
ਵਿਸ਼ਵ ਤੇ ਯੂਰਪੀਅਨ ਚੈਂਪੀਅਨ ਸਪੇਨ ਨੇ ਯੂਰੋ 2012 ਫੁਟਬਾਲ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਬੀਤੀ ਰਾਤ ਇਥੇ ਫਾਈਨਲ ਵਿਚ ਇਟਲੀ ਨੂੰ 4-0 ਨਾਲ ਰੌਂਦ ਕੇ ਸਪੇਨ ਲਗਾਤਾਰ ਤਿੰਨ ਵੱਡੇ ਖਿਤਾਬ ਜਿੱਤਣ ਵਾਲੀ ਦੁਨੀਆਂ ਦੀ ਪਹਿਲੀ ਟੀਮ ਬਣ ਗਈ ਹੈ। ਸਪੇਨ ਨੇ ਇਸ ਤੋਂ ਪਹਿਲਾਂ 2008 ਵਿਚ ਯੂਰੋ ਕੱਪ ਤੇ 2010 ਵਿਚ ਵਿਸ਼ਵ ਫੁਟਬਾਲ ਕੱਪ ਜਿੱਤਿਆ ਹੈ। ਸਪੇਨ ਦੀ ਇਸ ਜਿੱਤ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਦੇਸ਼ ਵਿਚ ਫੁਟਬਾਲ ਦਾ ਸੁਨਹਿਰੀ ਯੁੱਗ ਜਾਰੀ ਰਹੇਗਾ। ਸਪੇਨ ਦੀ ਜਿੱਤ ਵਿਚ ਅੰਦਰੀਸ ਅਨੀਸਤਾ ਤੇ ਜ਼ਾਵੀ ਦੀ ਭੂਮਿਕਾ ਸ਼ਾਨਦਾਰ ਰਹੀ। ਇਨ੍ਹਾਂ ਨੇ ਡੇਵਿਡ ਸਿਲਵਾ (14ਵੇਂ ਮਿੰਟ), ਜੌਰਡੀ ਅਲਵਾ (41ਵੇਂ ਮਿੰਟ), ਫਰਨਾਂਡੋ ਟੌਰਸ (84ਵੇਂ ਮਿੰਟ) ਦੇ ਗੋਲਾਂ ਵਿਚ ਅਹਿਮ ਭੂਮਿਕਾ ਨਿਭਾਈ। ਜੁਆਨ ਮਾਰਟਾ ਨੇ 88ਵੇਂ ਮਿੰਟ ਵਿਚ ਟੀਮ ਦੀ ਤਰਫੋਂ ਚੌਥਾ ਗੋਲ ਕੀਤਾ। ਗੋਲਡਨ ਬੂਟ ਟੌਰਸ ਦੇ ਹਿੱਸੇ ਆਇਆ
ਯੂਰੋ ਟੂਰਨਾਮੈਂਟ ਦੇ ਇਤਿਹਾਸ ਵਿਚ ਹੁਣ ਤੱਕ ਖਿਤਾਬੀ ਜਿੱਤ ਵਿਚ ਇਹ ਸਭ ਤੋਂ ਵੱਡਾ ਅੰਤਰ ਹੈ। ਇਸ ਤੋਂ ਪਹਿਲਾਂ ਪੱਛਮੀ ਜਰਮਨੀ ਨੇ ਸਾਬਕਾ ਸੋਵੀਅਤ ਸੰਘ ਨੂੰ 3-0 ਗੋਲਾਂ ਨਾਲ ਹਰਾਇਆ ਸੀ।
ਸਪੇਨ ਇਸ ਦੇ ਨਾਲ ਹੀ ਜਰਮਨੀ 1972, 1980 ਤੇ 1992 ਤੋਂ ਇਲਾਵਾ ਤਿੰਨ ਵਾਰ ਯੂਰੋ ਖਿਤਾਬ ਜਿੱਤਣ ਵਾਲੀ
ਇਕੋ-ਇਕ ਟੀਮ ਵੀ ਬਣ ਗਈ ਹੈ। ਸਪੇਨ ਨੇ ਇਸ ਤੋਂ ਪਹਿਲਾਂ 1964 ਤੇ 2008 ਵਿਚ ਖਿਤਾਬ ਜਿੱਤਿਆ ਸੀ। ਦੂਜੇ ਪਾਸੇ ਨਾਕਆਊਟ ਗੇੜ ਵਿਚ ਇੰਗਲੈਂਡ ਤੇ ਜਰਮਨੀ ਵਰਗੀਆਂ ਟੀਮਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਵਾਲੀ ਇਟਲੀ ਦੀ ਟੀਮ ਬਿਲਕੁਲ ਵੀ ਲੈਅ ਵਿਚ ਨਜ਼ਰ ਨਹੀਂ ਆਈ। ਜਰਮਨੀ ਵਿਰੁੱਧ ਸੈਮੀ ਫਾਈਨਲ ਵਿਚ ਜਿੱਤ ਦੇ ਹੀਰੋ ਮਾਰੀਓ ਬਲੋਤੇਲੀ ਨੂੰ ਆਪਣੇ ਯਤਨਾਂ ਦਾ ਕੋਈ ਲਾਭ ਨਹੀਂ ਮਿਲਿਆ ਜਦੋਂਕਿ ਆਂਦਰੀਆ ਪਿਲਰੋ ਨੂੰ ਸਪੇਨ ਨੇ ਮਿਡਫੀਲਡ ਵਿਚ ਉਲਝਾਈ ਰੱਖਿਆ।
ਇਟਲੀ ਨੂੰ ਇਸ ਤੋਂ ਇਲਾਵਾ ਆਪਣੇ ਸਾਰੇ ਬਦਲਵੇਂ ਖਿਡਾਰੀਆਂ ਨੂੰ ਖਿਡਾਉਣ ਕਾਰਨ ਮੈਚ ਦੇ ਆਖਰੀ ਤੀਹ ਮਿੰਟ ਸਿਰਫ 10 ਖਿਡਾਰੀਆਂ ਨਾਲ ਖੇਡਣਾ ਪਿਆ, ਜਿਸ ਨਾਲ ਸਪੇਨ ਨੂੰ ਹੋਰ ਖੁੱਲ੍ਹ ਕੇ ਖੇਡਣ ਦਾ ਮੌਕਾ ਮਿਲ ਗਿਆ ਤੇ ਇਸ ਦਾ ਸਪੇਨ ਨੂੰ ਮਨੋਵਿਗਿਆਨਕ ਲਾਭ ਮਿਲਿਆ। ਓਧਰ ਇਟਲੀ ਟੀਮ ਡਿਗਦੀ ਢਹਿੰਦੀ ਆਪਣੀ ਢੇਰੀ ਹੋਰ ਢਾਹ ਬੈਠੀ। ਥਿਆਗੋ ਮੋਟਾ ਇਟਲੀ ਦੇ ਤੀਜੇ ਤੇ ਅੰਤਿਮ ਬਦਲਵੇਂ ਖਿਡਾਰੀ ਦੇ ਰੂਪ ਵਿਚ ਉਤਰੇ ਤੇ ਕੁਝ ਦੇਰ ਬਾਅਦ ਹੀ 61ਵੇਂ ਮਿੰਟ ਵਿਚ ਸੱਟ ਖਾ ਬੈਠੇ ਤੇ ਇਸ ਤੋਂ ਬਾਅਦ ਟੀਮ ਨੂੰ 10 ਖਿਡਾਰੀਆਂ ਨਾਲ ਹੀ ਸਬਰ ਕਰਨਾ ਪਿਆ। ਅੰਤਰਰਾਸ਼ਟਰੀ ਫੁਟਬਾਲ ਵਿਚ ਸਪੇਨ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਪਿਛਲੇ 51 ਮੈਚਾਂ ਵਿਚ ਉਹ ਸਿਰਫ ਦੋ ਵਾਰ ਹਾਰੀ ਹੈ। ਐਂਟਵਰਪ ਓਲੰਪਿਕ 1920 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸਪੇਨ ਨੇ ਕਿਸੇ ਟੂਰਨਾਮੈਂਟ ਵਿਚ ਇਟਲੀ ਨੂੰ 90 ਮਿੰਟ ਵਿਚ ਹਰਾਇਆ ਹੈ।
ਇਟਲੀ ਦੇ ਕੋਚ ਸੇਜਾਰ ਪ੍ਰੇਂਡੇਲੀ ਦੇ ਲਈ ਫਾਈਨਲ ਨਿਰਾਸ਼ਾਜਨਕ ਰਿਹਾ। ਇਟਲੀ ਨੇ ਉਸ ਦੀ ਅਗਵਾਈ ਵਿਚ ਪਿਛਲੇ 15 ਮੈਚਾਂ ਵਿਚ ਇਕ ਵੀ ਮੈਚ ਨਹੀਂ ਗਵਾਇਆ ਸੀ ਤੇ 10 ਮੈਚਾਂ ਵਿਚ ਟੀਮ ਨੇ ਇਕ ਵੀ ਗੋਲ ਨਹੀਂ ਖਾਧਾ ਪਰ ਸਪੇਨ ਦੇ ਸਾਹਮਣੇ ਟੀਮ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਉਡ ਗਈ। ਸਪੇਨ ਦੀ ਸ਼ੁਰੂਆਤ ਹੀ ਤੂਫਾਨ ਵਰਗੀ ਸੀ। ਪੁਰਤਗਾਲ ਵਿਰੁੱਧ ਸੈਮੀਫਾਈਨਲ ਤੋਂ ਬਾਹਰ ਸੇਸਕ ਫੇਬਰੇਗਾਸ ਦੀ ਸਪੇਨ ਦੀ ਸ਼ੁਰੂਆਤੀ ਲਾਈਨਅੱਪ ਵਿਚ ਵਾਪਸੀ ਹੋਈ ਤੇ ਉਹ ਆਪਣੀ 'ਫਾਲਸ ਲਾਈਨ' ਦੀ ਭੂਮਿਕਾ ਵਿਚ ਹੀ ਖੇਡਿਆ, ਜੋ ਉਸ ਨੇ ਇਟਲੀ ਦੇ ਵਿਰੁੱਧ 10 ਜੂਨ ਨੂੰ ਗਰੁੱਪ ਸੀ ਦੇ ਮੈਚ ਵਿਚ 1-1 ਦੇ ਡਰਾਅ ਦੌਰਾਨ ਨਿਭਾਈ ਸੀ।
ਇਟਲੀ ਦੇ ਕੋਚ ਪ੍ਰੇਂਡੇਲੀ ਨੇ ਵੀ ਆਪਣੀ ਸ਼ੁਰੂਆਤੀ ਲਾਈਨਅੱਪ ਵਿਚ ਇਕ ਫੇਰ-ਬਦਲ ਕਰਦਿਆਂ ਫੇਡਰੀਕੋ ਬਾਲਜਾਰੇਤੀ ਦੀ ਥਾਂ ਇਗਨਾਜੀਓ ਏ ਬੇਟ ਨੂੰ ਉਤਾਰਿਆ। ਜਾਵੀ ਨੂੰ 10ਵੇਂ ਮਿੰਟ ਵਿਚ ਗੋਲ ਕਰਨ ਦਾ ਸ਼ਾਨਦਾਰ ਮੌਕਾ ਮਿਲਿਆ ਪਰ ਉਸ ਦਾ ਸ਼ਾਟ ਗੋਲਕੀਪਰ ਜਿਆਨਲੁਏਗੀ ਬੁਫੋਨ ਦੇ ਉਪਰ ਦੀ ਲੰਘ ਗਿਆ। ਇਸ ਤੋਂ ਚਾਰ ਮਿੰਟ ਬਾਅਦ ਹੀ ਸਪੇਨ ਦੇ ਐਨੀਏਸਟਾ ਨੇ ਸੱਜੇ ਪਾਸਿਓਂ ਸੇਸਕ ਫੇਬਰੇਗਾਸ ਨੂੰ ਸ਼ਾਨਦਾਰ ਪਾਸ ਦਿੱਤਾ, ਜਿਸ ਨੇ ਤੇਜ਼ੀ ਨਾਲ ਸਿਲਵਾ ਨੂੰ ਕਰਾਸ ਦਿੱਤਾ ਤੇ ਉਸ ਨੂੰ ਹੈਡਰ ਦੇ ਨਾਲ ਫੁਟਬਾਲ ਨੂੰ ਗੋਲ ਦੇ ਅੰਦਰ ਪਹੁੰਚਾਉਣ ਵਿਚ ਕੋਈ ਦਿੱਕਤ ਨਹੀਂ ਹੋਈ। ਦੂਜੇ ਪਾਸੇ ਇਟਲੀ ਨੂੰ ਧੀਮੀ ਸ਼ੁਰੂਆਤ ਦਾ ਖਮਿਆਜ਼ਾ ਭੁਗਤਣਾ ਪਿਆ। ਸ਼ੁਰੂਆਤ ਵਿਚ ਹੀ ਜਿਓਜਿਰੀਓ ਚਿਲੇਨੀ ਦੇ ਫੱਟੜ ਹੋਣ ਕਾਰਨ ਕੋਚ ਨੇ ਉਸ ਦੀ ਥਾਂ ਲੈਫਟ ਬੈਕ ਵਿਚ ਬਾਲਜਾਰੇਤੀ ਨੂੰ ਭੇਜਿਆ। ਇਸ ਤੋਂ ਬਾਅਦ ਇਟਲੀ ਨੂੰ ਮੌਕਾ ਮਿਲਿਆ ਪਰ ਅੰਤੋਨੀਓ ਕਸਾਨੋ ਸਪੇਨ ਦੇ ਗੋਲਕੀਪਰ ਇਕੇਰ ਕੈਸੀਲਾਸ ਨੂੰ ਝਕਾਨੀ ਦੇਣ ਵਿਚ ਨਾਕਾਮ ਰਹੇ ਤੇ ਉਸ ਦਾ ਧੀਮਾ ਸ਼ਾਟ ਰੋਕਣ ਵਿਚ ਗੋਲਕੀਪਰ ਨੂੰ ਕੋਈ ਮੁਸ਼ੱਕਤ ਨਹੀਂ ਕਰਨੀ ਪਈ। ਇਟਲੀ ਦੇ ਸਟਰਾਈਕਰ ਕਸਾਨੋ ਨੂੰ ਦੁਬਾਰਾ ਮੌਕਾ ਮਿਲਿਆ ਪਰ ਇਸ ਵਾਰ ਰੀਆਲ ਮੈਡਰਿਡ ਦੇ ਗੋਲਕੀਪਰ ਕੈਸੀਲਾਸ ਨੇ ਬਾਕਸ ਦੇ ਬਾਹਰੋਂ ਮਾਰੇ ਉਸ ਦੇ ਜ਼ਬਰਦਸਤ ਸ਼ਾਟ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।
ਸਪੇਨ ਨੇ ਮੈਚ ਦੇ ਅੱਧੇ ਸਮੇਂ ਤੋਂ ਠੀਕ ਪਹਿਲਾਂ ਆਪਣੇ ਹਮਲਿਆਂ ਵਿਚ ਤੇਜ਼ੀ ਦਿਖਾਈ ਜਿਸ ਦਾ ਉਸ ਨੂੰ ਫਾਇਦਾ ਵੀ ਮਿਲਿਆ ਜਦੋਂ ਪੂਰੇ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੌਰਡੀ ਅਲਬਾ ਨੇ 41ਵੇਂ ਮਿੰਟ ਵਿਚ ਜ਼ਾਵੀ ਦੇ ਸ਼ਾਨਦਾਰ ਪਾਸ 'ਤੇ ਗੇਂਦ ਨੂੰ ਗੋਲ ਦਾ ਰਾਹ ਦਿਖਾ ਦਿੱਤਾ।
ਮੈਚ ਦੇ ਅੱਧ ਤੋਂ ਬਾਅਦ ਕਸਾਨੋ ਦੀ ਥਾਂ ਅੰਤੋਨੀਓ ਡੇ ਨਤਾਲੇ ਨੂੰ ਉਤਾਰਿਆ ਤੇ ਉਸ ਨੇ ਆਪਣੀ ਸ਼ਾਨਦਾਰ ਖੇਡ ਨਾਲ ਅਬੇਟ ਦੇ ਕਰਾਸ 'ਤੇ ਹੈਡਰ ਮਾਰਿਆ ਪਰ ਗੇਂਦ ਗੋਲ ਦੇ ਉਪਰੋਂ ਲੰਘ ਗਈ। ਇਸ ਤੋਂ ਅਗਲੇ ਮਿੰਟ ਵਿਚ ਹੀ ਫਿਰ ਸਪੇਨ ਦੇ ਡਿਫੈਂਸ ਵਿਚ ਸੰਨ੍ਹ ਲਾਈ ਪਰ ਇਸ ਵਾਰ ਕੈਸੀਲਾਸ ਨੇ ਉਸ ਦੇ ਯਤਨ ਨੂੰ ਨਾਕਾਮ ਬਣਾ ਦਿੱਤਾ। ਦੂਜੇ ਪਾਸੇ ਬੁਫੋਨ ਨੇ ਫੇਬਰੇਗਾਸ ਦੇ ਯਤਨ ਨੂੰ ਨਾਕਾਮ ਕਰ ਦਿੱਤਾ। ਇਸ ਦੌਰਾਨ ਇਟਲੀ ਦੀ ਟੀਮ ਨੂੰ ਉਦੋਂ ਥੋੜ੍ਹੀ ਰਾਹਤ ਮਿਲ ਗਈ ਜਦੋਂ ਸਰਜੀਓ ਰਾਮੋਸ ਦਾ ਹੈਡਰ ਲਿਓਨਾਰਡੋ ਬੇਨੁਚੀ ਦੇ ਹੱਥ ਨਾਲ ਲੱਗਣ ਦੇ ਬਾਵਜੂਦ ਰੈਫਰੀ ਇਸ ਨੂੰ ਨਹੀਂ ਦੇਖ ਸਕਿਆ ਤੇ ਉਸ ਨੇ ਪੈਨਲਟੀ ਕਿੱਕ ਨਹੀਂ ਦਿੱਤੀ।
ਇਟਲੀ ਦੀ ਵਾਪਸੀ ਦੀ ਉਡੀਕ 'ਤੇ ਉਦੋਂ ਪਾਣੀ ਫਿਰ ਗਿਆ ਜਦੋਂ ਮੈਚ ਖਤਮ ਹੋਣ ਤੋਂ ਲਗਪਗ ਅੱਧਾ ਘੰਟਾ ਪਹਿਲਾਂ ਮੋਟਾ ਦੇ ਪੈਰ 'ਤੇ ਸੱਟ ਵੱਜਣ ਕਾਰਨ ਉਸ ਨੂੰ ਸਟਰੈਚਰ 'ਤੇ ਪਾ ਕੇ ਬਾਹਰ ਲੈ ਜਾਣਾ ਪਿਆ ਤੇ ਟੀਮ ਨੂੰ ਬਾਕੀ ਮੈਚ 10 ਖਿਡਾਰੀਆਂ ਨਾਲ ਹੀ ਖੇਡਣਾ ਪਿਆ। ਇਸ ਤੋਂ ਬਾਅਦ ਮੈਚ ਥੋੜ੍ਹਾ ਨੀਰਸ ਹੁੰਦਾ ਦਿਖਾਈ ਦਿੱਤਾ ਪਰ ਟੋਰੇਸ ਨੇ ਮੈਦਾਨ ਵਿਚ ਉਤਰ ਕੇ ਮਹੌਲ ਬਦਲ ਦਿੱਤਾ। ਉਸ ਨੇ ਜ਼ਾਵੀ ਦੇ ਪਾਸ 'ਤੇ 84ਵੇਂ ਮਿੰਟ ਵਿਚ ਟੀਮ ਦੀ ਤਰਫੋਂ ਤੀਜਾ ਗੋਲ ਕੀਤਾ। ਇਸ ਤੋਂ ਬਾਅਦ ਚੈਲਸੀ ਨੇ ਆਪਣੇ ਸਾਥੀ ਖਿਡਾਰੀ ਮਾਟਾ ਨੂੰ 88ਵੇਂ ਮਿੰਟ ਵਿਚ ਚੌਥਾ ਗੋਲ ਕਰਨ ਵਿਚ ਸਹਾਇਤਾ ਕੀਤੀ।