
ਆਖਿਰ ਪਸ਼ੂ ਪਾਲਣ ਮੰਤਰੀ ਸ੍ਰ. ਗੁਲਜ਼ਾਰ ਸਿੰਘ ਰਣੀਕੇ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਉੱਤੇ ਦੋਸ਼ ਸੀ ਕਿ ਉਨ੍ਹਾਂ ਦੀ ਸ਼ਹਿ ਉੱਤੇ ਉਨ੍ਹਾਂ ਦੇ ਪੀ. ਏ. ਨੇ ਗ੍ਰਾਂਟਾਂ ਵਿੱਚ ਘਪਲੇਬਾਜ਼ੀ ਕੀਤੀ ਅਤੇ ਫ਼ਰਜ਼ੀ ਨਾਵਾਂ ਉੱਤੇ ਗ੍ਰਾਂਟਾਂ ਦੇ ਚੈਕ ਜਮ੍ਹਾਂ ਕੀਤੇ। ਮੌਜੂਦਾ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਹਾਲੇ ਆਪਣੇ ਕਾਰਜਕਾਲ ਦੇ ਕੇਵਲ 6 ਮਹੀਨੇ ਹੀ ਪੂਰੇ ਕੀਤੇ ਹਨ ਅਤੇ ਇਸ ਸਰਕਾਰ ਦੇ ਤਿੰਨ ਮੰਤਰੀਆਂ ਨੂੰ ਵੱਖ-ਵੱਖ ਕਾਰਨਾਂ ਕਰ ਕੇ ਅਸਤੀਫ਼ੇ ਸੌਂਪਣੇ ਪਏ। ਸਭ ਤੋਂ ਪਹਿਲਾਂ ਸੀਨੀਅਰ ਅਕਾਲੀ ਆਗੂ ਅਤੇ ਕੈਬਨਿਟ ਮੰਤਰੀ ਸ੍ਰ. ਤੋਤਾ ਸਿੰਘ ਨੂੰ ਇਸ ਕਾਰਨ ਅਸਤੀਫ਼ਾ ਦੇਣਾ ਪਿਆ ਕਿਉਂਕਿ ਉਨ੍ਹਾਂ ਖ਼ਿਲਾਫ਼ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸਜ਼ਾ ਸੁਣਾ ਦਿੱਤੀ ਸੀ। ਉਸ ਮਗਰੋਂ ਬੀਬੀ ਜਗੀਰ ਕੌਰ, ਜੋ ਕਿ
ਪੰਜਾਬ ਵਜ਼ਾਰਤ ਵਿੱਚ ਇੱਕੋ-ਇੱਕ ਮਹਿਲਾ ਮੰਤਰੀ ਸੀ, ਨੂੰ ਆਪਣੀ ਧੀ ਦੀ ਮੌਤ ਮਾਮਲੇ ਵਿੱਚ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਕਾਰਨ ਮੰਤਰੀ ਦਾ ਅਹੁਦਾ ਤਿਆਗਣਾ ਪਿਆ। ਮੌਜੂਦਾ ਸਰਕਾਰ ਵਿੱਚੋਂ ਜਿਹੜੇ ਤਿੰਨ ਮੰਤਰੀਆਂ ਨੂੰ ਅਹੁਦਾ ਤਿਆਗਣਾ ਪਿਆ ਹੈ, ਭਾਵੇਂ ਉਨ੍ਹਾਂ ਦਾ ਮੌਜੂਦਾ ਸਰਕਾਰ ਦੇ ਕਾਰਜਕਾਲ ਨਾਲ ਕੁੱਝ ਲੈਣਾ ਦੇਣਾ ਨਹੀਂ ਹੈ, ਪਰ ਇਨ੍ਹਾਂ ਘਟਨਾਕ੍ਰਮਾਂ ਤੋਂ ਇਹ ਗੱਲ ਤਾਂ ਜ਼ਾਹਿਰ ਹੁੰਦੀ ਹੀ ਹੈ ਕਿ ਸਰਕਾਰ ਅੰਦਰ ਜੋ ਕੁੱਝ ਵੀ ਚੱਲ ਰਿਹਾ ਹੈ, ਉਸ ਵਿੱਚ ਸਭ ਕੁੱਝ ਅੱਛਾ ਨਹੀਂ ਹੈ। ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਜੇਕਰ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਅੱਗਿਓਂ ਸਮੱਸਿਆਵਾਂ ਹੋਰ ਜ਼ਿਆਦਾ ਚੁਣੌਤੀਪੂਰਨ ਹੋ ਸਕਦੀਆਂ ਹਨ।
ਸ੍ਰ. ਗੁਲਜ਼ਾਰ ਸਿੰਘ ਰਣੀਕੇ ਦੇ ਅਸਤੀਫ਼ੇ ਨੇ ਨਿਸ਼ਚਿਤ ਰੂਪ ਵਿੱਚ ਵਿਰੋਧੀ ਧਿਰ ਨੂੰ ਇੱਕ ਹਥਿਆਰ ਮੁਹੱਈਆ ਕਰਵਾਇਆ ਹੈ ਜਿਸ ਨਾਲ ਉਹ ਸਰਕਾਰ ਨੂੰ ਆਪਣਾ ਨਿਸ਼ਾਨਾ ਬਣਾ ਸਕਦੀ ਹੈ। ਵਿਰੋਧੀ ਧਿਰ ਕਾਂਗਰਸ ਜਿਸ ਦੇ ਮੁੱਖੀ ਕੈਪਟਨ ਅਮਰਿੰਦਰ ਸਿੰਘ ਆਪਣੀ ਹੋਂਦ ਬਚਾਉਣ ਲਈ ਹਰ ਰੋਜ਼ ਨਵੀਂ ਤੋਂ ਨਵੀਂ ਰਣਨੀਤੀ ਤਿਆਰ ਕਰ ਰਹੇ ਹਨ, ਪਹਿਲਾਂ ਤੋਂ ਹੀ ਅਜਿਹੇ ਮੌਕੇ ਦੀ ਤਲਾਸ਼ ਵਿੱਚ ਹਨ, ਜਿਸ ਨਾਲ ਉਹ ਸਰਕਾਰ 'ਤੇ ਤਕੜਾ ਹਮਲਾ ਕਰ ਸਕਣ। ਇਸ ਮਕਸਦ ਲਈ ਉਨ੍ਹਾਂ ਦੁਆਰਾ ਸਰਕਾਰ ਵੱਲੋਂ ਲਗਾਏ ਗਏ ਟੈਕਸਾਂ ਖ਼ਿਲਾਫ਼ ਸੰਘਰਸ਼ ਵਿੱਢਣ ਦੀਆਂ ਤਿਆਰੀਆਂ ਹਨ। ਉਨ੍ਹਾਂ ਦੁਆਰਾ ਆਪਣਾ ਸੰਘਰਸ਼ ਤੇਜ਼ ਕਰਨ ਲਈ ਸ੍ਰ. ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਬਣੇ ਤੀਜੇ ਮੋਰਚੇ ਤੋਂ ਸਹਿਯੋਗ ਲੈਣ ਲਈ ਵੀ ਚਾਰਾਜੋਈ ਕੀਤੀ ਜਾ ਰਹੀ ਹੈ। ਕਾਂਗਰਸ ਇਸ ਸੰਘਰਸ਼ ਦੀ ਕਾਮਯਾਬੀ ਲਈ ਪੂਰੀ ਤਰ੍ਹਾਂ ਆਸਵੰਦ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਸਰਕਾਰ ਨੇ ਜਿਹੜੇ ਟੈਕਸ ਵਧਾਏ ਹਨ, ਉਸ ਨਾਲ ਆਮ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਇਕ ਪਾਸੇ ਕੇਂਦਰ ਦੁਆਰਾ ਮਹਿੰਗਾਈ ਵਿੱਚ ਬੇਸ਼ੁਮਾਰ ਵਾਧਾ ਕਰ ਦਿੱਤਾ ਹੈ। ਉੱਤੋਂ ਸੂਬਾ ਸਰਕਾਰ ਨੇ ਟੈਕਸਾਂ ਅਤੇ ਵੈਟ ਵਿੱਚ ਵਾਧਾ ਕਰ ਦਿੱਤਾ ਹੈ। ਅਜਿਹਾ ਕੀਤੇ ਜਾਣ ਨਾਲ ਬਲਦੀ ਉੱਤੇ ਘੀ ਪੈ ਗਿਆ ਹੈ। ਭਾਵੇਂ ਕਿ ਟੈਕਸ ਲਾਉਣਾ ਸਰਕਾਰ ਦੀ ਮਜਬੂਰੀ ਹੈ ਪਰ ਪੰਜਾਬ ਵਿੱਚ ਹੋ ਇਹ ਰਿਹਾ ਹੈ ਕਿ ਜਿਹੜੇ ਟੈਕਸ ਦੇ ਰਹੇ ਹਨ, ਉਨ੍ਹਾਂ 'ਤੇ ਹੋਰ ਬੋਝ ਪਾਇਆ ਜਾ ਰਿਹਾ ਹੈ। ਜਿਹੜੇ ਲੋਕਾਂ ਵੱਲੋਂ ਬਿਜਲੀ ਦਾ ਬਿਲ ਭਰਿਆ ਜਾ ਰਿਹਾ ਹੈ, ਉਨ੍ਹਾਂ ਨੂੰ ਵੱਧ ਦਰਾਂ ਉੱਤੇ ਬਿੱਲ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਤੋਂ ਭਾਜਪਾ ਵੀ ਬਹੁਤ ਜ਼ਿਆਦਾ ਦੁਖੀ ਹੈ। ਉਸ ਵੱਲੋਂ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਘੱਟੋਘੱਟ ਵੱਡੇ ਕਿਸਾਨਾਂ ਤੋਂ ਤਾਂ ਖੇਤੀਬਾੜੀ ਖੇਤਰ ਦੀ ਸਬਸਿਡੀ ਵਾਪਸ ਲੈ ਲਈ ਜਾਵੇ। ਦੂਜੇ ਪਾਸੇ ਉਦਯੋਗਪਤੀਆਂ ਨੂੰ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ। ਜਦੋਂ ਲੋਕ ਸੰਘਰਸ਼ 'ਤੇ ਉਤਰਦੇ ਹਨ ਤਾਂ ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਇਹ ਮਹਿੰਗਾਈ ਟੈਕਸਾਂ ਕਰ ਕੇ ਨਹੀਂ ਬਲਕਿ ਕੇਂਦਰੀ ਫ਼ੈਸਲਿਆਂ ਕਾਰਨ ਵੀ ਹੈ। ਇਸ ਲਈ ਦੁਸ਼ਵਾਰੀਆਂ ਸੂਬਾ ਸਰਕਾਰ ਸਾਹਮਣੇ ਹੀ ਖੜ੍ਹੀਆਂ ਹੋਣਗੀਆਂ। ਇਸ ਨਾਲ ਸਰਕਾਰ ਦਾ ਗ੍ਰਾਫ਼ ਹੇਠਾਂ ਡਿੱਗੇਗਾ। ਜਦੋਂ ਇਹ ਸਰਕਾਰ ਕਾਇਮ ਹੋਈ ਸੀ ਤਾਂ ਲੋਕਾਂ ਨੇ ਬਹੁਤ ਆਸਾਂ ਨਾਲ ਹੀ ਉਸ ਨੂੰ ਵੋਟਾਂ ਪਾਈਆਂ ਸਨ। ਨਹੀਂ ਤਾਂ ਇਸ ਤੋਂ ਪਹਿਲਾਂ ਇਹ ਹੁੰਦਾ ਆਇਆ ਹੈ ਕਿ ਕਦੇ ਵੀ ਇੱਕ ਪਾਰਟੀ ਦੀ ਸਰਕਾਰ ਦੁਬਾਰਾ ਨਹੀਂ ਬਣੀ। ਚੋਣਾਂ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਨੇ ਕਿਹਾ ਸੀ ਕਿ ਅਗਲੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਹੋਣਗੇ। ਲੋਕਾਂ ਨੇ ਪੂਰੇ ਉਤਸ਼ਾਹ ਨਾਲ ਸ੍ਰ. ਬਾਦਲ ਨੂੰ ਵੋਟਾਂ ਪਾਈਆਂ ਕਿ ਸਿਆਸਤ ਦੇ ਬਾਬਾ ਬੋਹੜ ਇਸ ਦੁਬਾਰਾ ਮਿਲੇ ਮੌਕੇ ਦੀ ਅਜਿਹੀ ਵਰਤੋਂ ਕਰਨਗੇ ਜਿਸ ਨੂੰ ਦੁਨੀਆਂ ਯਾਦ ਰੱਖੇਗੀ ਪਰ ਹੋ ਇਹ ਰਿਹਾ ਹੈ ਕਿ ਲੋਕਾਂ ਦੇ ਮਨਾਂ ਵਿੱਚ ਇਸ ਸਰਕਾਰ ਪ੍ਰਤੀ ਨਾਪੱਖੀ ਪ੍ਰਭਾਵ ਪੈਦਾ ਹੋ ਰਹੇ ਹਨ। ਲੋਕ ਸੋਚ ਰਹੇ ਹਨ ਕਿ ਅਕਾਲੀ-ਭਾਜਪਾ ਗਠਜੋੜ ਨੂੰ ਦੁਬਾਰਾ ਸੱਤਾ ਵਿੱਚ ਲਿਆ ਕੇ ਉਨ੍ਹਾਂ ਨੇ ਕੋਈ ਗਲਤੀ ਤਾਂ ਨਹੀਂ ਕੀਤੀ। ਸਰਕਾਰ ਨੂੰ ਲੋਕ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਲੋਕਾਂ ਨੇ ਜੇਕਰ ਉਨ੍ਹਾਂ ਉੱਪਰ ਵਿਸ਼ਵਾਸ ਕੀਤਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਲੋਕਾਂ ਨੂੰ ਕੋਹਲੂ ਵਿੱਚ ਪੀਸਿਆ ਜਾਵੇ ਅਤੇ ਉਨ੍ਹਾਂ ਦਾ ਖ਼ੂਨ ਨਿਚੋੜਿਆ ਜਾਵੇ।
ਇਹ ਜੋ ਕੁੱਝ ਵੀ ਹੋ ਰਿਹਾ ਹੈ, ਉਸ ਨਾਲ ਸਰਕਾਰ ਦਾ ਅਕਸ ਲਗਾਤਾਰ ਵਿਗੜ ਰਿਹਾ ਹੈ। ਸਰਕਾਰ ਨੂੰ ਸ਼ੁਰੂ ਵਿੱਚ ਹੀ ਅਜਿਹੇ ਝਟਕੇ ਲੱਗ ਰਹੇ ਹਨ ਜਿਨ੍ਹਾਂ ਦਾ ਸਿੱਧਾ ਅਸਰ ਲੋਕਾਂ ਦੀ ਜੇਬ੍ਹ ਉੱਪਰ ਵੀ ਪੈ ਰਿਹਾ ਹੈ। ਲੋਕ ਸਰਕਾਰ ਨੂੰ ਹੋ ਰਹੇ ਨੁਕਸਾਨ ਨੂੰ ਤਾਂ ਹੀ ਵਿਸਾਰ ਸਕਦੇ ਹਨ ਜੇਕਰ ਉਨ੍ਹਾਂ ਨੂੰ ਕੁੱਝ ਰਾਹਤ ਮਿਲੇਗੀ। ਹੁਣ ਤਾਂ ਲੋਕ ਬਹੁਤ ਹੀ ਜ਼ਿਆਦਾ ਅੱਕ ਚੁੱਕੇ ਹਨ। ਵਿਰੋਧੀ ਧਿਰ ਵੱਲੋਂ ਸਰਕਾਰ ਦੀ ਕੀਤੀ ਜਾਂਦੀ ਬਦਨਾਮੀ ਉਨ੍ਹਾਂ ਨੂੰ ਪੂਰੀ ਸੱਚਾਈ ਹੀ ਲੱਗੇਗੀ। ਇਸ ਲਈ ਸ੍ਰ. ਬਾਦਲ ਨੂੰ ਸੰਤੁਲਿਤ ਕਦਮ ਚੁੱਕਣੇ ਚਾਹੀਦੇ ਹਨ, ਜਿਸ ਨਾਲ ਕਿਸੇ ਵੀ ਵਰਗ ਨੂੰ ਇਹ ਨਾ ਲੱਗੇ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ। ਦੂਜਾ ਉਸ ਨੂੰ ਆਪਣੇ ਘਰ ਵੀ ਸੁਧਾਰ ਲਿਆਉਣਾ ਚਾਹੀਦਾ ਹੈ। ਸੱਤਾ ਦਾ ਮਤਲਬ ਲੁੱਟ-ਖਸੁੱਟ ਦਾ ਲਾਇਸੰਸ ਨਹੀਂ, ਬਲਕਿ ਲੋਕਾਂ ਦੀ ਸੇਵਾ ਕਰਨਾ ਹੈ। ਜੇਕਰ ਲੀਡਰ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸੇਵਾ ਵਿੱਚ ਜੁੱਟ ਜਾਏ ਤਾਂ ਇਸ ਨਾਲ ਸਰਕਾਰ ਦੀ ਸਾਖ਼ ਨੂੰ ਧੱਕਾ ਤਾਂ ਲੱਗੇਗਾ ਹੀ।