Thursday, 16 August 2012 11:07
Print PDF

ਲੰਡਨ ਵਿੱਚ ਖੇਡਾਂ ਦਾ ਮਹਾਂ ਕੁੰਭ ਸਮਾਪਤ ਹੋ ਗਿਆ ਹੈ। ਹਰ ਚਾਰ ਸਾਲ ਬਾਅਦ ਭਾਰਤੀਆਂ ਦੀ ਨਜ਼ਰ ਟੈਲੀਵਿਜ਼ਨ ਦੀ ਸਕਰੀਨ ਅਤੇ ਅਖ਼ਬਾਰਾਂ ਦੇ ਪੰਨਿਆਂ 'ਤੇ ਮੈਡਲ ਸੂਚੀ ਵਿੱਚੋਂ ਭਾਰਤ ਦਾ ਨਾਂ ਤਲਾਸ਼ਦੀ ਰਹਿੰਦੀ ਹੈ ਪਰ ਉਨ੍ਹਾਂ ਦੇ ਪੱਲੇ ਨਿਰਾਸ਼ਤਾ ਦੇ ਸਿਵਾਏ ਕੁਝ ਨਹੀਂ ਪੈਂਦਾ ਹੈ। ਆਖਰਕਾਰ ਭਾਰਤੀਆਂ ਦੀ ਇਹ ਨਿਰਾਸ਼ਾ ਕਿਵੇਂ ਦੂਰ ਹੋਵੇਗੀ? ਕੀ ਕਦੀ ਕੋਈ ਅਜਿਹਾ ਦਿਨ ਆਏਗਾ ਜਦੋਂ ਅਸੀਂ ਵਸੋਂ ਦੇ ਲਿਹਾਜ਼ ਨਾਲ ਦੂਜੇ ਨੰਬਰ 'ਤੇ ਰਹਿਣ ਵਾਲੇ ਦੇਸ਼ ਦੇ ਵਾਸੀ ਕਿਸੇ ਸਾਧਾਰਨ ਵਸੋਂ ਵਾਲੇ ਦੇਸ਼ ਦੀ ਮੈਡਲਾਂ ਦੀ ਪ੍ਰਾਪਤੀ ਨਾਲ ਬਰਾਬਰੀ ਕਰ ਸਕਾਂਗੇ? ਭਵਿੱਖ ਵਿੱਚ ਤਿਆਰ ਹੋਣ ਵਾਲੇ ਖਿਡਾਰੀ ਕਿਸ ਖਿਡਾਰੀ ਨੂੰ ਆਪਣਾ ਆਦਰਸ਼ ਮੰਨਣਗੇ? ਅਜਿਹਾ ਸੋਚਣਾ ਸ਼ਾਇਦ ਅਜੇ ਸਾਡੀ ਸੋਚ ਦਾ ਹਿੱਸਾ ਬਣਨ ਦੀ ਸਮਰੱਥਾ ਤੋਂ ਕੋਹਾਂ ਦੂਰ ਹੈ। ਸੋਚ ਦੇ ਇਸ ਪਛੜੇਵੇਂ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਲੰਮੀ ਸੋਚ ਦੇ ਹਾਣੀ ਹੀ ਨਹੀਂ ਬਣਾਇਆ ਹੈ। ਅਸਲ ਵਿੱਚ ਕਿਸੇ ਵੀ ਪ੍ਰਾਪਤੀ ਵਾਸਤੇ ਯੋਜਨਾਬੱਧ ਤੋਰ ਤੁਰਨ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਕਿ ਸਾਡੇ ਸੁਭਾਅ ਦਾ ਅੰਗ ਹੀ ਨਹੀਂ ਹੈ। ਅਸੀਂ ਤਾਂ ਸ਼ਾਰਟਕੱਟ ਪ੍ਰਾਪਤੀ ਕਰਨ ਨੂੰ ਆਪਣੇ ਮਨ ਮਸਤਕ ਵਿੱਚ ਵਸਾ ਲਿਆ ਹੈ। ਜੇ ਗੱਲ ਦੀ ਹੋਰ ਡੂੰਘਾਈ ਵਿੱਚ ਜਾਈਏ ਤਾਂ ਖੇਡ ਖੇਡਣਾ ਅਤੇ ਖੇਡ ਵਿੱਚ ਪ੍ਰਾਪਤੀ ਕਰਨਾ ਦੋਵੇਂ ਵੱਖਰੇ

ਵਿਹਾਰ ਹਨ।
ਸਾਡੇ ਦੇਸ਼ ਵਿੱਚ ਖੇਡ ਵਿੰਗ ਹਨ, ਖੇਡ ਅਕਾਦਮੀਆਂ ਹਨ, ਖੇਡ ਦਲ ਬਣਦੇ ਹਨ, ਖੇਡਾਂ ਦੀ ਤਿਆਰੀ ਵੀ ਕੀਤੀ ਜਾਂਦੀ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਇਸ ਸਭ ਕਾਸੇ ਵਿੱਚੋਂ ਖੇਡ ਕਿਧਰੇ ਗਾਇਬ ਹੁੰਦੀ ਹੈ। ਖੇਡ ਦੀ ਭਾਵਨਾ ਓਨੀ ਪ੍ਰਬਲ ਨਹੀਂ ਹੁੰਦੀ ਹੈ ਕਿ ਅਸੀਂ ਖੇਡਾਂ ਵਿੱਚ ਪ੍ਰਾਪਤੀ ਵਾਲੇ ਬਣ ਸਕੀਏ। ਜੇ ਕਿਧਰੇ ਮਿਹਨਤ ਕਰਕੇ ਕੋਈ ਚੰਗਾ ਖਿਡਾਰੀ ਪੈਦਾ ਹੋ ਜਾਂਦਾ ਹੈ ਤਾਂ ਉਸ ਦਾ ਰਸਤਾ ਬਦਲੀ ਕਰਨ ਲਈ ਹੋਰ ਰਾਹ ਅਵਾਜ਼ਾਂ ਮਾਰ ਰਹੇ ਹੁੰਦੇ ਹਨ। ਫਲਸਰੂਪ ਇੱਥੋਂ ਵੀ ਖੇਡ ਜਲਦੀ ਲੋਪ ਹੋਣ ਵੱਲ ਚਲੀ ਜਾਂਦੀ ਹੈ।
ਕੋਈ ਵੀ ਪ੍ਰਾਪਤੀ ਨਿਸ਼ਠਾਵਾਨ ਦੁਆਰਾ ਹੀ ਸੰਭਵ ਹੁੰਦੀ ਹੈ। ਸਾਡੇ ਖਿਡਾਰੀਆਂ ਵਿੱਚੋਂ ਕਿੰਨੇ ਅਜਿਹੇ ਖਿਡਾਰੀ ਹੋਣਗੇ ਜਿਨ੍ਹਾਂ ਨੂੰ ਬਚਪਨ ਵਿੱਚ ਹੀ ਖੇਡਣ ਦੇ ਲੜ ਲਾ ਕੇ ਅੱਗੇ ਸਿਖਲਾਈ ਦਿੱਤੀ ਹੋਵੇਗੀ ਕਿ ਉਹ ਜਵਾਨੀ ਦੀ ਦਹਿਲੀਜ਼ ਤਕ ਪੁੱਜਦਿਆਂ ਮੱਲਾਂ ਮਾਰਨ ਵਾਲੇ ਖਿਡਾਰੀ ਬਣ ਸਕਣ। ਸਾਡੇ ਦੇਸ਼ ਵਿੱਚ ਮੈਨੂੰ ਕੋਈ ਵੀ ਅਜਿਹਾ ਪ੍ਰਾਇਮਰੀ ਸਕੂਲ ਨਹੀਂ ਦਿਸਦਾ ਹੈ ਜਿੱਥੇ ਪਹਿਲੀ ਪੱਕੀ ਜਮਾਤ ਤੋਂ ਬੱਚਿਆਂ ਨੂੰ ਕੋਈ ਹੁਨਰਮੰਦ ਖੇਡ ਅਧਿਆਪਕ ਖਿਡਾਉਣ ਵਾਲਾ ਮਿਲਦਾ ਹੋਵੇ। ਖੇਡ ਵਿੰਗ ਅਤੇ ਖੇਡ ਅਕਾਦਮੀਆਂ ਤਾਂ ਬੱਚਿਆਂ ਨੂੰ ਜਵਾਨੀ ਦੀ ਉਮਰ ਵਿੱਚ ਖੇਡਣਾ ਸਿਖਾਉਣਾ ਸ਼ੁਰੂ ਕਰਦੀਆਂ ਹਨ। ਇੱਥੇ ਵੀ ਬੱਚਿਆਂ ਨੂੰ ਖੇਡਣਾ ਸਿਖਾਇਆ ਜਾਂਦਾ ਹੈ। ਉਨ੍ਹਾਂ ਦੀ ਖੇਡਣ ਦੀ ਸਮਰੱਥਾ ਦਾ ਵਿਕਾਸ ਕਰਨ ਵੱਲ ਉਹ ਤਵੱਜੋ ਨਹੀਂ ਦਿੱਤੀ ਜਾਂਦੀ ਜਿਹੜੀ ਕਿ ਦਿੱਤੀ ਜਾਣੀ ਚਾਹੀਦੀ ਹੈ। ਖਿਡਾਰੀ ਦੀ ਖੁਰਾਕ, ਖਿਡਾਰੀ ਦਾ ਮਾਨਸਿਕ ਵਿਕਾਸ ਜ਼ਿਆਦਾ ਪ੍ਰਬਲ ਨਹੀਂ ਹੁੰਦਾ ਹੈ।
ਪੰਜਾਬ ਦੇ ਸਿੱਖਿਆ ਵਿਭਾਗ ਨੇ ਪਿੱਛੇ ਜਿਹੇ ਪੰਜਾਬ ਦੇ ਸਕੂਲਾਂ ਵਾਸਤੇ ਖੇਡ ਅਧਿਆਪਕ ਭਰਤੀ ਕੀਤੇ। ਬਜਾਏ ਇਸ ਦੇ ਕਿ ਇਹ ਖਿਡਾਰੀ ਹੋਣ ਸਗੋਂ ਉਨ੍ਹਾਂ ਦੇ ਕੇਵਲ ਅਕਾਦਮਿਕ ਸਰਟੀਫਿਕੇਟਾਂ ਵਿੱਚ ਪ੍ਰਾਪਤ ਕੀਤੇ ਅੰਕਾਂ ਨੂੰ ਭਰਤੀ ਕਰਨ ਦਾ ਆਧਾਰ ਬਣਾਇਆ ਗਿਆ। ਇਹੀ ਹਾਲ ਖੇਡਾਂ ਦੇ ਅਧਿਆਪਕਾਂ ਦੀ ਤਰੱਕੀ ਨੀਤੀ ਦਾ ਹੈ। ਖੇਡ ਅਧਿਆਪਕ ਦੀ ਬੁਨਿਆਦੀ ਯੋਗਤਾ ਖੇਡਾਂ ਦੀ ਪ੍ਰਾਪਤੀ ਹੋਣੀ ਚਾਹੀਦੀ ਹੈ ਨਾ ਕਿ ਪਾਸ ਕੀਤੀਆਂ ਜਮਾਤਾਂ ਦੇ ਸਰਟੀਫਿਕੇਟ ਅਤੇ ਇਨ੍ਹਾਂ ਵਿੱਚ ਦਰਜ ਪ੍ਰਾਪਤ ਕੀਤੇ ਅੰਕ। ਇਹ ਹਾਲ ਕੇਵਲ ਪੰਜਾਬ ਦਾ ਹੀ ਨਹੀਂ ਹੈ ਸਗੋਂ ਇਹ ਤਾਂ ਪੂਰੇ ਭਾਰਤ ਦਾ ਹੈ। ਭਾਰਤ ਭਰ ਵਿੱਚ ਅਜਿਹੀਆਂ ਯੂਨੀਵਰਸਿਟੀਆਂ ਹਨ ਜਿਹੜੀਆਂ ਖੇਡ ਅਧਿਆਪਕ ਪੈਦਾ ਕਰਦੀਆਂ ਹਨ ਪਰ ਉਨ੍ਹਾਂ ਦੀ ਯੋਗਤਾ ਦਾ ਮਾਪਦੰਡ ਖੇਡਾਂ ਦੀ ਥਾਂ ਅਕਾਦਮਿਕ ਯੋਗਤਾ ਨੂੰ ਹੀ ਬਣਾਇਆ ਹੋਇਆ ਹੈ।
ਬੜਾ ਜ਼ਰੂਰੀ ਹੈ ਕਿ ਅਜਿਹੇ ਅਦਾਰੇ ਹੋਣੇ ਚਾਹੀਦੇ ਹਨ ਜਿਹੜੇ ਬੱਚੇ ਨੂੰ ਬਚਪਨ ਵਿੱਚ ਹੀ ਉਸ ਦੀ ਰੁਚੀ ਅਤੇ ਯੋਗਤਾ ਪਰਖਦੇ ਹੋਏ ਬਚਪਨ ਤੋਂ ਹੀ ਖਿਡਾਰੀ ਪੈਦਾ ਕਰਨ ਲਈ ਬਣਾਏ ਅਦਾਰਿਆਂ ਵਿੱਚ ਦਾਖਲ ਕਰਨ ਅਤੇ ਅੱਗੇ ਖੇਡਣ ਦੀ ਸਮੁੱਚੀ ਪ੍ਰਕਿਰਿਆ ਦੀ ਸਿਖਲਾਈ ਦੇਣ। ਸਕੂਲਾਂ ਵਿੱਚ ਪ੍ਰਾਇਮਰੀ ਪੱਧਰ ਤੋਂ ਹੀ ਨਿਪੁੰਨ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ ਤਾਂ ਜੋ ਇੱਥੋਂ ਖੇਡ ਪਨੀਰੀ ਮਿਲ  ਸਕੇ। ਸੈਕੰਡਰੀ ਅਧਿਆਪਕ ਦੀ ਭਰਤੀ ਦੀ ਯੋਗਤਾ ਖੇਡਾਂ ਵਿੱਚ ਪ੍ਰਾਪਤੀ ਹੋਣੀ ਚਾਹੀਦੀ ਹੈ ਨਾ ਕਿ ਕੇਵਲ ਜਮਾਤਾਂ ਪਾਸ ਕਰਨ ਦੇ ਸਰਟੀਫਿਕੇਟ। ਖਿਡਾਰੀਆਂ ਦੀ ਦੇਖਭਾਲ ਲਈ ਅਦਾਰੇ ਬਣਾਏ ਹੋਣ ਅਤੇ ਉਨ੍ਹਾਂ ਦੀ ਨਿਗਰਾਨੀ ਕੇਵਲ ਖੇਡ ਪ੍ਰਾਪਤੀਆਂ ਵਾਲੇ ਵਿਅਕਤੀ ਹੀ ਕਰਦੇ ਹੋਣ। ਇੱਥੇ ਪੈਸੇ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ ਹੈ। ਖੇਡ ਅਦਾਰਿਆਂ ਦੀ ਨਿਗਰਾਨੀ/ਪ੍ਰਬੰਧਨ ਵਾਸਤੇ ਕੁਝ ਹੀ ਅਜਿਹੇ ਵਿਅਕਤੀ ਹੋਣੇ ਚਾਹੀਦੇ ਹਨ ਜਿਹੜੇ ਪ੍ਰਬੰਧਕੀ ਕਾਰਜਾਂ ਦੀ ਨਿਪੁੰਨਤਾ ਵਾਲੇ ਹੋਣ। ਬਾਕੀ ਸਾਰਾ ਕਾਰਜ ਖਿਡਾਰੀਆਂ ਦੇ ਹੱਥ ਹੋਣਾ ਚਾਹੀਦਾ ਹੈ। ਪ੍ਰਬੰਧਕਾਂ ਦੀ ਰੁਚੀ ਵੀ ਖੇਡਾਂ ਨਾਲ ਸਬੰਧਤ ਹੋਣੀ ਚਾਹੀਦੀ ਹੈ। ਖੇਡ ਅਦਾਰੇ ਵਿੱਚ ਪੰਜ ਛੇ ਸਾਲ ਦੀ ਉਮਰ ਤੋਂ ਹੀ ਬੱਚੇ ਦਾ ਆ ਜਾਣਾ ਜ਼ਰੂਰੀ ਹੋਵੇ। ਖਿਡਾਰੀ ਦੀ ਪ੍ਰਾਪਤੀ ਕੇਵਲ ਸਥਾਨਕ ਪੱਧਰ ਦੇ ਮੁਕਾਬਲਿਆਂ ਤਕ ਹੀ ਸੀਮਤ ਨਹੀਂ ਹੁੰਦੀ ਹੈ ਸਗੋਂ ਇਹ ਤਾਂ ਕੌਮਾਂਤਰੀ ਪੱਧਰ 'ਤੇ ਪਹੁੰਚ ਕੇ ਆਪਣਾ ਸਹੀ ਸਥਾਨ ਨਿਰਧਾਰਤ ਕਰਦੀ ਹੈ। ਇਸ ਲਈ ਕਿਸੇ ਵੀ ਖਿਡਾਰੀ ਦਾ ਸਥਾਨ ਪੂਰਾ ਦੇਸ਼ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਸੂਬਾਈ ਪੱਧਰ ਤਕ ਸੀਮਤ ਨਹੀਂ ਕਰਨਾ ਚਾਹੀਦਾ। ਖਿਡਾਰੀ ਦੀ ਚੋਣ ਦਾ ਮਾਪਦੰਡ ਕੇਂਦਰੀ ਪੱਧਰ ਦਾ ਹੋਣਾ ਚਾਹੀਦਾ ਹੈ। ਖਿਡਾਰੀਆਂ ਅਤੇ ਵਿਗਿਆਨੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਮਿਆਰ ਕੌਮਾਂਤਰੀ ਪੱਧਰ ਦਾ ਹੋਣਾ ਚਾਹੀਦਾ ਹੈ। ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸਾਡੇ ਖਿਡਾਰੀ ਨੂੰ ਸਹੂਲਤਾਂ ਦੇਣ ਵੇਲੇ ਪੂਰੇ ਸੰਕੋਚ ਤੋਂ ਕੰਮ ਲਿਆ ਜਾਂਦਾ ਹੈ। ਇਹ ਵੇਖਣ ਵਿੱਚ ਆਇਆ ਹੈ ਕਿ ਕਿਸੇ ਵੀ ਪੱਧਰ 'ਤੇ ਖੇਡਾਂ ਨਾਲ ਸਬੰਧਤ ਵਿਅਕਤੀ ਨੂੰ ਆਮ ਤੌਰ 'ਤੇ ਨੀਵੇਂ ਪੱਧਰ 'ਤੇ ਰੱਖਿਆ ਜਾਂਦਾ ਹੈ। ਹਾਲਾਂਕਿ ਉਸ ਨੂੰ ਕਿਸੇ ਵੀ ਪ੍ਰਾਪਤੀ ਵਾਸਤੇ ਹੋਰ ਸਭ ਖੇਤਰਾਂ ਨਾਲੋਂ ਕਿਤੇ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਖੇਡਾਂ ਵਿੱਚ ਭਾਰਤ ਦਾ ਪਛੜੇਵਾਂ ਦੂਰ ਕਰਨ ਲਈ ਸਾਰਥਿਕ ਕਦਮ ਪੁੱਟੇ ਜਾਣ ਦੀ ਲੋੜ ਹੈ। ਇਹ ਕਦਮ ਖਿਡਾਰੀ ਦੇ ਬਚਪਨ ਤੋਂ ਸ਼ੁਰੂ ਕਰਕੇ ਖਿਡਾਰੀ ਦੇ ਬੁਢਾਪੇ ਤਕ ਦੀ ਪੂਰੀ ਦੇਖਭਾਲ ਵਾਲੇ ਹੋਣੇ ਚਾਹੀਦੇ ਹਨ। ਖਿਡਾਰੀ ਦਾ ਨਿਰਾਸ਼ ਹੋਣਾ ਬੇਹੱਦ ਮਾੜਾ ਸਾਬਤ ਹੋ ਰਿਹਾ ਹੈ।
ਗੁਰਦੀਪ ਸਿੰਘ ਢੁੱਡੀ

Comments (0)

Write comment

smaller | bigger

busy
You are here:   Homeਮੁੱਖ ਖਬਰਾਂਖੇਡ ਸਮਾਚਾਰਕਿਵੇਂ ਦੂਰ ਹੋਵੇ ਖੇਡਾਂ ਵਿੱਚ ਭਾਰਤ ਦਾ ਪਛੜੇਵਾਂ

Currency Converter

Amount:
From:
To:


Gurbani Radio


Gurbani - Sri Harmandir Sahib