Friday, 20 July 2012 09:31
Print PDF

ਜਦੋਂ 1896 ਵਿੱਚ ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਖੇਡਾਂ ਦੇ ਉਦਘਾਟਨ ਸਮੇਂ ਕੀਤੀਆਂ ਜਾਂਦੀਆਂ ਰਸਮਾਂ ਵਿੱਚ ਝੰਡਾ ਲਹਿਰਾਉਣ ਦੀ ਰਸਮ ਸ਼ਾਮਲ ਨਹੀਂ ਸੀ। ਆਧੁਨਿਕ ਓਲੰਪਿਕ ਖੇਡਾਂ ਦੇ ਜਨਮਦਾਤਾ ਬੈਰਨ ਪੀਅਰੀ ਡੀ ਕੁਬਰਟਿਨ ਵੱਲੋਂ ਬਣਾਇਆ ਪਹਿਲਾ ਓਲੰਪਿਕ ਝੰਡਾ 1914 ਈਸਵੀ ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 20ਵੀਂ ਵਰ੍ਹੇਗੰਢ ਮਨਾਉਣ ਸਮੇਂ ਪੇਸ਼ ਕੀਤਾ ਗਿਆ। ਇਸ ਝੰਡੇ ਨੂੰ ਓਲੰਪਿਕ ਝੰਡੇ ਵਜੋਂ ਮਾਨਤਾ ਦਿੱਤੀ ਗਈ ਅਤੇ ਇਸ ਨੂੰ ਅਗਲੀਆਂ ਓਲੰਪਿਕ ਖੇਡਾਂ ਵਿੱਚ ਲਹਿਰਾਉਣ ਦਾ ਫ਼ੈਸਲਾ ਕੀਤਾ ਗਿਆ। ਸਾਲ 1916 ਦੀਆਂ ਓਲੰਪਿਕ ਖੇਡਾਂ ਜਿਹੜੀਆਂ ਜਰਮਨੀ ਦੇ ਸ਼ਹਿਰ ਬਰਲਿਨ ਵਿੱਚ ਹੋਣੀਆਂ ਸਨ, ਪਹਿਲਾ ਵਿਸ਼ਵ ਯੁੱਧ ਚੱਲ ਰਿਹਾ ਹੋਣ ਕਾਰਨ ਨਹੀਂ ਕਰਵਾਈਆਂ ਜਾ ਸਕੀਆਂ ਸਨ। ਸੰਨ 1920 ਵਿੱਚ ਐਟਵਰਪ (ਬੈਲਜ਼ੀਅਮ) ਵਿੱਚ ਹੋਈਆਂ 7ਵੀਆਂ ਓਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਸਮੇਂ ਇਸ ਝੰਡੇ ਨੂੰ ਪਹਿਲੀ ਵਾਰ ਲਹਿਰਾਇਆ ਗਿਆ ਸੀ। ਓਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਸਮੇਂ ਝੰਡਾ ਲਹਿਰਾਉਣ ਦੀ ਰਸਮ ਅੱਜ ਵੀ ਪੂਰੇ ਸਨਮਾਨ ਨਾਲ ਨਿਭਾਈ ਜਾਂਦੀ ਹੈ। ਬੜੀ ਮਾਯੂਸੀ ਵਾਲੀ ਗੱਲ ਹੈ ਕਿ ਐਟਵਰਪ ਓਲੰਪਿਕ ਖੇਡਾਂ ਵਿੱਚ ਲਹਿਰਾਇਆ ਗਿਆ ਇਹ ਇਤਿਹਾਸਕ ਝੰਡਾ ਖੇਡਾਂ ਦੀ ਸਮਾਪਤੀ ਸਮੇਂ ਚੋਰੀ ਹੋ ਗਿਆ ਸੀ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਇਸ ਨੂੰ ਲੱਭਣ ਵਿੱਚ ਅਸਫ਼ਲ ਰਹੀ ਸੀ। ਇਸੇ ਕਰਕੇ 1924 ਈਸਵੀ ਵਿੱਚ ਪੈਰਿਸ (ਫਰਾਂਸ) ਵਿਖੇ ਹੋਣ

ਵਾਲੀਆਂ 8ਵੀਆਂ ਓਲੰਪਿਕ ਖੇਡਾਂ ਲਈ ਨਵਾਂ ਝੰਡਾ ਤਿਆਰ ਕਰਨਾ ਪਿਆ। ਇਹ ਝੰਡਾ 1924 ਈਸਵੀ ਤੋਂ ਲੈ ਕੇ 1984 ਈਸਵੀ ਤਕ ਹੋਈਆਂ ਓਲੰਪਿਕ ਖੇਡਾਂ ਸਮੇਂ ਲਹਿਰਾਇਆ ਜਾਂਦਾ ਰਿਹਾ। ਸਾਲ 1988 ਦੀਆਂ ਸਿਓਲ (ਦੱਖਣੀ ਕੋਰੀਆ) ਵਿੱਚ ਕਰਵਾਈਆਂ ਜਾਣ ਵਾਲੀਆਂ 24ਵੀਆਂ ਓਲੰਪਿਕ ਖੇਡਾਂ ਲਈ ਸਿਓਲ ਸ਼ਹਿਰ ਵੱਲੋਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੂੰ ਨਵਾਂ ਓਲੰਪਿਕ ਝੰਡਾ ਤਿਆਰ ਕਰਵਾ ਕੇ ਦਿੱਤਾ ਗਿਆ। ਸੰਨ 1988 ਤੋਂ ਲੈ ਕੇ ਹੁਣ ਤਕ ਇਸ ਓਲੰਪਿਕ ਝੰਡੇ ਨੂੰ ਹੀ ਲਹਿਰਾਇਆ ਜਾਂਦਾ ਹੈ। ਓਲੰਪਿਕ ਝੰਡਾ ਸਫ਼ੈਦ ਰੰਗ ਦੇ ਰੇਸ਼ਮੀ ਕੱਪੜੇ ਉੱਪਰ ਬਣਾਇਆ ਜਾਂਦਾ ਹੈ। ਇਸ ਦੀ ਲੰਬਾਈ 3 ਮੀਟਰ ਅਤੇ ਚੌੜਾਈ 2 ਮੀਟਰ ਹੁੰਦੀ ਹੈ। ਇਸ ਝੰਡੇ ਦੇ ਵਿਚਕਾਰ 5 ਗੋਲ ਚੱਕਰ (ਛੱਲੇ) ਦੋ ਲਾਈਨਾਂ ਵਿੱਚ ਬਣੇ ਹੁੰਦੇ ਹਨ। ਉੱਪਰ ਵਾਲੀ ਲਾਈਨ ਵਿੱਚ 3 ਅਤੇ ਹੇਠਲੀ ਲਾਈਨ ਵਿੱਚ 2 ਗੋਲ ਚੱਕਰ ਬਣੇ ਹੁੰਦੇ ਹਨ। ਇਹ ਪੰਜੇ ਚੱਕਰ ਆਪਸ ਵਿੱਚ ਇਸ ਤਰ੍ਹਾਂ ਜੁੜੇ ਹੁੰਦੇ ਹਨ ਕਿ ਇਨ੍ਹਾਂ ਦੇ ਮਿਲਣ ਨਾਲ ਅੰਗਰੇਜ਼ੀ ਦੇ ਅੱਖਰ ਡਬਲਿਊ ਦਾ ਚਿੰਨ੍ਹ ਬਣਦਾ ਹੈ। ਇਨ੍ਹਾਂ ਗੋਲ ਚੱਕਰਾਂ ਦੇ ਰੰਗ ਵੀ ਵੱਖੋ-ਵੱਖਰੇ ਹੁੰਦੇ ਹਨ। ਜਿੰਨ੍ਹਾਂ ਵਿੱਚ ਚਿੱਟੇ ਰੰਗ ਦੇ ਕੱਪੜੇ 'ਤੇ ਬਣੀ ਉੱਪਰ ਵਾਲੀ ਲਾਈਨ ਵਿੱਚ ਖੱਬੇ ਤੋਂ ਸੱਜੇ ਵੱਲ ਨੀਲੇ, ਕਾਲੇ ਅਤੇ ਲਾਲ ਰੰਗ ਦੇ ਅਤੇ ਹੇਠਲੀ ਲਾਈਨ ਵਿੱਚ ਪੀਲੇ ਅਤੇ ਹਰੇ ਰੰਗ ਦੇ ਗੋਲ ਚੱਕਰ ਹੁੰਦੇ ਹਨ। ਇਨ੍ਹਾਂ ਛੇ ਰੰਗਾਂ ਵਿੱਚੋਂ ਕੋਈ ਇੱਕ ਰੰਗ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਦੇਸ਼ ਦੇ ਝੰਡੇ ਵਿੱਚ ਹੁੰਦਾ ਹੈ ਪਰ ਇਸ ਝੰਡੇ ਨੂੰ ਬਣਾਉਂਦੇ ਸਮੇਂ ਇਸ ਧਾਰਨਾ ਨਾਲ ਇਹ ਰੰਗ ਨਹੀਂ ਚੁਣੇ ਗਏ ਸਨ। ਇਹ ਆਪਸ ਵਿੱਚ ਜੁੜੇ ਪੰਜ ਚੱਕਰ ਆਸਟਰੇਲੀਆ, ਏਸ਼ੀਆ, ਯੂਰਪ, ਅਮਰੀਕਾ ਅਤੇ ਅਫ਼ਰੀਕਾ ਮਹਾਂਦੀਪਾਂ ਦੀ ਪ੍ਰਤੀਨਿਧਤਾ ਕਰਦੇ ਹਨ। ਇਨ੍ਹਾਂ ਪੰਜੇ ਚੱਕਰਾਂ ਦਾ ਆਪਸ ਵਿੱਚ ਜੁੜਿਆ ਹੋਣਾ ਵਿਸ਼ਵ ਮਿੱਤਰਤਾ, ਆਪਸੀ ਪਿਆਰ ਅਤੇ ਅੰਤਰਰਾਸ਼ਟਰੀ ਸਦਭਾਵਨਾ ਦਾ ਪ੍ਰਤੀਕ ਹੈ। ਓਲੰਪਿਕ ਝੰਡਾ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਉਹ ਝੰਡਾ ਜਿਹੜਾ ਓਲੰਪਿਕ ਖੇਡਾਂ ਸਮੇਂ ਸਟੇਡੀਅਮ ਵਿੱਚ ਲਹਿਰਾਉਂਦਾ ਰਹਿੰਦਾ ਹੈ। ਦੂਜਾ ਉਹ ਰਸਮੀ ਝੰਡਾ ਜਿਹੜਾ ਓਲੰਪਿਕ ਖੇਡਾਂ ਦੀ ਸਮਾਪਤੀ ਸਮੇਂ ਮੇਜ਼ਬਾਨ ਸ਼ਹਿਰ ਦਾ ਮੇਅਰ ਅਗਲੀਆਂ ਓਲੰਪਿਕ ਖੇਡਾਂ ਕਰਵਾਉਣ ਵਾਲੇ ਸ਼ਹਿਰ ਦੇ ਮੇਅਰ ਨੂੰ ਸੌਂਪ ਦਿੰਦਾ ਹੈ। ਖੇਡਾਂ ਕਰਵਾਏ ਜਾਣ ਤਕ ਇਹ ਝੰਡਾ ਅਗਲੇ ਮੇਜ਼ਬਾਨ ਸ਼ਹਿਰ ਦੇ ਮੇਅਰ ਕੋਲ ਹੀ ਨਗਰ ਭਵਨ ਵਿੱਚ ਰੱਖਿਆ ਜਾਂਦਾ ਹੈ। ਇਹ ਰਸਮੀ ਝੰਡਾ ਲਹਿਰਾਉਣ ਲਈ ਨਹੀਂ ਵਰਤਿਆ ਜਾਂਦਾ। ਸੰਨ 1960 ਦੀਆਂ ਰੋਮ (ਇਟਲੀ) ਓਲੰਪਿਕ ਖੇਡਾਂ ਦੇ ਸਮੇਂ ਤੋਂ ਓਲੰਪਿਕ ਝੰਡੇ ਨੂੰ ਪ੍ਰਸਿੱਧ ਖਿਡਾਰੀਆਂ ਜਾਂ ਸਮਾਜ ਦੇ ਸਨਮਾਨਿਤ ਵਿਅਕਤੀਆਂ ਦੇ ਇੱਕ ਸਮੂਹ ਵੱਲੋਂ ਵਿਸ਼ੇਸ਼ ਸਨਮਾਨ ਨਾਲ ਸਟੇਡੀਅਮ ਅੰਦਰ ਲਿਆਂਦਾ ਜਾਂਦਾ ਹੈ। ਝੰਡੇ ਨੂੰ ਸਟੇਡੀਅਮ ਅੰਦਰ ਲਿਆਉਣ ਤੋਂ ਬਾਅਦ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਜਾਂਦੀ ਹੈ। ਓਲੰਪਿਕ ਝੰਡਾ ਖੇਡਾਂ ਦੇ ਉਦਘਾਟਨ ਸਮਾਰੋਹ ਸਮੇਂ ਲਹਿਰਾਇਆ ਜਾਂਦਾ ਹੈ ਅਤੇ ਖੇਡਾਂ ਦੇ ਸਮਾਪਤੀ ਸਮਾਰੋਹ ਤਕ ਉਸ ਸਟੇਡੀਅਮ ਵਿੱਚ ਲਹਿਰਾਉਂਦਾ ਰਹਿੰਦਾ ਹੈ। ਇਹ ਝੰਡਾ ਓਲੰਪਿਕ ਖੇਡਾਂ ਦੇ ਸਮਾਪਤੀ ਸਮਾਰੋਹ ਸਮੇਂ ਹੀ ਉਤਾਰਿਆ ਜਾਂਦਾ ਹੈ।
ਸੰਨ 1997 ਵਿੱਚ ਅਮਰੀਕੀ ਓਲੰਪਿਕ ਕਮੇਟੀ ਵੱਲੋਂ ਅਮਰੀਕਾ ਦੇ ਪੁਰਾਣੇ ਓਲੰਪਿਕ ਖਿਡਾਰੀਆਂ ਦੇ ਸਨਮਾਨ ਵਿੱਚ ਇੱਕ ਦਾਅਵਤ ਰੱਖੀ ਗਈ ਸੀ। ਇੱਥੇ ਇੱਕ ਪੱਤਰਕਾਰ ਅਮਰੀਕਾ ਦੇ 1920 ਈਸਵੀ ਦੀਆਂ ਓਲੰਪਿਕ ਖੇਡਾਂ ਦੇ ਕਾਂਸੀ ਦਾ ਤਮਗਾ ਜੇਤੂ ਗੋਤਾਖੋਰ ਖਿਡਾਰੀ ਹਾਲ ਹੇਗ ਪ੍ਰੀਸਟੇ ਦੀ ਇੰਟਰਵਿਓ ਲੈ ਰਿਹਾ ਸੀ। ਗੱਲਬਾਤ ਚੱਲਦਿਆਂ ਉਸ ਪੱਤਰਕਾਰ ਨੇ ਸਵਾਲ ਉਠਾਇਆ ਕਿ ਇਹ ਬੜੀ ਮੰਦਭਾਗੀ ਗੱਲ ਹੈ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਅਜੇ ਤਕ ਇਹ ਪਤਾ ਨਹੀਂ ਕਰ ਸਕੀ ਕਿ ਐਟਵਰਪ ਓਲੰਪਿਕ ਖੇਡਾਂ ਸਮੇਂ ਗੁਆਚੇ ਅਸਲੀ ਓਲੰਪਿਕ ਝੰਡੇ ਦਾ ਕੀ ਬਣਿਆ? ਉਸ ਦੀ ਇਹ ਗੱਲ ਸੁਣ ਕੇ ਪ੍ਰੀਸਟੇ ਨੇ ਕਿਹਾ, ''ਇਸ ਵਿੱਚ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ। ਐਟਵਰਪ ਓਲੰਪਿਕ ਖੇਡਾਂ ਵਾਲਾ ਉਹ ਅਸਲੀ ਝੰਡਾ ਮੇਰੇ ਸੂਟਕੇਸ ਵਿੱਚ ਹੈ। ਮੈਂ ਆਪਣੇ ਇੱਕ ਦੋਸਤ ਦੇ ਕਹਿਣ 'ਤੇ ਝੰਡਾ ਲਹਿਰਾਉਣ ਵਾਲੇ ਖੰਭੇ 'ਤੇ ਚੜ੍ਹ ਕੇ ਉਸ ਝੰਡੇ ਨੂੰ ਚੁਰਾ ਲਿਆ ਸੀ। ਪਿਛਲੇ 77 ਸਾਲਾਂ ਤੋਂ ਉਹ ਝੰਡਾ ਮੇਰੇ ਸੂਟਕੇਸ ਵਿੱਚ ਹੀ ਸੰਭਾਲ ਕੇ ਰੱਖਿਆ ਹੋਇਆ ਹੈ।'' ਸੰਨ 2000 ਵਿੱਚ ਸਿਡਨੀ (ਆਸਟਰੇਲੀਆ) ਵਿਖੇ ਹੋਈਆਂ ਓਲੰਪਿਕ ਖੇਡਾਂ ਸਮੇਂ ਪ੍ਰੀਸਟੇ ਤੋਂ ਉਹ ਅਸਲੀ ਓਲੰਪਿਕ ਝੰਡਾ ਵਾਪਸ ਲੈਣ ਲਈ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਉਸ ਸਮਾਗਮ ਵਿੱਚ ਅਮਰੀਕੀ ਗੋਤਾਖੋਰ ਹਾਲ ਹੇਗ ਪ੍ਰੀਸਟੇ ਨੇ ਉਹ ਝੰਡਾ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੂੰ ਵਾਪਸ ਕਰ ਦਿੱਤਾ। ਐਟਵਰਪ ਓਲੰਪਿਕ ਖੇਡਾਂ ਵਿੱਚ ਲਹਿਰਾਇਆ ਗਿਆ ਇਹ ਝੰਡਾ ਹੁਣ ਲੁਸਾਨ (ਸਵਿਟਜ਼ਰਲੈਂਡ) ਦੇ ਓਲੰਪਿਕ ਅਜਾਇਬ ਘਰ ਦਾ ਸ਼ਿੰਗਾਰ ਬਣਿਆ ਹੋਇਆ ਹੈ। ਜਿਸ ਥਾਂ ਇਹ ਝੰਡਾ ਰੱਖਿਆ ਗਿਆ ਹੈ ਉਸ ਕੰਧ ਉੱਪਰ ਲੱਗੀ ਇੱਕ ਤਖ਼ਤੀ 'ਤੇ ਲਿਖਿਆ ਹੋਇਆ ਹੈ, ''ਇਤਿਹਾਸਕ ਓਲੰਪਿਕ ਝੰਡਾ ਭੇਟ ਕਰਨ ਲਈ ਹਾਲ ਹੇਗ ਪ੍ਰੀਸਟੇ ਦਾ ਧੰਨਵਾਦ।'' 20ਵੀਂ ਸਦੀ ਦੇ ਸ਼ੁਰੂ ਵਿੱਚ ਇਹ ਓਲੰਪਿਕ ਝੰਡਾ ਉਸ ਸਮੇਂ ਬਣਾਇਆ ਗਿਆ ਸੀ ਜਦੋਂ ਅੰਤਰਰਾਸ਼ਟਰੀ ਏਕਤਾ ਨੂੰ ਬੜ੍ਹਾਵਾ ਦੇਣ ਦੀ ਬੜੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਕਿਉਂਕਿ ਉਸ ਸਮੇਂ ਰਾਸ਼ਟਰਵਾਦੀ ਤਾਕਤਾਂ ਦਾ ਉਭਾਰ ਹੋ ਰਿਹਾ ਸੀ ਜਿਸ ਕਾਰਨ ਕੁਝ ਦੇਸ਼ਾਂ ਦੇ ਸਬੰਧ ਬੜੇ ਖ਼ਤਰਨਾਕ ਮੋੜ 'ਤੇ ਆ ਚੁੱਕੇ ਸਨ। ਉਹ ਦੇਸ਼ ਆਪਣੀ ਸਰਵਉੱਚਤਾ ਸਥਾਪਤ ਕਰਨਾ ਚਾਹੁੰਦੇ ਸਨ। ਓਲੰਪਿਕ ਝੰਡੇ ਦੇ ਆਪਸ ਵਿੱਚ ਜੁੜੇ ਹੋਏ ਇਹ ਪੰਜ ਚੱਕਰ ਸਾਰੀ ਦੁਨੀਆਂ ਵਿੱਚ ਅੰਤਰ ਰਾਸ਼ਟਰੀ ਭਾਈਚਾਰੇ ਦਾ ਸੰਦੇਸ਼ ਦੇਣ ਲਈ ਬਣਾਏ ਗਏ ਸਨ। ਅਜਿਹੇ ਘੁਟਣ ਭਰੇ ਮਾਹੌਲ ਵਿੱਚ ਕੁਬਰਟਿਨ ਦੁਆਰਾ ਦਿੱਤਾ ਗਿਆ ਇਹ ਚਿੰਨ੍ਹਾਤਮਕ ਸੰਦੇਸ਼ ਅੰਤਰਰਾਸ਼ਟਰੀ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਨ ਲਈ ਆਪਣੇ ਆਪ ਵਿੱਚ ਇੱਕ ਨਵਾਂ ਵਿਚਾਰ ਸੀ।
- ਹਰਜੀਤ ਸਿੰਘ ਜੋਗਾ

Comments (0)

Write comment

smaller | bigger

busy
You are here:   Homeਮੁੱਖ ਖਬਰਾਂਖੇਡ ਸਮਾਚਾਰਜਦੋਂ ਐਟਵਰਪ ਵਾਲਾ ਅਸਲੀ ਓਲੰਪਿਕ ਝੰਡਾ ਚੋਰੀ ਹੋ ਗਿਆ

Currency Converter

Amount:
From:
To:


Gurbani Radio


Gurbani - Sri Harmandir Sahib