Thursday, 12 July 2012 07:07
Print PDF

ਇਕਬਾਲ ਜੱਬੋਵਾਲੀਆ
''ਵਾਹ ਨੀ ਧਰਤ ਪੰਜਾਬ ਦੀਏ,
ਸੂਹੇ ਫ਼ੁੱਲ ਗ਼ੁਲਾਬ ਦੀਏ।
ਯੋਧੇ-ਸੂਰਮੇਂ ਪੈਦਾ ਕਰ ਦਿਤੇ,
ਮੈਦਾਨੀਂ-ਸ਼ੇਰ ਪੈਦਾ ਕਰ ਦਿਤੇ।
ਗੁਰੂਆਂ-ਪੀਰਾਂ ਦੀ ਧਰਤੀ ਨੇ,
ਭਲਵਾਨ ਹਜ਼ਾਰਾਂ ਪੈਦਾ ਕਰ ਦਿਤੇ।"
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਆਨੰਦਪੁਰ ਸਾਹਿਬ ਹੋਲੇ-ਮਹੱਲੇ 'ਤੇ ਹੋਈਆਂ ਕੁਸ਼ਤੀਆਂ ਵਿੱਚ ਰਾਏਪੁਰ-ਡੱਬੀਏ ਮਨਦੀਪ ਨੇ ਪਿਛਲੇ ਸਾਲ ਦੇ ਪੰਜਾਬ ਕੇਸਰੀ ਜਲੰਧਰ ਦੇ ਭਲਵਾਨ ਨਵਨੀਤ ਸ਼ਰਮਾ ਨੂੰ ਹਰਾ ਕੇ ਧੰਨ-ਧੰਨ ਕਰਾ ਦਿਤੀ। ਨਵਾਂ ਇਤਿਹਾਸ ਰਚਿਆ। ਫ਼ਾਈਨਲ ਕੁਸ਼ਤੀ ਤੋਂ ਪਹਿਲਾਂ 4-5 ਭਲਵਾਨਾਂ ਨੂੰ ਬੜੇ ਜ਼ੋਰ ਨਾਲ ਹਰਾਇਆ। ਸ਼ਾਹ ਮੁਹੰਮਦ ਅਤੇ ਖੁੱਲਰ ਵਰਗੇ ਪਹਿਲਵਾਨਾਂ ਨੂੰ ਚਿੱਤ ਕਰ ਕੇ ਇਸ ਖਿਤਾਬ 'ਤੇ ਕਬਜ਼ਾ ਕੀਤਾ। ਬੀ. ਏ ਭਾਗ ਪਹਿਲਾ ਦਾ ਵਿਦਿਆਰਥੀ ਮਨਦੀਪ ਰਾਮਗੜ੍ਹੀਆ ਕਾਲਜ ਦਾ ਹੋਣਹਾਰ ਪਹਿਲਵਾਨ ਹੈ। ਛੋਟੀਆਂ-ਵੱਡੀਆਂ ਸੌ ਕੁ ਦੇ ਲਗਪਗ ਕੁਸ਼ਤੀਆਂ ਲੜ ਚੁੱਕਾ ਮਨਦੀਪ, ਫਰੰਟ-ਸੱਲਤੋ (ਵੱਗਲਾਂ ਭਰਨਾ) ਦਾਅ ਮਾਰ ਕੇ ਬੜੇ ਬੜੇ ਪਹਿਲਵਾਨਾਂ ਨੂੰ ਹਿਲਾ ਦਿੰਦਾ ਹੈ। ਤਕੜੀ ਜਿੰਦ-ਜਾਨ ਦਾ ਮਾਲਕ, ਉਹ ਵੀਹ ਸਾਲ ਦੀ ਉਮਰੇ ਕਈ ਪ੍ਰਾਪਤੀਆਂ ਕਰ ਚੁੱਕੈ।
ਕੁਸ਼ਤੀਆਂ ਦੀ ਗੁੜ੍ਹਤੀ ਮਨਦੀਪ ਨੂੰ ਪਰਿਵਾਰ ਵਿੱਚੋਂ ਮਿਲੀ। ਭਾਰਤੀ ਕੁਸ਼ਤੀ ਦੇ ਮਹਾਂਰਥੀ ਅਤੇ ਓੁਲੰਪੀਅਨ ਕੋਚ ਪੀ. ਆਰ. ਸੌਂਧੀ ਤਾਇਆ; ਚਚੇਰਾ ਭਰਾ (ਸੌਂਧੀ ਕੋਚ ਦਾ ਬੇਟਾ) ਅਮਨਦੀਪ ਵਿੱਕੀ ਨਾਮਵਾਰ ਪਹਿਲਵਾਨ; ਪਿਤਾ ਜਰਨੈਲ ਸੌਂਧੀ ਕੁਸ਼ਤੀਆਂ ਵਿੱਚ ਯੂਨੀਵਰਸਿਟੀ ਦਾ ਗੋਲਡ-ਮੈਡਲਿਸਟ; ਸਪੋਰਟਸ ਕਾਲਜ ਜਲੰਧਰ ਵਿੱਚ ਪੜ੍ਹਦਾ ਮਨਦੀਪ ਪਹਿਲਵਾਨੀ ਦੇ ਨਾਲ ਨਾਲ ਕਬੱਡੀ ਦਾ ਵੀ ਤਕੜਾ ਖਿਡਾਰੀ ਰਿਹੈ। ਆਨੰਦਪੁਰ ਸਾਹਿਬ ਕੁਸ਼ਤੀਆਂ ਵਿੱਚ

 ਉਹ ਪਹਿਲਵਾਨ ਬੁੱਧ ਸਿੰਘ ਨਾਲ ਕੁਸ਼ਤੀ ਲੜ ਚੁੱਕੈ।
ਕਿਸੇ ਸਮੇਂ ਗਾਮੇ ਪਹਿਲਵਾਨ ਨੂੰ ਵੰਗਾਰਨ ਵਾਲੇ ਅਤੇ ਪਹਿਲਵਾਨ ਦਾਰਾ ਸਿੰਘ ਦੇ ਉਸਤਾਦ ਰੁਸਤਮੇ ਹਿੰਦ ਹਰਬੰਸ ਸਿੰਘ ਰਾਏਪੁਰ ਡੱਬਾ ਦੀਆਂ ਪੈੜਾ 'ਤੇ ਚਲਣ ਵਾਲਾ ਮਨਦੀਪ ਪਹਿਲਵਾਨੀ ਦੀ ਦੁਨੀਆਂ ਵਿੱਚ ਜਗਮਗਾ ਰਿਹੈ। ਤੇਜ਼-ਤਰਾਰ ਚੁਸਤੀ-ਫ਼ੁਰਤੀ ਅਤੇ ਬੱਲ ਵੇਖ ਕੇ ਰਸ਼ੀਅਨ ਕੋਚ, ਮਨਦੀਪ ਅਤੇ ਪੰਜ ਹੋਰ ਪਹਿਲਵਾਨਾਂ ਨੂੰ ਯੂਕਰੇਨ ਆਪਣੇ ਨਾਲ ਲੈ ਗਿਆ। ਸਾਰੇ ਭਲਵਾਨ ਇੱਕ ਹਫ਼ਤਾ ਉਥੇ ਰਹੇ। ਦੋ ਤਕੜੇ ਪਹਿਲਵਾਨਾਂ ਨਾਲ ਕੁਸ਼ਤੀਆਂ ਲੜੀਆਂ ਉਥੇ ਜਾ ਕੇ। ਪਹਿਲੀ ਕੁਸ਼ਤੀ, 2008 ਬੀਜਿੰਗ ਉਲੰਪਿਕ ਦੇ ਸਿਲਵਰ ਮੈਡਲਿਸਟ ਨਾਲ 96 ਕਿਲੋਗ੍ਰਾਮ ਦੇ ਸੁਪਰ ਹੈਵੀ ਭਾਰ ਵਿੱਚ ਰਹਿ ਕੇ ਖੇਡ ਦਾ ਚੰਗਾ ਪ੍ਰਦਰਸ਼ਨ ਕੀਤਾ। ਦੂਜੀ ਕੁਸ਼ਤੀ ਵੀ ਉਥੇ ਦੇ ਨਾਮਵਰ ਪਹਿਲਵਾਨ ਨਾਲ ਹੋਈ। ਮਨਦੀਪ ਦਾ ਪਿਤਾ, ਭਰਾ ਅਤੇ ਮਾਤਾ ਸਤਵੰਤ ਕਮਲ ਹਰ ਵੇਲੇ ਸਾਏ ਵਾਂਗ ਉਹਦੇ ਨਾਲ ਰਹਿੰਦੇ ਹਨ ਅਤੇ ਉਹਦੀ ਹਰ ਖਾਹਿਸ਼ ਅਤੇ ਖ਼ੁਰਾਕ ਦਾ ਪੂਰਾ ਖਿਆਲ ਰੱਖਦੇ ਹਨ। ਉਹ ਉਸ ਨੂੰ ਭਾਰਤ ਦਾ ਨਾਮਵਰ ਪਹਿਲਵਾਨ ਬਣਾਉਣਾ ਚਾਹੁੰਦੇ ਹਨ। ਪਿਤਾ ਇਸ ਵੇਲੇ ਲੁਧਿਆਣਾ 'ਈ. ਟੀ. ਓ.' ਦੀ ਨੌਕਰੀ ਕਰ ਰਿਹੈ।
ਰਾਏਪੁਰ ਡੱਬੇ ਵਿੱਚ ਜਨਮੇ, ਮਨਦੀਪ ਨੇ ਪ੍ਰਾਇਮਰੀ ਆਪਣੇ ਪਿੰਡ ਤੋਂ ਹੀ ਕੀਤੀ। ਪਿਤਾ ਨੂੰ ਫਗਵਾੜੇ ਨੌਕਰੀ ਮਿਲਣ ਕਰ ਕੇ ਨੌਵੀਂ-ਦਸਵੀਂ ਫਗਵਾੜੇ ਤੋਂ ਕੀਤੀ। ਪਹਿਲਵਾਨੀ ਖ਼ੂਨ 'ਚ ਰਚੀ ਹੋਣ ਕਰ ਕੇ ਸਕੂਲਾਂ ਤੋਂ ਕੁਸ਼ਤੀਆਂ ਦਾ ਰੰਗ ਚੜ੍ਹਿਆ। ਪਿਤਾ, ਤਾਏ (ਸੌਧੀਂ ਕੋਚ) ਦੀ ਗੁੜ੍ਹਤੀ ਨੇ ਕੁਸ਼ਤੀ ਰੰਗ 'ਚ ਰੰਗਣਾ ਸ਼ੁਰੂ ਕਰ ਦਿਤਾ। ਸੌਧੀਂ ਅਤੇ ਅਮਨਦੀਪ ਵਿੱਕੀ (ਇਥੇ ਇਹ ਦੱਸਣਾ ਜ਼ਰੂਰੂ ਬਣਦਾ ਹੈ ਕਿ ਸੌਧੀਂ ਕੋਚ ਦਾ ਬੇਟਾ ਅਮਨਦੀਪ ਵਿੱਕੀ ਵੀ ਤਕੜਾ ਪਹਿਲਵਾਨ ਹੈ ਅਤੇ ਕਈ ਖਿਤਾਬ ਜਿੱਤ ਚੁੱਕੈ ਅਤੇ ਇਸ ਵਕਤ ਉਹ ਪੀ. ਏ. ਪੀ. ਦੀ ਨੌਕਰੀ ਕਰਦਾ ਮਹਿਕਮੇ ਲਈ ਕੁਸ਼ਤੀਆਂ ਲੜ੍ਹ ਰਿਹੈ) ਨੇ ਮਨਦੀਪ ਨੂੰ ਕੋਚਿੰਗ ਦੇ ਦਾਅ-ਪੇਚ ਦੱਸੇ।
ਫਗਵਾੜੇ ਦਾ ਰਵਿੰਦਰ ਪਹਿਲਵਾਨ ਮਨਦੀਪ ਦਾ ਸਪੈਸ਼ਲ ਕੋਚ ਹੈ। ਖ਼ਲੀਫਾ ਕਿਸਮ ਦਾ ਇਹ ਕੋਚ ਹਮੇਸ਼ਾ ਮਨਦੀਪ ਨਾਲ ਰਹਿੰਦੈ। ਰਵਿੰਦਰ ਦੀ ਕੋਚਿੰਗ ਹੇਠ ਉਹਦੀ ਪਹਿਲਵਾਨੀ 'ਚ ਵਾਹਵਾ ਨਿਖ਼ਾਰ ਆ ਰਿਹੈ। ਆਪਣੇ ਭਾਰ ਦਾ ਪੰਜਾਬ ਕੇਸਰੀ ਅਤੇ ਪੰਜਾਬ ਚੈਂਪੀਅਨ ਬਣਨ ਦਾ ਮਾਣ ਹਾਸਿਲ ਕਰਨ ਵਾਲੇ ਮਨਦੀਪ ਨੇ ਜੰਮੂ, ਜੈਪੁਰ ਅਤੇ ਅਯੁੱਧਿਆ ਦੋ ਵਾਰ ਚੇਪੀਂਅਨਸ਼ਿਪ ਜਿੱਤੀ ਅਤੇ ਇੰਟਰਯੂਨੀਵਰਸਿਟੀ ਯੂਨੀਅਰ ਵਿੱਚੋ ਪਹਿਲੀ ਪੁਜ਼ੀਸ਼ਨ ਲਈ।
ਦੋ ਕੁ ਸਾਲ ਪਹਿਲਾਂ ਮਨਦੀਪ ਦੇ ਘਰ ਫਗਵਾੜੇ ਜਾਣ ਦਾ ਮੌਕਾ ਮਿਲਿਆ। ਮਨਦੀਪ ਕਲੱਬ ਗਿਆ ਹੋਇਆ ਸੀ ਤੇ ਪਿਤਾ ਜਰਨੈਲ ਘਰ ਹੀ ਸੀ। ਗੱਲਾਂਬਾਤਾਂ ਕਰਦਿਆਂ ਨੂੰ ਮਨਦੀਪ ਆਪਣੇ ਕਿਸੇ ਦੋਸਤ ਨਾਲ ਅਖਾੜੇ ਤੋਂ ਮੇਹਨਤ ਕਰ ਕੇ ਆ ਗਿਆ। ਛੇ-ਫੁੱਟ ਭਰਵੇਂ ਸਰੀਰ ਨੂੰ ਵੇਖ ਮਨ ਖ਼ੁਸ਼ ਹੋ ਗਿਆ। ਬੀਬਾ ਪੁੱਤ ਬੜੇ ਪਿਆਰ ਸਤਿਕਾਰ ਨਾਲ ਮਿਲਿਆ। ਖ਼ੁਰਾਕ ਅਤੇ ਮੇਹਨਤ ਬਾਰੇ ਪੁੱਛਣ 'ਤੇ ਦੱਸਿਆ- 'ਰੋਜ਼ਾਨਾ ਤਿੰਨ-ਚਾਰ ਘੰਟੇ ਅਖਾੜੇ ਵਿੱਚ ਅਤੇ ਦੋ ਕੁ ਘੰਟੇ ਜਿੰਮ ਵਿੱਚ ਮੇਹਨਤ ਕਰਨੀ। ਸਵੇਰੇ ਪ੍ਰੈਕਿਟਸ ਤੋਂ ਬਾਅਦ ਦੋ ਕਿਲੋ ਦੁੱਧ ਅਤੇ ਦਸ-ਪੰਦਰਾਂ ਅੰਡੇ ਖਾਣੇ। ਹੱਥੀਂ ਘੋਟੀ-ਸ਼ਰਦਾਈ ਪੀ ਕੇ ਫਿਰ ਅਰਾਮ ਕਰਨਾ। ਸਾਰੀ ਖ਼ੁਰਾਕ ਦਾ ਧਿਆਨ ਬੈਲਾਰੂਸ ਤੋਂ ਉਚੇਰੀ ਪੜ੍ਹਾਈ ਕਰ ਕੇ ਆਇਆ ਮਨਦੀਪ ਦਾ ਵੱਡਾ ਭਰਾ ਡਾ. ਅਰਸ਼ਦੀਪ ਸੌਧੀਂ ਰੱਖ ਰਿਹਾ ਹੈ। ਅਰਾਮ ਤੋਂ ਬਾਅਦ ਰੋਜ਼ਾਨਾ ਦੀ ਖ਼ੁਰਾਕ 'ਚ ਫਲ-ਫ਼ਰੂਟ, ਚਿਕਨ, ਦਾਲਾਂ-ਸਬਜ਼ੀਆਂ ਅਤੇ ਮੀਟ ਵਗੈਰਾ। ਸ਼ਾਮ ਦੀ ਪ੍ਰੈਕਟਿਸ ਉਪਰੰਤ ਦੋ-ਢਾਈ ਕਿਲੋ ਦੁੱਧ ਰੋਜ਼ਾਨਾ ਰੱਜ ਕੇ।
ਰਾਏਪੁਰ ਡੱਬੇ ਸਾਲ 'ਚ ਤਿੰਨ ਵਾਰ ਕੁਸ਼ਤੀਆਂ ਕਰਵਾਈਆਂ ਜਾਦੀਆਂ ਹਨ। ਪਹਿਲੀ (ਗੱਦੇ ਵਾਲੀ ਕੁਸ਼ਤੀ) ਰੁਸਤਮੇ ਹਿੰਦ ਪਹਿਲਵਾਨ ਹਰਬੰਸ ਸਿੰਘ ਦੇ ਨਾਂ 'ਤੇ। ਦੂਜੀ (ਮਿੱਟੀ ਵਾਲੀ) ਪਹਿਲਵਾਨ ਹਰਜੀਤ ਸਿੰਘ ਵਲੋਂ ਕੈਨੇਡਾ ਤੋਂ ਜਾ ਕੇ ਪਿਤਾ ਦੇ ਨਾਂ 'ਤੇ ਅਤੇ ਤੀਜੀ (ਗੱਦੇ ਵਾਲੀ) ਲੱਖ-ਦਾਤਾ ਸਭਾ ਦੇ ਨਾਂ 'ਤੇ। ਲੱਖ-ਦਾਤਾ ਕਮੇਟੀ ਅਤੇ ਨਵਾਂ ਸ਼ਹਿਰ ਕੁਸ਼ਤੀ ਸੰਸਥਾਂ ਦਾ ਪ੍ਰਧਾਨ ਵੀ ਜਰਨੈਲ ਸੌਧੀਂ ਹੈ।
ਪਹਿਲਵਾਨ ਹਰਬੰਸ ਸਿੰਘ ਤੋਂ ਪਹਿਲਾਂ ਇਸੇ ਪਿੰਡ ਦਾ ਰੁਸਤਮੇ-ਹਿੰਦ ਕਿਸ਼ਨ ਸਿੰਘ ਪਹਿਲਵਾਨ ਵੀ ਹੋਇਐ। ਪਹਿਲਵਾਨ ਹਰਬੰਸ ਸਿੰਘ ਦਾ ਬੇਟਾ ਪ੍ਰਿੰ. ਕਸ਼ਮੀਰਾ ਸਿੰਘ ਪਹਿਲਵਾਨ ਅਤੇ ਕਸ਼ਮੀਰਾ ਸਿੰਘ ਦਾ ਬੇਟਾ ਪਹਿਲਵਾਨ ਸੰਨ੍ਹੀ ਗਿੱਲ (ਕੈਨੇਡਾ), ਸੌਧੀਂ ਕੋਚ, ਜਰਨੈਲ, ਹਰਜੀਤ ਕੈਨੇਡਾ, ਹਰਜੀਤ ਕੁਮਾਰ, ਦੇਵ, ਗਿਆਨ, ਘੋਲਾ, ਦੇਬੀ, ਉਦੇ ਚੰਦ ਅਤੇ ਕਈ ਹੋਰ ਨਾਮਵਰ ਪਹਿਲਵਾਨ ਹੋਏ ਹਨ। ਇਸ ਪਿੰਡ ਦੀ ਮਿੱਟੀ ਦੀ ਮਹਿਕ ਚੋਂ ਪਿੰਡਾਂ ਦੇ ਖੇਡ-ਮੇਲਿਆਂ ਤੋਂ ਲੈ ਅੰਤਰ-ਰਾਸ਼ਟਰੀ ਪਹਿਲਵਾਨ ਪੈਦਾ ਹੋਏ ਹਨ। ਪਿੰਡ ਦੇ ਨੌਜਵਾਨਾਂ ਨੂੰ ਹੌਂਸਲਾ ਦੇ ਕੇ ਵਧੀਆ ਪਹਿਲਵਾਨ ਬਣਾਉਣ ਵਿੱਚ ਸੌਧੀਂ ਕੋਚ ਦੀ ਬਹੁਤ ਵੱਡੀ ਦੇਣ ਹੈ। ਸੌਧੀਂ ਸਾਹਿਬ ਦੀ ਬਦੌਲਤ ਪਿੰਡ ਦੇ ਕਈ ਪਹਿਲਵਾਨ ਪੁਲਿਸ ਅਤੇ ਕਈ ਹੋਰ ਮਹਿਕਮਿਆਂ ਵਿੱਚ ਨੌਕਰੀਆਂ 'ਤੇ ਬਿਰਾਜਮਾਨ ਹਨ। ਇਸ ਪਿੰਡ 'ਤੇ ਪ੍ਰਮਾਤਮਾ ਦੀ ਪੂਰੀ ਕ੍ਰਿਪਾ ਹੈ। ਇਸ ਪਿੰਡ ਵਿੱਚ ਜਨਮੇ ਹਰ ਬੱਚੇ ਦੀਆਂ ਰਗਾਂ 'ਚ ਪਹਿਲਵਾਨੀ ਦਾ ਖ਼ੂਨ ਦੌੜਦਾ ਹੈ। ਪਿੰਡ ਦੀ ਮਿੱਟੀ ਦਾ ਮੋਹ ਆਉਂਦੇ ਹੀ ਦੂਜੇ ਪਹਿਲਵਾਨਾਂ ਵਾਂਗ ਉਹ ਵੀ ਅਖਾੜੇ ਜਾਣ ਲੱਗਦਾ ਹੈ। ਮਨਦੀਪ ਸੌਧੀਂ ਵੀ ਇਸੇ ਬਾਗ਼-ਬਗ਼ੀਚੇ 'ਚੋਂ ਉਠ ਖ਼ੁਸ਼ਬੂਆਂ ਵੰਡਦਾ ਪਿੰਡ ਅਤੇ ਸੌਧੀਂ ਪਰਿਵਾਰ ਦੇ ਨਾਂ ਨੂੰ ਹੋਰ ਉੱਚਾ ਕਰ ਰਿਹੈ। ਪਿੰਡ ਦਾ ਪਹਿਲਵਾਨੀ ਦਾ ਬਾਗ਼-ਬਗ਼ੀਚਾ ਹਮੇਸ਼ਾਂ ਖਿੜਿਆ ਰਹਿੰਦੈ। ਪਿੰਡਾਂ ਦੇ ਖੇਡ-ਮੇਲਿਆਂ ਤੋਂ ਲੈ ਉਲੰਪਿਕ ਤੱਕ ਸੈਂਕੜੇ ਮੱਲ ਪੈਦਾ ਕਰਨ ਵਾਲਾ ਸੌਧੀਂ ਕੋਚ ਆਪਣੇ ਭਤੀਜੇ ਮਨਦੀਪ ਨੂੰ ਭਾਰਤ ਦਾ ਤਕੜਾ ਮੱਲ ਬਣਾਉਣਾਂ ਚਾਹੁੰਦੈ। ਪਹਿਲਵਾਨ ਹਰਬੰਸ ਸਿੰਘ ਨੇ ਥਾਪੜਾ ਦੇ ਸੌਧੀਂ ਤਿਆਰ ਕੀਤਾ। ਥਾਪੜਾ ਦੇ ਕੇ ਸੈਂਕੜੇ ਪਹਿਲਵਾਨ ਸੌਧੀਂ ਕੋਚ ਨੇ ਤਿਆਰ ਕੀਤੇ। ਬਹੁਤੇ ਨਾਮਵਰ ਪਹਿਲਵਾਨ ਅੱਜ ਵੀ ਸੌਧੀਂ ਦੀ ਕੋਚਿੰਗ ਨੂੰ ਯਾਦ ਕਰਦੇ ਹਨ।
ਇਸ ਪਿੰਡ ਦੇ ਤਕੜੇ ਪਹਿਲਵਾਨ ਹੋਏ ਅਤੇ ਹੋ ਵੀ ਰਹੇ ਹਨ। ਅੱਗੋਂ ਨਵੀਂ ਪਨੀਰੀ ਵੀ ਤਿਆਰ ਹੋ ਰਹੀ ਹੈ। ਇੰਡੋ-ਪਾਕਿ ਕੁਸ਼ਤੀਆਂ ਵਿੱਚ ਰਾਏਪੁਰ ਡੱਬੇ ਦੇ ਹਰਦੀਪ ਕੁਮਾਰ ਨੇ ਸਿਲਵਰ ਮੈਡਲ ਜਿੱਤਿਆ। ਜਦਕਿ ਇਸੇ ਪਿੰਡ ਦੇ ਪਰਸ਼ੋਤਮ ਲਾਲ ਨੇ ਬਰੌਨਜ਼ ਮੈਡਲ ਪ੍ਰਾਪਤ ਕੀਤਾ। 2007 ਵਿੱਚ ਜਿੱਤੇ ਪੰਜਾਬ ਦੇ ਚਾਰ ਮੈਡਲਾਂ ਵਿੱਚੋਂ ਤਿੰਨ ਮੈਡਲ ਇਸ ਪਿੰਡ ਦੇ ਸਨ। ਰਵਿੰਦਰ ਕੋਚ ਅਤੇ ਸੌਧੀਂ ਸਾਹਿਬ ਦੀਆਂ ਪਾਰਖੂ ਅੱਖਾਂ ਮੁਕਾਬਲਿਆਂ ਦੀ ਭੱਠੀ 'ਚ ਤਪਾ ਤਪਾ ਮਨਦੀਪ ਨੂੰ ਸੋਨਾ ਬਣਾਉਣਾ ਚਾਹੁੰਦੀਆਂ ਹਨ। ਗੱਦੇ ਦੀਆਂ ਕੁਸ਼ਤੀਆਂ ਦਾ ਮਾਹਰ ਉਹ ਮਿੱਟੀ ਵਿੱਚ ਵੀ ਕਾਫ਼ੀ ਜ਼ੋਰ-ਅਜ਼ਮਾਈ ਕਰ ਰਿਹੈ। ਪੰਜਾਬ ਦੇ ਇਸ ਪ੍ਰਵੀਨ ਪਹਿਲਵਾਨ 'ਤੇ ਪਿੰਡ ਅਤੇ ਇਲਾਕੇ ਨੂੰ ਬਹੁਤ ਉਮੀਦਾਂ ਹਨ। ਸੌਧੀਂ ਪਰਿਵਾਰ ਦੀ ਪਹਿਲਵਾਨੀ ਦੀ ਮਾਲਾ ਦਾ ਮਣਕਾ ਮਨਦੀਪ ਅਖਾੜਿਆਂ ਵਿੱਚ ਜਗਮਗ-ਜਗਮਗ ਕਰ ਰਿਹੈ।
''ਬੜੇ ਖ਼ੁਸ਼ ਕਿਸਮਤ ਹਨ ਉਹ ਮਾਪੇ,
ਪੁੱਤ ਜਿਨ੍ਹਾਂ ਦੇ ਮਿਹਨਤਾਂ ਕਰਦੇ ਨੇ।
ਖੇਡ-ਮੈਦਾਨਾਂ ਪਸੀਨਾ ਵਹਾਉਣ ਵਾਲੇ,
ਮਾਂ-ਬਾਪ, ਦੇਸ਼ ਦਾ ਨਾਂ ਉਚਾ ਕਰਦੇ ਨੇ।
'ਜੱਬੋਵਾਲੀਏ ਇਕਬਾਲ' ਲਿਖਣੋਂ ਹੱਟਦੇ ਨਾ,
ਖੇਡ-ਲਿਖਤਾਂ ਰਾਹੀਂ ਮਾਣ ਮਹਿਸੂਸ ਕਰਦੇ ਨੇ।"
ਸੈਲ- (917-375-6395)



Comments (0)

Write comment

smaller | bigger

busy
You are here:   Homeਮੁੱਖ ਖਬਰਾਂਖੇਡ ਸਮਾਚਾਰਭਾਰਤੀ ਪਹਿਲਵਾਨੀ ਦਾ ਚੜ੍ਹਦਾ ਸੂਰਜ- ''ਮਨਦੀਪ ਸੌਂਧੀ ਰਾਏਪੁਰ-ਡੱਬਾ।"

Currency Converter

Amount:
From:
To:


Gurbani Radio


Gurbani - Sri Harmandir Sahib