬਿਲਕੁਲ ਨਿੰਦਣਯੋਗ ਹੈ। ਅਮਰੀਕੀ ਪ੍ਰਸ਼ਾਸਨ ਜਿਹੜੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹੈ, ਉਹ ਕਾਫੀ ਨਹੀਂ ਹੈ। ਇਸ ਸਬੰਧ ਵਿਚ ਉਸ ਨੂੰ ਸਖਤ ਕਦਮ ਚੁੱਕਦਿਆਂ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕਰਨੀ ਪਵੇਗੀ ਜਿਹੜੇ ਖ਼ੁਦ ਅਮਰੀਕਾ ਦੀ ਅੰਦਰੂਨੀ ਸੁਰੱਖਿਆ ਲਈ ਖਤਰਾ ਬਣ ਰਹੇ ਹਨ। ਅੱਜ ਉਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਹੈ,ਕੱਲ੍ਹ ਨੂੰ ਇਹੀ ਲੋਕ ਉਥੋਂ ਦੀ ਜਨਤਾ ਲਈ ਵੀ ਵੱਡਾ ਖਤਰਾ ਬਣ ਸਕਦੇ ਹਨ। ਇਸ ਲਈ ਅਮਰੀਕੀ ਸਰਕਾਰ ਨੂੰ ਅਜਿਹੀਆਂ ਜਥੇਬੰਦੀਆਂ ਉਤੇ ਖਾਸ ਨਿਗਾਹ ਰੱਖਣੀ ਚਾਹੀਦੀ ਹੈ ਜਿਹੜੀਆਂ ਨਸਲੀ ਹਿੰਸਾ ਭੜਕਾਉਣ ਦੀਆਂ ਸਾਜ਼ਿਸ਼ਾਂ ਰਚਦੀਆਂ ਹਨ।