
ਮੈਡਰਿਡ : ਯੂਰੋ ਚੈਂਪੀਅਨ ਸਪੇਨ ਦੀ ਟੀਮ ਦਾ ਅੱਜ ਵਤਨ ਪਰਤਣ 'ਤੇ ਪੂਰੇ ਜੋਸ਼ੋ-ਖਰੋਸ਼ ਨਾਲ ਸਵਾਗਤ ਕੀਤਾ ਗਿਆ। ਲੋਕਾਂ ਨੇ ਦੇਸ਼ ਵਿਚ ਫੈਲੇ ਆਰਥਿਕ ਸੰਕਟ ਨੂੰ ਭੁਲਾ ਕੇ ਜਸ਼ਨ ਮਨਾਏ। ਟੀਮ ਨੂੰ ਖੁੱਲ੍ਹੀ ਡਬਲ ਡੈਕਰ ਬੱਸ ਵਿਚ ਬੈਠਾਇਆ ਗਿਆ। ਸੜਕਾਂ 'ਤੇ ਕੌਮੀ ਝੰਡੇ ਚੁੱਕੀ ਲੋਕ ਨੱਚਦੇ ਗਾਉਂਦੇ ਮਸਤੀ ਵਿਚ ਝੂਮ ਰਹੇ ਸਨ। ਅਜਿਹਾ ਜਾਪਦਾ ਸੀ ਕਿ ਲਾਲ-ਪੀਲੇ ਰੰਗਾਂ ਦਾ ਸਮੁੰਦਰ ਜਿਵੇਂ ਧਰਤੀ 'ਤੇ ਹੀ ਉਤਰ ਆਇਆ ਹੋਵੇ। ਜ਼ਿਕਰਯੋਗ ਹੈ ਕਿ ਸਪੇਨ ਨੇ ਕੀਵ ਵਿਚ ਇਟਲੀ ਨੂੰ 4-0 ਗੋਲਾਂ ਨਾਲ ਹਰਾ ਕੇ ਯੂਰੋ ਕੱਪ ਜਿੱਤਿਆ ਹੈ।
ਸਮਾਰੋਹ ਦੇ ਅਖੀਰ ਵਿਚ ਖਿਡਾਰੀ ਸੈਂਟਰਲ ਪਲਾਜ਼ਾ ਦੇ ਸਿਬਲੇਸ ਸੁਕੇਅਰ ਪੁੱਜੇ। ਇੱਥੇ ਲਾਊਡ ਸਪੀਕਰ ਤੋਂ 'ਵੀ
ਆਰ ਦਿ ਚੈਂਪੀਅਨ' ਵੱਜ ਰਿਹਾ ਸੀ। ਚੌਕ ਦੇ ਵਿਚਕਾਰ ਬਣੇ ਮੰਚ 'ਤੇ ਰੌਕ ਬੈਂਡ ਦੇ ਨਾਲ ਖਿਡਾਰੀ ਵੀ ਨੱਚਦੇ-ਗਾਉਂਦੇ ਨਜ਼ਰ ਆਏ। ਸਪੇਨ ਦੇ ਗੋਲਕੀਪਰ ਕਪਤਾਨ ਟਿਕੇਰ ਸੇਸੀਲਾਸ ਨੇ ਮੰਚ ਤੋਂ ਕਿਹਾ, "ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਂ ਏਨੇ ਮਹਾਨ ਖਿਡਾਰੀਆਂ ਦੀ ਟੀਮ ਦਾ ਕਪਤਾਨ ਹਾਂ। ਇੱਥੇ ਆਉਣ ਦੇ ਲਈ ਸਾਰੇ ਲੋਕਾਂ ਦਾ ਧੰਨਵਾਦ।"
ਪਲੇਅਰ ਆਫ ਦਿ ਟੂਰਨਾਮੈਂਟ ਅੰਦਰੀਸ ਐਨੀਏਸਤਾ ਨੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਸੰਕਟ ਦੇ ਇਸ ਸਮੇਂ ਅਸੀਂ ਆਪਣੇ ਖਿਡਾਰੀਆਂ ਦੇ ਚਿਹਰਿਆਂ 'ਤੇ ਖੁਸ਼ੀ ਲਿਆ ਸਕੇ ਹਾਂ। ਇਹ ਮਾਣ ਵਾਲੀ ਗੱਲ ਹੈ।"