
ਬੀਤੇ ਦਿਨੀਂ ਪਟਿਆਲਾ ਤੋਂ ਕਾਂਗਰਸ ਦੇ ਅਜੇ ਥਾਪਰ ਅਤੇ ਫਤਿਹਗੜ੍ਹ ਸਾਹਿਬ ਤੋਂ ਤਿੰਨ ਵਾਰ ਵਿਧਾਇਕ ਅਤੇ ਇਕ ਵਾਰ ਮੰਤਰੀ ਰਹਿ ਚੁੱਕੇ ਹਰਬੰਸ ਲਾਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਨ੍ਹਾਂ ਲੀਡਰਾਂ ਨੂੰ ਸ਼ਾਮਲ ਕਰਨ ਲਈ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਉਚੇਚੇ ਤੌਰ 'ਤੇ ਪੁੱਜੇ। ਅਕਾਲੀ ਦਲ ਵਿਚ ਜਿਸ ਪ੍ਰਕਾਰ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਵਿਧਾਇਕ ਸ਼ਾਮਲ ਹੋ ਰਹੇ ਹਨ, ਉਨ੍ਹਾਂ ਨੂੰ ਲੈ ਕੇ ਕਾਂਗਰਸ ਵਿਚ ਤਾਂ ਨਮੋਸ਼ੀ ਦਾ ਆਲਮ ਹੈ, ਪਰ ਇਨ੍ਹਾਂ ਲੀਡਰਾਂ ਦੀ ਸ਼ਮੂਲੀਅਤ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੰਮੇ ਸਮੇਂ ਵਿਚ ਕੋਈ ਲਾਭ ਹੋਵੇਗਾ, ਉਸ ਉੱਤੇ ਪ੍ਰਸ਼ਨਚਿੰਨ੍ਹ ਹਨ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਲੀਡਰਾਂ ਦੀ ਜੋ ਸ਼ਮੂਲੀਅਤ ਹੈ, ਉਸ ਪਿਛੇ ਕਾਰਨ ਇਹ ਹੈ ਕਿ ਹੁਣ ਇਨ੍ਹਾਂ ਲੀਡਰਾਂ ਦੀ ਕਾਂਗਰਸ ਵਿਚ ਕੋਈ ਬੁਕਤ ਨਹੀਂ ਰਹਿ ਗਈ ਸੀ, ਅਜਿਹੇ ਵਿਚ ਉਹ ਅਕਾਲੀ ਦਲ ਨੂੰ ਕੀ ਲਾਭ ਪਹੁੰਚਾ ਸਕਦੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਇਹ ਸੋਚਦੇ ਹਨ ਕਿ ਇਨ੍ਹਾਂ ਲੀਡਰਾਂ ਨੂੰ ਸ਼ਾਮਲ ਕਰਕੇ
ਉਹ ਲੋਕ ਸਭਾ ਚੋਣਾਂ ਵਿਚ ਲਾਭ ਲੈ ਸਕਦੇ ਹਨ। ਇਸ ਲਾਭ ਕੁਝ ਸਮੇਂ ਲਈ ਪਹੁੰਚ ਵੀ ਸਕਦਾ ਹੈ ਪਰ ਉਨ੍ਹਾਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਕਿ ਜਦੋਂ ਕਾਂਗਰਸੀ ਲੀਡਰ ਅਕਾਲੀ ਦਲ ਵਿਚ ਸ਼ਾਮਲ ਹੋਣਗੇ ਤਾਂ ਉਨ੍ਹਾਂ ਅਕਾਲੀ ਲੀਡਰਾਂ ਜਾਂ ਵਰਕਰਾਂ ਦਾ ਕੀ ਬਣੇਗਾ ਜਿਹੜੇ ਲੰਮੇ ਸਮੇਂ ਤੋਂ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਹਨ। ਜਦੋਂ ਇਹ ਅਕਾਲੀ ਲੀਡਰ ਅਤੇ ਵਰਕਰ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਨਗੇ ਤਾਂ ਉਹ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਕਦੋਂ ਪਹਿਲਾਂ ਵਾਂਗ ਦਿਨ-ਰਾਤ ਇਕ ਕਰਨਗੇ। ਕਾਂਗਰਸੀਆਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੇ ਰੁਝਾਨ ਨਾਲ ਟਕਸਾਲੀ ਅਕਾਲੀ ਲੀਡਰਾਂ ਅਤੇ ਵਰਕਰਾਂ ਦੀ ਤਰੱਕੀ ਹੀ ਰੁੱਕ ਗਈ ਹੈ।
ਜਿਹੜੇ ਕਾਂਗਰਸੀ ਲੀਡਰ ਵਾਰੀ-ਵਾਰੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਨੇ ਇਸ ਪਾਰਟੀ ਵੱਲ ਇਸ ਲਈ ਮੂੰਹ ਕੀਤਾ ਕਿਉਂਕਿ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਟਿਕਟਾਂ ਨਹੀਂ ਦਿੱਤੀਆਂ। ਟਿਕਟ ਨਾ ਦੇਣ ਕਾਰਨ ਇਹ ਲੋਕ ਕਾਂਗਰਸ ਤੋਂ ਮੁੱਖ ਮੋੜ ਗਏ ਹਨ। ਇਨ੍ਹਾਂ ਲੀਡਰਾਂ ਨੇ ਆਪਣੀ ਸਾਰੀ ਉਮਰ ਕਾਂਗਰਸ ਵਿਚ ਬਿਤਾਈ ਹੈ। ਹੁਣ ਕੀ ਗਰੰਟੀ ਹੈ ਕਿ ਜੇਕਰ ਅਕਾਲੀ ਦਲ ਉਨ੍ਹਾਂ ਦੀਆਂ ਇਛਾਵਾਂ ਖਾਸ ਕਰਕੇ ਅਹੁਦੇ ਨਹੀਂ ਦਿੰਦਾ ਜਾਂ ਟਿਕਟਾਂ ਨਹੀਂ ਦਿੰਦਾ ਤਾਂ ਉਹ ਇਸ ਪਾਰਟੀ ਦੇ ਵਫਾਦਾਰ ਰਹਿ ਸਕਣਗੇ। ਇਹ ਜੋ ਕਾਂਗਰਸੀ ਲੀਡਰ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ, ਉਹ ਕਿਸੇ ਅਨਿਆਂ ਕਾਰਨ ਨਹੀਂ ਬਲਕਿ ਮੌਕਾ ਪ੍ਰਸਤੀ ਕਾਰਨ ਹੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਬੁਢਲਾਡਾ ਤੋਂ ਕਾਂਗਰਸੀ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਸ਼ਾਮਲ ਹੋਇਆ। ਪਹਿਲਾਂ ਉਹ ਕਿਸੇ ਸਮੇਂ ਬਹੁਜਨ ਸਮਾਜ ਪਾਰਟੀ ਦਾ ਲੀਡਰ ਸੀ। ਪਹਿਲਾਂ ਉਸ 'ਹੀਰੇ' ਨੇ ਬਸਪਾ ਨੂੰ ਦਗ਼ਾ ਦਿੱਤਾ, ਫਿਰ ਕੈਪਟਨ ਅਮਰਿੰਦਰ ਸਿੰਘ ਦਾ ਵਫਾਦਾਰ ਬਣਿਆ ਅਤੇ ਬੁਢਲਾਡਾ ਤੋਂ ਵਿਧਾਇਕ ਬਣਿਆ। ਜਦੋਂ ਕਾਂਗਰਸ ਨੇ ਉਸ ਨੂੰ ਟਿਕਟ ਨਹੀਂ ਦਿੱਤੀ ਤਾਂ ਉਸ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਬਗ਼ਾਵਤ ਦਾ ਝੰਡਾ ਚੁੱਕ ਲਿਆ ਅਤੇ ਹੁਣ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ ਹੈ। ਜੇਕਰ ਅਕਾਲੀ ਦਲ ਨੇ ਇਸ ਲੀਡਰ ਨੂੰ ਕੋਈ ਉਚ ਅਹੁਦਾ ਜਾਂ ਟਿਕਟ ਨਾ ਦਿੱਤੀ ਤਾਂ ਇਹ ਲੀਡਰ ਅਕਾਲੀ ਦਲ ਦਾ ਵੀ ਬਣ ਕੇ ਨਹੀਂ ਰਹੇਗਾ।
ਇਸੇ ਪ੍ਰਕਾਰ ਹਰਬੰਸ ਲਾਲ ਵੀ ਕਰਦੇ ਆਏ ਹਨ। ਪਹਿਲਾਂ ਉਹ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਹਨ। ਸਵਰਗੀ ਬੇਅੰਤ ਸਿੰਘ ਸਮੇਂ ਉਹ ਕਾਂਗਰਸ ਵਿਚ ਸ਼ਾਮਲ ਹੋਏ। ਜਦੋਂ ਤੱਕ ਕਾਂਗਰਸ ਨੇ ਉਨ੍ਹਾ ਨੂੰ ਟਿਕਟ ਦਿੱਤੀ ਤਾਂ ਉਹ ਉਸ ਦੇ ਵਫਾਦਾਰ ਰਹੇ ਤੇ ਜਦੋਂ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਤਾਂ ਬਗ਼ਾਵਤ ਕਰ ਦਿੱਤੀ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਕੁਲਜੀਤ ਸਿੰਘ ਨਾਗਰਾ ਖਿਲਾਫ਼ ਚੋਣ ਲੜੀ, ਪਰ ਇਸ ਦੇ ਬਾਵਜੂਦ ਸ੍ਰ. ਨਾਗਰਾ ਇਹ ਚੋਣ ਜਿੱਤ ਗਏ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਰਬੰਸ ਲਾਲ ਦੀ ਮੌਜੂਦਗੀ ਕਾਂਗਰਸੀ ਵੋਟਾਂ 'ਤੇ ਜ਼ਿਆਦਾ ਫਰਕ ਨਹੀਂ ਪਾ ਸਕੀ।
ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪੁਰਾਣੇ ਤਜਰਬੇ ਤੋਂ ਵੀ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ। ਲੁਧਿਆਣਾ ਜ਼ਿਲ੍ਹੇ ਵਿਚ ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਜਿੱਤਦਾ ਆਇਆ ਹੈ। ਪਿਛਲੀਆਂ ਆਮ ਚੋਣਾਂ ਵਿਚ ਅਕਾਲੀ ਦਲ ਨੂੰ ਆਪਣੇ ਲੀਡਰਾਂ 'ਤੇ ਇਤਬਾਰ ਨਹੀਂ ਰਿਹਾ ਅਤੇ ਉਥੋਂ ਕਾਂਗਰਸ ਤੋਂ ਬਾਗ਼ੀ ਹੋਏ ਗੁਰਚਰਨ ਸਿੰਘ ਗਾਲਿਬ ਨੂੰ ਅਕਾਲੀ ਦਲ ਨੇ ਚੋਣ ਲੜਾਈ। ਇਸ ਚੋਣ ਵਿਚ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਜ਼ਰੂਰੀ ਨਹੀਂ ਹੈ ਕਿ ਜੇਕਰ ਕੋਈ ਲੀਡਰ ਦੂਜੀ ਪਾਰਟੀ ਵਿਚ ਸ਼ਾਮਲ ਹੁੰਦਾ ਹੈ ਤਾਂ ਵੋਟਰ ਅਤੇ ਸਮਰਥਕ ਵੀ ਦੂਜੀ ਪਾਰਟੀ ਵਿਚ ਚੱਲੇ ਜਾਣਗੇ। ਇਹ ਜੋ ਲੀਡਰ ਸ਼ਾਮਲ ਹੋ ਰਹੇ ਹਨ, ਉਨ੍ਹਾਂ ਦਾ ਮਕਸਦ ਸਿਰਫ਼ ਤੇ ਸਿਰਫ਼ ਸੱਤਾ ਤੋਂ ਲਾਭ ਲੈਣਾ ਹੈ। ਇਹ ਜੋ ਸਵਾਰਥ ਹੈ, ਉਹ ਨਿੱਜੀ ਹੈ। ਇਸ ਦਾ ਆਮ ਜਨਤਾ ਨਾਲ ਕੋਈ ਲੈਣ ਦੇਣ ਨਹੀਂ ਹੈ।
ਚੋਣਾਂ ਵਿਚ ਜਿੱਤ ਹਾਰ ਜ਼ਿਆਦਾਤਰ ਮੁੱਦਿਆਂ 'ਤੇ ਅਧਾਰਿਤ ਹੁੰਦੀ ਹੈ। ਜਦੋਂ ਲੋਕਾਂ ਨੂੰ ਇਹ ਗੱਲ ਲੱਗਦੀ ਹੈ ਕਿ ਕਿਸੇ ਪਾਸੇ ਪਾਰਟੀ ਦੇ ਮੁੱਦੇ ਉਨ੍ਹਾਂ ਦੇ ਹਿੱਤ ਵਿਚ ਹਨ ਤਾਂ ਉਹ ਇਤਿਹਾਸ ਵੀ ਬਦਲ ਦਿੰਦੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਜਨਤਾ ਨੇ ਇਹ ਕਰ ਵੀ ਵਿਖਾਇਆ ਹੈ ਅਤੇ ਇਕ ਪ੍ਰੰਪਰਾ ਜਿਸ ਉੱਤੇ ਕਾਂਗਰਸ ਨੂੰ ਪੂਰਾ ਵਿਸ਼ਵਾਸ ਸੀ, ਨੂੰ ਬਦਲ ਕੇ ਰੱਖ ਦਿੱਤਾ ਅਤੇ ਅਕਾਲੀ ਦਲ ਨੂੰ ਦੂਜੀ ਵਾਰ ਸੱਤਾ ਸੌਂਪੀ। ਹੁਣ ਅਕਾਲੀ ਦਲ ਮੁੱਦਿਆਂ ਦੀ ਥਾਂ 'ਤੇ ਕਾਂਗਰਸ ਦੇ ਅਧਾਰਹੀਣ ਨੇਤਾਵਾਂ ਨੂੰ ਆਪਣੇ ਨਾਲ ਜੋੜ ਕੇ ਚੰਗੇ ਭਵਿੱਖ ਦੀ ਤਮੰਨਾ ਕਰ ਰਿਹਾ ਹੈ ਜੋ ਕਿ ਜ਼ਿਆਦਾ ਸਹਾਇਕ ਸਿੱਧ ਹੋਣ ਵਾਲਾ ਨਹੀਂ ਹੈ। ਜੇਕਰ ਸ੍ਰ. ਸੁਖਬੀਰ ਸਿੰਘ ਬਾਦਲ ਮੌਕਾਪ੍ਰਸਤ ਲੀਡਰਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਨ ਦੀ ਥਾਂ 'ਤੇ ਆਮ ਲੋਕਾਂ ਦੇ ਦੁੱਖ ਦਰਦ ਦੀ ਗੱਲ ਕਰਨ ਤਾਂ ਸੂਬੇ ਦੇ ਲੋਕ ਉਨ੍ਹਾਂ ਦੀ ਜ਼ਿਆਦਾ ਮਦਦ ਕਰਨਗੇ। ਅਸਲ ਤਾਕਤ ਲੋਕ ਹਨ, ਇਹ ਲੀਡਰ ਨਹੀਂ। ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਅਤੇ ਅਕਾਲੀ ਦਲ ਦੇ ਵਫਾਦਾਰ ਲੀਡਰਾਂ 'ਤੇ ਕਾਰਕੁੰਨਾਂ ਨੂੰ ਜ਼ਿਆਦਾ ਨੇੜੇ ਅਤੇ ਵਧੇਰੇ ਮਾਣ ਸਤਿਕਾਰ ਦੇਣ ਦੀ ਲੋੜ ਹੈ।
ਮੋਬਾ : 9855508918੍ਹ