
ਚੰਪਾ ਲੋਕਾਂ ਦੇ ਘਰ ਕੰਮ ਕਰਨ ਜਾਂਦੀ ਤਾਂ ਆਪਣੇ ਬੇਟੇ ਚੰਦੂ ਨੂੰ ਵੀ ਨਾਲ ਲੈ ਜਾਂਦੀ। ਇਕ ਘਰ ਵਿਚ ਮਾਲਕ ਦੇ ਬਿੱਲੀਆਂ ਪਾਲੀਆਂ ਹੋਈਆਂ ਸਨ। ਚੰਦੂ ਉਨ੍ਹਾਂ ਨੂੰ ਵੇਖ-ਵੇਖ ਕੇ ਖੁਸ਼ ਹੁੰਦਾ ਰਹਿੰਦਾ। ਮਾਲਕਣ ਉਨ੍ਹਾਂ ਨੂੰ ਆਪਣੇ ਹੱਥੀਂ ਬੜੇ ਪਿਆਰ ਨਾਲ ਦੁੱਧ ਵਿਚ ਡਬਲਰੋਟੀ ਭਿਉਂ ਕੇ ਖਵਾਉਂਦੀ। ਚੰਦੂ ਕੋਲ ਬੈਠਾ ਬਲੂੰਗੜਿਆਂ ਨੂੰ ਨਿਹਾਰਦਾ ਰਹਿੰਦਾ। ਹੁਣ ਉਹ ਸਕੂਲ ਜਾਣ ਜੋਗਾ ਹੋ ਗਿਆ ਸੀ ਤੇ ਚੰਪਾ ਨੇ ਉਸ ਨੂੰ ਸਕੂਲ ਦਾਖਲ ਕਰਾ ਦਿੱਤਾ ਸੀ। ਉਹ ਖੁਸ਼ੀ ਖੁਸ਼ੀ ਸਕੂਲ ਜਾਂਦਾ ਤੇ ਪਿਛੋਂ ਚੰਪਾ ਲੋਕਾਂ ਦੇ ਘਰ ਕੰਮ ਕਰਦੀ। ਇਕ ਦਿਨ ਸਕੂਲੋਂ ਆਉਂਦਿਆਂ ਬਸਤਾ ਮੋਢੇ ਤੋਂ ਉਤਾਰਦਿਆਂ, ਉਹ ਦੱਸ ਰਿਹਾ ਸੀ, ''ਮੰਮੀ, ਆਜ ਮੈਡਮ ਨੇ ਪੂਛਾ ਬੜੇ ਹੋ ਕਰ ਕਿਆ ਬਨਣਾ ਚਾਹਤੇ ਹੋ। ਪਤਾ ਹੈ ਮੈਂਨੇ ਕਿਆ ਬੋਲਾ?'' ''ਨਹੀਂ, ਬਤਾ ਨਾ ਬੇਟੇ ਕਿਆ
ਕਹਾ ਤੁਮਨੇ?''''ਮੰਮੀ ਮੈਨੇ ਨਾ ਮੈਡਮ ਕੋ ਬੋਲਾ ਮੈਂ ਸਾਹਬ ਕਾ ਬਲੂੰਗੜਾ ਬਨੂੰਗਾ ਬੜਾ ਹੋ ਕਰ। ਹੈ ਨਾ ਮੰਮੀ, ਸਾਹਬ ਬਲੂੰਗੜੇ ਕੋ ਕਿਤਨਾ ਪਿਆਰ ਕਰਤੇ ਹੈਂ। ਦੂਧ ਔਰ ਡਬਰਰੋਟੀ ਖਿਲਾਤੇ ਹੈਂ। ਚੰਦੂ ਦੀ ਗੱਲ ਸੁਣ ਕੇ ਚੰਪਾ ਦੀਆਂ ਅੱਖਾਂ 'ਚੋਂ ਹੰਝੂ ਵਗ ਤੁਰੇ। ਉਹ ਸਾਹਬ ਦੇ ਬਲੂੰਗੜੇ ਦਾ ਮਤਲਬ ਸਮਝ ਗਈ ਸੀ। -ਅਣਿਮੇਸ਼ਵਰ ਕੌਰ