Thursday, 16 August 2012 06:51
Print PDF

 

 

ਪਿਛਲੇ ਹਫ਼ਤੇ ਜਦੋਂ ਵਿਸਕਾਨਸਿਨ ਦੇ ਓਕ ਕ੍ਰੀਕ ਵਿਖੇ ਇੱਕ ਗੋਰੇ ਅਤਿਵਾਦੀ ਵੱਲੋਂ ਕੀਤੀ ਗੋਲੀਬਾਰੀ ਵਿੱਚ ਮਾਰੇ ਗਏ 6 ਸਿੱਖਾਂ ਦੇ ਸਬੰਧ ਵਿੱਚ ਮੈਂ ਜਿਹੜੀ ਟਿੱਪਣੀ ਲਿਖੀ ਉਸ ਦਾ ਸਿਰਲੇਖ 'ਸਿੱਖਾਂ 'ਤੇ ਹਮਲਾ, ਅਮਰੀਕਾ ਦੇ ਮੱਥੇ ਉੱਤੇ ਕਲੰਕ' ਦੇ ਸਬੰਧ ਵਿੱਚ ਪੰਜਾਬ ਤੋਂ ਜਿਹੜੇ ਪਾਠਕਾਂ ਦੀਆਂ ਪ੍ਰਤੀਕ੍ਰਿਆਵਾਂ ਆਈਆਂ ਉਨ੍ਹਾਂ ਨੇ ਮੇਰੇ ਨਾਲ ਸਹਿਮਤੀ ਪ੍ਰਗਟਾਈ ਪਰ ਜਿਹੜੇ ਅਮਰੀਕਾ ਅਤੇ ਕੈਨੇਡਾ ਤੋਂ ਫ਼ੋਨ ਆਏ, ਉਨ੍ਹਾਂ ਨੇ ਕਿਹਾ ਕਿ ਮੇਰੀ ਟਿੱਪਣੀ ਇੱਕ ਪਾਸੜ ਹੈ। ਮੈਨੂੰ ਇੱਕ ਵਾਰ ਤਾਂ ਹੈਰਾਨੀ ਹੋਈ ਕਿ ਸਿੱਖਾਂ ਨਾਲ ਜੇਕਰ ਕੋਈ ਅਣਹੋਣੀ ਵਾਪਰਦੀ ਹੈ ਅਤੇ ਉਸ ਘਟਨਾ ਖਿਲਾਫ਼ ਜੇਕਰ ਕੁੱਝ ਲਿਖਿਆ ਜਾਂਦਾ ਹੈ ਤਾਂ ਇਹ ਇੱਕ ਪਾਸੜ ਕਿਵੇਂ ਹੋ ਸਕਦਾ ਹੈ। ਇਸ ਸਬੰਧੀ ਵਿਦੇਸ਼ਾਂ ਵਿੱਚ ਵਸਦੇ ਪ੍ਰਵਾਸੀ ਭਾਰਤੀਆਂ ਦਾ ਕਹਿਣਾ ਸੀ ਕਿ ਜੋ ਮੰਦਭਾਗੀ ਘਟਨਾ ਵਾਪਰੀ ਹੈ, ਉਸ ਉੱਤੇ ਅਮਰੀਕੀ ਪ੍ਰਸ਼ਾਸਨ ਬਹੁਤ ਜ਼ਿਆਦਾ ਦੁਖੀ ਹੈ। ਖ਼ੁਦ ਰਾਸ਼ਟਰਪਤੀ ਬਰਾਕ ਓਬਾਮਾ ਮੰਨਦੇ ਹਨ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਇਹੀ ਕਾਰਨ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇਸ ਦਰਦਨਾਕ ਘਟਨਾ 'ਤੇ ਆਪਣਾ ਝੰਡਾ ਸੋਗ ਵਜੋਂ ਅੱਧਾ ਝੁਕਾਉਣ ਦੇ ਹੁਕਮ ਦਿੱਤੇ ਅਤੇ ਇਸ ਘਟਨਾ ਨੂੰ ਰਾਸ਼ਟਰੀ ਸੋਗ ਵਜੋਂ ਲਿਆ। ਪ੍ਰਵਾਸੀ ਭਾਰਤੀਆਂ ਦਾ ਕਹਿਣਾ ਹੈ ਕਿ

 ਜੋ ਕੁੱਝ ਅਮਰੀਕੀ ਪ੍ਰਸ਼ਾਸਨ ਨੇ ਸਿੱਖਾਂ ਨਾਲ ਵਾਪਰੀ ਇਸ ਘਟਨਾ ਵਾਸਤੇ ਕੀਤਾ ਹੈ, ਓਨਾ ਤਾਂ ਦੁੱਖ ਕਦੇ ਭਾਰਤ ਸਰਕਾਰ ਨੇ ਸਿੱਖਾਂ ਦੇ ਹੋਏ ਕਤਲੇਆਮ 'ਤੇ ਨਹੀਂ ਪ੍ਰਗਟਾਇਆ। ਅਮਰੀਕਾ 'ਚ ਵਾਪਰੀ ਘਟਨਾ ਵਿੱਚ ਤਾਂ ਸਿਰਫ਼ 6 ਸਿੱਖ ਮਾਰੇ ਗਏ ਪਰ ਸਾਕਾ ਨੀਲਾ ਤਾਰਾ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਤਾਂ ਅਣਗਿਣਤ ਸਿੱਖ ਮਾਰੇ ਗਏ ਸਨ, ਉਨ੍ਹਾਂ ਦੇ ਕਤਲੇਆਮ 'ਤੇ ਕਦੇ ਵੀ ਭਾਰਤੀ ਝੰਡਾ ਝੁਕਾਇਆ ਨਹੀਂ ਗਿਆ।
 ਪ੍ਰਵਾਸੀ ਭਾਰਤੀਆਂ ਨੂੰ ਇਸ ਗੱਲ 'ਤੇ ਵੀ ਰੋਸ ਹੈ ਕਿ ਓਕ ਕ੍ਰੀਕ ਘਟਨਾ ਉੱਤੇ ਦਿੱਲੀ ਵਿੱਚ ਕੁੱਝ ਸਿੱਖਾਂ ਨੇ ਨੰਗੀਆਂ ਤਲਵਾਰਾਂ ਕੱਢ ਕੇ ਅਮਰੀਕੀ ਝੰਡੇ ਦੀ ਜੋ ਤੌਹੀਨ ਕੀਤੀ, ਉਹ ਉਨ੍ਹਾਂ ਨੂੰ ਕਦਾਚਿਤ ਬਰਦਾਸ਼ਤ ਨਹੀਂ ਕਰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲਦੀ ਹੈ ਤਾਂ ਉਸ ਵਕਤ ਇਹ ਗੱਲ ਵੀ ਸਮਝਾਈ ਜਾਂਦੀ ਹੈ ਕਿ ਅਮਰੀਕੀ ਝੰਡੇ ਦੀ ਬੇਇਜ਼ਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਪ੍ਰਕਾਰ ਸਿੱਖ ਮੁੱਦਿਆਂ 'ਤੇ ਪੰਜਾਬ ਵਿੱਚ ਬੈਠੇ ਸਿੱਖ ਪ੍ਰਤੀਕਿਰਿਆ ਦਿੰਦੇ ਹਨ, ਉਸ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਹੁੰਦਾ ਹੈ। ਪ੍ਰਵਾਸੀ ਭਾਰਤੀਆਂ (ਸਿੱਖਾਂ) ਦਾ ਕਹਿਣਾ ਹੈ ਕਿ ਇਹ ਜੋ ਘਟਨਾ ਵਾਪਰੀ ਹੈ, ਉਹੋ ਜਿਹੇ ਹਾਦਸਿਆਂ ਦਾ ਸਾਹਮਣਾ ਉਥੋਂ ਦੇ ਮੂਲ ਨਾਗਰਿਕਾਂ ਨੂੰ ਵੀ ਕਰਨਾ ਪੈਂਦਾ ਹੈ। ਕਦੇ ਸਕੂਲਾਂ ਵਿੱਚ ਗੋਲੀਬਾਰੀ ਹੋ ਜਾਂਦੀ ਹੈ, ਕਦੇ ਸਿਨੇਮੇ ਵਿੱਚ ਗੋਲੀ ਚੱਲ ਜਾਂਦੀ ਹੈ। ਇਨ੍ਹਾਂ ਘਟਨਾਵਾਂ ਦਾ ਸਬੰਧ ਕਾਨੂੰਨ ਵਿਵਸਥਾ ਜਾਂ ਮਨੋਵਿਗਿਆਨਕ ਤਾਂ ਹੋ ਸਕਦਾ ਹੈ, ਪਰ ਇਸ ਨੂੰ ਨਸਲੀ ਰੰਗਤ ਨਹੀਂ ਦਿੱਤੀ ਜਾ ਸਕਦੀ। ਪ੍ਰਵਾਸੀ ਭਾਰਤੀਆਂ ਨੂੰ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਠਿਤ ਜਾਂਚ ਕਮੇਟੀ 'ਤੇ ਵੀ ਇਤਰਾਜ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਪੈਨਲ ਕਿਸ ਹੈਸੀਅਤ ਨਾਲ ਐਫ. ਬੀ. ਆਈ. ਦੇ ਅਧਿਕਾਰੀਆਂ ਤੋਂ ਸਵਾਲ ਪੁੱਛੇਗਾ।
 ਪ੍ਰਵਾਸੀ ਭਾਰਤੀਆਂ ਨੇ ਜਿਹੜੇ ਇਤਰਾਜ਼ ਪ੍ਰਗਟ ਕੀਤੇ, ਉਹ ਆਪਣੀ ਜਗ੍ਹਾ 'ਤੇ ਠੀਕ ਹਨ, ਪਰ ਨਾਲ-ਨਾਲ ਇਹ ਵੀ ਗੱਲ ਕਹਿਣੀ ਬਹੁਤ ਜ਼ਰੂਰੀ ਹੈ ਕਿ ਜੇਕਰ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨਾਲ ਕੋਈ ਨਾਇਨਸਾਫੀ ਹੁੰਦੀ ਹੈ ਅਤੇ ਉਸ ਉੱਤੇ ਸਿੱਖ ਪੱਤਰਕਾਰਾਂ, ਵਿਦਵਾਨਾਂ ਜਾਂ ਸਿੱਖ ਸੰਸਥਾਵਾਂ ਜਿਹੜੀਆਂ ਭਾਰਤ ਵਿੱਚ ਸਰਗਰਮ ਹਨ, ਦੁਆਰਾ ਹਾਅ ਦਾ ਨਾਅਰਾ ਨਹੀਂ ਮਾਰਿਆ ਜਾਂਦਾ ਤਾਂ ਪ੍ਰਵਾਸੀ ਸਿੱਖ ਕਈ ਸਵਾਲ ਖੜ੍ਹੇ ਕਰ ਦਿੰਦੇ ਹਨ। ਜੇਕਰ ਭਾਰਤ ਦੇ ਤਿਰੰਗੇ ਝੰਡੇ ਦੀ ਵਿਦੇਸ਼ਾਂ ਵਿੱਚ ਬੇਇਜ਼ਤੀ ਕੀਤੀ ਜਾਂਦੀ ਹੈ ਤਾਂ ਕਦੇ ਵੀ ਪ੍ਰਵਾਸੀ ਸਿੱਖਾਂ ਜਾਂ ਪੰਜਾਬੀਆਂ ਨੇ ਇਹ ਨਹੀਂ ਕਿਹਾ ਕਿ ਜਿਹੜੇ ਲੋਕ ਇਹ ਸਭ ਕੁੱਝ ਕਰ ਰਹੇ ਹਨ, ਉਹ ਗਲਤ ਹਨ। ਜੋ ਲੋਕ ਤਿਰੰਗੇ ਨੂੰ ਬੇਇਜ਼ਤ ਕਰਦੇ ਹਨ, ਉਨ੍ਹਾਂ ਨੂੰ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਹੋਰ ਮੁਲਕਾਂ ਵਿੱਚ ਪ੍ਰਵਾਸੀ ਭਾਰਤੀ ਹੀ ਸਭ ਤੋਂ ਜ਼ਿਆਦਾ ਸਤਿਕਾਰ ਜਾਂ ਮਾਣ ਦਿੰਦੇ ਹਨ।
 ਖ਼ੈਰ, ਇਸ ਸਬੰਧ ਵਿੱਚ ਬਹਿਸ ਕਰਨ ਦੀ ਲੋੜ ਨਹੀਂ ਹੈ, ਪਰ ਅੱਜ ਸਿੱਖ ਗਲੋਬਲ ਹੋ ਗਏ ਹਨ। ਜੇਕਰ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦਾ ਅਸਰ ਭਾਰਤ ਵਿੱਚ ਹੁੰਦਾ ਹੈ ਅਤੇ ਜੇਕਰ ਸਿੱਖਾਂ ਨਾਲ ਭਾਰਤ ਵਿੱਚ ਕੁੱਝ ਵਾਪਰਦਾ ਹੈ ਤਾਂ ਉਸ ਦਾ ਅਸਰ ਵਿਸ਼ਵ ਵਿੱਚ ਵੱਸਦੇ ਸਿੱਖਾਂ 'ਤੇ ਵੀ ਹੁੰਦਾ ਹੈ, ਪਰ ਇਸ ਦੇ ਨਾਲ-ਨਾਲ ਇੱਕ ਦੂਜੇ ਦੀਆਂ ਪ੍ਰਸਥਿਤੀਆਂ ਸਮਝਣ ਦੀ ਵੀ ਬਹੁਤ ਜ਼ਿਆਦਾ ਲੋੜ ਹੈ। ਭਾਰਤ, ਜਿਥੇ ਸਿੱਖ ਸਭ ਤੋਂ ਜ਼ਿਆਦਾ ਵੱਸਦੇ ਹਨ ਅਤੇ ਇਥੋਂ ਹੀ ਪ੍ਰਵਾਸ ਕਰ ਕੇ ਸਿੱਖ ਹੋਰਨਾਂ ਮੁਲਕਾਂ ਵਿੱਚ ਗਏ ਹਨ, 'ਚ ਸਿੱਖਾਂ ਨੂੰ ਵਧੇਰੇ ਸਮਝ ਤੋਂ ਕੰਮ ਲੈਣ ਦੀ ਲੋੜ ਹੈ। ਇਥੇ ਹੀ ਸਿੱਖਾਂ ਨੂੰ ਸਭ ਤੋਂ ਵੱਧ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਥੇ ਉਨ੍ਹਾਂ ਨੂੰ ਅਜਿਹੇ ਹੱਲ ਕੱਢਣ ਦੀ ਲੋੜ ਹੈ, ਜਿਨ੍ਹਾਂ ਨਾਲ ਸਿੱਖਾਂ ਦੀ ਬਦਨਾਮੀ ਵਿਦੇਸ਼ਾਂ ਵਿੱਚ ਨਾ ਹੋਵੇ।
 ਸਿੱਖਾਂ ਦਾ ਅਕਸ ਇਸ ਕਾਰਨ ਵੀ ਵਿਦੇਸ਼ਾਂ ਵਿੱਚ ਖ਼ਰਾਬ ਹੁੰਦਾ ਹੈ ਕਿਉਂਕਿ ਕੋਈ ਵੀ ਮੁੱਦਾ ਹੋਵੇ ਤਾਂ ਸਿੱਖ ਤਲਵਾਰਾਂ ਕੱਢ ਕੇ ਮੁਜ਼ਾਹਰਾ ਕਰਦੇ ਹਨ। ਤਲਵਾਰਾਂ ਨੂੰ ਜਦੋਂ ਉਲ੍ਹਾਰਿਆ ਜਾਂਦਾ ਹੈ ਤਾਂ ਇਸ ਨਾਲ ਦੂਜੀ ਕੌਮ ਦੇ ਲੋਕ ਇਸ ਨੂੰ ਆਪਣੇ ਉਤੇ ਹਮਲਾ ਸਮਝਦੇ ਹਨ। ਹੁਣ ਜਦੋਂ ਮੀਡੀਏ ਦਾ ਯੁੱਗ ਹੈ ਤਾਂ ਇਨ੍ਹਾਂ ਲਹਿਰਾਈਆਂ ਹੋਈਆਂ ਤਲਵਾਰਾਂ ਦੀਆਂ ਵੀਡੀਓਜ਼ ਜਦੋਂ ਵਿਦੇਸ਼ੀ ਟੀ. ਵੀ. ਚੈਨਲਾਂ 'ਤੇ ਪ੍ਰਸਾਰਿਤ ਹੁੰਦੀਆਂ ਹਨ ਜਾਂ ਹੋਰ ਸੋਸ਼ਲ ਸਾਈਟਾਂ 'ਤੇ ਕੁੱਝ ਲੋਕ ਸਨਮਾਨ ਵਜੋਂ ਅਤੇ ਕੁੱਝ ਲੋਕ ਅਪਮਾਨ ਵਜੋਂ ਚਲਾਉਂਦੇ ਹਨ ਤਾਂ ਇਸ ਨਾਲ ਸਿੱਖਾਂ ਦਾ ਅਕਸ ਚੰਗਾ ਹੋਣ ਦੀ ਥਾਂ ਤਾਲਿਬਾਨ ਵਾਲਾ ਬਣ ਜਾਂਦਾ ਹੈ। ਇਹ ਠੀਕ ਹੈ ਕਿ ਸ੍ਰੀ ਸਾਹਿਬ, ਭਾਵ ਤਲਵਾਰ, ਦਾ ਸਿੱਖਾਂ ਵਿੱਚ ਬਹੁਤ ਮਹੱਤਵ ਹੈ ਪਰ ਉਸ ਦੀ ਵਰਤੋਂ ਸਤਿਕਾਰ ਵਜੋਂ ਹੀ ਕੀਤੀ ਜਾਣੀ ਚਾਹੀਦੀ ਹੈ। ਗੁਰੂ ਸਾਹਿਬਾਨ ਨੇ ਜਦੋਂ ਇਸ ਦੀ ਮਹੱਤਤਾ ਨੂੰ ਵਧਾਇਆ ਸੀ, ਉਦੋਂ ਸਮਾਂ ਅਜਿਹਾ ਸੀ ਕਿ ਮੁਗ਼ਲਾਂ ਦੇ ਘੁਮੰਡ ਨੂੰ ਚੁਣੌਤੀ ਦਿੱਤੀ ਜਾਵੇ। ਸ੍ਰੀ ਸਾਹਿਬ ਦੇ ਬਹੁਤ ਅਧਿਆਤਮਕ ਮਾਇਨੇ ਵੀ ਹਨ ਪਰ ਅੱਜ ਦੇ ਸਮੇਂ ਵਿੱਚ ਜੇਕਰ ਅਸੀਂ ਹਰ ਛੋਟੇ-ਮੋਟੇ ਮੁੱਦੇ 'ਤੇ ਤਲਵਾਰਾਂ ਨੂੰ ਲਹਿਰਾਉਂਦੇ ਹਾਂ ਤਾਂ ਇਸ ਦੇ ਬਹੁਤ ਸਾਰੇ ਹੋਰ ਅਰਥ ਵੀ ਲਏ ਜਾਂਦੇ ਹਨ। ਅੱਜ ਜਦੋਂ ਪੰਜਾਬ ਅੰਦਰ ਕਦੇ ਸਿੱਖ ਮੁੱਦਿਆਂ 'ਤੇ ਕੋਈ ਅੰਦੋਲਨ ਹੋ ਜਾਂਦਾ ਹੈ ਤਾਂ ਉਸ ਮੌਕੇ ਉਸ ਮੁੱਦੇ ਦੀ ਗੱਲ ਘੱਟ ਹੁੰਦੀ ਹੈ 'ਤੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਹਰੇ ਜ਼ਿਆਦਾ ਲੱਗਣ ਲੱਗ ਪੈਂਦੇ ਹਨ ਜਦ ਕਿ ਖ਼ਾਲਿਸਤਾਨ ਦਾ ਉਸ ਮੁੱਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ। ਇਸ ਮਾਮਲੇ 'ਤੇ ਪੰਜਾਬ ਵਿੱਚ ਕਈ ਵਾਰ ਮਾਹੌਲ ਵੀ ਖ਼ਰਾਬ ਹੋ ਚੁੱਕਾ ਹੈ। ਕਈ ਵਾਰ ਗੋਲੀਆਂ ਚੱਲ ਚੁੱਕੀਆਂ ਹਨ ਅਤੇ ਪ੍ਰਸਥਿਤੀਆਂ ਤੋਂ ਲਾਭ ਉਠਾਉਣ ਵਾਲੇ ਲੀਡਰਾਂ ਵੱਲੋਂ ਭੜਕਾਏ ਨੌਜਵਾਨ ਗੋਲੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਸਿੱਖ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਰਹਿ ਗਏ, ਉਹ ਹੁਣ ਸਿਰਫ਼ ਭਾਰਤ ਵਿੱਚ ਹੀ ਨਹੀਂ ਵੱਸਦੇ, ਉਹ ਵਿਸ਼ਵ ਦੇ ਕੋਨੇ-ਕੋਨੇ ਵਿੱਚ ਵਸ ਰਹੇ ਹਨ।

ਵਿਦੇਸ਼ਾਂ ਵਿੱਚ ਤਰੱਕੀਆਂ ਕਰ ਰਹੇ ਹਨ੍ਵ ਉਹ ਹੋਰ ਜ਼ਿਆਦਾ ਉਨਤੀ ਤਾਂ ਹੀ ਕਰ ਸਕਦੇ ਹਨ ਜੇਕਰ ਉਨ੍ਹਾਂ ਉੱਤੇ ਸਾਡੀਆਂ ਕਾਰਵਾਈਆਂ ਨਾਂਹ ਪੱਖੀ ਪ੍ਰਭਾਵ ਨਾ ਛੱਡਣ੍ਵ ਇਸ ਲਈ ਜੇਕਰ ਉਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਰਪੇਸ਼ ਹੈ, ਉਸ ਉੱਤੇ ਪ੍ਰਤੀਕ੍ਰਿਆ ਪ੍ਰਗਟ ਕਰਨ ਤੋਂ ਪਹਿਲਾਂ ਸਾਨੂੰ ਉਥੋਂ ਦੀਆਂ ਪ੍ਰਸਥਿਤੀਆਂ ਦੀ ਘੋਖ ਵੀ ਕਰਨੀ ਚਾਹੀਦੀ ਹ੍ਵੈ ਇਸ ਦੇ ਨਾਲ-ਨਾਲ ਇਹ ਵੀ ਕਹਿਣਾ ਜ਼ਰੂਰੀ ਹੈ ਕਿ ਜੇਕਰ ਪ੍ਰਵਾਸੀ ਭਾਰਤੀ ਆਪਣੀਆਂ ਪ੍ਰਸਥਿਤੀਆਂ ਦਾ ਵਾਸਤਾ ਦਿੰਦੇ ਹਨ ਤਾਂ ਜਦੋਂ ਭਾਰਤ ਜਾਂ ਪੰਜਾਬ ਵਿੱਚ ਕੋਈ ਘਟਨਾ ਸਿੱਖ ਮੁੱਦਿਆਂ ਸਬੰਧੀ ਵਾਪਰਦੀ ਹੈ ਤਾਂ ਉਸ ਉੱਤੇ ਵੀ ਉਹ ਬੇਲੋੜੀ ਪ੍ਰਤੀਕ੍ਰਿਆ ਨਾ ਕਰਨ ਜਾਂ ਸੰਜਮ ਤੋਂ ਕੰਮ ਲੈਣ ਕਿਉਂਕਿ ਭਾਰਤ ਤੇ ਵਿਦੇਸ਼ਾਂ ਦੀਆਂ ਪ੍ਰਸਥਿਤੀਆਂ ਅਲੱਗ-ਅਲੱਗ ਹਨ੍ਵ ਇਸ ਲਈ ਇਸ ਸਬੰਧ ਵਿੱਚ ਪ੍ਰਸਪਰ ਤਾਲਮੇਲ ਦੀ ਬਹੁਤ ਲੋੜ ਹ੍ਵੈ

Comments (0)

Write comment

smaller | bigger

busy
You are here:   Homeਮੁੱਖ ਖਬਰਾਂਪੰਜਾਬ ਡਾਇਰੀਓਕ ਕ੍ਰੀਕ ਗੋਲੀਕਾਂਡ ਵਿਦੇਸ਼ਾਂ ਵਿੱਚ ਨਾਂਹ ਪੱਖੀ ਪ੍ਰਭਾਵ ਪਿਆ ਪੰਜਾਬ ਵਿੱਚ ਕੀਤੇ ਪ੍ਰਦਰਸ਼ਨਾਂ ਦਾ

Currency Converter

Amount:
From:
To:


Gurbani Radio


Gurbani - Sri Harmandir Sahib