ਸਾਕਾ ਨੀਲਾ ਤਾਰਾ ਦੇ ਹੀਰੋ ਸਿੱਖਾਂ ਦੀ ਨਜ਼ਰਾਂ 'ਚ ਜ਼ੀਰੋ

ਅੱਜ ਜਦੋਂ ਪੰਜਾਬ ਦੀਆਂ ਅਖ਼ਬਾਰਾਂ 'ਤੇ ਨਜ਼ਰ ਮਾਰੀ ਤਾਂ ਤਿੰਨ ਪ੍ਰਮੁੱਖ ਖ਼ਬਰਾਂ ਪੜ੍ਹਨ ਨੂੰ ਮਿਲੀਆਂ ਜਿਨ੍ਹਾਂ ਵਿਚੋਂ ਵੱਡੀ ਸੁਰਖੀ ਸਾਕਾ ਨੀਲਾ ਤਾਰਾ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ 'ਤੇ ਲੰਡਨ ਵਿਚ ਹਮਲਾ ਸੀ। ਦੂਜੀ ਖ਼ਬਰ ਇਹ ਸੀ ਕਿ ਪੁਲਿਸ ਨੇ ਜਲੰਧਰ ਵਿਚ ਬਰਤਾਨੀਆ ਦੇ ਨਾਗਰਿਕ ਜਸਵੰਤ ਸਿੰਘ ਆਜ਼ਾਦ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦਾ ਸਬੰਧ ਖਾਲਿਸਤਾਨ ਨਾਲ ਸਬੰਧਤ ਖਾੜਕੂ ਜਥੇਬੰਦੀਆਂ ਨਾਲ ਹੈ ਅਤੇ ਪੰਜਾਬ 'ਚ ਮੁੜ ਖਾੜਕੂ ਸਰਗਰਮੀਆਂ ਤੇਜ਼ ਕਰਨ ਲਈ ਇਥੇ ਆਇਆ ਸੀ। ਇਹ ਖਾੜਕੂ, ਖਾੜਕੂ ਜਥੇਬੰਦੀਆਂ ਲਈ ਪੈਸੇ ਵੀ ਇਕੱਠਾ ਕਰਦਾ ਸੀ। ਇਕ ਹੋਰ ਖਾੜਕੂ ਸੁਖਵਿੰਦਰ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੇ ਸਮਗਲਰ ਕੰਧੋਲਾ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਕੰਧੋਲਾ ਦਿੱਲੀ ਪੁਲਿਸ ਦੀ ਗ੍ਰਿਫ਼ਤ 'ਚੋਂ ਫਰਾਰ ਹੋ ਗਿਆ ਸੀ ਅਤੇ ਉਹ ਸੁਖਵਿੰਦਰ ਸਿੰਘ ਉਰਫ਼ ਸੁੱਖਾ ਕੋਲ ਲੁੱਕਿਆ ਹੋਇਆ ਸੀ। ਸੁੱਖਾ ਨੂੰ ਦੋ ਦਹਾਕੇ ਪਹਿਲਾਂ ਮ੍ਰਿਤਕ ਐਲਾਨ ਦਿੱਤਾ ਸੀ।
ਇਨ੍ਹਾਂ ਤਿੰਨਾਂ ਘਟਨਾਵਾਂ ਦਾ ਭਾਵੇਂ ਇਸ ਸਮੇਂ ਆਪਸ ਵਿਚ ਕੋਈ ਸਬੰਧ ਨਹੀਂ ਹੈ, ਪਰ ਇਨ੍ਹਾਂ ਤਿੰਨਾਂ ਦੀ ਜਿਹੜੀ ਪਿੱਠਭੂਮੀ ਹੈ, ਉਹ ਇਕੋ ਹੀ ਹੈ। ਭਾਵ ਆਪ੍ਰੇਸ਼ਨ ਬਲਿਊ ਸਟਾਰ ਅਤੇ ਖਾੜਕੂਵਾਦ। ਸਾਬਕਾ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਇਕ ਸਿੱਖ ਪਰਿਵਾਰ ਵਿਚੋਂ ਹਨ ਪਰ ਉਨ੍ਹਾਂ ਨੇ ਜਿਸ ਪ੍ਰਕਾਰ ਬਲਿਊ ਸਟਾਰ ਆਪ੍ਰੇਸ਼ਨ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਉਸ ਕਾਰਵਾਈ ਦੌਰਾਨ ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਤੇ ਨਿਰਦੋਸ਼ ਲੋਕਾਂ ਨੂੰ ਮਾਰਿਆ ਗਿਆ, ਉਸ ਦੀ ਕਦੇ ਵੀ ਪ੍ਰਸ਼ੰਸਾ ਨਹੀਂ ਹੋਈ। ਇਸ ਕਾਰਵਾਈ ਲਈ ਭਾਵੇਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਪਰ ਸਿੱਖ ਭਾਈਚਾਰੇ ਨੂੰ ਉਨ੍ਹਾਂ ਦੇ ਮਾਨ ਸਨਮਾਨ 'ਤੇ ਕਦੇ ਵੀ ਮਾਣ ਮਹਿਸੂਸ ਨਹੀਂ ਹੋਇਆ। ਗਰਮ ਖਿਆਲੀ ਸਿੱਖ ਤਾਂ ਜਨਰਲ ਬਰਾੜ ਦੇ ਜਾਨੀ ਦੁਸ਼ਮਣ ਹਨ ਹੀ, ਜਿਹੜੇ ਆਮ ਸਿੱਖ ਹਨ, ਉਨ੍ਹਾਂ ਨੇ ਵੀ ਕਦੇ ਉਨ੍ਹਾਂ (ਬਰਾੜ) ਦੀ ਜਾਨ ਦੀ ਸਲਾਮਤੀ ਲਈ ਅਰਦਾਸ ਨਹੀਂ ਕੀਤੀ। ਭਾਵੇਂ ਜਨਰਲ ਬਰਾੜ ਲਈ ਫ਼ੌਜੀ ਕਾਰਵਾਈ ਕਰਨਾ ਇਕ ਕਰਤੱਵ ਸੀ ਪਰ ਸਿੱਖਾਂ ਲਈ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਜਜ਼ਬਾਤਾਂ ਨਾਲ ਜੁੜਿਆ ਹੋਇਆ ਹੈ। ਇਸ ਲਈ ਸਿੱਖ ਕਦੇ ਵੀ ਸਾਕਾ ਨੀਲਾ ਤਾਰਾ ਨੂੰ ਭੁਲਾ ਨਹੀਂ ਸਕਦੇ। ਉਸ ਘਟਨਾਕ੍ਰਮ ਨਾਲ ਜੁੜੇ ਸਰਕਾਰੀ ਅਧਿਕਾਰੀ ਭਾਰਤ ਸਰਕਾਰ ਦੀ ਨਜ਼ਰ ਵਿਚ ਹੀਰੋ ਹੋ ਸਕਦੇ ਹਨ ਪਰ ਆਮ ਸਿੱਖਾਂ ਦੀ ਨਜ਼ਰ ਵਿਚ ਉਹ ਓਨੇ ਹੀ ਗੁਨਾਹਗਾਰ ਹਨ ਜਿੰਨੇ ਕਿ ਉਹ ਖਾੜਕੂ ਜਿਹੜੇ ਨਿਰਦੋਸ਼ ਲੋਕਾਂ ਨੂੰ ਮਾਰਦੇ ਸਨ। ਇਹੀ ਕਾਰਨ ਹੈ ਕਿ ਸਿੱਖ ਭਾਈਚਾਰੇ ਨੇ ਇਸ ਘਟਨਾ ਉਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਜਨਰਲ ਬਰਾੜ ਤੇ ਲੰਦਨ ਵਿਚ ਹਮਲਾ ਹੋਇਆ ਹੈ ਅਤੇ ਬਰਤਾਨੀਆ ਵਾਸੀ ਜਸਵੰਤ ਸਿੰਘ ਆਜ਼ਾਦ ਜਲੰਧਰ ਵਿਚ ਫੜਿਆ ਗਿਆ ਹੈ, ਪੁਲਿਸ ਨੇ ਜਿਹੜੇ ਦੋਸ਼ ਲਗਾਏ ਹਨ ਉਨ੍ਹਾਂ ਵਿਚ ਕਿਹਾ ਗਿਆ ਹੈ ਕਿ ਆਜ਼ਾਦ 1989 ਵਿਚ ਪਾਕਿਸਤਾਨ ਵਿਚ ਵਿਜ਼ਟਰ ਵੀਜ਼ੇ 'ਤੇ ਗਿਆ ਸੀ, ਜਿਥੇ ਉਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂਆਂ ਨਾਲ ਸਬੰਧ ਕਾਇਮ ਕੀਤੇ ਅਤੇ ਉਨ੍ਹਾਂ ਲਈ ਪੈਸਾ ਵੀ ਇਕੱਠਾ ਕੀਤਾ। ਪੁਲਿਸ ਨੇ ਇਹ ਵੀ ਕਿਹਾ ਕਿ ਆਜ਼ਾਦ ਦੇ ਸਹਿਯੋਗ ਨਾਲ ਖਾੜਕੂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ, ਦਿਵਯਾ ਜੋਤੀ ਦੇ ਮੁਖੀ ਆਸੂਤੋਸ਼ ਅਤੇ ਪਿਆਰਾ ਸਿੰਘ ਭਨਿਆਰਾ ਵਾਲਾ ਨੂੰ ਮਾਰਨ ਦੀ ਸਾਜਿਸ਼ ਬਣਾ ਰਹੇ ਸਨ। ਜੇਕਰ ਪੁਲਿਸ ਦੀ ਕਹਾਣੀ ਨੂੰ ਸੱਚ ਮਨ ਲਿਆ ਜਾਵੇ ਤਾਂ ਇਹ ਇਕ ਗੰਭੀਰ ਨੈਟਵਰਕ ਤਿਆਰ ਹੋ ਰਿਹਾ ਹੈ। ਬਰਤਾਨੀਆਂ ਵਿਚ ਹਾਲੇ ਵੀ ਕੁਝ ਲੋਕ ਮੌਜੂਦ ਹਨ ਜਿਹੜੇ ਪੰਜਾਬ ਅੰਦਰ ਖਾੜਕੂਵਾਦ ਨੂੰ ਹਵਾ ਦੇਣ ਵਿਚ ਸਰਗਰਮ ਹਨ। ਪਹਿਲਾਂ ਵੀ ਕੁਝ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਦੇ ਤਾਰ ਬਰਤਾਨੀਆਂ ਵਿਚ ਰਹਿ ਰਹੀਆਂ ਗਰਮ ਖਿਆਲੀ ਜਥੇਬੰਦੀਆਂ ਨਾਲ ਜੁੜ ਰਹੇ ਹਨ। ਜਿਵੇਂ ਕਿ ਪਹਿਲਾਂ ਗੱਲ ਚੱਲੀ ਸੀ ਕਿ ਇਸ ਗ੍ਰਿਫ਼ਤਾਰੀ ਦੀ ਪਿੱਠਭੂਮੀ ਵੀ ਖਾੜਕੂਵਾਦ ਅਤੇ ਸਾਕਾ ਨੀਲਾ ਤਾਰਾ ਹੈ ਪਰ ਪੰਜਾਬ ਦੇ ਲੋਕ ਉਨ੍ਹਾਂ ਦਿਨਾਂ ਨੂੰ ਦੁਬਾਰਾ ਯਾਦ ਕਰਨਾ ਨਹੀਂ ਚਾਹੁੰਦੇ। ਤਿੰਨ ਦਹਾਕੇ ਪਹਿਲਾਂ ਜਿਸ ਪ੍ਰਕਾਰ ਖਾੜਕੂਵਾਦ ਉਭਰਿਆ ਸੀ ਉਸ ਦੌਰ ਵਿਚ ਹਰ ਪਾਸਿਓਂ ਜ਼ਿਆਦਤੀਆਂ ਹੋਈਆਂ ਸਨ ਅਤੇ ਬਹੁਤ ਸਾਰੇ ਨਿਰਦੋਸ਼ ਲੋਕ ਮਾਰੇ ਗਏ। ਇਸੇ ਕਾਰਨ ਸਾਕਾ ਨੀਲਾ ਤਾਰਾ ਵਾਪਰਿਆ ਅਤੇ ਇੰਦਰਾ ਗਾਂਧੀ ਦੇ ਕਤਲ ਮਗਰੋਂ ਅਣਗਿਣਤ ਸਿੱਖਾਂ ਨੂੰ ਕਾਂਗਰਸ ਦੀ ਸ਼ਹਿ ਉਤੇ ਮਾਰਿਆ ਗਿਆ। ਪੰਜਾਬ ਦੇ ਲੋਕ ਹੋਰ ਖ਼ੂਨ ਖਰਾਬਾ ਨਹੀਂ ਦੇਖਣਾ ਚਾਹੁੰਦੇ। ਉਹ ਹਿੰਸਾ ਦੇ ਰਾਹ ਨੂੰ ਕਦੇ ਵੀ ਹੱਲਾਸ਼ੇਰੀ ਨਹੀਂ ਦੇਣਾ ਚਾਹੁੰਦੇ ਪਰ ਨਾਲ-ਨਾਲ ਉਹ ਇਹ ਵੀ ਚਾਹੁੰਦੇ ਹਨ ਕਿ ਪੰਜਾਬ ਪੁਲਿਸ ਨੂੰ ਵੀ ਸੰਜਮ 'ਚ ਰਹਿਣਾ ਚਾਹੀਦਾ ਹੈ। ਜਦੋਂ ਖਾੜਕੂਵਾਦ ਵਾਪਰਿਆ ਸੀ, ਉਦੋਂ ਪੁਲਿਸ ਜ਼ਿਆਦਤੀਆਂ ਵੀ ਉਸ ਲਈ ਜ਼ਿੰਮੇਵਾਰ ਸਨ। ਜਦੋਂ ਪੁਲਿਸ ਵੱਲੋਂ ਨਿਰਦੋਸ਼ਾਂ ਨੂੰ ਮਾਰਿਆ ਜਾਂਦਾ ਸੀ ਤਾਂ ਫਿਰ ਝੂਠੇ ਕੇਸ ਪਾਏ ਜਾਂਦੇ ਸਨ ਤਾਂ ਉਸ ਦਾ ਉਲਟਾ ਅਸਰ ਹੁੰਦਾ ਸੀ। ਅੱਜ ਪੁਲਿਸ ਦੁਆਰਾ ਅਤਿਵਾਦ ਦੇ ਨਾਂ ਹੇਠ ਕੁਝ ਲੋਕਾਂ ਨੂੰ ਵਾਰ-ਵਾਰ ਫੜਿਆ ਜਾ ਰਿਹਾ ਹੈ ਅਤੇ ਉਨ੍ਹਾਂ 'ਤੇ ਅਤਿਵਾਦ ਦਾ ਠੱਪਾ ਲਗਾਇਆ ਜਾ ਰਿਹਾ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਨ੍ਹਾਂ ਘਟਨਾਵਾਂ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਤੀਜੀ ਘਟਨਾ ਸੁਖਵਿੰਦਰ ਸਿੰਘ ਸੁੱਖਾ ਦੀ ਹੈ। ਸੁੱਖਾ ਭਾਵੇਂ ਫੜਿਆ ਤਾਂ ਸਮਗਲਰ ਕੰਧੋਲਾ ਨਾਲ ਗਿਆ ਹੈ ਪਰ ਦਿਲਚਸਪ ਪਹਿਲੂ ਇਹ ਹੈ ਕਿ ਦੋ ਦਹਾਕੇ ਪਹਿਲਾਂ ਸੁੱਖਾ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਇਨਾਮੀ ਖਾੜਕੂ ਜੇਕਰ ਨਹੀਂ ਵੀ ਫੜੇ ਜਾਂਦੇ ਸਨ ਤਾਂ ਦੂਜੇ ਖਾੜਕੂਆਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰ ਕੇ ਉਨ੍ਹਾਂ ਨੂੰ ਇਨਾਮੀ ਖਾੜਕੂਆਂ ਦਾ ਨਾਮ ਦੇ ਕੇ ਪੁਲਿਸ ਵਾਲੇ ਇਨਾਮ ਖਾ ਜਾਂਦੇ ਸਨ। ਅਜਿਹੀਆਂ ਅਣਗਿਣਤ ਘਟਨਾਵਾਂ ਸਾਹਮਣੇ ਵੀ ਆ ਚੁੱਕੀਆਂ ਹਨ। ਇਸ ਮਾਮਲੇ ਵਿਚ ਦੂਜਾ ਪਹਿਲੂ ਇਹ ਹੈ ਕਿ ਸੁੱਖਾ ਇਕ ਅਜਿਹਾ ਖਾੜਕੂ ਹੈ ਜਿਸ ਪੁਲਿਸ ਨੇ ਹੋਰਨਾਂ ਖਾੜਕੂਆਂ ਮਾਰਨ ਲਈ ਵਰਤਿਆ। ਖਾੜਕੂਆਂ ਦੀ ਭਾਸ਼ਾ ਵਿਚ ਅਜਿਹੇ ਲੋਕਾਂ ਨੂੰ ਕੈਟ ਕਿਹਾ ਜਾਂਦਾ ਹੈ। ਇਸ ਖਾੜਕੂ ਨੂੰ ਪੁਲਿਸ ਨੇ ਆਪਣੇ ਢੰਗ ਨਾਲ ਮ੍ਰਿਤਕ ਕਰਾਰ ਦੇ ਕੇ ਦੂਜੇ ਖਾੜਕੂਆਂ ਦਾ ਸਫਾਇਆ ਕਰਵਾਇਆ ਸੀ। ਇਹ ਗੱਲ ਇਕ ਮੌਕੇ 'ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੰਨੀ ਸੀ।
ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਭਾਵੇਂ ਖਾੜਕੂਵਾਦ ਦੇ ਖਾਤਮੇ ਦੇ ਪੁਲਿਸ ਵੱਲੋਂ ਦਾਅਵੇ ਹੁੰਦੇ ਰਹਿੰਦੇ ਹਨ ਪਰ ਕੁਝ ਲੋਕ ਆਪਣੇ ਜਜ਼ਬਾਤਾਂ ਨੂੰ ਹਾਲੇ ਵੀ ਕਾਬੂ ਨਹੀਂ ਪਾ ਸਕੇ। ਇਹੀ ਕਾਰਨ ਹੈ ਕਿ ਕਦੇ-ਕਦੇ ਅਜਿਹੀਆਂ ਘਟਨਾਵਾਂ ਵਾਪਰ ਹੀ ਜਾਂਦੀਆਂ ਹਨ। ਕੁਝ ਲੋਕ ਅਜਿਹੀਆਂ ਘਟਨਾਵਾਂ 'ਤੇ ਸਕੂਨ ਵੀ ਮਹਿਸੂਸ ਕਰਦੇ ਹਨ ਅਤੇ ਕੁਝ ਲੋਕ ਇਸ ਗੱਲੋਂ ਖਫ਼ਾ ਵੀ ਹੋ ਜਾਂਦੇ ਹਨ ਕਿ ਕਿਧਰੇ ਪੰਜਾਬ ਨੂੰ ਮੁੜ ਪੁਰਾਣੇ ਦਿਨ ਨਾ ਦੇਖਣੇ ਪੈਣ।