Thursday, 06 September 2012 10:57
Print PDF

ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਲਗਾਏ ਗਏ ਟੈਕਸਾਂ ਦੇ ਵਿਰੋਧ ਵਿਚ ਕਾਂਗਰਸ ਦੁਆਰਾ ਜਿਹੜਾ ਅੰਦੋਲਨ ਆਰੰਭ ਕੀਤਾ ਜਾ ਰਿਹਾ ਹੈ, ਜੇਕਰ ਉਸ ਅੰਦੋਲਨ ਨੂੰ ਹੋਰ ਪ੍ਰਚੰਡ ਕਰਨ ਵਿਚ ਸ੍ਰ. ਮਨਪ੍ਰੀਤ ਸਿੰਘ ਬਾਦਲ ਸਹਿਯੋਗ ਦਿੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੋਵੇਗਾ। ਇਸ ਸਬੰਧ ਵਿਚ ਉਨ੍ਹਾਂ ਨੇ ਖੱਬੀ ਪੱਖੀ ਪਾਰਟੀਆਂ ਅਤੇ ਬਹੁਜਨ ਸਮਾਜ ਪਾਰਟੀ ਤੋਂ ਵੀ ਸਹਿਯੋਗ ਮੰਗਿਆ ਹੈ। ਕੈਪਟਨ ਅਮਰਿੰਦਰ ਸਿੰਘ ਇਕ ਪਾਸੇ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਰਹੇ ਹਨ ਤਾਂ ਦੂਜੇ ਪਾਸੇ ਕਾਂਗਰਸ ਦੇ ਬਾਗ਼ੀ ਵੀ ਸਰਗਰਮ ਹੋ ਗਏ ਹਨ ਅਤੇ ਉਨ੍ਹਾਂ ਨੇ ਇਕ ਵਾਰ ਫਿਰ ਕੈਪਟਨ ਨੂੰ ਕਾਂਗਰਸ ਦੀ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਕੀਤੀ ਹੈ।
 ਕਾਂਗਰਸ ਪ੍ਰਧਾਨ ਦੇ ਇਸ ਬਿਆਨ ਨੂੰ ਸਰਕਾਰ ਨੂੰ ਦਬਾਉਣ ਦੀ ਕਵਾਇਦ ਵੀ ਕਿਹਾ ਜਾ ਸਕਦਾ ਹੈ ਅਤੇ ਆਪਣੇ ਪੈਰ ਦੁਬਾਰਾ

ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਵੀ ਲਿਆ ਜਾ ਸਕਦਾ ਹੈ।
 ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਜਿਸ ਪ੍ਰਕਾਰ ਕਾਂਗਰਸ ਨੂੰ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉਸ ਨੂੰ ਦੇਖਦੇ ਹੋਇਆਂ ਕਾਂਗਰਸ ਵਿਚ ਕੁਝ ਲੋਕ ਪਾਰਟੀ ਪ੍ਰਧਾਨ ਨੂੰ ਹਾਰ ਦਾ ਦੋਸ਼ੀ ਮੰਨ ਰਹੇ ਸਨ। ਇਸ ਲਈ ਉਨ੍ਹਾਂ ਨੇ ਕੇਂਦਰੀ ਹਾਈ ਕਮਾਨ ਕੋਲ ਕਾਂਗਰਸ ਸੂਬਾ ਪ੍ਰਧਾਨ ਨੂੰ ਬਦਲਣ ਦੀ ਮੰਗ ਕਰਨੀ ਆਰੰਭ ਕਰ ਦਿੱਤੀ ਸੀ। ਹਾਈ ਕਮਾਨ ਨੇ ਹਾਲੇ ਤੱਕ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਉਹ ਕੈਪਟਨ ਦੀ ਥਾਂ ਕਿਸੇ ਹੋਰ ਨੂੰ ਪਾਰਟੀ ਪ੍ਰਧਾਨ ਬਣਾ ਰਹੀ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਸਾਬਕਾ ਮੁੱਖ ਮੰਤਰੀ ਕੇਂਦਰੀ ਹਾਈ ਕਮਾਨ ਨੂੰ ਇਸ ਦਲੀਲ ਨਾਲ ਕਾਇਲ ਕਰ ਚੁੱਕੇ ਹਨ ਕਿ ਕਾਂਗਰਸ ਨੂੰ ਜਿਹੜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉਸ ਲਈ ਉਹ ਦੋਸ਼ੀ ਨਹੀਂ ਬਲਕਿ ਕਾਂਗਰਸ ਤੋਂ ਬਾਗ਼ੀ ਹੋਏ ਲੀਡਰ ਦੋਸ਼ੀ ਹਨ ਜਿਨ੍ਹਾਂ ਨੇ ਕਾਂਗਰਸ ਦੇ ਜਿੱਤਣ ਵਾਲੇ ਲੀਡਰਾਂ ਦੀਆਂ ਬੇੜੀਆਂ ਵਿਚ ਵੱਟੇ ਪਾਏ ਅਤੇ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
 ਹਾਈ ਕਮਾਨ  ਦੇ ਹਾਂ ਪੱਖੀ ਹੁੰਗਾਰੇ ਨੂੰ ਦੇਖਦੇ ਹੋਇਆਂ ਹੀ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਸਰਗਰਮ ਹੋ ਰਹੇ ਹਨ। ਉਹ ਜੇਕਰ ਸ੍ਰ. ਮਨਪ੍ਰੀਤ ਸਿੰਘ ਬਾਦਲ ਤੋਂ ਸਹਿਯੋਗ ਮੰਗ ਰਹੇ ਹਨ ਤਾਂ ਇਸ ਨੂੰ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਦੀ ਰਣਨੀਤੀ ਵੀ ਕਿਹਾ ਜਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਜੋ ਕਿ ਵਿਧਾਨ ਸਭਾ ਚੋਣਾਂ ਵਿਚ ਸ੍ਰ. ਮਨਪ੍ਰੀਤ ਸਿੰਘ ਬਾਦਲ ਦੇ ਸਹਿਯੋਗ ਨੂੰ ਮੁੱਢੋਂ ਨਕਾਰ ਰਹੇ ਸਨ, ਨੂੰ ਹੁਣ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਜੇਕਰ ਹੁਣ ਅਕਾਲੀ-ਭਾਜਪਾ ਗਠਜੋੜ ਨੂੰ ਲੋਕ ਸਭਾ ਵਿਚ ਟੱਕਰ ਦੇਣੀ ਹੈ ਤਾਂ ਜਿਥੋਂ ਵੀ ਕੋਈ ਮਦਦ ਮਿਲਦੀ ਹੈ, ਉਹ ਸਵੀਕਾਰ ਕਰਨੀ ਚਾਹੀਦੀ ਹੈ। ਵਿਧਾਨ ਸਭਾ ਚੋਣਾਂ ਵਿਚ ਭਾਵੇਂ ਪੰਜਾਬ ਪੀਪਲਜ਼ ਪਾਰਟੀ ਕੋਈ ਸੀਟ ਨਹੀਂ ਜਿੱਤ ਸਕੀ ਪਰ ਕੁਝ ਚੋਣ ਖੇਤਰਾਂ ਵਿਚ ਉਸ ਦੇ ਉਮੀਦਵਾਰਾਂ ਨੇ ਚੰਗਾ ਮੁਕਾਬਲਾ ਵੀ ਕੀਤਾ ਸੀ। ਉਸ ਮੁਕਾਬਲੇ ਕਾਰਨ ਕਿਤੇ ਅਕਾਲੀ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਿਤੇ ਕਾਂਗਰਸ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਲਈ ਕਾਂਗਰਸ ਹੁਣ ਆਪਣਾ ਨੁਕਸਾਨ ਦੁਬਾਰਾ ਨਹੀਂ ਕਰਾਉਣਾ ਚਾਹੁੰਦੀ।
 ਸ੍ਰ. ਮਨਪ੍ਰੀਤ ਸਿੰਘ ਬਾਦਲ ਸਹਿਯੋਗ ਦੇਣ ਲਈ ਇਸ ਲਈ ਤਿਆਰ ਹੋ ਸਕਦੇ ਹਨ ਕਿਉਂਕਿ ਵਿਧਾਨ ਸਭਾ ਚੋਣਾਂ ਵਿਚ ਉਹ ਇਕ ਵੀ ਸੀਟ ਹਾਸਲ ਨਹੀਂ ਕਰ ਸਕੇ। ਉਹ ਖੁਦ ਦੋ ਸੀਟਾਂ ਤੋਂ ਹਾਰ ਗਏ। ਭਾਵੇਂ ਕੁਝ ਸਥਾਨਾਂ 'ਤੇ ਉਨ੍ਹਾਂ ਦੇ ਉਮੀਦਵਾਰਾਂ ਨੇ ਵਧੀਆ ਮੁਕਾਬਲਾ ਵੀ ਕੀਤਾ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਕੋਈ ਅਜਿਹਾ ਚਮਤਕਾਰ ਨਹੀਂ ਦਿਖਾ ਸਕੀ ਜਿਸ ਨੂੰ ਦੇਖਦਿਆਂ ਸਿਆਸੀ ਮਾਹਿਰ ਇਹ ਭਵਿੱਖਬਾਣੀ ਕਰਦੇ ਕਿ ਪੀ.ਪੀ.ਪੀ. ਆਉਂਦੇ ਸਮੇਂ 'ਚ ਪੰਜਾਬ ਦੀ ਵਾਗਡੋਰ ਸੰਭਾਲ ਸਕੇਗੀ। ਇਸ ਲਈ ਪੰਜਾਬ ਅੰਦਰ ਪੈਰ ਜਮਾਉਣ ਲਈ ਉਨ੍ਹਾਂ ਨੂੰ ਵੀ ਦੂਜੀਆਂ ਪਾਰਟੀਆਂ ਦੇ ਸਹਾਰੇ ਦੀ ਲੋੜ ਹੈ। ਭਾਵੇਂ ਖੱਬੇ ਪੱਖੀ ਪਾਰਟੀਆਂ ਨਾਲ ਉਨ੍ਹਾਂ ਦਾ ਗਠਜੋੜ ਕਾਇਮ ਹੈ ਪਰ ਇਨ੍ਹਾਂ ਪਾਰਟੀਆਂ ਦੇ ਆਧਾਰ ਨੂੰ ਵੀ ਪੰਜਾਬ ਅੰਦਰ ਖੋਰਾ ਲੱਗ ਚੁੱਕਿਆ ਹੈ। ਕਾਂਗਰਸ ਇਕ ਅਜਿਹੀ ਪਾਰਟੀ ਤਾਂ ਹੈ ਜਿਸ ਦਾ ਪੂਰੇ ਪੰਜਾਬ ਵਿਚ ਆਧਾਰ ਕਾਇਮ ਹੈ। ਉਸ ਦੇ ਇਸ ਸਮੇਂ ਵਿਧਾਨ ਵਿਚ ਸਭਾ ਵਿਚ 46 ਵਿਧਾਇਕ ਹਨ ਅਤੇ 7 ਮੈਂਬਰ ਪਾਰਲੀਮੈਂਟ ਹਨ। ਕਾਂਗਰਸ ਇਸ ਵਾਰ ਆਪਣੇ ਉਤੇ ਕੁਝ ਜ਼ਿਆਦਾ ਭਰੋਸਾ ਕਰ ਗਈ ਇਸ ਲਈ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਜੇਕਰ ਉਸ ਦੇ ਲੀਡਰਾਂ ਨੇ ਮਿਹਨਤ ਕੀਤੀ ਹੁੰਦੀ ਤਾਂ ਨਤੀਜੇ ਕੁਝ ਹੋਰ ਵੀ ਹੋ ਸਕਦੇ ਸਨ।
 ਜਿਥੋਂ ਤੱਕ ਮੌਜੂਦਾ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਦੀ ਸਥਿਤੀ ਹੈ, ਉਸ ਬਾਰੇ ਕਿਹਾ ਜਾ ਸਕਦਾ ਹੈ ਕਿ ਭਾਵੇਂ ਉਸ ਨੇ ਹਾਲ ਹੀ ਵਿਚ ਕਾਰਪੋਰੇਸ਼ਨਾਂ ਦੀਆਂ ਚੋਣਾਂ ਵੀ ਜਿੱਤ ਲਈਆਂ ਹਨ ਪਰ ਜਿਸ ਪ੍ਰਕਾਰ ਬਿਜਲੀ ਦੀਆਂ ਦਰਾਂ ਵਿਚ ਵਾਧਾ ਕੀਤਾ  ਹੈ ਅਤੇ ਟੈਕਸਾਂ ਨੂੰ ਵਧਾਇਆਂ ਉਸ ਕਾਰਨ ਲੋਕਾਂ ਅੰਦਰ ਬਹੁਤ ਜ਼ਿਆਦਾ ਗੁੱਸਾ ਹੈ। ਇਕ ਪਾਸੇ ਤਾਂ ਦੇਸ਼ ਅੰਦਰ ਲਗਾਤਾਰ ਬਹੁਤ ਜ਼ਿਆਦਾ ਮਹਿੰਗਾਈ ਵਧ ਗਈ ਹੈ, ਉਪਰੋਂ ਆਮ ਲੋਕਾਂ ਨੂੰ ਸੂਬਾ ਸਰਕਾਰ ਦੇ ਟੈਕਸਾਂ ਦੀ ਮਾਰ ਪੈ ਰਹੀ ਹੈ। ਇਸ ਕਾਰਨ ਲੋਕ ਤੜਫ ਰਹੇ ਹਨ। ਅਜਿਹੇ ਮੌਕੇ 'ਤੇ ਆਮ ਲੋਕ ਉਸ ਪਾਰਟੀ ਨੂੰ ਹੀ ਆਪਣਾ ਸਹਾਰਾ ਮੰਨਣਗੇ, ਜਿਹੜੀ ਉਨ੍ਹਾਂ ਦੀ ਦੁੱਖਦੀ ਰਗ 'ਤੇ ਹੱਥ ਧਰੇਗੀ। ਇਸ ਲਈ ਹੁਣ ਸੱਤਾਧਾਰੀ ਗਠਜੋੜ ਨੂੰ ਫਤਵਿਆਂ ਦੀ ਗੱਲ ਦੁਹਾਰਾਉਣ ਨਾਲੋਂ ਲੋਕਾਂ ਦੇ ਦੁੱਖ ਦਰਦਾਂ ਨੂੰ ਸਮਝਣਾ ਚਾਹੀਦਾ ਹੈ। ਭਾਵੇਂ ਸੂਬੇ ਨੂੰ ਚਲਾਉਣ ਲਈ ਸਰਕਾਰ ਕੋਲ ਪੈਸਾ ਚਾਹੀਦਾ ਹੈ ਪਰ ਨਾਲ-ਨਾਲ ਇਹ ਵੀ ਦੇਖਣਾ ਚਾਹੀਦਾ ਹੈ ਕਿ ਸਰਕਾਰ ਦੁਆਰਾ ਆਪਣੇ ਵਿਧਾਇਕਾਂ ਜਾਂ ਮੰਤਰੀਆਂ ਲਈ ਜਿਹੜੀ ਫ਼ਜ਼ੂਲ ਖਰਚੀ ਕੀਤੀ ਜਾ ਰਹੀ ਹੈ, ਉਸ ਦੀ ਰੋਕਥਾਮ ਕਿਵੇਂ ਕੀਤੀ ਜਾਵੇ। ਸਮਾਜ ਅੰਦਰ ਸਬਸਿਡੀਆਂ ਦੇ ਮਾਮਲੇ ਵਿਚ ਜਿਹੜੀ ਵਿਤਕਰੇਬਾਜ਼ੀ ਹੋ ਰਹੀ ਹੈ, ਉਹ ਵੀ ਤਾਂ ਰੁਕਣੀ ਚਾਹੀਦੀ ਹੈ। ਕਿਉਂ ਨਹੀਂ ਵੱਡੇ ਕਿਸਾਨਾਂ ਦੀ ਮੁਫ਼ਤ ਬਿਜਲੀ ਬੰਦ ਕੀਤੀ ਜਾਂਦੀ। ਸ਼ਹਿਰੀ ਆਬਾਦੀ ਬਿਜਲੀ ਦੇ ਬਿੱਲ ਵੀ ਭਰ ਰਹੀ ਹੈ ਅਤੇ ਮਹਿੰਗੀਆਂ ਦਰਾਂ ਦਾ ਬੋਝ ਵੀ ਸਹਿਣ ਕਰ ਰਹੀ ਹੈ। ਜੇਕਰ ਲੋਕਾਂ ਨੇ ਇਸ ਗਠਜੋੜ ਨੂੰ ਰਾਜ ਕਰਨ ਦਾ ਫ਼ਤਵਾ ਦਿੱਤਾ ਸੀ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੇ ਕੋਈ ਗੁਨਾਹ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਹੀ ਬਲੀ ਦਾ ਬਕਰਾ ਬਣਾਇਆ ਜਾਵੇ।
 ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਸ੍ਰ. ਮਨਪ੍ਰੀਤ ਸਿੰਘ ਬਾਦਲ ਦੁਆਰਾ ਸਹਿਯੋਗ ਲਈ ਜਿਹੜੇ ਹੱਥ ਵਧਾਏ ਜਾ ਰਹੇ ਹਨ ਉਹ ਸਮੇਂ ਦੀ ਲੋੜ ਵੀ ਹੈ ਅਤੇ ਆਪਣੀ-ਆਪਣੀ ਹੋਂਦ ਬਚਾਉਣ ਦੀ ਰਣਨੀਤੀ ਵੀ। ਇਸ ਦੇ ਨਾਲ-ਨਾਲ ਜੇਕਰ ਸੱਤਾਧਾਰੀ ਗਠਜੋੜ ਨੇ ਲੋਕ ਮਾਰੂ ਨੀਤੀਆਂ ਨੂੰ ਨਾ ਤਿਆਗਿਆ ਤਾਂ ਕਾਂਗਰਸ ਤੇ ਪੀ.ਪੀ.ਪੀ. ਵਿਚਾਲੇ ਹੋਣ ਜਾ ਰਿਹਾ ਗਠਜੋੜ ਮਜ਼ਬੂਤ ਵੀ ਹੋ ਸਕਦਾ ਹੈ ਅਤੇ ਦੁਖੀ ਲੋਕਾਂ ਦਾ ਨੈਤਿਕ ਸਮਰਥਨ ਵੀ ਇਸ ਸੰਭਾਵੀ ਸਿਆਸੀ ਧਰੁਵੀਕਰਨ ਨੂੰ ਮਿਲ ਸਕਦਾ ਹੈ।
ਮੋਬਾ : 9855508918

Comments (0)

Write comment

smaller | bigger

busy
You are here:   Homeਮੁੱਖ ਖਬਰਾਂਪੰਜਾਬ ਡਾਇਰੀਪੰਜਾਬ ਸਿਆਸਤ ਦੇ ਨਵੇਂ ਧਰੁਵੀਕਰਨ

Currency Converter

Amount:
From:
To:


Gurbani Radio


Gurbani - Sri Harmandir Sahib