
ਇਸ ਵਾਰ ਇਟਾਲੀਅਨ ਯੁਕੋਟੋ ਪੁਡਿੰਗ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਪਰਿਵਾਰ ਅਤੇ ਮਹਿਮਾਨਾਂ ਨਾਲ ਇਸ ਠੰਡੀ ਪੁਡਿੰਗ ਦਾ ਆਨੰਦ ਘਰ ਵਿੱਚ ਬੈਠ ਕੇ ਲਿਆ ਜਾ ਸਕਦਾ ਹੈ। ਉਂਜ ਵੀ ਮੀਂਹ ਦੇ ਮੌਸਮ ਵਿੱਚ ਬਾਜ਼ਾਰੀ ਚੀਜ਼ਾਂ ਖਾਣ ਤੋਂ ਪ੍ਰਹੇਜ਼ ਹੀ ਕਰਨਾ ਚਾਹੀਦਾ ਹੈ। ਪੁਡਿੰਗ ਨੂੰ ਤਿਆਰ ਕਰਨ ਦੀ ਵਿਧੀ ਅਤੇ ਸਮੱਗਰੀ ਬਾਰੇ ਜਾਣਕਾਰੀ ਪੇਸ਼ ਹੈ।
ਸਮੱਗਰੀ:
ਫਰੈਸ਼ ਕਰੀਮ: ਢਾਈ ਕੱਪ
ਬਰੀਕ ਪੀਸੀ ਚੀਨੀ: ਦੋ ਕੱਪ
ਛਿਲਕੇ ਉਤਾਰ ਕੇ ਭੁੰਨੇ ਹੋਏ ਮੂੰਗਫਲੀ ਦੇ ਦਾਣੇ (ਦਰੜੇ ਹੋਏ): ਅੱਧਾ ਕੱਪ
ਡੱਬਾਬੰਦ ਚੈਰੀ: ਢਾਈ ਸੌ ਗ੍ਰਾਮ
(ਬੀਜ ਕੱਢ ਕੇ ਅੱਧੀ ਕੱਟੀ ਹੋਈ ਚੈਰੀ)
ਕੱਦੂਕਸ ਕੀਤਾ ਚਾਕਲੈਟ:120 ਗ੍ਰਾਮ
ਬਰਾਂਡੀ:1/4 ਕੱਪ
ਸੰਗਤਰੇ ਦਾ ਜੂਸ: ਅੱਧਾ ਕੱਪ
ਚਾਕਲੇਟ ਸਪੰਜ ਕੇਕ:ਅੱਠ ਇੰਚ ਅੱਠ ਇੰਚ
ਕੋਕੋ ਪਾਊਡਰ: ਦੋ ਵੱਡੇ ਚਮਚ
ਮੈਦਾ:ਡੇਢ ਕੱਪ
ਕੋਕੋ ਪਾਊਡਰ: ਅੱਧਾ ਕੱਪ
ਚੀਨੀ:ਡੇਢ ਕੱਪ
ਅੰਡੇ:6
ਸਪੰਜ ਕੇਕ
ਅੰਡੇ ਦੀ ਜ਼ਰਦੀ ਅਤੇ ਸਫ਼ੈਦੀ ਅਲੱਗ ਕਰਕੇ ਬਰਤਨ ਵਿੱਚ ਰੱਖੋ। ਮੈਦੇ ਅਤੇ ਕੋਕੋ ਪਾਊਡਰ ਨੂੰ ਤਿੰਨ ਵਾਰ ਛਾਣ ਕੇ ਰੱਖ ਲਉ। ਅੱਡੇ ਦੀ ਸਫ਼ੈਦੀ ਨੂੰ ਚੰਗੀ ਤਰ੍ਹਾਂ ਫੈਂਟੋ ਤਾਂ ਕਿ ਉਹ ਥੋੜ੍ਹਾ ਹੋਰ ਸਖ਼ਤ ਹੋ ਜਾਵੇ। ਫਿਰ ਉਸ ਵਿੱਚ ਅੰਡੇ ਦੀ ਜ਼ਰਦੀ ਪਾ ਕੇ ਫੈਂਟੋ। ਫੈਂਟਣ ਵੇਲੇ ਚੀਨੀ ਨੂੰ ਨਾਲ ਨਾਲ ਪਾਇਆ ਜਾਵੇ। ਇਸ ਵਿੱਚ ਛਾਣਿਆ ਹੋਇਆ ਮੈਦਾ-ਕੋਕੋ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਉ। ਇੱਕ ਬੇਕਿੰਗ ਟਿਨ (ਐਲੂਮੀਨੀਅਮ ਦਾ ਪੈਨ) ਲੇ ਕੇ ਉਸ ਵਿੱਚ ਤੇਲ ਲੱਗੇ ਪੇਪਰ ਦੀ ਲਾਈਨਿੰਗ ਲਾਈ ਜਾਵੇ। ਉਸ ਬਾਅਦ ਤਿਆਰ ਕੀਤਾ ਮਿਕਸਚਰ ਇਸ ਡੱਬੇ ਵਿੱਚ ਪਾਉ।
ਇਸ ਨੂੰ 200 ਡਿਗਰੀ ਤਾਪਮਾਨ 'ਤੇ 20 ਮਿੰਟ ਪਕਾਉ। ਜਦੋਂ ਬੇਕ ਹੋ ਜਾਵੇ ਤਾਂ ਇਸ ਨੂੰ ਡੱਬੇ ਵਿੱਚੋਂ ਕੱਢ ਕੇ ਇੱਕ ਜਾਲੀਦਾਰ ਰੈਕ 'ਤੇ ਠੰਡਾ ਹੋਣ ਲਈ ਰੱਖ ਦਿਉ। ਇਸ ਤਰ੍ਹਾਂ ਚਾਕਲੇਟ ਸਪੰਜ ਕੇਕ ਤਿਆਰ ਹੈ।
ਹੁਣ ਕਰੀਮ ਅਤੇ 1/4 ਕੱਪ ਚੀਨੀ ਨੂੰ ਇੱਕ ਬਰਤਨ ਵਿੱਚ ਪਾ ਕੇ ਚੰਗੀ ਤਰ੍ਹਾਂ ਫੈਂਟੋ। ਉਸ ਵਿੱਚ ਚੈਰੀ, ਮੂੰਗਫਲੀ ਅਤੇ ਚਾਕਲੇਟ ਪਾ ਕੇ ਮਿਕਸ ਕਰੋ। ਬਾਅਦ ਵਿੱਚ ਇਸ ਨੂੰ ਠੰਡਾ ਹੋਣ ਲਈ ਫਰਿੱਜ਼ ਵਿੱਚ ਰੱਖ ਦਿਉ। ਬਰਾਂਡੀ ਅਤੇ ਸੰਗਤਰੇ ਦੇ ਜੂਸ ਨੂੰ ਇੱਕ ਅਲੱਗ ਬਰਤਨ ਵਿੱਚ ਮਿਲਾਉ। ਬਰਾਂਡੀ ਦੀ ਥਾਂ ਪਾਈਨ ਐਪਲ ਜੂਸ ਵੀ ਵਰਤਿਆ ਜਾ ਸਕਦਾ ਹੈ। ਸਪੰਜ ਕੇਕ ਨੂੰ ਦੋ ਬਰਾਬਰ ਦੇ ਟੁਕੜਿਆਂ ਵਿੱਚ ਕੱਟ ਲਿਆ ਜਾਵੇ। ਸ਼ੀਸ਼ੇ ਦਾ ਬਰਤਨ ਲੈ ਕੇ ਉਸ ਵਿੱਚ ਕੇਕ ਦੇ ਛੋਟੇ ਕੱਟੇ ਹੋਏ ਟੁਕੜਿਆਂ ਦੀ ਇੱਕ ਤੈਅ ਲਾ ਦਿਉ। ਇਸ ਉਪਰ ਬਰਾਂਡੀ ਅਤੇ ਸੰਗਤਰੇ ਦਾ ਅੱਧਾ ਜੂਸ ਮਿਕਸਚਰ ਛਿੜਕੋ। ਫਰਿੱਜ਼ ਵਿੱਚ ਰੱਖੀ ਕਰੀਮ ਨੂੰ ਬਾਹਰ ਕੱਢ ਕੇ ਚੰਗੀ ਤਰ੍ਹਾਂ ਮਿਕਸ ਕਰ ਲਉ ਤਾਂ ਜੋ ਉਸ ਵਿੱਚ ਪਾਈ ਸਮੱਗਰੀ ਠੀਕ ਮਿਲ ਜਾਵੇ। ਇਸ ਦਾ ਅੱਧਾ ਮਿਕਸਚਰ ਕੇਕ ਦੇ ਟੁਕੜਿਆਂ ਉੱਤੇ ਪਾਉ। ਬਚੇ ਹੋਏ ਕੇਕ ਦੇ ਟੁਕੜੇ ਕੱਟ ਕੇ ਇੱਕ ਹੋਰ ਤੈਅ ਇਸ ਦੇ ਉੱਪਰ ਬਣਾ ਲਉ।
ਬਚੇ ਹੋਏ ਬਰਾਂਡੀ ਅਤੇ ਸੰਗਤਰੇ ਦੇ ਜੂਸ ਦੇ ਮਿਕਸਚਰ ਨੂੰ ਇਸ ਉੱਪਰ ਛਿੜਕਿਆ ਜਾਵੇ। ਬਾਕੀ ਬਚੀ ਹੋਈ ਅੱਧੀ ਕਰੀਮ ਇਸ ਦੇ ਉੱਪਰ ਪਾ ਦਿੱਤੀ ਜਾਵੇ। ਇਸ ਨੂੰ ਉੱਪਰ ਤੋਂ ਸਜਾਉਣ ਲਈ ਕੋਕੋ ਪਾਊਡਰ ਛਿੜਕ ਦਿਉ। ਬਾਅਦ ਵਿੱਚ ਇਸ ਨੂੰ ਤਿੰਨ ਚਾਰ ਘੰਟੇ ਠੰਡਾ ਹੋਣ ਵਾਸਤੇ ਫਰਿੱਜ਼ ਅੰਦਰ ਰੱਖ ਦਿਉ। ਇਸ ਤਰ੍ਹਾਂ ਠੰਡੀ ਪੁਡਿੰਗ ਤਿਆਰ ਹੈ।
-ਜਤਿੰਦਰ ਸੋਹੀ