Friday, 02 November 2012 10:32
Print PDF

ਗੁਰਦੀਪ ਸਿੰਘ ਬੁੱਟਰ
ਖੇਡਾਂ  ਮਨੁੱਖੀ ਜੀਵਨ ਅਤੇ ਸਮਾਜ ਦਾ ਅਨਿੱਖੜਵਾਂ ਅੰਗ ਹਨ। ਮਨੁੱਖ ਭਾਵੇਂ ਕਿਸੇ ਵੀ ਜਾਤ, ਧਰਮ ਦਾ ਹੋਵੇ ਜਦੋਂ ਉਹ ਖੇਡਾਂ ਦੇ ਖੇਤਰ 'ਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦਾ ਧਰਮ ਹੀ ਖੇਡ ਖੇਤਰ ਹੋ ਜਾਂਦਾ ਹੈ ਅਤੇ ਪੂਜਾ ਸਥਾਨ ਖੇਡ ਮੈਦਾਨ। ਖੇਡਾਂ ਹੀ ਮਨੁੱਖ ਵਿੱਚ ਏਕਤਾ, ਪਿਆਰ, ਜੋਸ਼, ਸਹਿਯੋਗ, ਸਹਿਣਸ਼ੀਲਤਾ ਆਦਿ ਗੁਣ ਵਿਕਸਿਤ ਕਰਦੀਆਂ ਹਨ। ਸਿਆਸੀ ਪੱਧਰ 'ਤੇ ਜੇ ਦੋ ਦੇਸ਼ਾਂ ਵਿੱਚ ਮੱਤਭੇਦ ਵੀ ਪੈਦਾ ਹੋ ਜਾਣ ਤਾਂ ਇਹ ਖੇਡ ਮੰਚ ਹੀ ਹੈ ਜੋ ਉਨ੍ਹਾਂ ਵਿੱਚ ਪੈਦਾ ਹੋਏ ਤਣਾਅ ਨੂੰ ਘੱਟ ਕਰਦਾ ਹੈ। ਸੰਸਾਰ 'ਚ ਅਨੇਕਾਂ ਭਿੰਨਤਾਵਾਂ ਹੋਣ ਦੇ ਬਾਵਜੂਦ ਇਨ੍ਹਾਂ ਖੇਡਾਂ ਨੇ ਸੰਸਾਰ ਨੂੰ ਇੱਕ ਇਕਾਈ 'ਚ ਪਰੋ ਕੇ ਰੱਖਿਆ ਹੈ। ਅਰਸਤੂ ਤਾਂ ਇੱਥੋਂ ਤਕ ਕਹਿੰਦਾ ਹੈ ਕਿ ਜੇ ਜ਼ਿੰਦਗੀ ਵਿੱਚ ਕੋਈ ਚੀਜ਼ ਹੈ ਤਾਂ ਉਹ ਹੈ ਸਾਹਿਤ, ਸੰਗੀਤ ਅਤੇ ਖੇਡਾਂ।
ਸਾਡੇ ਲਈ ਨਮੋਸ਼ੀ ਦੀ ਗੱਲ ਤਾਂ ਇਹ ਹੈ ਕਿ ਸਾਡੇ ਦੇਸ਼ ਭਾਰਤ ਵਿੱਚ ਖੇਡਾਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਤੇ ਸਿਰਫ਼ ਇੱਕ ਵਾਧੂ ਕਿਰਿਆ ਹੀ ਸਮਝਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਹੁੰਦੇ ਹਨ ਤਾਂ ਸਾਰੇ ਰਿਕਾਰਡ, ਤਮਗੇ ਹੋਰ ਦੇਸ਼ ਆਪਣੇ ਨਾਂ ਕਰ ਲੈਂਦੇ ਹਨ ਅਤੇ ਸਾਡਾ ਇੱਕ ਅਰਬ ਵੀਹ ਕਰੋੜ ਤੋਂ ਵੱਧ ਲੋਕਾਂ ਦਾ ਭਾਰਤ ਸਿਰਫ਼ ਉਨ੍ਹਾਂ 'ਤੇ ਟਿੱਪਣੀ ਕਰ ਰਿਹਾ ਹੁੰਦਾ ਹੈ। ਸੰਸਾਰ ਦੇ ਅਬਾਦੀ ਅਤੇ ਖੇਤਰਫਲ ਪੱਖੋਂ ਛੋਟੇ-ਛੋਟੇ ਦੇਸ਼ ਜਿਵੇਂ ਜਮਾਇਕਾ, ਕੀਨੀਆ, ਇਥੋਪੀਆ, ਘਾਨਾ, ਫਿਨਲੈਂਡ, ਸਪੇਨ, ਉਰੂਗੁਏ, ਯੁਗਾਂਡਾ ਅਤੇ ਕਈ ਹੋਰ ਦੇਸ਼ ਖੇਡਾਂ ਦੇ ਖੇਤਰ ਵਿੱਚ ਮੀਲ ਪੱਥਰ ਸਥਾਪਤ ਕਰ

ਰਹੇ ਹਨ ਅਤੇ ਉੱਥੇ ਵਿਕਸਿਤ ਦੇਸ਼ਾਂ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ। ਮਾਈਕਲ ਫੇਲਪਸ ਵਰਗਾ ਮਹਾਨ ਖਿਡਾਰੀ ਇਕੱਲਾ ਹੀ 18 ਸੋਨੇ ਦੇ ਤਮਗਿਆਂ ਸਮੇਤ 22 ਓਲੰਪਿਕ ਤਮਗੇ ਜਿੱਤ ਕੇ ਲੈ ਗਿਆ ਜਦੋਂਕਿ ਸਾਡੇ ਦੇਸ਼ ਦੀ ਖੇਡ ਖੇਤਰ ਵਿੱਚ ਕਛੂਆ ਚਾਲ ਤਰੱਕੀ  ਸਦਕਾ ਹੁਣ ਤਕ ਹੋਈਆਂ ਸਾਰੀਆਂ ਓਲੰਪਿਕ ਵਿੱਚ ਕੁੱਲ 26 ਤਮਗੇ ਹੀ ਜਿੱਤੇ ਗਏ ਹਨ। ਵਿਸ਼ਵ ਪੱਧਰ 'ਤੇ ਭਾਰਤ ਹਰੇਕ ਖੇਡ ਦੇ ਖੇਤਰ ਵਿੱਚ ਸੰਘਰਸ਼ ਕਰ ਰਿਹਾ ਹੁੰਦਾ ਹੈ। ਇਸ ਨਿਘਰ ਰਹੀ ਹਾਲਤ ਦੇ ਕਾਰਕਾਂ ਬਾਰੇ ਕੁਝ ਚਰਚਾ ਕਰਨੀ ਬਣਦੀ ਹੈ।
ਸਾਡੇ ਦੇਸ਼ ਦੇ ਖੇਡ ਖੇਤਰ ਵਿੱਚ ਨਿਗੂਣੇ ਹੋਣ ਦੇ ਮੁਢਲੇ ਕਾਰਨ ਜੇ ਅਬਾਦੀ ਨੂੰ ਮਿਲ ਰਹੀਆਂ ਮੁਢਲੀਆਂ  ਸਹੂਲਤਾਂ  ਅਤੇ ਪ੍ਰਬੰਧ ਨੂੰ ਮੰਨ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅਬਾਦੀ ਪੱਖੋਂ ਦੂਜਾ ਸਥਾਨ ਪ੍ਰਾਪਤ ਭਾਰਤ ਦੇ ਓਲੰਪਿਕ 2012 'ਚ ਸਿਰਫ਼ 81 ਖਿਡਾਰੀਆਂ ਦੀ ਮੰਡਲੀ ਹੀ ਕੁਆਲੀਫਾਈ ਕਰ ਸਕੀ ਜਦੋਂਕਿ ਅਮਰੀਕਾ, ਚੀਨ, ਇੰਗਲੈਂਡ, ਆਸਟਰੇਲੀਆ ਵਰਗੇ ਦੇਸ਼ਾਂ ਦੀਆਂ ਟੀਮਾਂ 'ਚ 500 ਤੋਂ ਵੱਧ ਖਿਡਾਰੀ ਸਨ। ਸੁਭਾਵਿਕ ਹੈ ਜਦੋਂ ਜ਼ਿਆਦਾ ਖਿਡਾਰੀ ਭਾਗ ਲੈਣਗੇ ਤਾਂ ਤਮਗਾ ਜਿੱਤਣ ਦੀ ਸੰਭਾਵਨਾ ਵੀ ਤਾਂ ਵੱਧ ਹੋਵੇਗੀ। ਸਾਡੇ ਦੇਸ਼ ਵਿੱਚ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਅਤੇ ਹੋਰ ਖੇਡ ਸਹੂਲਤਾਂ ਦੀ ਵੱਡੀ ਘਾਟ ਹੈ। ਅੰਤਰਰਾਸ਼ਟਰੀ ਪੱਧਰ ਦੇ ਸਟੇਡੀਅਮ, ਸਵੀਮਿੰਗਪੂਲ, ਜਮਨੇਜ਼ੀਅਮ ਅਤੇ ਖੇਡ ਮੈਦਾਨ ਜਿਵੇਂ ਸਿੰਥੈਟਿਕ ਟਰੈਕ, ਐਸਟ੍ਰੋਟਰਫ, ਵਧੀਆ ਟੈਨਿਸ ਕੋਰਟ ਵੀ ਨਾਂ-ਮਾਤਰ ਹਨ। ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰਕੇ ਖੇਡ ਪਿੰਡ ਤਾਂ ਬਣਾ ਦਿੱਤੇ ਗਏ ਪਰ ਉਸ ਤੋਂ ਬਾਅਦ ਖੇਡ ਪਿੰਡ ਅਤੇ ਪਿੰਡਾਂ 'ਚ ਖੇਡ ਖੇਤਰ ਤੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸਗੋਂ ਰਾਸ਼ਟਰਮੰਡਲ ਘੁਟਾਲੇ ਨੇ ਦੇਸ਼ ਦੀ ਅੰਤਰਰਾਸ਼ਟਰੀ ਮੰਚ 'ਤੇ ਕਿਰਕਰੀ ਕਰਵਾ ਕੇ ਰੱਖ ਦਿੱਤੀ। ਅਗਾਂਹਵਧੂ ਦੇਸ਼ਾਂ ਵਿੱਚ ਇਹ ਸਹੂਲਤਾਂ ਵਿਉਂਤਬੱਧ ਤਰੀਕੇ ਨਾਲ ਮੁਢਲੇ ਪੱਧਰ 'ਤੇ ਹੀ ਉਪਲਬਧ ਹਨ ਪਰ ਸਾਡੇ ਦੇਸ਼ 'ਚ ਖਿਡਾਰੀ ਇਨ੍ਹਾਂ ਸਹੂਲਤਾਂ ਲਈ ਤਰਸਦੇ ਹਨ।
ਇਸ ਤੋਂ ਇਲਾਵਾ ਖਿਡਾਰੀ ਆਪਣੇ ਭਵਿੱਖ, ਨੌਕਰੀ, ਰੁਜ਼ਗਾਰ ਲਈ ਵੀ ਚਿੰਤਤ ਰਹਿੰਦੇ ਹਨ। ਜਦੋਂ ਉਹ ਆਪਣੀ ਖੇਡ ਪ੍ਰਤੀ ਇਕਾਗਰ ਹੀ ਨਹੀਂ ਤਾਂ ਉਨ੍ਹਾਂ ਤੋਂ ਚੰਗੇ ਪ੍ਰਦਰਸ਼ਨ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਅਭਿਨਵ ਬਿੰਦਰਾ ਵਾਂਗ ਕਿੰਨੇ ਕੁ ਹੋਰ ਖਿਡਾਰੀ ਹਨ ਜੋ ਆਪਣੇ ਪੈਸੇ ਲਾ ਕੇ ਤਿਆਰੀ ਕਰ ਸਕਣ। ਕੋਚਾਂ ਦਾ ਕੰਮ ਤਾਂ ਹੋਰ ਵੀ ਔਖਾ ਹੈ। ਉਨ੍ਹਾਂ ਦੀਆਂ ਤਨਖ਼ਾਹਾਂ, ਭੱਤੇ ਬਹੁਤ ਘੱਟ ਹਨ। ਉਹ ਕਿਵੇਂ ਘੱਟ ਤਨਖਾਹ ਅਤੇ ਢਿੱਡੋਂ ਭੁੱਖੇ ਰਹਿ ਕੇ ਵਧੀਆ ਖਿਡਾਰੀ ਪੈਦਾ ਕਰਨਗੇ। ਅਮਰੀਕਾ ਅਤੇ ਹੋਰ ਦੇਸ਼ਾਂ 'ਚ ਬਹੁਤ ਸਾਰੇ ਕੋਚ ਅਜਿਹੇ ਹਨ ਜਿਨ੍ਹਾਂ ਦੀ ਤਨਖਾਹ ਉੱਥੋਂ ਦੇ ਰਾਸ਼ਟਰਪਤੀ ਨਾਲੋਂ ਵੀ ਜ਼ਿਆਦਾ ਹੈ ਪਰ ਸਾਡੇ ਮੁਲਕ ਵਿੱਚ ਜਦੋਂ ਖੇਡ ਪਨੀਰੀ ਪੈਦਾ ਕਰਨ ਵਾਲੇ ਅਧਿਆਪਕ ਤੇ ਕੋਚ ਹੀ ਸੰਤੁਸ਼ਟ ਨਹੀਂ ਹਨ ਤਾਂ ਉਹ ਮਜ਼ਬੂਤ ਨੀਂਹ ਕਿੱਥੋਂ ਦੇਣਗੇ? ਸਾਡਾ ਖੇਡ ਬਜਟ ਵੀ ਦੂਜੇ ਦੇਸ਼ਾਂ ਦੇ ਖੇਡ ਬਜਟ ਤੋਂ ਬਹੁਤ ਘੱਟ ਹੁੰਦਾ ਹੈ। ਇਹ ਸਭ ਲਈ ਕਾਫ਼ੀ ਹੱਦ ਤਕ ਸਾਡੇ ਖੇਡ ਰਣਨੀਤੀ ਬਣਾਉਣ ਵਾਲੇ ਵੀ ਜ਼ਿੰਮੇਵਾਰ ਹਨ।
ਖੇਡ ਮਨੋਵਿਗਿਆਨ ਵਿਸ਼ੇ ਦੇ ਮਾਹਿਰ ਡਾ.ਅਮਰਜੀਤ ਸਿੰਘ ਸਿੱਧੂ ਮੁਤਾਬਕ ਖੇਡ ਮੈਦਾਨ ਵਿੱਚ ਸਰੀਰ ਦੇ ਬਰਾਬਰ ਦਿਮਾਗ ਵੀ ਭਿੜਦਾ ਹੈ ਪਰ ਸਾਡੇ ਮੁਲਕ ਦੇ ਖੇਡ ਖੇਤਰ ਵਿੱਚ ਮਨੋਵਿਗਿਆਨਕ ਸਿੱਖਿਆ ਦੀ ਬਹੁਤ ਘਾਟ ਹੈ। ਖੇਡ ਮਨੋਵਿਗਿਆਨ ਵਰਗੇ ਵਿਸ਼ੇ ਨੂੰ ਪ੍ਰੈਕਟੀਕਲ ਤੌਰ 'ਤੇ ਖੇਡ ਮੈਦਾਨ ਵਿੱਚ ਵਰਤਣ ਦੀ ਜ਼ਰੂਰਤ ਹੈ। ਖੇਡ ਮਨੋਵਿਗਿਆਨੀ ਪ੍ਰੇਰਣਾ ਦਾ ਪੱਧਰ ਉੱਚਾ ਚੁੱਕਣ ਵਿੱਚ ਕਾਫ਼ੀ ਸਹਾਇਤਾ ਕਰਦਾ ਹੈ। ਉਹ ਟੀਮ 'ਚ ਸੰਤੁਲਨ ਬਣਾ ਕੇ ਇਕਾਗਰਤਾ ਬਣਾਉਣ 'ਚ ਸਫ਼ਲ ਹੁੰਦਾ ਹੈ ਜਿਸ ਨਾਲ ਟੀਮ ਵਧੀਆ ਪ੍ਰਦਰਸ਼ਨ ਕਰਦੀ ਹੈ। ਬਸ ਲੋੜ ਹੈ ਇਸ ਵਿਸ਼ੇ ਨੂੰ ਪ੍ਰਾਇਮਰੀ ਪੱਧਰ ਤੋਂ ਹੀ ਲਾਗੂ ਕਰਨ ਦੀ। ਖੇਡਾਂ ਦੇ  ਖੇਤਰ 'ਚ ਮੀਡੀਆ ਵੀ ਕੋਈ ਸਾਰਥਿਕ ਭੂਮਿਕਾ ਨਹੀਂ ਨਿਭਾ ਰਿਹਾ। ਉਹ ਸਿਰਫ਼ 3-ਫ ਭਾਵ ਕ੍ਰਿਕਟ, ਕਰਾਇਮ, ਸਿਨੇਮਾ 'ਤੇ ਹੀ ਕੇਂਦਰਤ ਹੈ। ਭਾਰਤ ਕਿਸੇ ਵੀ ਖੇਡ 'ਚ ਜਿੱਤਦਾ ਹੈ ਤਾਂ ਉਸ ਦਾ ਕੋਈ ਸਾਨੀ ਨਹੀਂ ਅਤੇ ਜੇ ਹਾਰਦਾ ਹੈ ਤਾਂ ਬਿਲਕੁਲ ਭੁੰਜੇ ਸੁੱਟ ਦੇਣਗੇ। ਖਿਡਾਰੀ ਨੂੰ ਐਨਾ ਸ਼ਰਮਸਾਰ ਕਰ ਦੇਣਗੇ ਕਿ ਉਸ ਦਾ ਮਨੋਬਲ ਟੁੱਟ ਜਾਂਦਾ ਹੈ। ਮੀਡੀਆ ਨੂੰ ਚਾਹੀਦਾ ਹੈ ਕਿ ਖਿਡਾਰੀਆਂ ਵਿੱਚ ਚੰਗੇ ਪ੍ਰਦਰਸ਼ਨ ਲਈ ਪ੍ਰੇਰਣਾ ਪੈਦਾ ਕੀਤੀ ਜਾਵੇ। 21 ਵੀਂ ਸਦੀ ਵਿੱਚ ਖੇਡ ਤਕਨੀਕ ਦੀ ਵਰਤੋਂ ਵਧ ਗਈ ਹੈ। ਹੁਣ ਪੁਰਾਣੇ ਵੇਲੇ ਗਏ ਜਦੋਂ ਤਾਕਤ ਦੇ ਬਲ ਨਾਲ ਦੁਨੀਆਂ ਜਿੱਤੀ ਜਾਂਦੀ ਸੀ। ਹੁਣ ਤਾਂ ਤਕਨਾਲੋਜੀ ਹੀ ਰਿਕਾਰਡ ਪੈਦਾ ਕਰਦੀ ਹੈ। ਉਸੇਨ ਬੋਲਟ, ਮਾਈਕਲ ਫੇਲਪਸ, ਰੂਸ ਦੀ ਏਲੇਨਾ ਇਸਲਿਏਵਾ (ਪੋਲ-ਵਾਲਟ), ਸ਼ੈਲੀ ਫਰੇਜਰ ਨੇ ਆਪਣੇ-ਆਪਣੇ ਖੇਤਰ 'ਚ ਨਵੇਂ ਮੀਲ ਪੱਥਰ ਗੱਡ ਦਿੱਤੇ। ਇਹ ਸਭ ਕੁਝ ਵਿੱਚ ਤਕਨੀਕ ਦਾ ਵੀ ਭਰਪੂਰ ਯੋਗਦਾਨ ਹੈ। ਮਸ਼ੀਨਾਂ ਰਾਹੀਂ ਸਾਰੇ ਅੰਗਾਂ ਅਤੇ ਪ੍ਰਬੰਧਾਂ ਨੂੰ ਚੈੱਕ ਕਰਕੇ ਸਮਰੱਥਾ ਨੂੰ ਵਧਾਇਆ ਜਾਂਦਾ ਹੈ। ਅਤਿ ਆਧੁਨਿਕ ਸਾਫਟਵੇਅਰ ਅਤੇ ਫ੍ਰੀਕੁਐਂਸੀ ਆਧਾਰਿਤ ਕੈਮਰਿਆਂ ਨਾਲ ਖਿਡਾਰੀਆਂ ਨੂੰ ਆਪਣੀਆਂ ਗ਼ਲਤੀਆਂ, ਦੂਜੀ ਟੀਮ ਦੇ ਕਮਜ਼ੋਰ ਪਹਿਲੂਆਂ, ਖਤਰਨਾਕ ਖਿਡਾਰੀਆਂ ਬਾਰੇ ਸਮਝਣ 'ਚ ਭਰਪੂਰ ਮਦਦ ਮਿਲਦੀ ਹੈ। ਜਿਨ੍ਹਾਂ ਦੇਸ਼ਾਂ ਨੇ ਸਾਇੰਸ ਨੂੰ ਖੇਡਾਂ ਵਿੱਚ ਪ੍ਰਵਾਨ ਕੀਤਾ, ਉਹ ਦੇਸ਼ ਹੀ ਅੱਗੇ ਹਨ। ਇਸ ਲਈ ਸਾਡੇ ਖਿਡਾਰੀਆਂ ਨੂੰ ਵੀ ਖੇਡਾਂ ਵਿੱਚ ਤਕਨੀਕ ਦੀ ਭੂਮਿਕਾ ਨੂੰ ਸਮਝ ਕੇ ਇਸ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਦੁਨੀਆਂ ਦੀ ਉੱਭਰ ਰਹੀ ਸ਼ਕਤੀ ਭਾਰਤ ਲੰਡਨ ਓਲੰਪਿਕ ਵਿੱਚ 2 ਚਾਂਦੀ ਅਤੇ 4 ਕਾਂਸੀ ਦੇ ਤਮਗੇ ਜਿੱਤ ਕੇ 55 ਵੇਂ ਸਥਾਨ 'ਤੇ ਰਿਹਾ। ਭਾਵੇਂ ਕਿ ਭਾਰਤ ਦੀ ਇਸ ਵਾਰ ਦੀ ਓਲੰਪਿਕ ਮੁਹਿੰਮ ਪਹਿਲਾਂ ਦੇ ਮੁਕਾਬਲੇ ਚੰਗੀ ਰਹੀ ਪਰ ਹੁਣੇ ਤੋਂ ਹੀ ਖਿਡਾਰੀਆਂ ਨੂੰ ਰੀਓ ਡੀ ਜਨੇਰੀਓ 2016 ਓਲੰਪਿਕ ਲਈ  ਤਿਆਰੀਆਂ 'ਚ ਜੁਟ ਜਾਣਾ ਚਾਹੀਦਾ ਹੈ। ਮੁੱਕਦੀ ਗੱਲ ਜੇ ਅਸੀਂ ਚਾਹੁੰਦੇ ਹਾਂ ਕਿ ਖੇਡ ਖੇਤਰ ਵਿੱਚ ਅਸੀਂ ਵੀ ਅੱਗੇ ਆਈਏ ਤਾਂ ਸਭ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨਾ ਪਵੇਗਾ। ਪ੍ਰਬੰਧ ਵਿੱਚ ਸੁਧਾਰ ਕਰਕੇ ਖੇਡ ਸੰਘਾਂ ਦੇ ਰੌਲ਼ੇ ਰੱਪੇ ਦੂਰ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਦੇ ਝਗੜੇ ਖਿਡਾਰੀ ਵਰਗ ਵਿੱਚ ਨਿਰਾਸ਼ਾ ਹੀ ਪੈਦਾ ਕਰਨਗੇ। ਜੇ ਹਾਕੀ ਖਿਡਾਰੀ ਲੀਗ ਖੇਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਰਾਸ਼ਟਰੀ ਟੀਮ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਜਦੋਂਕਿ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਖੇਡ ਕੇ ਖੇਡ ਸੁਧਾਰ ਵੀ ਤਾਂ ਹੁੰਦਾ ਹੈ। ਲੋੜ ਹੈ ਇੱਕ ਮਜ਼ਬੂਤ ਖੇਡ ਨੀਤੀ ਦੀ ਜੋ ਪ੍ਰਬੰਧ ਵਿੱਚ ਸੁਧਾਰ ਕਰੇ। ਕੁਦਰਤ ਦਾ ਇੱਕ ਨਿਯਮ ਹੈ 'ਆਕਰਸ਼ਣ ਦਾ ਨਿਯਮ' ਜਿਸ ਮੁਤਾਬਕ ਜਿਸ ਵਸਤੂ 'ਤੇ  ਸਾਡਾ ਧਿਆਨ ਕੇਂਦਰਤ ਹੋਵੇਗਾ, ਸਾਡੀ ਊਰਜਾ ਉਸੇ ਉਪਰ ਕੇਂਦਰਤ ਹੋਵੇਗੀ ਅਤੇ ਆਖਰ ਉਹ ਸਾਨੂੰ ਪ੍ਰਾਪਤ ਵੀ ਹੋਵੇਗੀ। ਇਸ ਲਈ ਜਿੱਤਣ ਲਈ ਖੇਡਿਆ ਜਾਵੇ। ਮੁਢਲੇ ਪੱਧਰ 'ਤੇ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਪੁੱਤ-ਧੀ ਦਾ ਫ਼ਰਕ ਮਿਟਾ ਕੇ ਦੋਵਾਂ ਨੂੰ ਸਕੂਲ ਪੱਧਰ ਤੋਂ ਹੀ ਖੇਡਣ ਲਈ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਹਨ। ਜੇ ਅਸੀਂ ਚਾਹੁੰਦੇ ਹਾਂ ਕਿ ਖੇਡਾਂ ਵਿੱਚ ਵੀ ਭਾਰਤ ਮੋਹਰੀ ਹੋਵੇ ਤਾਂ ਸਾਨੂੰ ਉਪਰੋਕਤ ਕਾਰਨਾਂ ਅਤੇ ਜ਼ਰੂਰਤਾਂ ਵੱਲ ਧਿਆਨ ਕੇਂਦਰਤ ਕਰਕੇ, ਦ੍ਰਿੜ੍ਹਤਾ ਨਾਲ ਅੱਗੇ ਵਧਣਾ ਪਵੇਗਾ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਖੇਡ ਸਮਾਚਾਰਕਿੰਝ ਹੋਵੇਗਾ ਭਾਰਤ ਖੇਡਾਂ 'ਚ ਝੰਡਾਬਰਦਾਰ

Currency Converter

Amount:
From:
To:


Gurbani Radio


Gurbani - Sri Harmandir Sahib