
ਨਵੀਂ ਦਿੱਲੀ -ਵੀ. ਵੀ. ਐੱਸ. ਲਕਸ਼ਮਣ ਦੇ ਅਚਾਨਕ ਸੰਨਿਆਸ ਲੈਣ ਦੇ ਐਲਾਨ ਕਰਨ ਤੋਂ ਵਿਵਾਦ ਪੈਦਾ ਹੋ ਗਿਆ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਕਲਾਤਮਕ ਬੱਲੇਬਾਜ਼ ਨਾਲ ਕ੍ਰਿਕਟ ਬੋਰਡ ਤੇ ਚੋਣ ਕਮੇਟੀ ਨੇ ਚੰਗਾ ਵਿਵਹਾਰ ਨਹੀਂ ਕੀਤਾ। ਲਕਸ਼ਮਣ ਨੂੰ ਨਿਊਜ਼ੀਲੈਂਡ ਵਿਰੁੱਧ 23 ਅਗਸਤ ਤੋਂ ਉਸਦੇ ਗ੍ਰਹਿ-ਨਗਰ ਹੈਦਰਾਬਾਦ ਵਿਚ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਲਈ ਟੀਮ ਵਿਚ ਚੁਣਿਆ ਗਿਆ ਸੀ ਪਰ ਉਸ ਨੇ ਤੁਰੰਤ ਪ੍ਰਭਾਵ ਨਾਲ ਸੰਨਿਆਸ ਲੈਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨੀ ਵਿਚ ਪਾ ਦਿੱਤਾ।
ਸਭ ਤੋਂ ਹੈਰਾਨੀ ਦੀ ਗੱਲ ਇਹ ਰਹੀ ਕਿ 134 ਟੈਸਟ ਮੈਚ ਖੇਡਣ ਤੇ ਇਨ੍ਹਾਂ ਵਿਚੋਂ ਕਈਆਂ ਵਿਚ ਦੇਸ਼ ਨੂੰ ਜਿੱਤ ਦਿਵਾਉਣ ਵਾਲੇ ਲਕਸ਼ਮਣ ਨੇ ਆਪਣੇ ਘਰੇਲੂ ਦਰਸ਼ਕਾਂ ਸਾਹਮਣੇ ਵਿਦਾਈ ਟੈਸਟ ਮੈਚ ਖੇਡਣ ਦਾ ਮੌਕਾ ਵੀ ਠੁਕਰਾ ਦਿੱਤਾ। ਆਖਿਰ ਲਕਸ਼ਮਣ ਦੇ ਅਚਾਨਕ ਸੰਨਿਆਸ ਲੈਣ ਦੇ
ਐਲਾਨ ਪਿੱਛੇ ਕੀ ਰਾਜ ਹੈ? ਇਹ ਕਿਸੇ ਨੂੰ ਪਤਾ ਨਹੀਂ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਹੈਦਰਾਬਾਦ ਦਾ ਇਹ ਮਹਾਨ ਬੱਲੇਬਾਜ਼ ਪਿਛਲੇ ਕੁਝ ਹਫਤਿਆਂ ਦੀਆਂ ਘਟਨਾਵਾਂ ਤੋਂ ਜਾਣੂ ਸੀ। ਲਕਸ਼ਮਣ ਨੇ ਆਪਣੇ ਵਲੋਂ ਕੋਈ ਸੁਰਾਗ ਨਹੀਂ ਛੱਡਿਆ ਕਿ ਆਖਰ ਉਸ ਨੇ ਸੰਨਿਆਸ ਕਿਉਂ ਲਿਆ। ਉਸ ਨੇ ਸਿਰਫ ਇੰਨਾ ਕਿਹਾ ਕਿ ਉਸ ਨੇ ਆਪਣੀ ਅੰਤਰਆਤਮਾ ਦੀ ਆਵਾਜ਼ ਸੁਣੀ ਤੇ ਫੈਸਲਾ ਕੀਤਾ।