
ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਜੋ ਕਿ ਪੰਜਾਬ ਦੇ ਦੌਰੇ 'ਤੇ ਆਏ ਸਨ ਤਾਂ ਉਨ੍ਹਾਂ ਨੇ ਇਸ ਮੌਕੇ 'ਤੇ ਸਾਕਾ ਨੀਲਾ ਤਾਰਾ ਯਾਦਗਾਰ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਨੇ ਇਹ ਵਿਚਾਰ ਇਸ ਲਈ ਪ੍ਰਗਟ ਕੀਤੇ ਕਿਉਂਕਿ ਕਾਂਗਰਸ ਵੱਲੋਂ ਸਾਕਾ ਨੀਲਾ ਤਾਰਾ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ 'ਤੇ ਲੰਦਨ ਵਿਚ ਹੋਏ ਹਮਲੇ ਨੂੰ ਇਸ ਯਾਦਗਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਿਰਫ਼ ਜੋੜਿਆ ਹੀ ਨਹੀਂ ਬਲਕਿ ਅਤਿਵਾਦ ਦਾ ਹਊਆ ਵੀ ਖੜ੍ਹਾ ਕੀਤਾ ਜਾ ਰਿਹਾ ਹੈ। ਹਮਲੇ ਮਗਰੋਂ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਹਮਲੇ ਲਈ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹਨ, ਕਿਉਂਕਿ ਉਨ੍ਹਾਂ ਦੁਆਰਾ ਸਾਕਾ ਨੀਲਾ ਤਾਰਾ ਦੀ ਯਾਦਗਾਰ ਦੀ ਉਸਾਰੀ ਦੇ ਸਬੰਧ ਵਿਚ ਚੁੱਪ ਕੀਤਿਆਂ
ਆਗਿਆ ਦੇ ਦਿੱਤੀ ਹੈ। ਕਾਂਗਰਸ ਪ੍ਰਧਾਨ ਨੇ ਪਹਿਲਾਂ ਵੀ ਇਸ ਯਾਦਗਾਰ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦਾ ਵਿਚਾਰ ਹੈ ਕਿ ਇਸ ਯਾਦਗਾਰ ਦੇ ਸਥਾਪਤ ਹੋਣ ਨਾਲ ਜਿਥੇ ਨਵੀ ਪੀੜ੍ਹੀ ਦੇ ਮਨ ਵਿਚ ਨਫ਼ਰਤ (ਭਾਵ ਕਾਂਗਰਸ ਖਿਲਾਫ਼) ਪੈਦਾ ਹੁੰਦੀ ਹੈ, ਉਥੇ ਹੀ ਕੱਟੜਪੰਥੀਆਂ ਨੂੰ ਵੀ ਸ਼ਹਿ ਪ੍ਰਾਪਤ ਹੁੰਦੀ ਹੈ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਜਦੋਂ ਸਾਕਾ ਨੀਲਾ ਤਾਰਾ ਵਾਪਰਿਆ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸਨ ਅਤੇ ਉਦੋਂ ਜਜ਼ਬਾਤੀ ਹੋ ਕੇ ਉਨ੍ਹਾਂ ਨੇ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਨਾਲ ਹੀ ਕਾਂਗਰਸ ਨੂੰ ਵੀ ਛੱਡ ਦਿੱਤਾ । ਉਨ੍ਹਾਂ ਅਜਿਹਾ ਇਸ ਲਈ ਕੀਤਾ ਸੀ ਕਿਉਂਕਿ ਉਨ੍ਹਾਂ ਨੇ ਐਲਾਨੀਆ ਕਿਹਾ ਸੀ ਕਿ ਕੇਂਦਰ ਦੀ ਕਾਂਗਰਸ ਸਰਕਾਰ ਭਾਵ ਇੰਦਰਾ ਸਰਕਾਰ ਨੇ ਜੋ ਕੁਝ ਵੀ ਕੀਤਾ ਹੈ, ਉਹ ਗਲਤ ਹੈ। ਜੇਕਰ ਉਦੋਂ ਇੰਦਰਾ ਗਾਂਧੀ ਵੱਲੋਂ ਕਰਵਾਈ ਗਈ ਮਿਲਟਰੀ ਕਾਰਵਾਈ ਗਲਤ ਸੀ ਤਾਂ ਉਸ ਗਲਤੀ ਦੀ ਯਾਦਗਾਰ ਸਥਾਪਤ ਕਰਨ ਵਿਚ ਕੀ ਗਲਤ ਹੈ ? ਉਸ ਕਾਰਵਾਈ ਦੌਰਾਨ ਭਾਵੇਂ ਗਰਮ ਖਿਆਲੀ ਜਿਨ੍ਹਾਂ ਨੂੰ ਕੇਂਦਰ ਸਰਕਾਰ ਅਤਿਵਾਦੀ ਕਹਿੰਦੀ ਸੀ, ਮਾਰੇ ਗਏ ਪਰ ਨਾਲ-ਨਾਲ ਜਿਹੜੇ ਅਣਗਿਣਤ ਨਿਰਦੋਸ਼ ਲੋਕ ਮਾਰੇ ਗਏ, ਕੀ ਉਨ੍ਹਾਂ ਨੂੰ ਯਾਦ ਨਹੀਂ ਕੀਤਾ ਜਾ ਸਕਦਾ?
ਇਹ ਸੱਚ ਹੈ ਕਿ ਵਿਦੇਸ਼ਾਂ ਵਿਚ ਕੁਝ ਗਰਮ ਖਿਆਲੀ ਸਿੱਖ ਸਰਗਰਮ ਹਨ ਪਰ ਉਨ੍ਹਾਂ ਦਾ ਪ੍ਰਭਾਵ ਸਾਰੇ ਸਿੱਖ ਨਹੀਂ ਕਬੂਲਦੇ। ਜਿਹੜੇ ਲੋਕ ਵਿਦੇਸ਼ਾਂ ਵਿਚ ਖਾਲਿਸਤਾਨ ਦੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨਾਲੋਂ ਵੀ ਬਹੁ ਗਿਣਤੀ ਸਿੱਖ ਆਬਾਦੀ ਕਿਨਾਰਾ ਹੀ ਕਰਦੀ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਹ ਸਰਗਰਮੀਆਂ ਕੌਮ ਦੇ ਹਿੱਤ ਵਿਚ ਨਹੀਂ ਹਨ। ਪਿਛਲੇ ਦਹਾਕਿਆਂ ਵਿਚ ਜਦੋਂ ਖਾੜਕੂਵਾਦ ਦਾ ਜ਼ੋਰ ਸੀ ਉਦੋਂ ਸਿੱਖਾਂ ਨੇ ਬਹੁਤ ਨੁਕਸਾਨ ਉਠਾਇਆ ਹੈ। ਉਦੋਂ ਘਰ-ਘਰ ਸਿਵੇ ਬਲਣ ਲੱਗ ਪਏ ਸਨ। ਘਰ-ਘਰ ਕੀਰਨੇ ਪੈਂਦੇ ਸਨ। ਕੋਈ ਦਿਨ ਅਜਿਹਾ ਨਹੀਂ ਸੀ ਜਦੋਂ ਅਖਬਾਰਾਂ ਵਿਚ ਬੰਬ ਧਮਾਕਿਆਂ ਜਾਂ ਗੋਲੀਆਂ ਚੱਲਣ ਦੀਆਂ ਖ਼ਬਰਾਂ ਨਹੀਂ ਛੱਪਦੀਆਂ ਸਨ। ਖ਼ਬਰਾਂ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਵੀ ਛਪਦੀਆਂ ਸਨ ਅਤੇ ਪੁਲਿਸ ਪਰਿਵਾਰਾਂ ਦੇ ਮਾਰੇ ਜਾਣ ਦੀਆਂ ਵੀ ਛਪਦੀਆਂ ਸਨ। ਪੂਰਾ ਪੰਜਾਬ ਪ੍ਰੇਸ਼ਾਨ ਸੀ। ਕਵੀ ਪੰਜਾਬ ਦੀ ਨਜ਼ਰ ਉਤਾਰਨ ਲਈ ਮਿਰਚਾਂ ਵਾਰਨ ਦੀਆਂ ਗੱਲਾਂ ਕਰਦੇ ਸਨ। ਅੱਜ ਕੋਈ ਵੀ ਪੰਜਾਬੀ ਉਸ ਦੌਰ ਨੂੰ ਦੇਖਣਾ ਨਹੀਂ ਚਾਹੁੰਦਾ। ਇਸੇ ਕਾਰਨ ਉਹ ਗਰਮ ਖਿਆਲੀਆਂ ਦੀਆਂ ਕਾਰਵਾਈਆਂ ਦੀ ਪ੍ਰਸ਼ੰਸ਼ਾ ਨਹੀਂ ਕਰਦੇ ਅਤੇ ਨਾ ਹੀ ਉਹ ਉਨ੍ਹਾਂ ਨੂੰ ਹੱਲਾਸ਼ੇਰੀ ਦੇਣਾ ਚਾਹੁੰਦੇ ਹਨ। ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਸਿੱਖ ਕਾਂਗਰਸ ਦੀਆਂ ਗਲਤ ਕਾਰਵਾਈਆਂ ਨੂੰ ਹੀ ਅਣਗੌਲਿਆਂ ਕਰ ਦੇਣਗੇ।
ਯਾਦਗਾਰਾਂ ਅੱਜ ਤੋਂ ਨਹੀਂ ਜਦੋਂ ਤੋਂ ਦੁਨੀਆਂ ਚੱਲੀ ਹੈ, ਉਦੋਂ ਤੋਂ ਬਣਦੀਆਂ ਆਈਆਂ ਹਨ। ਜਦੋਂ ਕਿਸੇ ਕੌਮ ਨਾਲ ਵਧੀਕੀ ਹੁੰਦੀ ਹੈ ਅਤੇ ਉਸ ਵਧੀਕੀ ਦੌਰਾਨ ਨਿਰਦੋਸ਼ ਲੋਕ ਮਾਰੇ ਜਾਂਦੇ ਹਨ ਤਾਂ ਉਨ੍ਹਾਂ ਨਿਰਦੋਸ਼ਾਂ ਨੂੰ ਲੋਕ ਹਮੇਸ਼ਾ ਯਾਦ ਕਰਦੇ ਹਨ। ਮੌਜੂਦਾ ਅਕਾਲੀ ਸਰਕਾਰ ਨੇ ਆਪਣੀ ਪਿਛਲੀ ਮਿਆਦ ਦੌਰਾਨ ਸਿੱਖ ਇਤਿਹਾਸ ਨਾਲ ਸਬੰਧਤ ਕਿੰਨੀਆਂ ਹੀ ਯਾਦਗਾਰਾਂ ਸਥਾਪਤ ਕੀਤੀਆਂ ਹਨ। ਆਜ਼ਾਦੀ ਦੀ ਜੰਗ ਦੌਰਾਨ ਅੰਗਰੇਜ਼ ਸਰਕਾਰ ਨੇ ਜਿਹੜੀਆਂ ਨਾ ਇਨਸਾਫ਼ੀਆਂ ਕੀਤੀਆਂ, ਉਨ੍ਹਾਂ ਦੀਆਂ ਯਾਦਗਾਰਾਂ ਸਥਾਪਤ ਹੋਈਆਂ ਹਨ। ਸ੍ਰੀ ਹਰਿਮੰਦਰ ਸਾਹਿਬ ਨੇੜੇ ਜਦੋਂ ਅੰਗਰੇਜ਼ ਸਰਕਾਰ ਨੇ ਜਲ੍ਹਿਆਂ ਵਾਲੇ ਬਾਗ ਵਿਚ ਪੰਜਾਬੀਆਂ ਨੂੰ ਘੇਰ ਕੇ ਗੋਲੀਬਾਰੀ ਕੀਤੀ ਅਤੇ ਅਣਗਿਣਤ ਨਿਰਦੋਸ਼ ਲੋਕਾਂ ਨੂੰ ਮਾਰਿਆ ਤਾਂ ਮੌਜੂਦਾ ਭਾਰਤ ਸਰਕਾਰ ਨੇ ਯਾਦਗਾਰ ਸਥਾਪਤ ਕੀਤੀ। ਇਸ ਦੇ ਬਾਵਜੂਦ ਅੱਜ ਅਨੇਕਾਂ ਪੰਜਾਬੀ ਇੰਗਲੈਂਡ ਵਿਚ ਵੱਸ ਰਹੇ ਹਨ। ਅੱਜ ਅਸੀਂ ਉਸ ਜ਼ਮਾਨੇ ਦੀਆਂ ਗੱਲਾਂ ਕਰਦੇ ਹਾਂ ਪਰ ਅਜਿਹਾ ਤਾਂ ਨਹੀਂ ਹੈ ਕਿ ਹੁਣ ਅਸੀਂ ਅੰਗਰੇਜ਼ਾਂ ਨਾਲ ਨਫ਼ਰਤ ਕਰਦੇ ਹਾਂ। ਇਸ ਲਈ ਕੈਪਟਨ ਅਮਰਿੰਦਰ ਸਿੰਘ ਦੀਆਂ ਦਲੀਲਾਂ ਸਿਰਫ਼ ਤੇ ਸਿਰਫ਼ ਸਿਆਸਤ ਤੋਂ ਪ੍ਰੇਰਿਤ ਹਨ। ਉਹ ਅਤੇ ਹੋਰ ਕਾਂਗਰਸੀ ਅਤਿਵਾਦ ਦਾ ਹਊਆ ਹੀ ਖੜ੍ਹਾ ਕਰ ਰਹੇ ਹਨ ਤਾਂ ਜੋ ਮੌਜੂਦਾ ਸਰਕਾਰ ਲਈ ਕਠਿਨਾਈਆਂ ਖੜ੍ਹੀਆਂ ਕੀਤੀਆਂ ਜਾ ਸਕਣ। ਜੇਕਰ ਵਿਦੇਸ਼ਾਂ ਵਿਚ ਗਰਮ ਖਿਆਲੀ ਸਿੱਖਾਂ ਦੁਆਰਾ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ ਤਾਂ ਇਸ ਲਈ ਕੇਂਦਰ ਸਰਕਾਰ ਨੂੰ ਪਹਿਲ- ਕਦਮੀ ਕਰਦਿਆਂ ਹੋਇਆਂ ਵਿਦੇਸ਼ੀ ਸਰਕਾਰਾਂ ਨਾਲ ਗੱਲ ਕਰਕੇ ਇਹ ਸਰਗਰਮੀਆਂ ਰੁਕਵਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਦੀਆਂ ਕਾਰਵਾਈਆਂ ਨਾਲ ਪੰਜਾਬ ਦੇ ਸਿੱਖਾਂ ਨੂੰ ਨਹੀਂ ਜੋੜਨਾ ਚਾਹੀਦਾ। ਇਸ ਵਿਚ ਹੀ ਕਾਂਗਰਸ ਦੀ ਭਲਾਈ ਹੈ, ਅਕਾਲੀ ਦਲ ਦੀ ਵੀ ਭਲਾਈ ਹੈ ਅਤੇ ਪੰਜਾਬ ਦੀ ਵੀ ਭਲਾਈ ਹੈ।