Thursday, 16 August 2012 11:07
Print PDF

ਅੰਮ੍ਰਿਤਪਾਲ ਸਿੰਘ ਵਲ੍ਹਾਣ

30ਵੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੀ ਦੁਰਦਸ਼ਾ ਵੇਖ ਕੇ ਸਮੁੱਚੇ ਰਾਸ਼ਟਰ ਦੇ ਦਿਲ ਪਸੀਜੇ ਗਏ ਹਨ। ਕਿਸੇ ਵੀ ਭਾਰਤੀ ਹਾਕੀ ਪ੍ਰੇਮੀ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਸਾਡੀ ਰਾਸ਼ਟਰੀ ਖੇਡ ਹਾਕੀ ਦੀ ਟੀਮ ਨੂੰ ਆਪਣੀਆਂ ਵਿਰੋਧੀ ਟੀਮਾਂ ਕੋਲੋਂ ਲਗਾਤਾਰ ਨਮੋਸ਼ੀ ਭਰੀਆਂ ਹਾਰਾਂ ਝੱਲਣੀਆਂ ਪੈਣਗੀਆਂ। ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਹਰ ਵਿਰੋਧੀ ਟੀਮ ਖ਼ਿਲਾਫ਼ ਵਿਸ਼ੇਸ਼ ਯੋਜਨਾਬੰਦੀਆਂ ਬਣਾਈਆਂ ਹੋਣ ਦੇ ਬਿਆਨ ਦਾਗਣ ਵਾਲੇ ਭਾਰਤੀ ਟੀਮ ਦੇ ਹੀਰੋ ਡੱਚਾਂ ਨਾਲ ਹੋਏ ਪਹਿਲੇ ਮੈਚ ਨੂੰ ਛੱਡ ਦੂਜੇ ਸਾਰੇ ਮੈਚਾਂ ਦੌਰਾਨ ਵਿਰੋਧੀ ਟੀਮਾਂ ਅੱਗੇ ਲਾਚਾਰ ਤੇ ਬੇਵੱਸਾਂ ਦੀ ਤਰ੍ਹਾਂ ਖੇਡਦਿਆਂ ਟੀਮ ਨੂੰ ਇਕਤਰਫ਼ਾ ਹਾਰਾਂ ਦਿਵਾ ਕੇ ਮੈਦਾਨ 'ਚੋਂ ਜ਼ੀਰੋ ਹੋ ਕੇ ਨਿਕਲੇ। ਮੈਚਾਂ ਦੌਰਾਨ ਭਾਰਤੀ ਖਿਡਾਰੀਆਂ ਵਿੱਚ ਕਿਤੇ ਵੀ ਜਿੱਤ ਵਾਲਾ ਜੋਸ਼, ਜਨੂੰਨ ਅਤੇ ਜਜ਼ਬਾ ਨਜ਼ਰ ਨਹੀਂ ਆਇਆ, ਜਿਸ ਨੂੰ ਵੇਖ ਕੇ ਲੱਗਦਾ ਕਿ ਭਾਰਤੀ ਟੀਮ ਕੋਈ ਵੱਡਾ ਉਲਟ ਫੇਰ ਕਰਕੇ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਕੋਈ ਨਵਾਂ ਅਧਿਆਇ ਲਿਖ ਸਕਦੀ ਹੈ।
ਅੱਠ ਵਾਰ ਦੀ ਓਲੰਪਿਕ ਚੈਂਪੀਅਨ ਭਾਰਤੀ ਟੀਮ ਜਦੋਂ ਲੰਡਨ ਓਲੰਪਿਕ ਵਿੱਚ ਹਿੱਸਾ ਲੈਣ ਲਈ ਰੁਖਸਤ ਹੋਈ ਤਾਂ ਕਰੋੜਾਂ ਦੇਸ਼-ਵਾਸੀਆਂ ਨੂੰ ਉਮੀਦ ਜਾਗੀ ਕਿ ਸ਼ਾਇਦ ਇਸ ਵਾਰ ਭਾਰਤੀ ਖਿਡਾਰੀ ਵਿਰੋਧੀਆਂ ਨਾਲ ਖੇਡਦੇ ਸਮੇਂ ਮੈਦਾਨ ਵਿੱਚ ਆਪਣਾ ਸਭ ਕੁਝ ਝੋਕ ਕੇ ਕਈ ਸਾਲਾਂ ਤੋਂ

ਓਲੰਪਿਕ ਚੈਂਪੀਅਨ ਹੋਣ ਦਾ ਆਪਣਾ ਸਨਮਾਨ ਮੁੜ ਹਾਸਲ ਕਰ ਲੈਣ। ਹਾਲਾਂਕਿ ਜਿਸ ਤਰ੍ਹਾਂ ਪਹਿਲੀ ਵਾਰ ਭਾਰਤੀ ਹਾਕੀ ਟੀਮ ਨੇ 2008  ਪੇਇਚਿੰਗ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਤੋਂ ਵਾਂਝੀ ਰਹਿਣ ਦੇ ਸਦਮੇ ਵਿੱਚੋਂ ਉੱਭਰਕੇ ਓਲੰਪਿਕ ਕੁਆਲੀਫਾਈ ਟੂਰਨਾਮੈਂਟ ਵਿੱਚ ਗਜ਼ਬ ਦਾ ਪ੍ਰਦਰਸ਼ਨ ਵਿਖਾਇਆ ਅਤੇ ਧੜਾਧੜ ਵਿਰੋਧੀ ਟੀਮਾਂ ਵਿਰੁੱਧ 44 ਗੋਲ ਕੀਤੇ, ਉਨ੍ਹਾਂ ਨੂੰ ਵੇਖ ਕੇ ਅਜਿਹਾ ਮਹਿਸੂਸ ਹੋਇਆ ਕਿ ਭਾਰਤੀ ਟੀਮ ਦੇ ਦਿਨ ਮੁੜ ਫਿਰਨ ਵਾਲੇ ਹਨ ਅਤੇ ਸਾਡੇ ਹਾਕੀ ਖਿਡਾਰੀ ਲੰਡਨ ਓਲੰਪਿਕ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਕੇ ਆਪਣੇ ਵਿਰੋਧੀਆਂ ਨੂੰ ਜ਼ਰੂਰ ਵਖਤ ਪਾਉਣਗੇ। ਭਾਰਤੀ ਹਾਕੀ ਟੀਮ ਨੇ ਲੰਡਨ ਓਲੰਪਿਕ ਵਿੱਚ ਸ਼ੁਰੂਆਤ ਵੀ ਚੰਗੀ ਕੀਤੀ ਪਰ ਉਹ ਹਾਲੈਂਡ ਨੂੰ ਕਾਟੇਦਾਰ ਟੱਕਰ ਦੇ ਬਾਵਜੂਦ 3-2 ਗੋਲਾਂ ਦੇ ਅੰਤਰ ਨਾਲ ਹਾਰ ਗਈ। ਟੀਮ ਦੀ ਹਾਰ ਵੇਖ ਕੇ ਨਿਰਾਸ਼ਾ ਜ਼ਰੂਰ ਹੋਈ ਪਰ ਜਿੱਦਾਂ ਦਾ ਭਾਰਤੀਆਂ ਖਿਡਾਰੀਆਂ ਨੇ ਜੁਝਾਰੂ ਪ੍ਰਦਰਸ਼ਨ ਵਿਖਾਇਆ, ਉਸ ਨਾਲ ਉਮੀਦ ਬੱਝ ਗਈ ਸੀ ਕਿ ਕੋਈ ਗੱਲ ਨਹੀਂ, ਅਗਲੇ ਮੁਕਾਬਲੇ 'ਚ ਜ਼ਰੂਰ ਜਿੱਤਾਂਗੇ ਪਰ ਪ੍ਰੀਖਿਆ ਕਠਿਨ ਸੀ ਕਿਉਂਕਿ ਸੈਮੀਫਾਈਨਲ 'ਚ ਬਣੇ ਰਹਿਣ ਲਈ ਅਗਲਾ ਮੁਕਾਬਲਾ ਜਿੱਤਣਾ ਜ਼ਰੂਰੀ ਸੀ। ਨਿਊਜ਼ੀਲੈਂਡ ਵਿਰੁੱਧ ਭਾਰਤੀ ਟੀਮ ਕੋਲੋਂ ਜਿਸ ਕ੍ਰਿਸ਼ਮਈ ਪ੍ਰਦਰਸ਼ਨ ਦੀ ਆਸ ਸੀ, ਉਹ ਕੀਵੀਆਂ ਦੇ ਮੈਦਾਨੀ ਹਮਲਿਆਂ ਅੱਗੇ ਡਗਮਗਾ ਗਿਆ ਅਤੇ 3-1 ਗੋਲਾਂ ਦੇ ਅੰਤਰ ਨਾਲ ਮਾਤ ਖਾ ਕੇ ਭਾਰਤ ਤਗਮਾ ਸੂਚੀ 'ਚੋਂ ਬਾਹਰ ਹੋ ਗਿਆ। ਪੂਰੇ ਮੈਚ ਦੌਰਾਨ ਭਾਰਤੀ ਖਿਡਾਰੀਆਂ ਵਿੱਚ ਤਾਲਮੇਲ ਦੀ ਘਾਟ ਨਜ਼ਰ ਆਈ। ਭਾਰਤ ਦੇ ਡਰੈਗ ਫਲਿੱਕਰ ਸੰਦੀਪ ਸਿੰਘ ਤੇ ਵੀ. ਰਘੂਨਾਥ ਵੀ ਰੰਗ 'ਚ ਨਹੀਂ ਦਿਸੇ।
ਖਿਡਾਰੀਆਂ ਦੀ ਖਰਾਬ ਪਾਸਿੰਗ ਅਤੇ ਆਖਰੀ ਪਲਾਂ 'ਚ ਗੋਲ ਖਾਣ ਦੀ ਆਦਤ ਨੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਮੁੜ ਸਰਦਾਰੀ ਕਾਇਮ ਹੋਣ ਦੀਆਂ ਸਾਰੀਆਂ ਉਮੀਦਾਂ ਤੋੜ ਦਿੱਤੀਆਂ। ਲਗਾਤਾਰ ਦੋ ਵੱਡੀਆਂ ਹਾਰਾਂ ਝੱਲਣ ਮਗਰੋਂ ਭਾਰਤੀ ਖਿਡਾਰੀਆਂ ਦਾ ਮਨੋਬਲ ਬੁਰੀ ਤਰ੍ਹਾਂ ਡਿੱਗ ਪਿਆ ਅਤੇ ਉਹ ਵਰਤਮਾਨ ਓਲੰਪਿਕ ਚੈਪੀਂਅਨ ਜਰਮਨੀ ਦੀ ਟੀਮ ਅੱਗੇ ਵੀ ਗੋਡੇ ਟੇਕ ਹਾਰਾਂ ਦੀ ਹੈਟ੍ਰਿਕ ਬਣਾ ਗਏ। ਭਾਰਤੀਆਂ ਕੋਲ ਜਰਮਨ ਦੀ ਤੇਜ਼-ਤਰਾਰ ਖੇਡ ਦਾ ਕੋਈ ਤੋੜ ਨਹੀਂ ਸੀ ਅਤੇ ਉਨ੍ਹਾਂ ਜਦੋਂ ਚਾਹਿਆ, ਗੋਲ ਕੀਤੇ। ਫਿਰ ਦੱਖਣੀ ਕੋਰੀਆ, ਬੈਲਜ਼ੀਅਮ ਅਤੇ ਦੱਖਣੀ ਅਫ਼ਰੀਕਾ ਹੱਥੋਂ ਨਮੋਸ਼ੀ ਭਰੀਆਂ ਹਾਰਾਂ ਨੇ ਭਾਰਤੀ ਹਾਕੀ ਪ੍ਰੇਮੀਆਂ ਦੇ ਦਿਲ ਤੋੜ ਦਿੱਤੇ। ਭਾਰਤੀ ਹਾਕੀ ਟੀਮ 12 ਦੇਸ਼ਾਂ ਦੀਆਂ ਟੀਮਾਂ ਵਿੱਚੋਂ ਸਭ ਤੋਂ ਫਾਡੀ ਰਹੀ।
ਭਾਰਤੀ ਟੀਮ ਦੇ ਨਿਘਾਰ ਵੱਲ ਗਏ ਪ੍ਰਦਰਸ਼ਨ ਨੂੰ ਵੇਖ ਕੇ ਹਰ ਹਾਕੀ ਪ੍ਰੇਮੀ ਦੇ ਮਨ ਵਿੱਚ ਇਹੋ ਸਵਾਲ ਉੱਠਿਆ ਕਿ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਖੇਡਾਂ ਵਿੱਚ ਦੇਸ਼ ਨੂੰ ਸ਼ਰਮਸਾਰ ਕਰਨ ਲਈ ਓਲੰਪਿਕ ਦੀਆਂ ਤਿਆਰੀਆਂ 'ਤੇ 18 ਕਰੋੜ 18 ਲੱਖ ਰੁਪਏ ਖਰਚੇ ਸਨ! ਪਿਛਲੇ ਅੱਠ ਸਾਲ ਭਾਰਤੀ ਖਿਡਾਰੀਆਂ ਨੇ ਓਲੰਪਿਕ ਲਈ ਇਹੋ ਜਿਹੀ ਤਿਆਰੀ ਕੀਤੀ ਸੀ ਕਿਉਂਕਿ ਹਾਕੀ ਵਿੱਚ ਜਿੱਥੇ ਅਸੀਂ 8 ਸਾਲ ਪਹਿਲਾਂ ਖੜੇ ਸੀ, ਅੱਜ ਵੀ ਉੱਥੇ ਹੀ ਹਾਂ। ਕੀ ਹਾਕੀ ਫੈਡਰੇਸ਼ਨ ਜਾਂ ਫਿਰ ਚੋਣ-ਕਰਤਾ ਨੂੰ ਸਵਾ ਅਰਬ ਦੀ ਅਬਾਦੀ ਵਾਲੇ ਭਾਰਤ ਦੇਸ਼ ਵਿੱਚੋਂ ਕਾਬਲ ਤੇ ਯੋਗ 16 ਹਾਕੀ ਖਿਡਾਰੀ ਹੀ ਨਹੀਂ ਲੱਭ ਰਹੇ। ਅਗਾਮੀ ਦਸੰਬਰ ਮਹੀਨੇ ਵਿੱਚ ਵਿਸ਼ਵ ਪੱਧਰੀ ਹਾਕੀ ਚੈਂਪੀਅਨਸ਼ਿਪ ਹੋ ਰਹੀ ਹੈ ਜਿਸ ਵਿੱਚ ਸ਼ਾਮਲ 8 ਟੀਮਾਂ 'ਚ ਭਾਰਤੀ ਟੀਮ ਵੀ ਸ਼ਾਮਲ ਹੈ। ਹੁਣ ਸਮਾਂ ਆ ਗਿਆ ਹੈ ਕਿ ਹਰ ਚਾਰ ਸਾਲਾਂ ਪਿੱਛੋਂ ਸ਼ਰਮਿੰਦੇ ਕਰਨ ਵਾਲੇ ਹਾਰ ਦੇ ਕਾਰਨਾਂ ਨੂੰ ਘੋਖਿਆ ਜਾਵੇ ਅਤੇ ਅਗਾਮੀ ਸਮੇਂ ਵਿੱਚ ਦੇਸ਼ ਨੂੰ ਹਾਕੀ ਵਿੱਚ ਬੇਇੱਜ਼ਤ ਹੋਣ ਤੋਂ ਬਚਾਇਆ ਜਾਵੇ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਖੇਡ ਸਮਾਚਾਰਹਾਕੀ ਟੀਮ ਦੀ ਹਾਰ ਲਈ ਜ਼ਿੰਮੇਵਾਰ ਕੌਣ?

Currency Converter

Amount:
From:
To:


Gurbani Radio


Gurbani - Sri Harmandir Sahib