Thursday, 06 September 2012 10:51
Print PDF

ਹਾਲ ਹੀ ਵਿੱਚ ਖ਼ਤਮ ਹੋਈਆਂ ਲੰਡਨ ਓਲੰਪਿਕ ਖੇਡਾਂ 'ਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਨੇ ਇੱਕ ਵਾਰ ਫਿਰ ਪੂਰੇ ਮੁਲਕ ਨੂੰ ਨਿਰਾਸ਼ ਕੀਤਾ ਹੈ। ਓਲੰਪਿਕ ਖੇਡਾਂ 'ਚ ਆਪਣੇ ਇਤਿਹਾਸ ਨੂੰ ਦੁਹਰਾਉਂਦਿਆਂ ਇਸ ਵਾਰ ਵੀ ਤਗਮਾ ਸੂਚੀ 'ਚ ਭਾਰਤ ਦਾ ਸਥਾਨ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਪਿੱਛੇ ਰਿਹਾ। ਖੇਡਾਂ ਦੇ ਮਾਮਲੇ ਵਿੱਚ ਸਾਡਾ ਮੁਲਕ ਅਜੇ ਵੀ ਦੁਨੀਆਂ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਜ਼ੀਰੋ ਹੈ। ਇਸ ਨੂੰ ਭਾਰਤੀ ਖੇਡ ਜਗਤ ਦੀ ਤ੍ਰਾਸਦੀ ਹੀ ਕਿਹਾ ਜਾ ਸਕਦਾ ਹੈ ਕਿ ਅਬਾਦੀ ਅਤੇ ਆਕਾਰ ਦੇ ਮਾਮਲੇ 'ਚ ਸਾਡੇ ਦੇਸ਼ ਨਾਲੋਂ ਬਹੁਤ ਹੀ ਛੋਟੇ ਦੇਸ਼ਾਂ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸਾਡੇ ਖਿਡਾਰੀਆਂ ਨਾਲੋਂ ਕਈ ਦਰਜੇ ਬਿਹਤਰ ਹੁੰਦਾ ਹੈ। ਕੌਮਾਂਤਰੀ ਪੱਧਰ 'ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਅਮਰੀਕਾ, ਚੀਨ, ਜਾਪਾਨ, ਆਸਟਰੇਲੀਆ, ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਖਿਡਾਰੀ ਹਮੇਸ਼ਾਂ ਹੀ ਭਾਰਤੀ ਖਿਡਾਰੀਆਂ ਨਾਲੋਂ ਅੱਗੇ ਰਹਿੰਦੇ ਹਨ। ਸਵਾ ਸੌ ਕਰੋੜ ਤੋਂ ਵੀ ਵੱਧ ਅਬਾਦੀ ਵਾਲੇ ਸਾਡੇ ਦੇਸ਼ ਵਿੱਚ ਪ੍ਰਤਿਭਾ ਦੀ ਘਾਟ ਹੋਵੇ ਇਹ ਤਾਂ ਨਾ ਮੁਮਕਿਨ ਹੈ। ਫਿਰ ਵੀ ਦੁਨੀਆਂ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਨੀਵੇਂ ਦਰਜੇ ਦਾ ਕਿਉਂ ਹੁੰਦਾ ਹੈ? ਇਹ ਇੱਕ ਅਜਿਹਾ ਸੁਆਲ ਹੈ ਜੋ ਸਾਡੇ ਦੇਸ਼ ਦੇ ਕਰੋੜਾਂ ਖੇਡ ਪ੍ਰੇਮੀਆਂ ਦੇ ਜਿਹਨ ਵਿੱਚ ਰੜਕਦਾ ਰਹਿੰਦਾ ਹੈ। ਲਗਪਗ ਸਾਰੀਆਂ ਹੀ ਖੇਡਾਂ ਵਿੱਚ ਸਾਡੇ ਦੇਸ਼ ਦੀਆਂ ਟੀਮਾਂ ਦਾ ਪ੍ਰਦਰਸ਼ਨ ਦੂਜੇ ਦੇਸ਼ਾਂ ਦੇ

 ਮੁਕਾਬਲੇ ਪਛੜਿਆ ਹੋਇਆ ਹੈ।
ਇਸ ਵਾਰ ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਆਪਣਾ ਹੁਣ ਤਕ ਦਾ ਬਿਹਤਰ ਪ੍ਰਦਰਸ਼ਨ ਕਰਦਿਆਂ 2 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤੇ ਪਰ ਹਾਲੇ ਵੀ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਦਾ ਪ੍ਰਦਰਸ਼ਨ ਕਾਫ਼ੀ ਪਛੜਿਆ ਹੋਇਆ ਰਿਹਾ। ਤਗਮਾ ਸੂਚੀ 'ਚ ਭਾਰਤ 55ਵੇਂ ਨੰਬਰ 'ਤੇ ਰਿਹਾ। ਇਸ ਵਾਰ ਤਗਮਾ ਸੂਚੀ ਦੀ ਖਾਸ ਗੱਲ ਇਹ ਰਹੀ ਕਿ ਇੱਕ ਵੀ ਸੋਨ ਤਗਮਾ ਨਾ ਜਿੱਤਣ ਵਾਲੇ ਮੁਲਕਾਂ ਦੀ ਸੂਚੀ ਵਿੱਚ ਸਾਡਾ ਦੇਸ਼ ਪਹਿਲੇ ਨੰਬਰ 'ਤੇ ਰਿਹਾ।
ਓਲੰਪਿਕ ਖੇਡਾਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਭਾਰਤ ਨੇ ਹੁਣ ਤਕ 23 ਵਾਰ ਓਲੰਪਿਕ ਖੇਡਾਂ 'ਚ ਹਿੱਸਾ ਲਿਆ ਹੈ ਅਤੇ ਕੁੱਲ 26 ਤਗਮੇ ਜਿੱਤੇ ਹਨ। ਸਭ ਤੋਂ ਪਹਿਲੀ ਵਾਰ ਭਾਰਤ ਨੇ ਸਾਲ 1900 'ਚ ਪੈਰਿਸ ਵਿੱਚ ਹੋਈਆਂ ਓਲੰਪਿਕ ਖੇਡਾਂ 'ਚ ਭਾਗ ਲਿਆ ਅਤੇ 2 ਚਾਂਦੀ ਦੇ ਤਗਮੇ ਜਿੱਤ ਕੇ 20 ਦੇਸ਼ਾਂ ਦੀ ਮੈਡਲ ਸੂਚੀ ਵਿੱਚ 17ਵਾਂ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ 1904, 1908 ਅਤੇ 1912 ਵਿੱਚ ਹੋਈਆਂ ਓਲੰਪਿਕ ਖੇਡਾਂ 'ਚ ਭਾਰਤ ਨੇ ਹਿੱਸਾ ਨਹੀਂ ਲਿਆ ਜਦੋਂਕਿ 1916 ਦੀਆਂ ਓਲੰਪਿਕ ਖੇਡਾਂ ਪਹਿਲੇ ਵਿਸ਼ਵ ਯੁੱਧ ਕਾਰਨ ਰੱਦ ਕਰਨੀਆਂ ਪਈਆਂ। 1920 ਅਤੇ 1924 ਵਿੱਚ ਕੋਈ ਵੀ ਭਾਰਤੀ ਖਿਡਾਰੀ ਤਗਮਾ ਨਹੀਂ ਜਿੱਤ ਸਕਿਆ। 1928 ਵਿੱਚ ਭਾਰਤੀ ਹਾਕੀ ਟੀਮ ਨੇ ਸੋਨ ਤਗਮਾ ਜਿੱਤ ਕੇ ਤਗਮਾ ਸੂਚੀ ਵਿੱਚ ਨਿਊਜ਼ੀਲੈਂਡ, ਆਇਰਲੈਂਡ, ਸਪੇਨ ਅਤੇ ਉਰੂਗੁਏ ਨਾਲ 24ਵੇਂ ਸਥਾਨ 'ਤੇ ਕਬਜ਼ਾ ਕੀਤਾ। 1932 ਵਿੱਚ ਵੀ ਭਾਰਤ ਨੇ ਹਾਕੀ ਵਿੱਚ ਸੋਨ ਤਗਮਾ ਜਿੱਤਿਆ ਅਤੇ 27 ਦੇਸ਼ਾਂ ਦੀ ਤਗਮਾ ਸੂਚੀ ਵਿੱਚ 19ਵੇਂ ਸਥਾਨ 'ਤੇ ਰਿਹਾ। ਇਸੇ ਤਰ੍ਹਾਂ 1936 ਦੀਆਂ ਖੇਡਾਂ 'ਚ ਵੀ ਭਾਰਤੀ ਹਾਕੀ ਟੀਮ ਨੇ ਇੱਕ ਵਾਰ ਫਿਰ ਆਪਣਾ ਜਲਵਾ ਦਿਖਾਉਂਦਿਆਂ ਸੋਨ ਤਗਮਾ ਜਿੱਤਿਆ ਅਤੇ ਤਗਮਾ ਸੂਚੀ 'ਚ ਭਾਰਤ, ਨਿਊਜ਼ੀਲੈਂਡ ਨਾਲ ਸਾਂਝੇ ਰੂਪ ਨਾਲ 20ਵੇਂ ਸਥਾਨ 'ਤੇ ਰਿਹਾ।
ਇਸ ਤੋਂ ਬਾਅਦ 1940 ਅਤੇ 1944 ਦੀਆਂ ਓਲੰਪਿਕ ਖੇਡਾਂ ਦੂਜੇ ਵਿਸ਼ਵ ਯੁੱਧ ਕਾਰਨ ਨਹੀਂ ਹੋ ਸਕੀਆਂ ਅਤੇ 1948 ਵਿੱਚ ਹਾਕੀ ਵਿੱਚ ਸੋਨ ਤਗਮਾ ਜਿੱਤ ਕੇ ਭਾਰਤ, ਪੇਰੂ ਨਾਲ ਸਾਂਝੇ ਰੂਪ ਵਿੱਚ 22ਵੇਂ ਸਥਾਨ 'ਤੇ ਰਿਹਾ। 1952 'ਚ ਇੱਕ ਸੋਨ ਅਤੇ ਇੱਕ ਕਾਂਸੀ ਦੇ ਤਗਮੇ ਨਾਲ ਭਾਰਤ 26ਵੇਂ, 1956 'ਚ ਇੱਕ ਸੋਨ ਤਗਮੇ ਨਾਲ ਬਰਾਜ਼ੀਲ ਨਾਲ ਸਾਂਝੇ ਰੂਪ ਵਿੱਚ 24ਵੇਂ ਸਥਾਨ 'ਤੇ ਰਿਹਾ। 1960 ਵਿੱਚ ਫਿਰ ਭਾਰਤੀ ਹਾਕੀ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਇਸ ਵਾਰ ਭਾਰਤ 6 ਦੇਸ਼ਾਂ ਨਾਲ ਸਾਂਝੇ ਰੂਪ ਵਿੱਚ 32ਵੇਂ ਸਥਾਨ 'ਤੇ ਰਿਹਾ। 1964 ਵਿੱਚ ਹਾਕੀ 'ਚ ਸੋਨ ਤਗਮਾ ਜਿੱਤ ਕੇ ਸਾਡਾ ਮੁਲਕ ਬਹਾਮਸ ਅਤੇ ਇਥੋਪੀਆ ਨਾਲ ਸਾਂਝੇ ਤੌਰ 'ਤੇ 24ਵੇਂ ਸਥਾਨ ਉੱਤੇ ਰਿਹਾ। 1968 ਦੀਆਂ ਖੇਡਾਂ ਦੀ ਤਗਮਾ ਸੂਚੀ ਵਿੱਚ ਭਾਰਤ 42ਵੇਂ, 1972 'ਚ 43ਵੇਂ ਸਥਾਨ 'ਤੇ ਰਿਹਾ ਜਦੋਂਕਿ 1976 'ਚ ਕੋਈ ਵੀ ਭਾਰਤੀ ਖਿਡਾਰੀ ਤਗਮਾ ਨਾ ਜਿੱਤ ਸਕਿਆ। 1980 'ਚ ਭਾਰਤੀ ਹਾਕੀ ਟੀਮ ਨੇ ਆਖਰੀ ਵਾਰ ਸੋਨ ਤਗਮਾ ਜਿੱਤਿਆ ਅਤੇ ਭਾਰਤ ਬੈਲਜ਼ੀਅਮ ਅਤੇ ਜਿੰਬਾਬਵੇ ਨਾਲ ਸਾਂਝੇ ਤੌਰ 'ਤੇ 23ਵੇਂ ਸਥਾਨ ਉੱਤੇ ਰਿਹਾ। ਇਸ ਤੋਂ ਬਾਅਦ 1984, 1988, ਅਤੇ 1992 ਦੀਆਂ ਖੇਡਾਂ ਦੌਰਾਨ ਵੀ ਭਾਰਤੀ ਖਿਡਾਰੀ ਤਗਮੇ ਜਿੱਤਣ ਲਈ ਤਰਸਦੇ ਰਹੇ।
ਸਾਲ 1996 ਦੀਆਂ ਖੇਡਾਂ 'ਚ ਭਾਰਤ ਲਈ ਇੱਕੋ-ਇੱਕ ਕਾਂਸੀ ਦਾ ਤਗਮਾ ਲਿਏਂਡਰ ਪੇਸ ਨੇ ਜਿੱਤਿਆ ਅਤੇ ਤਗਮਾ ਸੂਚੀ 'ਚ ਭਾਰਤ 8 ਹੋਰ ਦੇਸ਼ਾਂ ਨਾਲ ਸਾਂਝੇ ਰੂਪ 'ਚ ਆਖਰੀ ਸਥਾਨ 'ਤੇ ਰਿਹਾ। ਸਾਲ 2000 ਦੀਆਂ ਖੇਡਾਂ 'ਚ ਵੀ ਭਾਰਤ ਦੇ ਪੱਲੇ ਸਿਰਫ਼ ਇੱਕ ਕਾਂਸੀ ਦਾ ਤਗਮਾ ਪਿਆ ਅਤੇ ਇਸ ਵਾਰ ਵੀ ਭਾਰਤ 9 ਦੇਸ਼ਾਂ ਨਾਲ ਆਖਰੀ ਸਥਾਨ 'ਤੇ ਰਿਹਾ। 2004 ਦੀਆਂ ਖੇਡਾਂ 'ਚ ਰਾਜਵਰਧਨ ਰਾਠੌੜ ਨੇ ਸ਼ੂਟਿੰਗ 'ਚ ਕਾਂਸੀ ਤਗਮਾ ਜਿੱਤਿਆ ਅਤੇ ਸਾਡਾ ਦੇਸ਼ ਹਾਂਗਕਾਂਗ ਅਤੇ ਪੈਰਾਗੁਏ ਨਾਲ 65ਵੇਂ ਸਥਾਨ 'ਤੇ ਰਿਹਾ। 2008 'ਚ ਹੋਈਆਂ ਖੇਡਾਂ 'ਚ ਜਦੋਂ 'ਪੰਜਾਬੀ ਪੁੱਤ' ਅਭਿਨਵ ਬਿੰਦਰਾ ਨੇ ਵਿਅਕਤੀਗਤ ਰੂਪ ਵਿੱਚ ਦੇਸ਼ ਲਈ ਪਹਿਲਾ ਸੋਨ ਤਗਮਾ ਜਿੱਤਿਆ ਤਾਂ ਭਾਰਤ ਨੂੰ 2 ਹੋਰ ਚਾਂਦੀ ਦੇ ਤਗਮੇ ਹਾਸਲ ਹੋਏ ਅਤੇ ਤਗਮਾ ਸੂਚੀ 'ਚ ਭਾਰਤ ਦਾ ਸਥਾਨ 50ਵਾਂ ਰਿਹਾ। ਇਸ ਵਾਰ ਦੀਆਂ ਲੰਡਨ ਓਲੰਪਿਕ ਖੇਡਾਂ 'ਚ ਭਾਰਤ ਦਾ ਹੁਣ ਤਕ ਦਾ ਸਭ ਤੋਂ ਬਿਹਤਰ ਪ੍ਰਦਰਸ਼ਨ ਰਿਹਾ ਅਤੇ ਭਾਰਤੀ ਖਿਡਾਰੀਆਂ ਨੇ 2 ਚਾਂਦੀ ਅਤੇ 4 ਕਾਂਸੀ ਦੇ ਤਗਮਿਆਂ ਸਮੇਤ 6 ਤਗਮੇ ਜਿੱਤ ਕੇ ਤਗਮਾ ਸੂਚੀ ਵਿੱਚ 55ਵੇਂ ਸਥਾਨ 'ਤੇ ਕਬਜ਼ਾ ਕੀਤਾ।
ਅੱਜ ਅਬਾਦੀ ਦੇ ਮਾਮਲੇ ਵਿੱਚ ਭਾਵੇਂ ਅਸੀਂ ਚੀਨ ਨੂੰ ਪਛਾੜ ਕੇ ਨੰਬਰ ਇੱਕ ਦੀ ਕੁਰਸੀ ਹਾਸਲ ਕਰਨ ਜਾ ਰਹੇ ਹਾਂ ਪਰ ਖੇਡਾਂ ਦੇ ਮਾਮਲੇ ਵਿੱਚ ਅੱਜ ਵੀ ਅਸੀਂ ਬਹੁਤ ਸਾਰੇ ਦੇਸ਼ਾਂ ਦੇ ਨੇੜੇ-ਤੇੜੇ ਨਹੀਂ ਪਹੁੰਚ ਸਕੇ। ਅੱਜ ਵਕਤ ਦਾ ਤਕਾਜ਼ਾ ਸਵਾ ਸੌ ਕਰੋੜ ਦੀ ਅਬਾਦੀ ਵਿੱਚੋਂ 'ਛੁਪੇ ਰੁਸਤਮਾਂ' ਨੂੰ ਪਛਾਣ ਕੇ ਉਨ੍ਹਾਂ ਨੂੰ ਨਿਖਾਰਨ ਦਾ ਹੈ। ਖਿਡਾਰੀਆਂ ਨੂੰ ਸਹੂਲਤਾਂ ਦੇ ਕੇ ਉਤਸ਼ਾਹ ਵਧਾਊ ਨੀਤੀਆਂ ਬਣਾਈਆ ਜਾਣ ਤਾਂ ਜੋ ਸਾਡੇ ਦੇਸ਼ ਦੇ ਖਿਡਾਰੀ ਵੀ ਦੂਜੇ ਦੇਸ਼ਾਂ ਦੇ ਖਿਡਾਰੀਆਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕਰ ਸਕਣ ਅਤੇ ਬਿਹਤਰ ਨਤੀਜਿਆਂ ਦੀ ਆਸ ਬੱਝ ਸਕੇ। ਖਿਡਾਰੀਆਂ ਲਈ ਉਤਸ਼ਾਹ ਵਧਾਊ ਨੀਤੀਆਂ ਬਣਾ ਕੇ ਉਨ੍ਹਾਂ ਖਿਡਾਰੀਆਂ ਨੂੰ ਵਧੀਆ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਖੇਡਾਂ ਦੇ ਮਾਮਲੇ ਵਿੱਚ ਸਾਡਾ ਦੇਸ਼ ਵੀ ਤਰੱਕੀ ਦੀਆਂ ਮੰਜ਼ਿਲਾਂ ਨੂੰ ਸਰ ਕਰਦਾ ਹੋਇਆ ਅੱਗੇ ਵਧ ਸਕੇ।
-ਮੋਹਿਤ ਵਰਮਾ

Comments (0)

Write comment

smaller | bigger

busy
You are here:   Homeਮੁੱਖ ਖਬਰਾਂਖੇਡ ਸਮਾਚਾਰਖੇਡ ਜਗਤ ਵਿਚ ਵੱਡੇ ਸੁਧਾਰਾਂ ਦੀ ਲੋੜ

Currency Converter

Amount:
From:
To:


Gurbani Radio


Gurbani - Sri Harmandir Sahib