Thursday, 28 June 2012 12:55
Print PDF

ਹਰਜੀਤ ਸਿੰਘ ਜੋਗਾ

ਪ੍ਰਾਚੀਨ ਓਲੰਪਿਕ ਖੇਡਾਂ ਸਮੇਂ ਯੂਨਾਨ ਦੇ ਓਲੰਪੀਆ ਪਿੰਡ ਵਿਚਲੇ ਜੀਅਸ ਦੇਵਤਾ ਦੇ ਮੰਦਰ ਵਿੱਚ ਪਾਵਨ ਅਗਨੀ ਲਗਾਤਾਰ ਬਲਦੀ ਰਹਿੰਦੀ ਸੀ। ਆਧੁਨਿਕ ਓਲੰਪਿਕ ਖੇਡਾਂ ਕਿਉਂਕਿ ਹਰ ਵਾਰ ਓਲੰਪੀਆ ਪਿੰਡ (ਯੂਨਾਨ) ਵਿੱਚ ਨਹੀਂ ਹੁੰਦੀਆਂ ਅਤੇ ਹਰ ਵਾਰ ਕਿਸੇ ਹੋਰ ਦੇਸ਼ ਵਿੱਚ ਹੁੰਦੀਆਂ ਹਨ, ਇਸ ਲਈ ਓਲੰਪੀਆ ਪਿੰਡ ਵਿੱਚੋਂ ਇਸ ਪਾਵਨ ਅਗਨੀ ਨੂੰ ਲਿਆਉਣਾ ਅਤੇ ਫ਼ਿਰ ਉਸ ਅਗਨੀ ਨਾਲ ਓਲੰਪਿਕ ਜਿਓਤੀ  ਜਲਾਉਣ ਨੂੰ ਓਲੰਪਿਕ ਖੇਡਾਂ ਵਿੱਚ ਇਸ ਪਾਵਨ ਅਗਨੀ ਦੀ ਚਿੰਨ੍ਹਾਤਮਕ ਪ੍ਰਤੀਨਿਧਤਾ ਮੰਨਿਆ ਜਾਂਦਾ ਹੈ। ਇਹ ਜਿਓਤੀ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਤੋਂ ਲੈ ਕੇ ਸਮਾਪਤੀ ਸਮਾਰੋਹ ਤਕ ਲਗਾਤਾਰ ਉਸ ਸਟੇਡੀਅਮ ਵਿੱਚ ਬਲਦੀ ਰਹਿੰਦੀ ਹੈ ਜਿੱਥੇ ਓਲੰਪਿਕ ਖੇਡਾਂ ਹੋ ਰਹੀਆਂ ਹੋਣ।
ਜਦੋਂ 1896 ਈਸਵੀ ਵਿੱਚ  ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ ਤਾਂ ਉਸ ਸਮੇਂ ਪ੍ਰਾਚੀਨ ਓਲੰਪਿਕ ਖੇਡਾਂ ਦੀਆਂ ਕਈ ਰਸਮਾਂ ਨੂੰ ਖੇਡਾਂ ਸ਼ੁਰੂ ਕਰਨ ਸਮੇਂ ਨਿਭਾਇਆ ਜਾਂਦਾ ਸੀ ਪਰ ਆਧੁਨਿਕ ਓਲੰਪਿਕ ਖੇਡਾਂ ਵਿੱਚ ਪਵਿੱਤਰ ਜਿਓਤੀ ਜਲਾਉਣ ਦੀ ਰਸਮ 1928 ਈਸਵੀ ਵਿੱਚ ਜਾ ਕੇ ਸ਼ੁਰੂ ਕੀਤੀ ਗਈ।  ਆਧੁਨਿਕ ਓਲੰਪਿਕ ਖੇਡਾਂ ਦੇ ਮੋਢੀ ਬੈਰਨ ਪੀਅਰੀ ਡੀ ਕੁਬਰਟਿਨ ਬਹੁਤ ਜ਼ਿਆਦਾ ਬੀਮਾਰ ਹੋਣ ਕਾਰਨ 1928 ਈਸਵੀ ਦੀਆਂ ਐਮਸਟਰਡਮ ਓਲੰਪਿਕ ਖੇਡਾਂ ਵਿੱਚ ਜਾਣ ਦੀ ਹਾਲਤ ਵਿੱਚ ਨਹੀਂ ਸਨ। ਇਸ ਲਈ ਉਨ੍ਹਾਂ ਨੇ ਆਪਣੇ ਵੱਲੋਂ ਇੱਕ ਲਿਖਤੀ ਸ਼ੰਦੇਸ਼ ਭੇਜਿਆ। ਇਸ  ਵਿੱਚ ਉਨ੍ਹਾਂ ਨੇ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ, ਪ੍ਰਬੰਧਕਾਂ ਅਤੇ

ਦੂਜੇ ਲੋਕਾਂ ਨੂੰ 'ਸੁਰਜੀਤ ਹੋਈ ਓਲੰਪਿਕ ਭਾਵਨਾ ਦੀ ਜਿਓਤੀ ਸਦਾ ਲਈ ਜ਼ਿੰਦਾ ਰੱਖਣ' ਦੀ ਅਪੀਲ ਕੀਤੀ। ਓਲੰਪਿਕ ਜਿਓਤੀ ਇਸੇ ਭਾਵਨਾ ਦਾ ਪ੍ਰਤੀਕ ਮੰਨੀ ਜਾਂਦੀ ਹੈ।
ਯੂਨਾਨ ਦੇ ਓਲੰਪੀਆ ਪਿੰਡ ਵਿੱਚ ਮਸ਼ਾਲ ਜਲਾਉਣ ਅਤੇ ਉੱਥੋਂ ਇਸ ਨੂੰ ਓਲੰਪਿਕ ਖੇਡਾਂ ਵਾਲੇ ਸ਼ਹਿਰ ਵਿੱਚ ਲੈ ਕੇ ਆਉਣ ਦਾ ਵਿਚਾਰ ਜਰਮਨੀ ਦੇ ਨਿਵਾਸੀਆਂ ਦਾ ਸੀ। 1936 ਈਸਵੀ ਦੀਆਂ ਓਲੰਪਿਕ ਖੇਡਾਂ ਬਰਲਿਨ (ਜਰਮਨੀ) ਵਿੱਚ ਹੋਣੀਆਂ ਸਨ। ਬਰਲਿਨ ਓਲੰਪਿਕ ਖੇਡਾਂ ਦੇ ਪ੍ਰਧਾਨ ਕਾਰਲ ਡਾਇਮ ਦੀ ਸਲਾਹ ਨਾਲ ਇਸ ਵਿਸ਼ੇਸ਼ ਮਸ਼ਾਲ (ਸੂਰਜ ਦੀਆਂ ਕਿਰਨਾਂ ਰਾਹੀਂ ਜਲਾਈ ਗਈ) ਨੂੰ ਯੂਨਾਨ ਦੇ ਓਲੰਪੀਆ ਪਿੰਡ ਤੋਂ ਜਲਾ ਕੇ ਬਰਲਿਨ ਤਕ ਲਿਆਂਦਾ ਗਿਆ ਸੀ। ਓਲੰਪਿਕ ਮਸ਼ਾਲ 12 ਦਿਨਾਂ ਵਿੱਚ 3331 ਖਿਡਾਰੀਆਂ ਦੇ ਹੱਥਾਂ ਵਿੱਚੋਂ ਹੁੰਦੀ ਹੋਈ 3187 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਓਲੰਪੀਆ ਪਿੰਡ ਤੋਂ ਬਰਲਿਨ ਪੁੱਜੀ ਸੀ। ਇਸ ਤਰ੍ਹਾਂ ਓਲੰਪੀਆਂ ਪਿੰਡ ਤੋਂ ਸੂਰਜ ਦੀਆਂ ਕਿਰਨਾਂ ਰਾਹੀਂ ਜਲਾਈ ਮਸ਼ਾਲ ਲਿਆ ਕੇ ਜਿਓਤੀ ਜਲਾਉਣ ਦੀ ਰਸਮ ਦੀ ਸ਼ੁਰੂਆਤ 1936 ਈਸਵੀ ਦੀਆਂ ਬਰਲਿਨ ਓਲੰਪਿਕ ਖੇਡਾਂ ਤੋਂ ਹੋਈ ਹੈ ਜੋ ਅੱਜ ਤਕ ਲਗਾਤਾਰ ਚੱਲ ਰਹੀ ਹੈ।  ਮਸ਼ਾਲ ਜਲਾਉਣ ਦੀ ਰਸਮ ਓਲੰਪਿਕ ਖੇਡਾਂ ਸ਼ੁਰੂ ਹੋਣ ਤੋਂ ਕਾਫ਼ੀ ਸਮਾਂ ਪਹਿਲਾਂ ਕਰ ਲਈ ਜਾਂਦੀ ਹੈ। ਇਹ ਮਸ਼ਾਲ ਜਿੱਥੋਂ ਤਕ ਸੰਭਵ ਹੋ ਸਕੇ ਦੌੜਾਕ ਪੈਦਲ ਦੌੜਦੇ ਹੋਏ ਇੱਕ ਥਾਂ ਤੋਂ ਦੂਜੀ ਥਾਂ ਤਕ ਪਹੁੰਚਾਉਂਦੇ ਹਨ। ਇਹ ਮਸ਼ਾਲ ਰਿਲੇਅ ਦੌੜ ਵਾਂਗ ਇੱਕ ਦੌੜਾਕ ਤੋਂ ਦੂਜੇ ਦੌੜਾਕ ਤਕ ਪਹੁੰਚਦੀ ਹੈ। ਇਹ ਮਸ਼ਾਲ ਪੂਰੀ ਦੁਨੀਆਂ ਦਾ ਚੱਕਰ ਲਗਾ ਕੇ ਆਪਣੇ ਆਖਰੀ ਪੜਾਅ 'ਤੇ ਉਸ ਸ਼ਹਿਰ ਵਿੱਚ ਪਹੁੰਚਾਈ ਜਾਂਦੀ ਹੈ ਜਿੱਥੇ ਓਲੰਪਿਕ ਖੇਡਾਂ ਹੋਣੀਆਂ ਹੋਣ। ਖੇਡਾਂ ਵਾਲੇ ਸ਼ਹਿਰ ਤਕ ਦੇ ਸਫ਼ਰ ਦੌਰਾਨ ਇਹ ਮਸ਼ਾਲ ਜਿਸ ਵੀ ਦੇਸ਼ ਵਿੱਚ ਪਹੁੰਚਦੀ ਹੈ, ਉਸ ਦੇਸ਼ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮਸ਼ਾਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਤਕ ਲੈ ਕੇ ਜਾਣ ਵਾਲੇ ਦੌੜਾਕਾਂ ਦਾ ਪ੍ਰਬੰਧ ਕਰੇ। ਇਹ ਦੌੜਾਕ ਆਮ ਤੌਰ 'ਤੇ ਸਬੰਧਤ ਦੇਸ਼ ਦੇ ਪ੍ਰਸਿੱਧ ਖਿਡਾਰੀ ਹੁੰਦੇ ਹਨ। ਮਸ਼ਾਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਲਈ ਹੋਰ ਵੀ ਵੱਖ-ਵੱਖ ਸਾਧਨਾਂ ਜਿਵੇਂ ਸਮੁੰਦਰੀ ਜਹਾਜ਼, ਹਵਾਈ ਜਹਾਜ਼, ਕਿਸ਼ਤੀਆਂ, ਊਠਾਂ ਅਤੇ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਓਲੰਪਿਕ ਮਸ਼ਾਲ ਦੀ ਯਾਤਰਾ ਦੇ ਸਭ ਤੋਂ ਯਾਦਗਾਰੀ ਪਲ 1976 ਈਸਵੀ ਦੀਆਂ ਮਾਂਟਰੀਅਲ (ਕੈਨੇਡਾ) ਓਲੰਪਿਕ ਖੇਡਾਂ ਸਮੇਂ ਵਾਪਰੇ ਸਨ, ਜਦੋਂ ਓਲੰਪੀਆ (ਯੂਨਾਨ) ਵਿੱਚ ਸੂਰਜ ਦੀਆਂ ਕਿਰਨਾਂ ਦੁਆਰਾ ਪਵਿੱਤਰ ਅਗਨੀ ਜਲਾਉਣ ਤੋਂ ਬਾਅਦ ਇਸ ਨੂੰ ਰੇਡੀਓ ਤਰੰਗਾਂ ਵਿੱਚ ਬਦਲਿਆ ਗਿਆ। ਓਲੰਪੀਆ (ਯੂਨਾਨ) ਤੋਂ ਸੈਟੇਲਾਈਟ ਰਾਹੀਂ ਇਨ੍ਹਾਂ ਰੇਡੀਓ ਤਰੰਗਾਂ ਨੂੰ ਮਾਂਟਰੀਅਲ (ਕੈਨੇਡਾ) ਪਹੁੰਚਾਇਆ ਗਿਆ। ਇੱਥੇ ਲੇਜ਼ਰ ਕਿਰਨਾਂ ਰਾਹੀਂ ਇਨ੍ਹਾਂ ਤਰੰਗਾਂ ਤੋਂ ਜਿਓਤੀ ਨੂੰ ਜਲਾਇਆ ਗਿਆ ਸੀ। ਸਾਲ 2000 ਦੀਆਂ ਸਿਡਨੀ (ਆਸਟਰੇਲੀਆ) ਓਲੰਪਿਕ ਖੇਡਾਂ ਸਮੇਂ ਓਲੰਪਿਕ ਮਸ਼ਾਲ ਨੂੰ ਗੋਤਾਖੋਰਾਂ ਰਾਹੀਂ ਪਾਣੀ ਦੇ ਹੇਠਾਂ ਦੀ ਲਿਜਾਇਆ ਗਿਆ ਸੀ।
ਸਾਲ 2004 ਦੀਆਂ ਏਥਨਜ਼ (ਯੂਨਾਨ) ਓਲੰਪਿਕ ਖੇਡਾਂ ਸਮੇਂ ਓਲੰਪਿਕ ਮਸ਼ਾਲ ਨੇ 78 ਦਿਨਾਂ ਵਿੱਚ 78,000 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਸੀ। ਇਸ ਦੌਰਾਨ 11,300 ਦੌੜਾਕਾਂ ਨੇ ਇਸ ਪਵਿੱਤਰ ਮਸ਼ਾਲ ਲਈ ਦੌੜ ਲਗਾਈ ਸੀ। ਓਲੰਪਿਕ ਦੇ ਇਤਿਹਾਸ ਵਿੱਚ ਇਹ ਮਸ਼ਾਲ ਪਹਿਲੀ ਵਾਰ ਅਫ਼ਰੀਕਾ ਅਤੇ ਦੱਖਣੀ ਅਮਰੀਕਾ ਰਾਹੀਂ ਹੁੰਦੇ ਹੋਏ ਓਲੰਪਿਕ ਖੇਡਾਂ ਨਾਲ ਸਬੰਧਤ ਸਾਰੇ ਪੁਰਾਣੇ ਸ਼ਹਿਰਾਂ ਦਾ ਵੱਡਾ ਚੱਕਰ ਕੱਟ ਕੇ ਏਥਨਜ਼ (ਯੂਨਾਨ) ਪਹੁੰਚੀ ਸੀ ਜਿੱਥੇ 28ਵੀਆਂ ਓਲੰਪਿਕ ਖੇਡਾਂ ਹੋਣੀਆਂ ਸਨ।
ਸਟੇਡੀਅਮ ਵਿੱਚ ਮਸ਼ਾਲ ਲਿਆਉਣ ਅਤੇ ਜਿਓਤੀ ਜਲਾਉਣ ਵਾਲੇ ਦੌੜਾਕ ਦਾ ਨਾਂ ਗੁਪਤ ਰੱਖਿਆ ਜਾਂਦਾ ਹੈ। ਉਹ ਮੇਜ਼ਬਾਨ ਦੇਸ਼ ਨਾਲ ਸਬੰਧਤ ਕੋਈ ਮਸ਼ਹੂਰ ਖਿਡਾਰੀ ਜਾਂ ਕੋਈ ਨਵਾਂ ਉੱਭਰਦਾ ਅਥਲੀਟ ਵੀ ਹੋ ਸਕਦਾ ਹੈ। ਮਸ਼ਾਲ ਦੇ ਨਾਲ ਸਟੇਡੀਅਮ ਅੰਦਰ ਉਸ ਖਿਡਾਰੀ ਦੀ ਆਮਦ ਖੇਡਾਂ ਦੇ ਉਦਘਾਟਨ ਸਮੇਂ ਹੀ ਹੁੰਦੀ ਹੈ। ਉਹ ਖਿਡਾਰੀ ਮਸ਼ਾਲ ਨਾਲ ਸਟੇਡੀਅਮ ਵਿੱਚ ਰੱਖੀ ਜਿਓਤੀ ਪ੍ਰਜਵਲਿਤ ਕਰਦਾ ਹੈ। ਇਹ ਜਿਓਤੀ ਓਲੰਪਿਕ ਖੇਡਾਂ ਦੌਰਾਨ ਦਿਨ ਰਾਤ ਲਗਾਤਾਰ ਜਲਦੀ ਰਹਿੰਦੀ ਹੈ।
ਓਲੰਪਿਕ ਮਸ਼ਾਲ ਦਾ ਡਿਜ਼ਾਇਨ ਹਰ ਓਲੰਪਿਕ ਸਮੇਂ ਨਵਾਂ ਤਿਆਰ ਕੀਤਾ ਜਾਂਦਾ ਹੈ। ਲੰਡਨ ਓਲੰਪਿਕਸ 2012 ਲਈ ਓਲੰਪਿਕ ਮਸ਼ਾਲ ਦਾ ਡਿਜ਼ਾਇਨ ਐਡਵਰਡ ਬਾਰਬਰ ਅਤੇ ਜੇ. ਓਸਜ਼ਰਵੀ ਨੇ ਤਿਆਰ ਕੀਤਾ ਹੈ। 27 ਜੁਲਾਈ 2012 ਤੋਂ ਲੰਡਨ ਵਿੱਚ ਹੋਣ ਵਾਲੀਆਂ 30ਵੀਆਂ ਓਲੰਪਿਕ ਖੇਡਾਂ ਲਈ ਵੀ ਓਲੰਪਿਕ ਮਸ਼ਾਲ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ। 70 ਦਿਨਾਂ ਦੀ ਇਹ ਮਸ਼ਾਲ ਯਾਤਰਾ ਏਥਨਜ ਤੋਂ ਚੱਲ ਕੇ 27 ਜੁਲਾਈ ਨੂੰ ਲੰਡਨ ਦੇ ਸਟਰੇਟਫ਼ੋਰਡ ਸਟੇਡੀਅਮ ਵਿੱਚ ਖੇਡਾਂ ਦੇ ਉਦਘਾਟਨੀ ਸਮਾਰੋਹ ਸਮੇਂ ਜਿਓਤੀ ਜਲਾਉਣ ਨਾਲ ਸਮਾਪਤ ਹੋਵੇਗੀ। ਇਸ ਦੌਰਾਨ ਓਲੰਪਿਕ ਮਸ਼ਾਲ ਓਲੰਪੀਆ ਨਗਰ ਤੋਂ ਲੰਡਨ ਪਹੁੰਚਣ ਲਈ 12,875 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ 8,000 ਖਿਡਾਰੀਆਂ ਦੇ ਹੱਥਾਂ ਦਾ ਸ਼ਿੰਗਾਰ ਬਣੇਗੀ।     

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਖੇਡ ਸਮਾਚਾਰਓਲੰਪਿਕ ਮਸ਼ਾਲ ਯਾਤਰਾ ਬਰਲਿਨ ਤੋਂ ਲੰਡਨ ਤਕ

Currency Converter

Amount:
From:
To:


Gurbani Radio


Gurbani - Sri Harmandir Sahib