
ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਮਹਿਲਾ ਮੁੱਕੇਬਾਜ਼ੀ ਦੇ ਮੁਕਾਬਲੇ ਸ਼ਾਮਲ ਕੀਤੇ ਗਏ ਹਨ ਅਤੇ ਚੰਗੀ ਗੱਲ ਇਹ ਹੈ ਕਿ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਐਮ.ਸੀ. ਮੈਰੀਕੌਮ (51 ਕਿਲੋਗ੍ਰਾਮ) ਨੇ ਲੰਡਨ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਉਹ ਇਸ ਖੇਡ ਮਹਾਕੁੰਭ ਲਈ ਕੁਆਲੀਫਾਈ ਕਰਨ ਵਾਲੀ ਇਕੱਲੀ ਭਾਰਤੀ ਮਹਿਲਾ ਮੁੱਕੇਬਾਜ਼ ਹੈ। ਮਨੀਪੁਰ ਦੀ ਇਸ 29 ਸਾਲਾ ਖਿਡਾਰਨ ਨੂੰ ਹਾਲਾਂਕਿ ਚੀਨ ਵਿੱਚ ਚੱਲ ਰਹੀ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਹਾਰਨ ਕਾਰਨ ਕਿਸਮਤ ਦੇ ਸਹਾਰੇ ਹੀ ਓਲੰਪਿਕ ਦੀ ਟਿਕਟ ਮਿਲੀ ਹੈ। ਉਂਜ ਇਹ 2001 ਤੋਂ ਬਾਅਦ ਪਹਿਲਾ ਮੌਕਾ ਹੈ ਜਦੋਂ ਉਸ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚੋਂ ਬੇਰੰਗ ਪਰਤਣਾ ਪਿਆ ਪਰ ਕਿਸੇ ਤਕੜੇ ਅਤੇ ਬਿਹਤਰ ਵਿਰੋਧੀ ਤੋਂ ਹਾਰਨ ਉੱਤੇ ਬਹੁਤਾ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਮੈਰੀਕੌਮ ਨੂੰ ਕੁਆਰਟਰ ਫਾਈਨਲ ਵਿੱਚ ਹਰਾਉਣ ਵਾਲੀ ਇੰਗਲੈਂਡ ਦੀ ਨਿਕੋਲਾ ਐਡਮ ਨੇ ਹੀ ਅੱਗੇ ਜਾ ਕੇ ਸੈਮੀਫਾਈਨਲ ਵਿੱਚ ਰੂਸ ਦੀ ਦਿਲੇਨਾ ਸਵੇਲਅਵਾ 'ਤੇ 11-6 ਨਾਲ ਜਿੱਤ ਦਰਜ ਕਰਕੇ ਓਲੰਪਿਕ ਵਿੱਚ ਦਾਖਲਾ ਪਾਇਆ ਸੀ।
ਦੋ ਬੱਚਿਆਂ ਦੀ ਮਾਂ ਮੈਰੀਕੌਮ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹੈ ਕਿਉਂਕਿ ਅਖੀਰ ਉਸ ਨੂੰ ਓਲੰਪਿਕ ਟਿਕਟ
ਮਿਲ ਹੀ ਗਈ ਹੈ। ਉਸ ਨੇ ਕਿਹਾ ਕਿ ਉਹ ਜਾਣਦੀ ਸੀ ਕਿ ਉਸ ਦੇ ਅੰਤਿਮ ਵਿਰੋਧੀ ਰੂਸੀ ਖਿਡਾਰਨ ਬਹੁਤੀ ਚੰਗੀ ਨਹੀਂ ਸੀ ਪਰ ਉਸ ਨੂੰ ਇਸ ਗੱਲ ਦਾ ਗਿਲਾ ਵੀ ਹੈ ਕਿ ਉਹ ਇਸ ਵਾਰ ਤਮਗਾ ਨਹੀਂ ਲਿਆ ਸਕੀ।
ਮਹਿਲਾ ਮੁੱਕੇਬਾਜ਼ ਨੂੰ ਪਹਿਲੀ ਵਾਰ ਓਲੰਪਿਕ ਵਿੱਚ 51 ਕਿਲੋਗ੍ਰਾਮ, 60 ਕਿਲੋਗ੍ਰਾਮ ਤੇ 75 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਮਲ ਕੀਤਾ ਗਿਆ ਹੈ। ਵਿਸ਼ਵ ਚੈਂਪੀਅਨਸ਼ਿਪ ਉਸ ਲਈ ਕੁਆਲੀਫਾਈ ਕਰਨ ਲਈ ਇਕਲੌਤਾ ਮੌਕਾ ਸੀ। ਮੈਰੀਕੌਮ ਦੇ ਵਰਗ ਵਿੱਚ ਏਸ਼ੀਆ ਤੋਂ ਦੂਜੀ ਸੀਟ ਚੀਨ ਦੀ ਏਸ਼ਿਆਈ ਖੇਡਾਂ ਦੀ ਸੋਨ ਤਮਗਾ ਜੇਤੂ ਰੇਨ ਚਾਨਚਾਨ ਨੂੰ ਮਿਲੀ।
ਦੂਜੀ ਸੀਟ ਮੈਰੀਕੌਮ ਤੇ ਉੱਤਰੀ ਕੋਰੀਆ ਦੀ ਹਾਈ ਕਿਮ ਵਿੱਚੋਂ ਕਿਸੇ ਇੱਕ ਨੂੰ ਮਿਲਣੀ ਸੀ। ਮੈਰੀਕੌਮ ਨੂੰ ਜਿੱਥੇ ਐਡਮ ਨੇ ਹਰਾਇਆ, ਉੱਥੇ ਕਿਮ ਨੂੰ ਕੁਆਰਟਰ ਫਾਈਨਲ ਵਿੱਚ ਸਵੇਲਅਵਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਵੇਲਅਵਾ ਤੇ ਐਡਮਸ ਵਿਚਾਲੇ ਮੁਕਾਬਲੇ ਨਾਲ ਏਸ਼ੀਆ ਤੋਂ ਦੂਜੀ ਸੀਟ ਦਾ ਫ਼ੈਸਲਾ ਹੋਇਆ ਤੇ ਕਿਸਮਤ ਦੀ ਬਾਜ਼ੀ ਵਿੱਚ ਮੈਰੀਕੌਮ ਮੋਰਚਾ ਮਾਰ ਗਈ।
ਮੈਰੀਕੌਮ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਇਕੱਲੀ ਮਹਿਲਾ ਮੁੱਕੇਬਾਜ਼ ਹੈ ਇਸ ਕਰਕੇ ਉਹ ਇਤਿਹਾਸ ਦਾ ਹਿੱਸਾ ਬਣੇਗੀ ਤੇ ਇਹ ਗੱਲ ਉਸ ਲਈ ਕਾਫ਼ੀ ਮਾਅਨੇ ਰੱਖਦੀ ਹੈ। ਮੈਰੀਕੌਮ ਵਾਂਗ ਬਾਕੀ ਭਾਰਤੀ ਮੁੱਕੇਬਾਜ਼ ਖਿਡਾਰਨਾਂ ਦੀ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।
ਐਲ. ਸਰਿਤਾ (60 ਕਿਲੋ) ਕੁਆਰਟਰ ਫਾਈਨਲ ਵਿੱਚ ਨਤਾਸ਼ਾ ਕੋਲੋਂ ਮਾਰ ਖਾ ਗਈ ਜਦਕਿ ਭਾਰਤ ਦੀ ਪੂਜਾ ਰਾਣੀ (75 ਕਿਲੋ) ਪਹਿਲੇ ਗੇੜ ਵਿੱਚ ਹੀ ਬਾਹਰ ਹੋ ਗਈ ਸੀ। ਇਸ ਤਰ੍ਹਾਂ ਹੁਣ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਸ਼ਾਮਲ ਮਹਿਲਾ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਸਾਰੀਆਂ ਉਮੀਦਾਂ ਐਮ.ਸੀ. ਮੈਰੀਕੌਮ ਉੱਤੇ ਟਿਕੀਆਂ ਹੋਈਆਂ ਹਨ।
- ਸੁਦੀਪ ਸਿੰਘ ਢਿੱਲੋਂ