
ਪੰਜਾਬ ਨੂੰ ਕਦੇ ਖੇਡਾਂ ਦੇ ਪੰਘੂੜੇ ਦਾ ਰੁਤਬਾ ਹਾਸਲ ਸੀ ਜਿਸ ਦੀ ਤਾਈਦ ਪੰਜਾਬ 'ਚੋਂ ਪੈਦਾ ਹੋਏ ਓਲੰਪੀਅਨਾਂ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਦੀ ਤਾਦਾਦ ਤੋਂ ਸਹਿਜੇ ਹੀ ਹੋ ਜਾਂਦੀ ਹੈ। ਜਿੰਨੇ ਓਲੰਪੀਅਨ ਅਤੇ ਤਗਮਾ ਜੇਤੂ ਖਿਡਾਰੀ ਪੰਜਾਬ ਨੇ ਪੈਦਾ ਕੀਤੇ ਹਨ, ਉਨ੍ਹੇ ਸਾਰੇ ਹਿੰਦੁਸਤਾਨ ਨੇ ਨਹੀਂ ਕੀਤੇ। ਹਾਕੀ ਅਤੇ ਅਥਲੈਟਿਕਸ 'ਚ ਤਾਂ ਪੰਜਾਬੀਆਂ ਤੋਂ ਬਿਨਾਂ ਟੀਮਾਂ ਹੀ ਨਹੀਂ ਬਣਦੀਆਂ ਸਨ। ਸਾਲ 1968 ਵਾਲੀ ਮੈਕਸੀਕੋ ਓਲੰਪਿਕ ਵਿੱਚ ਹਾਕੀ ਦੇ 11 ਖਿਡਾਰੀਆਂ 'ਚੋਂ 9 ਖਿਡਾਰੀ ਪੰਜਾਬ ਦੇ ਖੇਡਦੇ ਸਨ। ਜੂੜਿਆਂ 'ਤੇ ਰੁਮਾਲਾਂ ਬੰਨ੍ਹ ਕੇ ਜਦੋਂ ਪੰਜਾਬੀ ਖਿਡਾਰੀ ਹਾਕੀ ਦੇ ਹੁਨਰ ਦਾ ਮੁਜ਼ਾਹਰਾ ਕਰਦੇ ਸਨ ਤਾਂ ਬਾਹਰਲੇ ਮੁਲਕਾਂ ਦੇ ਲੋਕ ਮੂੰਹ 'ਚ ਉਂਗਲਾਂ ਪਾ ਕੇ ਸੋਚਣ ਲਈ ਮਜਬੂਰ ਸਨ ਕਿ ਕਿਤੇ ਇਹ ਜੂੜਿਆਂ ਦੀ ਹੀ ਕਰਾਮਾਤ ਤਾਂ ਨਹੀਂ ਜੋ ਇਹ ਬਾਲ ਅਤੇ ਹਾਕੀ ਨਾਲ ਅਠਖੇਲੀਆਂ ਕਰੀ ਜਾਂਦੇ ਹਨ। ਸੰਨ 1982 ਦੀਆਂ ਦਿੱਲੀ ਵਾਲੀਆਂ 9ਵੀਆਂ ਏਸ਼ੀਅਨ ਖੇਡਾਂ 'ਚ ਪੰਜਾਬੀਆਂ ਦਾ ਇੰਨਾ ਦਬਦਬਾ ਸੀ ਕਿ ਇਉਂ ਜਾਪਦਾ ਸੀ ਜਿਵੇਂ ਇਹ ਖੇਡਾਂ ਹਿੰਦੁਸਤਾਨ ਦੀਆਂ ਨਹੀਂ ਸਗੋਂ ਪੰਜਾਬੀਆਂ ਦੀਆਂ ਹੋ ਨਿੱਬੜੀਆਂ ਹੋਣ। ਬਦਕਿਸਮਤੀ ਨਾਲ ਉਸ ਤੋਂ ਬਾਅਦ ਅਜਿਹੀ ਨਜ਼ਰ ਲੱਗੀ ਕਿ ਪੰਜਾਬ ਦੀ ਅਜਾਰੇਦਾਰੀ ਘਟਦੀ-ਘਟਦੀ ਅਨੁਪਾਤਾਂ 'ਚ ਸਿਮਟ ਕੇ
ਰਹਿ ਗਈ। ਪਿਛਲੀਆਂ ਰਾਸ਼ਟਰੀ ਖੇਡਾਂ 'ਚ ਪੰਜਾਬ ਨੌਵੇਂ ਸਥਾਨ 'ਤੇ ਲੁਟਕ ਗਿਆ ਅਤੇ ਲੰਡਨ ਓਲੰਪਿਕ ਖੇਡਾਂ ਦਾ ਹਸ਼ਰ ਸਾਡੇ ਸਾਹਮਣੇ ਹੈ।
ਜਿੱਥੇ ਇਸ ਨਮੋਸ਼ੀਜਨਕ ਸਥਿਤੀ ਦੇ ਕੁਝ ਵਿਵਹਾਰਕ ਅਤੇ ਜਸਾਯੋਗ ਕਾਰਨ ਹਨ, ਉੱਥੇ ਸਾਰਿਆਂ ਤੋਂ ਮੰਨਣਯੋਗ ਕਾਰਨ ਇਹ ਹੈ ਕਿ ਅਸੀਂ ਖੇਡਾਂ ਨੂੰ ਵਕਤ ਦੇ ਬਦਲਦੇ ਸੰਦਰਭ 'ਚ ਨਹੀਂ ਲਿਆ। ਸਰਕਾਰੀ ਜਾਂ ਗੈਰ-ਸਰਕਾਰੀ ਪੱਧਰ 'ਤੇ ਜੋ ਮਹੱਤਵ ਅਤੇ ਮਾਣ ਖੇਡਾਂ ਨੂੰ ਮਿਲਣਾ ਚਾਹੀਦਾ ਸੀ ਉਸ ਤੋਂ ਖੇਡਾਂ ਵਿਰਵੀਆਂ ਅਤੇ ਵੰਚਿਤ ਰਹਿ ਗਈਆਂ। ਉਂਜ ਇਹ ਗੱਲ ਵੱਖਰੀ ਹੈ ਕਿ ਸਮਾਜਿਕ ਤੌਰ 'ਤੇ ਖੇਡਾਂ ਬਾਰੇ ਸਾਡੀ ਸੋਚ ਹੀ ਬਦਲ ਗਈ ਹੈ। ਖੇਡਾਂ ਅੱਜ ਅੰਤ ਨਹੀਂ ਸਗੋਂ ਜ਼ਰੀਆ ਬਣ ਕੇ ਰਹੀ ਗਈਆਂ ਹਨ। ਰੱਬ ਜਾਣੇ ਕਦੋਂ ਸਰੀਰਕ ਸੁੰਦਰਤਾ ਅਤੇ ਹੁਨਰ ਦੇ ਪ੍ਰਗਟਾਵੇ ਵਜੋਂ ਜਾਣੀਆਂ ਜਾਂਦੀਆਂ ਖੇਡਾਂ, ਇੰਜੀਨੀਅਰ, ਡਾਕਟਰ, ਵਕੀਲ ਅਤੇ ਸਾਇੰਸਦਾਨ ਬਣਨ ਦਾ ਵਸੀਲਾ ਬਣ ਕੇ ਰਹਿ ਗਈਆਂ। ਇਹ ਗੱਲ ਵੱਖਰੀ ਹੈ ਕਿ ਖੇਡਾਂ ਸਾਡੇ ਸੱਭਿਆਚਾਰ ਦਾ ਹਿੱਸਾ ਤਾਂ ਨਹੀਂ ਬਣ ਸਕੀਆਂ ਪਰ ਜ਼ਿੰਦਗੀ ਦੇ ਹੋਰਨਾਂ ਖੇਤਰਾਂ 'ਚ ਮੱਲਾਂ ਮਾਰਨ ਤੇ ਉਚਾਈਆਂ ਛੂਹਣ ਦਾ ਸਬੱਬ ਜ਼ਰੂਰ ਬਣ ਗਈਆਂ। ਕੀ ਹੋਇਆ ਜੇ ਅਸੀਂ ਓਲੰਪਿਕ ਖੇਡਾਂ 'ਚ ਤਗਮੇ ਨਹੀਂ ਜਿੱਤ ਸਕੇ, ਹਜ਼ਾਰਾਂ ਵਕੀਲ, ਡਾਕਟਰ, ਸਾਇੰਸਦਾਨ ਤੇ ਇੰਜੀਨੀਅਰ ਪੈਦਾ ਕਰਨਾ ਵੀ ਕੋਈ ਘੱਟ ਪ੍ਰਾਪਤੀ ਤੇ ਨਹੀਂ।
ਅਜ਼ਮਾਇਆ ਸੱਚ ਹੈ ਕਿ ਕੌਮਾਂ ਅਤੇ ਮੁਲਕਾਂ ਦੀ ਭੂਗੋਲਿਕ ਸਥਿਤੀ 'ਚੋਂ ਸੱਭਿਆਚਾਰ ਪੈਦਾ ਹੁੰਦਾ ਹੈ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਨਾਲ ਹੀ ਸਿਹਤਮੰਦ ਸਰੀਰ ਦੀ ਜ਼ਰੂਰਤ ਜੁੜ ਜਾਂਦੀ ਹੈ। ਪੰਜਾਬ 'ਚ ਹਰੇਕ ਰੱਜਿਆ-ਪੁੱਜਿਆ ਪਰਿਵਾਰ ਆਪਣੇ ਪੁੱਤ ਨੂੰ ਭਲਵਾਨੀ ਜਾਂ ਕਬੱਡੀ ਲਈ ਪ੍ਰੇਰਦਾ ਸੀ ਜਿਸ ਦਾ ਸਿੱਧਾ ਜਿਹਾ ਸਪਸ਼ਟੀਕਰਨ ਸੀ ਕਿ ਮੁੰਡਾ ਘੱਟੋ-ਘੱਟ ਦੋ ਵਿਰੋਧੀਆਂ ਨੂੰ ਤਾਂ ਲੜਾਈ 'ਚ ਫੜ ਕੇ ਦਰੜ ਦੇਵੇਗਾ। ਜਿੱਥੇ ਸਰੀਰਕ ਤਾਕਤ ਆਪਣੇ ਬਚਾਅ ਦਾ ਹਿੱਸਾ ਸੀ, ਉੱਥੇ ਵਿਰੋਧੀਆਂ 'ਤੇ ਧੌਂਸ ਜਮਾਉਣ ਦਾ ਇੱਕ ਵਧੀਆ ਵਸੀਲਾ ਵੀ ਸੀ। ਪੰਜਾਬ ਪਿੰਡਾਂ 'ਚ ਵਸਦੇ, ਜਿੱਥੇ ਆਪਸੀ ਖਿੱਚੋਤਾਣ ਅਤੇ ਖਹਿਬਾਜ਼ੀਆਂ ਇੱਕ ਆਮ ਜਿਹਾ ਵਰਤਾਰਾ ਹੈ। ਫਲਸਰੂਪ ਖੇਡਾਂ ਜਿੱਥੇ ਤਾਕਤ ਦਾ ਮੁਜ਼ਾਹਰਾ ਸਨ, ਉੱਥੇ ਪੰਜਾਬੀਅਤ ਸੋਚ ਦਾ ਵੀ ਪ੍ਰਗਟਾਵਾ ਹਨ। ਸੱਠਵਿਆਂ ਦੇ ਦੌਰ 'ਚ ਕਦੇ ਪੰਜਾਬ ਖੇਡਾਂ ਦਾ ਮੂੰਹ ਮੁਹਾਂਦਰਾ ਸੰਵਾਰਦਿਆਂ ਅਧਿਕਾਰਤ ਤੌਰ 'ਤੇ ਖੇਡਾਂ ਦੇ ਤਿੰਨ ਵੱਖ-ਵੱਖ ਵਿੰਗ ਬਣਾਏ ਗਏ ਸਨ। ਨੀਂਹ ਨੂੰ ਮਜ਼ਬੂਤ ਕਰਦਿਆਂ ਸਕੂਲਾਂ ਦੀਆਂ ਖੇਡਾਂ ਨੂੰ ਰਾਜ ਪੱਧਰ 'ਤੇ ਇੰਤਜ਼ਾਮ ਲਈ ਇੱਕ ਵੱਖਰਾ ਖੇਡ ਡਾਇਰੈਕਟੋਰੇਟ ਬਣਾਉਂਦਿਆਂ, ਉਡਣੇ ਸਿੱਖ ਮਿਲਖਾ ਸਿੰਘ ਨੂੰ ਇਸ ਦੇ ਨਿਰਦੇਸ਼ਕ ਦੀ ਜ਼ਿੰਮੇਵਾਰੀ ਸੌਂਪੀ। ਸੁਭਾਵਕ ਹੈ ਕਿ ਜਿੱਥੇ ਉਨ੍ਹਾਂ ਦੀ ਕੱਦਾਵਰ ਸ਼ਖ਼ਸੀਅਤ ਦਾ ਗਭਰੀਟਾਂ 'ਤੇ ਮਨੋਵਿਗਿਆਨਕ ਅਸਰ ਹੋਣਾ ਸੀ, ਉੱਥੇ ਖੇਡਾਂ ਦੇ ਮਾਹਿਰਾਂ ਅਤੇ ਕੋਚਾਂ ਨੂੰ ਵੀ ਇੱਕ ਸਹੀ ਰਹਿਨੁਮਾ ਮਿਲਿਆ। ਉਨ੍ਹਾਂ ਦੇ ਰਿਟਾਇਰ ਹੋਣ ਤੋਂ ਬਾਅਦ ਤਾਂ ਸਕੂਲ ਖੇਡਾਂ ਦਾ ਕਿਸੇ ਪੱਲਾ ਨਾ ਫੜਿਆ। ਹਾਕਮ ਡੰਗ ਟਪਾਊ ਨੀਤੀਆਂ ਨਾਲ ਬੁੱਤਾ ਸਾਰਦੇ ਰਹੇ। ਅੱਜ ਆਲਮ ਇਹ ਹੈ ਕਿ ਮਿਲੀਭੁਗਤ ਨਾਲ ਉਨ੍ਹਾਂ ਵਾਲੀ ਅਸਾਮੀ ਹੀ ਖਤਮ ਕਰ ਦਿੱਤੀ ਅਤੇ ਸਿਰਫ਼ ਡਿਪਟੀ ਡਾਇਰੈਕਟਰ ਦੀ ਰਹਿਨੁਮਾਈ 'ਚ ਹੀ ਸਕੂਲਾਂ ਦੀਆਂ ਖੇਡਾਂ ਦਾ ਪ੍ਰਬੰਧ ਚੱਲ ਰਿਹਾ ਹੈ। ਸਕੂਲਾਂ ਤੋਂ ਬਾਹਰ ਅਤੇ ਆਮ ਲੋਕਾਂ ਦੀਆਂ ਖੇਡ ਗਤੀਵਿਧੀਆਂ ਦੇ ਸੰਚਾਲਨ ਦਾ ਕੰਮ ਪੰਜਾਬ ਖੇਡ ਵਿਭਾਗ ਨੂੰ ਸੌਂਪਿਆ ਗਿਆ, ਜਿਸ ਦੀ ਵਾਗਡੋਰ ਕਾਫ਼ੀ ਸਾਲ ਸੰਸਾਰ ਜੇਤੂ ਬਲਵੀਰ ਸਿੰਘ ਦੇ ਹੱਥਾਂ 'ਚੋਂ ਹੁੰਦੀ ਹੋਈ ਅੱਜ-ਕੱਲ੍ਹ ਪਦਮ ਸ੍ਰੀ ਕਰਤਾਰ ਸਿੰਘ, ਪ੍ਰਗਟ ਸਿੰਘ ਤੋਂ ਹੁੰਦੀ ਹੋਈ ਕਿਸੇ ਪ੍ਰਬੰਧਕੀ ਅਫ਼ਸਰ ਦੇ ਹੱਥ 'ਚ ਹੈ। ਨਿਰੋਲ ਪੇਂਡੂ ਹਲਕਿਆਂ 'ਚ ਖੇਡਾਂ ਦੇ ਹੁਨਰ ਨੂੰ ਤਲਾਸ਼ਣ ਅਤੇ ਤਰਾਸ਼ਣ ਲਈ ਕਦੇ ਪੰਜਾਬ ਖੇਡ ਪ੍ਰੀਸ਼ਦ ਬਣਾਈ ਗਈ ਸੀ, ਜਿਸ ਦਾ ਅੱਜ-ਕੱਲ੍ਹ ਨਾਮ-ਨਿਸ਼ਾਨ ਹੀ ਮਿਟਾ ਦਿੱਤਾ ਗਿਆ ਹੈ। ਕਦੇ ਇਸ ਸਕੀਮ ਨੂੰ ਮੁਖਤਿਆਰ ਸਿੰਘ ਵਰਗੇ ਦੂਰਅੰਦੇਸ਼ੀ ਵਾਲੇ ਵਿਅਕਤੀ ਨੇ ਬੜੀ ਮਿਹਨਤ ਅਤੇ ਸ਼ਿੱਦਤ ਨਾਲ ਲੋਕਾਂ 'ਚ ਮਕਬੂਲ ਕੀਤਾ ਸੀ ਪਰ ਉਨ੍ਹਾਂ ਦੀ ਅਚਾਨਕ ਮੌਤ ਨਾਲ ਇਹ ਸਕੀਮ ਵੀ ਦਫ਼ਨ ਹੋ ਗਈ। ਪਿਛਲੇ ਸਮਿਆਂ 'ਚ ਇੱਕ ਤਾਕਤਵਰ ਖੇਡ ਨਿਰਦੇਸ਼ਕ ਨੇ ਇੰਨ੍ਹਾਂ ਤਿੰਨਾਂ ਵਿੰਗਾਂ ਨੂੰ ਇਕੱਠਾ ਕਰਕੇ ਵੱਖ-ਵੱਖ ਵੱਜਦੀਆਂ ਡਫਲੀਆਂ ਨੂੰ ਇਕਸੁਰ 'ਚ ਵਜਾਉਣ ਦਾ ਤਹੱਈਆ ਕੀਤਾ ਸੀ ਪਰ ਨਿੱਜੀ ਸੁਆਰਥ ਅਤੇ ਕਚਹਿਰੀਆਂ ਦੇ ਚੱਕਰਾਂ ਨੇ ਇਸ ਉੱਦਮ ਨੂੰ ਵੀ ਮਿੱਟੀ ਘੱਟੇ 'ਚ ਰੋਲ ਦਿੱਤਾ। ਨਿੱਜੀ ਹਿੱਤਾਂ ਤੋਂ ਪ੍ਰੇਰਿਤ ਹੁੰਦਿਆਂ ਜਿਸ ਨੂੰ ਜੋ ਠੀਕ ਲੱਗਿਆ, ਉਸੇ ਤਰ੍ਹਾਂ ਪਰਨਾਲੇ ਦਾ ਮੂੰਹ ਘੁੰਮਾ ਲਿਆ। ਇਸ ਰਲੇਵੇਂ ਤੋਂ ਖੇਡ ਪ੍ਰੀਸ਼ਦ ਵਾਲੇ ਤਾਂ ਫਾਇਦੇ 'ਚ ਰਹੇ, ਉਨ੍ਹਾਂ ਨੂੰ ਪਹਿਲਾਂ ਲੰਙੇ ਡੰਗ ਮਿਲਦੀ ਤਨਖਾਹ ਤੇ ਭੱਤੇ ਕ੍ਰਮਬੱਧ ਹੋ ਗਏ ਅਤੇ ਮਨਪਸੰਦ ਦੇ ਸਥਾਨ 'ਤੇ ਪੋਸਟਿੰਗ ਕਰਵਾਉਂਦਿਆਂ ਜ਼ਿਆਦਾਤਰ ਫਿਰ ਸ਼ਹਿਰਾਂ 'ਚ ਘੁਸ ਗਏ। ਦੂਜੇ ਪਾਸੇ ਰਜ਼ਾਮੰਦੀ ਨਾ ਕਰਦਿਆਂ ਸਿੱਖਿਆ ਵਿਭਾਗ ਵਾਲਿਆਂ ਨੇ ਆਪਣੀ ਵੱਖਰੀ ਹੋਂਦ ਦਾ ਬਿਗਲ ਵਜਾ ਦਿੱਤਾ।
ਕਿਸੇ ਚੀਜ਼ ਨੂੰ ਬਣਦਿਆਂ ਵਰ੍ਹੇ ਲੱਗ ਜਾਂਦੇ ਨੇ ਪਰ ਵਿਗੜਦਿਆਂ ਪਲ ਵੀ ਨਹੀਂ ਲੱਗਦੇ। ਕੁਝ ਇਹੋ ਜਿਹਾ ਹੀ ਹਸ਼ਰ ਪੰਜਾਬ 'ਚ ਕਿਸੇ ਸਮੇਂ ਪ੍ਰਚਲਤ ਖੇਡ ਵਿੰਗਾਂ ਦਾ ਹੋਇਆ। ਬੜੀ ਦੂਰਅੰਦੇਸ਼ੀ ਅਤੇ ਸੋਚ ਵਿਚਾਰ ਤੋਂ ਬਾਅਦ ਖਿਡਾਰੀਆਂ ਦੇ ਹੁਨਰ ਨੂੰ ਤਲਾਸ਼ਣ ਅਤੇ ਤਰਾਸ਼ਣ ਲਈ ਅਕਾਦਮਿਕ ਅਦਾਰਿਆਂ 'ਚ ਖੇਡਾਂ ਦੀ ਰੁਚੀ ਅਤੇ ਸੱਭਿਆਚਾਰ ਅਨੁਸਾਰ, ਵੱਖ-ਵੱਖ ਖੇਡਾਂ ਦੇ ਖੇਡ ਵਿੰਗ ਸਥਾਪਤ ਕੀਤੇ ਗਏ ਸਨ ਜਿੰਨ੍ਹਾਂ ਵਿੱਚ ਚੁਣੀਂਦਾ ਅਤੇ ਪ੍ਰਤਿਭਾਵਾਨ ਖਿਡਾਰੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਯੋਜਨਾਬੱਧ ਤਰੀਕੇ ਨਾਲ, ਸੂਝਵਾਨ ਮਾਹਿਰਾਂ ਅਤੇ ਕੋਚਾਂ ਦੀ ਨਿਗਰਾਨੀ ਹੇਠ ਸਿਖਲਾਈ ਦਿੱਤੀ ਜਾਂਦੀ ਸੀ। ਸਕੂਲਾਂ ਤੋਂ ਪਾਸ ਹੋਣ ਉਪਰੰਤ ਇਹ ਖਿਡਾਰੀ ਕਾਲਜਾਂ ਦੇ ਇਨ੍ਹਾਂ ਵਿੰਗਾਂ 'ਚ ਆ ਜਾਂਦੇ ਸਨ ਜਿਸ ਨਾਲ ਉਨ੍ਹਾਂ ਦੀ ਸਿਖਲਾਈ ਨਿਰੰਤਰ ਜਾਰੀ ਰਹਿੰਦੀ ਸੀ ਪਰ ਕੁਝ ਤੁਗਲਕਵਾਦੀ ਫ਼ੈਸਲਿਆਂ ਨੇ ਇਸ ਸਕੀਮ ਨੂੰ ਤਹਿਸ-ਨਹਿਸ ਕਰਦਿਆਂ, ਅਸਲੀਅਤ ਤੋਂ ਉੱਖੜੇ ਅਤੇ ਬਿਖੜੇ ਅਕਾਦਮੀਆਂ ਵਾਲੇ ਫ਼ੈਸਲੇ ਨੂੰ ਲਾਗੂ ਕਰਕੇ ਅੱਜ ਖੇਡਾਂ ਦੇ ਕਫ਼ਨ 'ਚ ਅਖੀਰਲਾ ਕਿੱਲਾ ਵੀ ਠੋਕ ਦਿੱਤਾ।
ਜਿਨ੍ਹਾਂ ਧਿਆਨ ਸਹੂਲਤਾਂ ਅਤੇ ਸਾਜੋ-ਸਮਾਨ ਵੱਲ ਦੇਣਾ ਚਾਹੀਦਾ ਸੀ ਉਸ ਵੱਲ ਵੀ ਤਵੱਜੋਂ ਨਹੀਂ ਦਿੱਤੀ ਗਈ। ਰਾਸ਼ਟਰੀ ਖੇਡਾਂ ਨੂੰ ਆਯੋਜਿਤ ਕਰਨ ਲਈ ਜਿੱਥੇ ਦੂਜਿਆਂ ਸੂਬਿਆਂ ਨੇ ਨਵੀਨ ਖੇਡ ਸਹੂਲਤਾਂ ਪੈਦਾ ਕੀਤੀਆਂ ਅਤੇ ਸਾਜੋ-ਸਮਾਨ ਖ਼ਰੀਦਿਆ, ਉੱਥੇ ਪੰਜਾਬ ਨੇ 2001 'ਚ ਇਨ੍ਹਾਂ ਰਾਸ਼ਟਰੀ ਖੇਡਾਂ 'ਚ ਵੀ ਘਿਸੇ-ਪਿਟੇ ਸਮਾਨ ਅਤੇ ਉਧਾਰੀਆਂ ਸਹੂਲਤਾਂ ਨਾਲ ਬੁੱਤਾ ਸਾਰ ਲਿਆ। ਪੰਜਾਬ ਵਿੱਚ ਅੱਜ ਇੱਕ ਵੀ ਅਜਿਹਾ ਕੇਂਦਰ ਨਹੀਂ ਜਿੱਥੇ ਖਿਡਾਰੀਆਂ ਨੂੰ ਸਿਖਲਾਈ ਦੀਆਂ ਸਾਰੀਆਂ ਆਧੁਨਿਕ ਸੁਵਿਧਾਵਾਂ ਮੁਹੱਈਆ ਹੋਣ। ਇੱਕ ਵੀ ਅਜਿਹਾ ਖੇਡ ਕੰਪਲੈਕਸ ਨਹੀਂ ਜਿੱਥੇ ਨਵੀਨ ਢੰਗਾਂ ਨਾਲ 500-700 ਖਿਡਾਰੀਆਂ ਨੂੰ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਸਕੇ। ਖਿਡਾਰੀਆਂ ਦੀ ਚੋਣ ਦੀ ਵਿਧੀ, ਸਿਖਲਾਈ ਢੰਗਾਂ ਅਤੇ ਆਧੁਨਿਕ ਸਹੂਲਤਾਂ ਦੇ ਨਾਲ, ਇਨ੍ਹਾਂ ਸੰਭਾਵੀ ਖਿਡਾਰੀਆਂ ਨੂੰ ਇਕੱਠੇ ਕੈਂਪ ਲਾ ਕੇ ਸਿਖਲਾਈ ਦੇਣ ਦਾ ਕੋਈ ਪ੍ਰੋਗਰਾਮ ਨਹੀਂ। ਕੋਈ ਅਜਿਹਾ ਖੇਡ ਕੰਪਲੈਕਸ ਨਹੀਂ ਜਿੱਥੇ ਖਿਡਾਰੀਆਂ ਨੂੰ ਸਾਇੰਟੇਫਿਕ ਬੈਕਅੱਪ, ਰਹਿਣ ਲਈ ਹੋਸਟਲ ਅਤੇ ਮੈਸ ਦਾ ਇੰਤਜ਼ਾਮ ਹੋਵੇ। ਹੋਰ ਤਾਂ ਹੋਰ ਅਸੀਂ ਤਾਂ ਕਦੇ ਪਟਿਆਲਾ 'ਚ ਸਥਿਤ ਰਾਸ਼ਟਰੀ ਖੇਡ ਸੰਸਥਾਨ ਵਿੱਚ ਮੌਜੂਦ ਸੁਵਿਧਾਵਾਂ ਨੂੰ ਵੀ ਵਰਤਣ ਦੀ ਕੋਸ਼ਿਸ਼ ਨਹੀਂ ਕੀਤੀ। ਕਾਸ਼! ਇਸ ਦੁਨੀਆਂ ਪ੍ਰਸਿੱਧ ਖੇਡ ਸੰਸਥਾਨ ਤੋਂ ਅਸੀਂ ਕੋਈ ਫਾਇਦਾ ਲਿਆ ਹੁੰਦਾ। ਪੰਜਾਬ 'ਚ ਅੱਜ ਲਗਪਗ 20 ਦੇ ਕਰੀਬ ਸਰੀਰਕ ਸਿੱਖਿਆ ਦੇ ਕਾਲਜ ਅਤੇ ਵਿਭਾਗ ਹਨ। ਕਿਉਂ ਨਹੀਂ ਸਾਰਿਆਂ ਨੂੰ ਇਕੱਠੇ ਕਰਕੇ ਪੰਜਾਬ 'ਚ ਖੇਡ ਯੂਨੀਵਰਸਿਟੀ ਸਥਾਪਤ ਕੀਤੀ ਜਾਂਦੀ, ਜਿੱਥੇ ਸਿਖਲਾਈ ਪ੍ਰਬੰਧਾਂ ਦੇ ਨਾਲ-ਨਾਲ ਖੋਜ ਕਾਰਜਾਂ ਰਾਹੀਂ ਸਮੇਂ ਦਾ ਹਾਣੀ ਬਣਿਆ ਜਾ ਸਕੇ। ਅੱਜ ਅੱਕੀਂ-ਪਲਾਹੀਂ ਸੋਟੀਆਂ ਮਾਰਨ ਦਾ ਜ਼ਮਾਨਾ ਨਹੀਂ ਸਗੋਂ ਕੋਈ ਵਿਜੈ ਕੁਮਾਰ ਨਿਸ਼ਾਨੇ 'ਤੇ ਸ਼ਾਟ ਮਾਰ ਕੇ ਵੀ ਚਾਂਦੀ ਦੇ ਤਗਮੇ ਦਾ ਹੱਕਦਾਰ ਬਣਦਾ ਹੈ।
ਪਿਛਲੀਆਂ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਕਿਉਂ ਨੌਵੇਂ ਸਥਾਨ 'ਤੇ ਲੁੜਕਿਆ, ਜਦੋਂ ਇਸ ਨਮੋਸ਼ੀਜਨਕ ਸਥਿਤੀ ਦੀ ਮਾਹਿਰਾਂ ਨਾਲ ਪੜਚੋਲ ਕੀਤੀ ਗਈ ਤਾਂ ਬੜੇ ਰਹੱਸਜਨਕ ਭੇਦ ਤੋਂ ਪਰਦਾ ਉਠਿਆ। ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਅਕਾਦਮਿਕ ਖੇਡਾਂ 'ਚ ਉੱਤਮਤਾ ਦੀ ਪ੍ਰਤੀਕ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਲਈ ਹਰੇਕ ਸਾਲ ਭਿੜਦੀਆਂ ਹਨ, ਜਿਸ ਤੋਂ ਤਸਦੀਕ ਹੁੰਦਾ ਹੈ ਕਿ ਪੰਜਾਬ 'ਚ ਹੁਨਰ ਦੀ ਕੋਈ ਘਾਟ ਨਹੀਂ। ਫਿਰ ਅਜਿਹਾ ਕੀ ਭਾਣਾ ਵਾਪਰਿਆ? ਕਿਉਂ ਇਹ ਹੁਨਰ ਰਾਸ਼ਟਰੀ ਖੇਡਾਂ ਅਤੇ ਲੰਡਨ ਓਲਪਿੰਕ 'ਚ ਤਬਦੀਲ ਨਹੀਂ ਹੋਇਆ। ਇਸ ਖ਼ਲਾਅ ਨੂੰ ਘੋਖਣ 'ਤੇ ਪਤਾ ਲੱਗਿਆ ਕਿ ਪੁਰਾਣੀ ਪੰਜਾਬੀ ਸਿਆਣਪ ਨੂੰ ਤਿਲਾਂਜਲੀ ਦਿੰਦਿਆਂ ਮੰਗਵੀਆਂ ਧਾੜਾਂ ਨਾਲ ਮੈਦਾਨ ਮਾਰੇ ਜਾਂਦੇ ਹਨ। ਬਹੁਤਾਤ ਤੋਂ ਵਿਸ਼ੇਸ਼ ਵਾਲੀ ਸਰਬਪ੍ਰਮਾਣਿਤ ਸੋਚ ਤੋਂ ਉਲਟ, ਹਰ ਹੀਲੇ ਜਿੱਤਣ ਵਾਲੇ ਮਨਸੂਬਿਆਂ ਦੀ ਬਦੌਲਤ ਖੇਡਾਂ 'ਚ ਅੱਜ-ਕੱਲ੍ਹ ਇੱਕ ਨਵੀਂ ਨਸਲ ਪੈਦਾ ਹੋ ਗਈ ਹੈ, ਪੈਰਾਸ਼ੂਟ ਖਿਡਾਰੀ, ਇਹ ਉਹ ਖਿਡਾਰੀ ਹਨ, ਜੋ ਰਾਤੋ-ਰਾਤ ਮੁਕਾਬਲੇ 'ਚ ਉਤਾਰੇ ਜਾਂਦੇ ਹਨ ਅਤੇ ਜਿੱਤਣ ਤੋਂ ਬਾਅਦ ਮੁੜ ਵਤਨੀ ਉਡਾਰੀ ਮਾਰ ਜਾਂਦੇ ਹਨ। ਬਾਹਰਲੇ ਸੂਬਿਆਂ ਦੇ ਅਖਾੜਿਆਂ, ਅਕਾਦਮੀਆਂ, ਸਿਖਲਾਈ ਸੈਂਟਰਾਂ ਅਤੇ ਖੇਡ ਵਿੰਗਾਂ ਤੋਂ ਭਾੜੇ 'ਤੇ ਲਿਆਂਦੀਆਂ ਧਾੜਾਂ, ਜੋ ਉੱਭਰਦੇ ਯੋਗ ਖਿਡਾਰੀਆਂ ਦਾ ਮਲੀਆਮੇਟ ਕਰਕੇ ਜੰਗਲ ਗਏ ਯੋਗੀ ਦੀ ਤਰ੍ਹਾਂ ਮੁੜ ਨਹੀਂ ਬਹੁੜਦੇ। ਅਣਭੋਲ ਅਤੇ ਅਨੋਬੜ ਸਥਾਨਕ ਪੜ੍ਹਾਕੂਆਂ ਦੇ ਸਰਟੀਫਿਕੇਟ/ਦਸਤਾਵੇਜ਼ਾਂ ਦੀ ਦੁਰਵਰਤੋਂ ਕਰਕੇ ਇਹ ਅਹਿਮਦ ਸ਼ਾਹ ਨਾ ਸਿਰਫ਼ ਉਨ੍ਹਾਂ ਦੇ ਹੱਕਾਂ 'ਤੇ ਡਾਕਾ ਮਾਰਦੇ ਹਨ ਸਗੋਂ ਉਨ੍ਹਾਂ ਦਾ ਮਾਲ-ਮਤਾ ਵੀ ਹੂੰਝ ਲਿਆਉਂਦੇ ਹਨ। ਅਕਾਦਮਿਕ ਅਦਾਰਿਆਂ ਦੀਆਂ ਖੇਡਾਂ 'ਚ ਹੁੰਦੇ ਇਸ ਚੀਰ ਹਰਨ ਦਾ ਖਮਿਆਜ਼ਾ ਜਿੱਥੇ ਪੰਜਾਬ ਨੂੰ ਰਾਸ਼ਟਰੀ ਖੇਡਾਂ 'ਚ ਭੁਗਤਣਾ ਪਿਆ, ਉੱਥੇ ਹੀ ਲੰਡਨ ਓਲੰਪਿਕ ਦੇ ਹਸ਼ਰ ਲਈ ਵੀ ਜ਼ਿੰਮੇਵਾਰ ਜਾਪਦਾ ਹੈ। ਪੰਜਾਬ ਸਰਕਾਰ ਵੱਲੋਂ 'ਖੇਡ ਨੀਤੀ' ਅਪਣਾ ਕੇ ਕੁਝ ਯੋਜਨਾਵਾਂ ਅਤੇ ਯਤਨਾਂ ਦਾ ਖੁਲਾਸਾ ਕੀਤਾ ਗਿਆ ਹੈ। ਵਕਤ ਦੇ ਘੜਿਆਲ ਨੇ ਆਪੇ ਹੀ ਵੱਜਦੇ ਰਹਿਣਾ ਹੈ ਪਰ ਪੰਜਾਬ 'ਚ ਖੇਡ ਯੂਨੀਵਰਸਿਟੀ ਬਣਾਉਣਾ, ਰਾਸ਼ਟਰੀ ਖੇਡ ਸਕੀਮਾਂ ਤੋਂ ਲਾਹਾ ਲੈਣਾ, ਅਕਾਦਮਿਕ ਅਦਾਰਿਆਂ ਦੀਆਂ ਖੇਡਾਂ ਨੂੰ ਤਰਕਸੰਗਤ ਕਰਨਾ, ਖੇਡ ਵਿੰਗ ਮੁੜ ਚਾਲੂ ਕਰਨੇ, ਕਲੱਬ ਕਲਚਰ ਅਪਣਾ ਕੇ ਪਿੰਡਾਂ 'ਚ ਤ੍ਰਿਕਾਲਾਂ ਹੁੰਦਿਆਂ ਮੁਕਾਬਲੇ ਆਯੋਜਿਤ ਕਰਨੇ, ਮੁਕਾਬਲਿਆਂ ਦਾ ਕਲੰਡਰ ਤਿਆਰ ਕਰਨਾ, ਸਾਇੰਟੇਫਿਕ ਬੈਕ-ਅਪ, ਕੋਚਾਂ/ਮਾਹਿਰਾਂ ਦੀ ਭਰਤੀ, ਖਿਡਾਰੀਆਂ ਦੀ ਸਮਾਜਿਕ ਸੁਰੱਖਿਆ (ਪ੍ਰਾਪਤੀਆਂ ਅਨੁਸਾਰ ਨੌਕਰੀਆਂ), ਕੁਝ ਅਜਿਹੇ ਉੱਦਮ ਹਨ ਜਿਨ੍ਹਾਂ ਨਾਲ ਪੰਜਾਬ ਮੁੜ ਆਪਣਾ ਰੁਤਬਾ ਹਾਸਲ ਕਰ ਸਕਦਾ ਹੈ।