Thursday, 01 November 2012 12:32
Print PDF

ਇਕ ਵਾਰ ਫਿਰ ਪੰਜਾਬ ਵਿਚ ਅਤਿਵਾਦ ਦੇ ਬੱਦਲ ਮੰਡਰਾਉਣ ਦੀਆਂ ਗੱਲਾਂ ਹੋਣ ਲੱਗੀਆਂ ਹਨ। ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਾਕਾ ਨੀਲਾ ਤਾਰਾ ਦੀ ਯਾਦਗਾਰ ਸਥਾਪਤ ਕਰਨ 'ਤੇ ਕੁਝ ਇਤਰਾਜ਼ ਪ੍ਰਗਟ ਕੀਤਾ ਸੀ, ਨੇ ਕਿਹਾ ਕਿ ਇਸ ਸਮੇਂ ਵਿਦੇਸ਼ਾਂ ਵਿਚ ਬੈਠੇ ਕੁਝ ਲੋਕ ਆਪਣਾ ਤੋਰੀ ਫੁਲਕਾ ਚਲਾਉਣ ਲਈ ਜਾਣ ਬੁੱਝ ਕੇ ਖਾੜਕੂਵਾਦ ਨੂੰ ਸ਼ਹਿ ਦੇ ਰਹੇ ਹਨ।
 ਇਸ ਸਬੰਧ ਵਿਚ ਪਾਕਿਸਤਾਨ ਦੀ ਭੂਮਿਕਾ ਨੂੰ ਵੀ ਦੋਸ਼ੀ ਮੰਨਿਆ ਜਾ ਰਿਹਾ ਹੈ। ਸ਼ਿੰਦੇ ਇਹ ਵੀ ਕਹਿੰਦੇ ਹਨ ਕਿ ਇੰਟਰਨੈੱਟ ਉਤੇ ਸੋਸ਼ਲ ਨੈਟਵਰਕਿੰਗ ਰਾਹੀਂ ਖਾਲਿਸਤਾਨ ਸਬੰਧੀ ਪ੍ਰਚਾਰ ਹੋ ਰਿਹਾ ਹੈ ਤਾਂ ਕਿ ਦੁਬਾਰਾ ਭਰਤੀ ਕੀਤੀ ਜਾ ਸਕੇ। ਖਾੜਕੂਵਾਦ ਦੇ ਸਰਗਰਮ ਹੋਣ ਸਬੰਧੀ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਕਿਸੇ ਹੋਰ ਦੁਆਰਾ ਨਹੀਂ ਬਲਕਿ ਕਾਂਗਰਸ ਵੱਲੋਂ ਇਕ ਗਿਣੀ-ਮਿਥੀ ਯੋਜਨਾ ਤਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੋ ਕਿ ਕਾਂਗਰਸ ਦੇ ਪ੍ਰਧਾਨ ਹਨ, ਨੇ ਵੀ ਵਿਧਾਨ ਸਭਾ ਵਿਚ ਹੋਈ ਹਾਰ ਮਗਰੋਂ ਮੁੱਦਾ

ਲੱਭਣ ਦੀ ਕੋਸ਼ਿਸ਼ ਵਿਚ ਦਰਬਾਰ ਸਾਹਿਬ ਵਿਖੇ ਬਣ ਰਹੀ ਸਾਕਾ ਨੀਲਾ ਤਾਰਾ ਦੀ ਯਾਦਗਾਰ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਨਾਲ ਕੱਟੜਪੰਥੀਆਂ ਨੂੰ ਤਾਕਤ ਮਿਲੇਗੀ।
ਅਜਿਹਾ ਤਾਂ ਮੰਨਿਆ ਜਾ ਸਕਦਾ ਹੈ ਕਿ ਵਿਦੇਸ਼ਾਂ ਵਿਚ ਕੁਝ ਗਰਮ ਖਿਆਲੀ ਸਰਗਰਮ ਹਨ। ਉਨ੍ਹਾਂ ਦੁਆਰਾ ਨਾਂਹ ਪੱਖੀ ਪ੍ਰਚਾਰ ਵੀ ਕੀਤਾ ਜਾਂਦਾ ਹੈ। ਸਾਕਾ ਨੀਲਾ ਤਾਰਾ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਸਿੰਘ ਬਰਾੜ 'ਤੇ ਜਿਹੜਾ ਹਮਲਾ ਹੋਇਆ, ਨੂੰ ਵਿਦੇਸ਼ਾਂ ਵਿਚਲੀਆਂ ਖਾੜਕੂਵਾਦ ਦੀਆਂ ਸਰਗਰਮੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਪਰ ਜੇਕਰ ਪੰਜਾਬ ਅੰਦਰ ਦੇ ਹਾਲਾਤ ਦੇਖੇ ਜਾਣ ਤਾਂ ਅਜਿਹਾ ਮਹਿਸੂਸ ਨਹੀਂ ਹੁੰਦਾ ਕਿ ਕੋਈ ਨੌਜਵਾਨ ਜਾਂ ਆਗੂ ਖਾੜਕੂਵਾਦ ਦੇ ਸਰਗਰਮ ਹੋਣ ਦੇ ਹੱਕ ਵਿਚ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ ਦਹਾਕਿਆਂ ਦੌਰਾਨ ਜਿਹੜਾ ਸੰਤਾਪ ਹੰਢਾਇਆ ਸੀ, ਉਸ ਤੋਂ ਉਹ ਬਹੁਤ ਵੱਡਾ ਸਬਕ ਸਿੱਖੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਇਕ ਬਹੁਤ ਹੀ ਮੰਦਭਾਗਾ ਦੌਰ ਸੀ ਜਿਸ ਨੂੰ ਸਿਆਸਤਦਾਨਾਂ ਨੇ ਆਪਣੇ ਸਿਆਸੀ ਮੁਫਾਦਾਂ ਦੀ ਖਾਤਿਰ ਨੌਜਵਾਨਾਂ ਨੂੰ ਖੂਨੀ ਜੰਗ ਵਿਚ ਧੱਕਿਆ। ਸਿਆਸੀ ਗਲਤੀਆਂ ਇਕ ਪਾਸਿਓਂ ਨਹੀਂ ਸਨ। ਹਰ ਕੋਈ ਗਲਤ ਰਾਹ 'ਤੇ ਤੁਰ ਰਿਹਾ ਸੀ। ਕਾਂਗਰਸ ਜੋ ਕਿ ਦੇਸ਼ ਦੀ ਪ੍ਰਮੁੱਖ ਸਿਆਸੀ ਜਮਾਤ ਸੀ, ਨੇ ਤਾਂ ਪੰਜਾਬ ਦੇ ਲੋਕਾਂ ਖਾਸ ਤੌਰ 'ਤੇ ਸਿੱਖਾਂ ਨਾਲ ਵੱਡਾ ਖਿਲਵਾੜ ਕੀਤਾ ਸੀ। ਉਸ ਦੌਰ ਦਾ ਖਮਿਆਜ਼ਾ ਸਿੱਖਾਂ ਨੇ ਤਾਂ ਭੁਗਤਿਆ ਹੀ, ਨਾਲ ਉਸ ਦੌਰ ਦੀ ਜਿਹੜੀ ਵੱਡੀ ਸੋਚ ਇੰਦਰਾ ਗਾਂਧੀ ਸੀ, ਨੂੰ ਵੀ ਆਪਣੀ ਜਾਨ ਗਵਾਉਣੀ ਪਈ ਸੀ।
 ਅੱਜ ਫਿਰ ਉਹੋ ਜਿਹੀਆਂ ਗੱਲਾਂ ਦੁਹਰਾਈਆਂ ਜਾ ਰਹੀਆਂ ਹਨ। ਕਾਂਗਰਸ ਦੁਆਰਾ ਨੀਲਾ ਸਾਕਾ ਦੀ ਯਾਦਗਾਰ ਖਿਲਾਫ਼ ਇਕ ਮਾਹੌਲ ਖੜ੍ਹਾ ਕੀਤਾ ਜਾ ਰਿਹਾ ਹੈ। ਕਦੇ ਅਤਿਵਾਦ ਦਾ ਹਊਆ ਖੜ੍ਹਾ ਕੀਤਾ ਜਾ ਰਿਹਾ ਹੈ ਅਤੇ ਕਦੇ ਹੋਰ ਦੂਸ਼ਣਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ਨੂੰ ਇਸ ਤਰ੍ਹਾਂ ਦਾ ਮਾਹੌਲ ਖੜ੍ਹਾ ਕਰਨ ਨਾਲੋਂ ਸਿੱਖਾਂ ਦੀ ਮਾਨਸਿਕਤਾ ਨੂੰ ਸਮਝਾਉਣਾ ਚਾਹੀਦਾ ਹੈ। ਸਾਕਾ ਨੀਲਾ ਤਾਰਾ ਨੇ ਸਿੱਖਾਂ ਦੀ ਆਤਮਾ ਵਲੂੰਧਰ ਕੇ ਰੱਖ ਦਿੱਤੀ ਸੀ। ਇਹ ਹਮਲਾ ਅਤਿਵਾਦ ਖਿਲਾਫ਼ ਘੱਟ, ਸਿੱਖਾਂ ਨੂੰ ਸਬਕ ਸਿਖਾਉਣ ਦੀ ਇਕ ਸਾਜਿਸ਼ ਜ਼ਿਆਦਾ ਸੀ। ਅੱਜ ਸਿੱਖਾਂ ਨੂੰ ਨੀਲਾ ਤਾਰਾ ਭੁੱਲਣ ਲਈ ਕਿਹਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਕਾਂਗਰਸ ਦੁਆਰਾ ਯਾਦਗਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਾਂਗਰਸ ਜਾਂ ਕੇਂਦਰ ਦੁਆਰਾ ਜਿਹੜੀਆਂ ਵਾਰ-ਵਾਰ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਵੱਲੋਂ ਵਿਰੋਧ ਹੋ ਰਿਹਾ ਹੈ,ਓਨਾ ਯਾਦਗਾਰ ਦਾ ਦੇਸ਼ ਵਿਦੇਸ਼ਾਂ ਵਿਚ ਪ੍ਰਚਾਰ ਹੋ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਯਾਦਗਾਰ ਦੇ ਸਥਾਪਤ ਹੋਣ ਨਾਲ ਉਨ੍ਹਾਂ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਹੁੰਦਾ ਹੈ ਜਿਹੜੇ ਲੋਕ ਸੂਬੇ ਦੇ ਵਿਕਾਸ ਲਈ ਇਥੇ ਨਿਵੇਸ਼ ਕਰਨਾ ਚਾਹ ਰਹੇ ਹਨ ਪਰ ਅਜਿਹਾ ਨਹੀਂ ਹੈ। ਪੰਜਾਬ ਦਾ ਮਾਹੌਲ ਬਿਲਕੁਲ ਠੀਕ ਹੈ। ਸਰਕਾਰ ਦੀਆਂ ਕਾਨੂੰਨ ਤੇ ਵਿਵਸਥਾ ਨੂੰ ਲੈ ਕੇ ਆਪਣੀਆਂ ਕਮਜ਼ੋਰੀਆਂ ਹੋ ਸਕਦੀਆਂ ਹਨ ਲੇਕਿਨ ਖਾੜਕੂਵਾਦ ਦੀ ਸੋਚ ਲੋਕਾਂ ਅੰਦਰੋਂ ਮਨਫੀ ਹੈ। ਜੇਕਰ ਵਿਦੇਸ਼ਾਂ ਵਿਚ ਬੈਠੇ ਕੁਝ ਲੋਕ ਸਰਗਰਮ ਹਨ ਤਾਂ ਇਸ ਦੇ ਲਈ ਕੇਂਦਰ ਸਰਕਾਰ ਨੂੰ ਦੂਜੇ ਮੁਲਕਾਂ ਦੀਆਂ ਸਰਕਾਰਾਂ ਨਾਲ ਗੱਲ ਕਰਨੀ ਚਾਹੀਦੀ ਹੈ। ਅੱਜ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਜਰਮਨੀ ਖਾੜਕੂਵਾਦ ਦੇ ਹੱਕ ਵਿਚ ਨਹੀਂ ਹਨ। ਇਨ੍ਹਾਂ ਮੁਲਕਾਂ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਅਤਿਵਾਦ ਦੇ ਜਿੰਨ ਨੂੰ ਪਾਲਣਾ ਕਿੰਨਾ ਮਹਿੰਗਾ ਪੈਂਦਾ ਹੈ। ਜਦੋਂ ਪੰਜਾਬ ਵਿਚ ਖਾੜਕੂਵਾਦ ਸਰਗਰਮ ਸੀ ਤਾਂ ਉਦੋਂ ਇਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਅਸਿੱਧੇ ਤੌਰ 'ਤੇ ਸਿੱਖ ਖਾੜਕੂ ਜਥੇਬੰਦੀਆਂ ਨੂੰ ਹਮਾਇਤਾ ਦਿੰਦੀਆਂ ਸਨ। ਪਰ ਹੁਣ ਅਜਿਹਾ ਨਹੀਂ ਹੈ। ਸੋਸ਼ਲ ਨੈਟਵਰਕਿੰਗ 'ਤੇ ਜੇਕਰ ਕੋਈ ਪ੍ਰਚਾਰ ਹੋ ਰਿਹਾ ਹੈ ਤਾਂ ਉਸ ਨੂੰ ਕੋਈ ਹੁੰਗਾਰਾ ਨਹੀਂ ਮਿਲਦਾ। ਇਸ ਲਈ ਅਤਿਵਾਦ ਦਾ ਹਊਆ ਖੜ੍ਹਾ ਕਰਕੇ ਲੋਕਾਂ ਨੂੰ ਡਰਾਉਣਾ ਨਹੀਂ ਚਾਹੀਦਾ। ਸਰਕਾਰ ਦਾ ਇਹ ਵੀ ਫਰਜ਼ ਹੈ ਕਿ ਉਹ 1984 ਦੇ ਸਿੱਖਾ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਵੇ। ਜੇਕਰ ਸਿੱਖਾਂ ਨੂੰ ਨਿਆਂ ਮਿਲ ਜਾਵੇ ਤਾਂ ਉਨ੍ਹਾਂ ਦੇ ਮਨਾਂ ਵਿਚ ਜਿਹੜੀਆਂ ਰੰਜ਼ਿਸ਼ਾਂ ਹਨ, ਉਹ ਵੀ ਖਤਮ ਹੋ ਜਾਣਗੀਆ॥

Comments (0)

Write comment

smaller | bigger

busy
You are here:   Homeਮੁੱਖ ਖਬਰਾਂਪੰਜਾਬ ਡਾਇਰੀਇਕ ਵਾਰ ਫਿਰ ਡਰਾਉਣ ਲੱਗਾ ਅਤਿਵਾਦ ਦਾ ਪ੍ਰੇਤ

Currency Converter

Amount:
From:
To:


Gurbani Radio


Gurbani - Sri Harmandir Sahib