
ਸਿਡਨੀ: ਅਥਲੀਟਾਂ ਵੱਲੋਂ ਖੇਡ ਮੁਕਾਬਲਿਆਂ ਦੌਰਾਨ ਬਿਹਤਰ ਪ੍ਰਦਰਸ਼ਨ ਤੇ ਸਮਰੱਥਾ ਵਧਾਉਣ ਲਈ ਤਾਕਤ ਵਧਾਊ ਦਵਾਈਆਂ 'ਤੇ ਵਧਦੀ ਨਿਰਭਰਤਾ ਨੂੰ ਧਿਆਨ ਵਿੱਚ ਰੱਖਦਿਆਂ ਲੰਡਨ ਓਲੰਪਿਕ ਤੋਂ ਪਹਿਲਾਂ ਆਸਟਰੇਲੀਆ ਨੇ ਆਪਣੇ ਖਿਡਾਰੀਆਂ ਨੂੰ ਭਾਰੀ ਡੋਜ਼ ਨਾ ਲੈਣ ਦਾ ਸੁਝਾਅ ਦਿੱਤਾ ਹੈ। ਆਸਟਰੇਲਿਆਈ ਓਲੰਪਿਕ ਕਮੇਟੀ ਦੇ ਮੁਖੀ ਜੋਨ ਕੋਟਜ਼ ਨੇ ਮੰਗਲਵਾਰ ਨੂੰ ਕਿਹਾ ਕਿ ਲੰਡਨ ਓਲੰਪਿਕ ਵਿੱਚ ਭਾਗ ਲੈਣ ਵਾਲੇ 400 ਤੋਂ ਵੱਧ ਅਥਲੀਟਾਂ ਦੇ ਕਮਰਿਆਂ 'ਤੇ ਸਾਮਾਨ ਦੀ ਤਲਾਸ਼ੀ ਲਈ ਜਾ ਸਕਦੀ ਹੈ ਜੇ ਉਹ ਡਰੱਗਜ਼ ਲੈਣ ਦੇ ਦੋਸ਼ੀ ਪਾਏ ਜਾਂਦੇ ਹਨ ਤਾਂ ਸਜ਼ਾ ਦੇ ਨਾਲ-ਨਾਲ ਉਨ੍ਹਾਂ ਨੂੰ ਓਲੰਪਿਕ ਤੋਂ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਓਲੰਪਿਕ ਚੈਂਪੀਅਨ ਤੈਰਾਕ ਗਰਾਂਟ ਹੈਕੇਟ ਨੇ ਕਿਹਾ ਸੀ ਕਿ ਉਹ ਆਪਣੀ ਸਮਰੱਥਾ ਵਧਾਉਣ ਲਈ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸਟੀਲਨੋਕਸ ਵਰਗੀਆਂ ਦਵਾਈਆਂ 'ਤੇ ਨਿਰਭਰ ਹੋ ਗਏ ਸਨ। ਹੈਕੇਟ ਨੇ ਪਿਛਲੇ ਐਤਵਾਰ ਸੰਡੇ ਹੈਰਾਲਡ ਅਖ਼ਬਾਰ ਵਿੱਚ ਦਿੱਤੀ ਇੰਟਰਵਿਊ ਵਿਚ ਕਿਹਾ ਸੀ, "ਵਿਸ਼ਵ ਐਂਟੀ ਡੋਪਿੰਗ ਏਜੰਸੀ ਨੇ (ਵਾਡਾ) ਨੇ ਸਟੀਲਨੋਕਸ ਵਰਗੀ ਦਵਾਈ 'ਤੇ ਪਾਬੰਦੀ ਨਹੀਂ ਲਾਈ ਜਦੋਂਕਿ ਇਹ 'ਖ਼ਤਰਨਾਕ' ਦਵਾਈ ਹੈ। ਕੋਟਜ਼ ਨੇ ਕਿਹਾ ਕਿ
ਉਹ ਲੰਡਨ ਓਲੰਪਿਕ ਤੋਂ ਪਹਿਲਾਂ ਆਪਣੀਆਂ ਮੈਡੀਕਲ ਟੀਮਾਂ ਦੇ ਮੈਨੂਅਲ ਵਿੱਚ ਸਟੀਲਨੋਕਸ ਤੇ ਡਰਬਸ ਵਰਗੀਆਂ ਦਵਾਈਆਂ ਦੀ ਵਰਤੋਂ ਉੱਤੇ ਮੁਕੰਮਲ ਪਾਬੰਦੀ ਲਾ ਦੇਣਗੇ। ਜੇ ਸਾਡੇ ਕਿਸੇ ਅਥਲੀਟ ਨੂੰ ਅਜਿਹੀ ਦਵਾਈ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਤਾਂ ਇਸ ਦੀ ਥਾਂ ਘੱਟ ਖ਼ਤਰਨਾਕ 'ਟੇਮਾਜੇਪਸ' ਦੀ ਆਗਿਆ ਦਿੱਤੀ ਜਾਵੇਗੀ। ਇਸ ਦਾ ਸਰੀਰ 'ਤੇ ਘੱਟ ਅਸਰ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਅਥਲੀਟਾਂ ਵੱਲੋਂ ਕੈਫਨੀ ਦੀ ਵਰਤੋਂ 'ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਸਟਰੇਲਿਆਈ ਓਲੰਪਿਕ ਐਸੋਸੀਏਸ਼ਨ ਅਥਲੀਟਾਂ ਦੀ ਸਿਹਤ ਤੇ ਪ੍ਰਦਰਸ਼ਨ ਨੂੰ ਲੈ ਕੇ ਕਾਫੀ ਚਿੰਤਤ ਹੈ।