Friday, 02 November 2012 10:15
Print PDF

ਮਹਿਮਾ ਸਿੰਘ
ਮਿਸ ਰੀਟਾ ਹਮੇਸ਼ਾਂ ਆਪਣੇ ਕਾਲੇ ਸ਼ਿਆਹ ਵਾਲਾਂ ਦਾ ਮੋਟਾ ਕਸਵਾਂ ਜੂੜਾ ਕਰਕੇ ਹੀ ਖਿੜਿਆ ਗੁਲਾਬ ਬਣਦੀ ਹੈ। ਉਸ ਦਾ ਗੋਰਾ ਟਹਿ-ਟਹਿ ਕਰਦਾ ਚਿਹਰਾ ਉਦੋਂ ਹੋਰ ਵੀ ਟਹਿ-ਟਹਿ ਕਰਨ ਲੱਗਦਾ ਹੈ ਜਦ ਉਸ ਨੇ ਆਪਣੇ ਗੋਲ ਚਿਹਰੇ ਉਪਰਲੇ ਗੋਲ ਸਿਰ ਪਿਛੇ ਕਸਵੇਂ ਵਾਹੇ ਵਾਲਾਂ ਦਾ ਭਰਵਾਂ ਜੂੜਾ ਕਰਕੇ, ਕਲਿੱਪਾਂ ਵਰਗੀਆਂ ਪੰਜ ਸੂਈਆਂ ਜੂੜੇ ਵਿਚ ਲਗਾ ਕੇ, ਉਨ੍ਹਾਂ ਦੀਆਂ ਮੋਟੀਆਂ ਸੂਲਾਂ ਵਰਗੀਆਂ ਕੌਕਾਂ ਥੇੜੀਆਂ ਜਿਹੀਆਂ ਸਾਰੇ ਪਾਸੇ ਬਾਹਰ ਨੂੰ ਕੱਢੀਆਂ ਹੁੰਦੀਆਂ ਹਨ। ''ਵਾਹ---ਤੇਰਾ ਜੂੜਾ ਕੀ ਹੈ.....ਇਹ ਤਾਂ ਕਾਲੇ ਗੁਲਾਬ ਹੈ?'' ਪਿਛਲੇ ਐਤਵਾਰ ਜਦ ਬਗੀਚੇ ਸਾਹਮਣੇ ਬੈਠੇ ਅਸੀਂ ਗੱਪ-ਸ਼ੱਪ ਕਰ ਰਹੇ ਸਾਂ ਤਾਂ ਮੈਂ ਇਹ ਟਿੱਪਣੀ ਕੀਤੀ ਸੀ। ''ਕਿਉਂ....?'' ਉਹ ਕਸਮਸਾਈ, ''ਹੋਰਨਾਂ ਦੇ ਵੀ ਤਾਂ ਜੂੜੇ ਕੀਤੇ ਹੁੰਦੇ ਹਨ.....ਕੀ ਉਨ੍ਹਾਂ ਸਭ ਦੀਆਂ ਧੋਣਾਂ 'ਤੇ ਵੀ ਕਾਲੇ ਗੁਲਾਬ ਖਿੜੇ ਹੋਏ ਹਨ?'' ''ਨਹੀਂ.....ਕਿਉਂਕਿ ਉਨ੍ਹਾਂ ਨਾਲ ਕੰਡੇ ਨਹੀਂ.....ਤੇ ਕੰਡਿਆਂ ਤੋਂ ਬਿਨਾਂ ਕਦੇ ਕੋਈ ਗੁਲਾਬ ਨਹੀਂ ਹੁੰਦਾ......।'' ''ਸੱਚਮੁੱਚ......ਕੀ ਕਾਲਾ ਗੁਲਾਬ ਹੁੰਦਾ ਹੈ......ਮੈਂ ਤਾਂ ਨਹੀਂ ਦੇਖਿਆ ਕਦੇ.....?'' ''ਹੁੰਦਾ ਹੈ ਰੀਟਾ ਮੈਂ ਵੇਖਿਆ ਹੈ ਯੂਨੀਵਰਸਿਟੀ ਵਿਚ। ਦਰਅਸਲ ਰੀਟਾ ਹੁਸਨ ਦਾ ਅਸਲੀ ਬੇਤਾਜ ਬਾਦਸ਼ਾਹ ਤਾਂ ਪ੍ਰਾਕਿਰਤਕ ਗੁਲਾਬ ਹੀ ਹੈ। ਅਸਲੀ ਗੁਲਾਬੀ ਰੰਗਤ ਵਾਲਾ। ਜਿਵੇਂ ਪਿੰਡਾਂ ਵਿਚ ਹਾਲੇ ਵੀ ਅਸਲੀ ਰੰਗਤ ਵਾਲਾ ਅਸਲੀ ਹੁਸਨ ਮਿਲ ਜਾਂਦਾ ਹੈ ਕਿਤੇ ਕਿਤੇ।'' ''ਇਹ ਕਹਿ ਕੇ ਤੁਸੀਂ ਸ਼ਹਿਰੀ ਹੁਸਨ ਦੀ ਤੌਹੀਨ ਕਰ ਰਹੇ ਹੋ ਜਨਾਬ?'' ''ਨਹੀਂ ਰੀਟਾ ਮੈਂ ਅਸਲੀਅਤ ਬਿਆਨ ਕਰ ਰਿਹਾ ਹਾਂ ਪਿਛਲੇ ਐਤਵਾਰ ਇਸੇ ਥਾਂ ਮੇਰੇ ਕੋਲ ਬਾਟਨੀ ਦਾ ਪ੍ਰੋਫੈਸਰ ਗੁਲਵੰਤ ਬੈਠਾ ਸੀ। ਗੱਲ ਟਿਉਲਪ ਦੇ ਫੁੱਲਾਂ ਬਾਰੇ ਛਿੜ ਪਈ ਸੀ। ਪ੍ਰੋਫੈਸਰ ਗੁਲਵੰਤ ਨੇ ਦੱਸਿਆ ਕਿ ਇਸ ਸਮੇਂ ਦੁਨੀਆਂ ਤੋਂ ਪ੍ਰਾਕਿਰਤਕ ਟਿਊਲਪ ਖਤਮ ਹੋ ਚੁੱਕਿਆ ਹੈ। ਵੈਸੇ ਵਿਗਿਆਨੀ ਫਿਰ ਤੋਂ ਉਸ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਹੇ  ਹਨ ਪਰ ਇੰਜ ਜਾਪਦਾ ਹੈ ਕਿ ਪ੍ਰਾਕਿਰਤਕ ਟਿਊਲਪ ਦਾ ਅਸਲੀ ਰੂਪ ਵਿਚ ਹੁਣ ਵਾਪਸ ਲਿਆਉਣਾ ਬਹੁਤ ਮੁਸ਼ਕਿਲ ਹੈ.......। ਇਸੇ ਤਰ੍ਹਾਂ ਸਾਰੇ ਚਿਹਰਿਆਂ ਤੋਂ ਵੀ ਪ੍ਰਾਕਿਰਤਕ ਰੂਪ ਗਾਇਬ ਹੋ ਰਿਹਾ ਹੈ......।'' ਇਹ ਕਿੰਜ ਹੋਇਆ?'' ਰੀਟਾ ਨੇ ਦਿਲਚਸਪੀ ਲਈ, ''ਕੀ ਉਸ ਤਰ੍ਹਾਂ ਹੀ ਧਰਤੀ ਦੇ ਲੋਕਾਂ ਨੇ ਟਿਊਲਪ ਵੀ ਖਤਮ ਕਰ ਦਿੱਤਾ ਜਿਵੇਂ ਕਿੰਨੇ ਹੀ ਖੂਬਸੂਰਤ ਪਸ਼ੂ ਪੰਛੀਆਂ ਦਾ ਸ਼ਿਕਾਰ ਕਰਕੇ ਉਹ ਖਤਮ ਕਰ ਦਿੱਤੇ ਨੇ ਸ਼ਿਕਾਰੀ ਲੋਕਾਂ ਨੇ?'' ''ਇਸ ਤਰ੍ਹਾਂ ਤਾਂ ਨਹੀਂ ਰੀਟਾ....ਪਰ ਸ਼ਿਕਾਰੀ ਸ਼ਬਦ ਨੂੰ ਦਰੁਸਤ ਹੀ ਵਰਤਿਆ ਹੈ। ਕਿਉਂਕਿ ਇਸ ਸ਼ਿਕਾਰੀ ਵਿਅਕਤੀ ਦਾ ਰੋਲ ਜ਼ਰੂਰ ਹੁੰਦਾ ਹੈ ਕਿਸੇ ਵੀ ਚੀਜ਼ ਦਾ ਪ੍ਰਾਕਿਰਤਕ ਰੂਪ ਖਤਮ ਹੋ ਜਾਣ ਪਿਛੇ......। ਹਾਂ ਤੇ ਮੈਂ ਗੱਲ ਕਰ ਰਿਹਾ ਸੀ ਫੁੱਲਾਂ ਦੇ ਦੂਸਰੇ ਬੇਤਾਜ ਬਾਦਸ਼ਾਹ ਟਿਊਲਪ ਦੇ ਫੁੱਲਾਂ ਬਾਰੇ......।'' ''ਪਹਿਲਾਂ ਦੱਸੋ.....ਫੁੱਲਾਂ ਦੇ ਬੇਤਾਜ ਬਾਦਸ਼ਾਹ ਦੋ ਕਿਵੇਂ ਹੋਏ?'' ''ਹੋ ਸਕਦੇ ਨੇ ਰੀਟਾ.....ਸਿਰ, ਤੇ ਸਜੇ ਤਾਜ ਵਾਲੇ ਬੇਸ਼ੱਕ ਕਿਸੇ ਖੇਤਰ ਦੇ ਬਾਦਸ਼ਾਹ ਨਾ ਹੁੰਦੇ ਹੋਣ। ਪਰ ਬੇਤਾਜ ਬਾਦਸ਼ਾਹ ਤਾਂ ਦੋ ਹੋ ਸਕਦੇ ਹਨ ਜਿਵੇਂ ਯੋਰਪ ਵਾਲੇ ਸਾਹਿਤ ਦੀ ਨਾਟਕੀ ਵਿਧਾ ਦੇ ਖੇਤਰ ਵਿਚ ਬੇਤਾਜ ਬਾਦਸ਼ਾਹ 'ਸ਼ੈਕਸਪੀਅਰ'' ਨੂੰ ਮੰਨਦੇ ਹਨ ਤੇ ਅਸੀਂ ਆਪਣੇ 'ਕਾਲੀਦਾਸ' ਨੂੰ ਤੇ ਇਸੇ ਤਰ੍ਹਾਂ ਫ਼ਿਲਮੀ ਹੁਸਨ ਦੇ ਸਿਲਸਿਲੇ ਵਿਚ ਉਹ ਅਸਲੀ ਗੁਲਾਬ 'ਮਾਰਲਿਨ ਮੁਨਰੋ' ਨੂੰ ਕਹਿੰਦੇ ਹਨ ਤੇ ਅਸੀਂ ਆਪਣੀ ਮਧੂਬਾਲਾ ਨੂੰ।'' ''ਤੇ ਹੁਣ ਅਸੀਂ ਮਾਧੁਰੀ ਦੀਕਸ਼ਤ ਨੂੰ.....?'' ਰੀਟਾ ਚਹਿਕੀ। ''ਨਹੀਂ ਇਹ ਤਾਂ ਨਰਸਰੀ ਦਾ ਗੁਲਾਬ ਹੈ ਪ੍ਰਾਕਿਰਤਕ ਨਹੀਂ ਜਿਵੇਂ ਤੂੰ ਵੀ ਨਹੀਂ?'' ਰੀਟਾ ਨੇ ਪਤਾ ਨਹੀਂ ਅਸਲੀ ਜਾਂ ਨਕਲੀ ਗੁੱਸੇ ਨਾਲ ਮੱਥੇ 'ਤੇ ਤਿਉੜੀ ਪਾਈ ਤਾਂ ਮੈਂ ਹੱਸ ਪਿਆ। ਫਿਰ ਮੈਂ ਅੱਗੇ ਗੱਲ ਸ਼ੁਰੂ ਕੀਤੀ। ''ਬਈ ਗੁਲਾਬ ਤਾਂ ਫੇਰ ਵੀ ਆਖਰ ਗੁਲਾਬ ਹੀ ਹੁੰਦਾ ਹੈ ਭਾਵੇਂ ਨਰਸਰੀ ਵਾਲਾ ਹੀ ਹੋਵੇ ਤੇ ਭਾਵੇਂ ਕਿਸੇ ਵੀ ਰੰਗ ਦਾ ਹੋਵੇ......। ਖੁਸ਼ਵੰਤ ਸਿੰਘ ਨੇ ਇਕ ਨੀਗਰੋ ਔਰਤ ਬਾਰੇ ਬੜੀ ਖੂਬਸੂਰਤ ਕਹਾਣੀ ਲਿਖੀ ਸੀ, 'ਕਾਲੀ ਚਮੇਲੀ....ਪੜ੍ਹੀ ਆ.....? ਨਹੀਂ ਪੜ੍ਹੀ ਨੀ। ਤੈਨੂੰ ਦਿਆਂਗਾ ਉਹ ਕਿਤਾਬ ਜਿਸ ਵਿਚ ਇਹ ਵਾਲੀ ਕਹਾਣੀ ਆ.....। ਹਾਂ ਤੇ ਇਕ ਗੱਲ.....ਸਾਰੇ ਨਰਸਰੀ ਵਾਲੇ ਗੁਲਾਬਾਂ ਵਿਚ ਵੀ ਖੁਸ਼ਬੂ ਤਾਂ ਹੁੰਦੀ ਹੈ ਨਾ ਤੇ ਉਧਰ ਯੋਰਪ ਦੇ ਬਹੁਤ ਸਾਰੇ ਫੁੱਲਾਂ ਵਿਚ ਖੁਸ਼ਬੂ ਬਿਲਕੁਲ ਨਹੀਂ ਹੁੰਦੀ। ਇਸ ਗੱਲ ਦਾ ਜ਼ਿਕਰ ਇੰਗਲੈਂਡ ਤੋਂ ਆਏ ਕਮਲ ਇਕਾਰਸੀ ਦੇ ਪਿਛਲੇ ਖਤ ਵਿਚ ਵੀ ਆ....। ਉਹ ਲਿਖਦੀ ਆ ਬੜੀ ਹੈਰਾਨੀ ਜਿਹੀ ਹੋ ਕੇ, ਤੁਹਾਨੂੰ ਇਕ ਗੱਲ ਦੱਸਾਂ.....? ਇਥੋਂ ਦੇ ਫੁੱਲਾਂ ਵਿਚ ਖੁਸ਼ਬੂ ਉੱਕਾ ਨਹੀਂ ਹੁੰਦੀ......। ''ਹੂੰ.....ਤੇ ਉਹ ਜੋ ਟਿਊਲਪ ਦੀ ਗੱਲ ਕਰ ਰਹੇ ਸੀ ਕਿ ਉਸ ਦੇ ਅਸਲੀ ਰੂਪ ਦੇ ਗੁਆਚ ਜਾਣ ਦੀ....?'' ਰੀਟਾ ਨੇ ਕਮਲ ਇਕਾਰਸੀ ਦੇ ਜ਼ਿਕਰ ਨੂੰ ਅਣਗੌਲਿਆ ਕਰਦਿਆਂ ਕਿਹਾ। ''ਹਾਂ....ਪ੍ਰੋਫੈਸਰ ਗੁਲਵੰਤ ਉਸ ਦਿਨ ਦਸ ਰਿਹਾ ਸੀ ਕਿ ਕੁਦਰਤ ਆਪਣੇ ਨਾਲ ਜ਼ਿਆਦਾ ਖਿਲਵਾੜ ਪਸੰਦ ਨਹੀਂ ਕਰਦੀ.....। ਕਈ ਵਾਰ ਲੱਖ ਯਤਨ ਕਰਨ 'ਤੇ ਹੀ ਅਸੀਂ ਪਸ਼ੂ ਪੰਛੀਆਂ ਅਤੇ ਫੁੱਲਾਂ ਬੂਟਿਆਂ ਦੀਆਂ ਗੁਆਚੀਆਂ ਨਸਲਾਂ ਦੁਆਰਾ ਵਿਕਸਤ ਨਹੀਂ ਕਰ ਸਕਦੇ.....ਜਿਵੇਂ ਅਸੀਂ ਨਕਲੀ ਡਾਇਨਾਸੋਰ ਬਣਾ ਕੇ ਕਲਪਨਾ ਨਾਲ ਹੀ ਅਸਲੀ ਡਾਇਨਾਸੌਰ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ.....।'' ਪਰ ਕਹਿੰਦੇ ..... ਉਹ ਤਾਂ ਕੁਦਰਤ ਦੀ ਕਰੋਪੀ ਨਾਲ ਹੀ ਖਤਮ ਹੋਇਆ?'' ''ਖ਼ਬਰੇ ਕਿਵੇਂ ਹੋਇਆ.....ਪਰ ਹੁਣ ਵਾਤਾਵਰਣ ਨੂੰ ਪ੍ਰਦੂਸ਼ਤ ਕਰ ਕੇ ਅਸੀਂ ਕੁਦਰਤ ਨਾਲ ਬਹੁਤ ਖਿਲਵਾੜ ਕਰ ਰਹੇ ਹਾਂ.....। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਇੰਜ ਹੀ ਹੁੰਦਾ ਰਿਹਾ ਤਾਂ ਕੱਲ ਦਾ ਮਨੁੱਖ ਰੋਵੇਗਾ ਤੇ ਆਪਣੇ ਪੁਰਖਿਆਂ ਦੇ ਗੁਨਾਹਾਂ ਲਈ ਬਹੁਤ ਮਹਿੰਗਾ ਮੁੱਲ ਤਾਰੇਗਾ......। ਅਸੀਂ ਹੁਣ ਵੀ ਰੋਂਦੇ ਹਾਂ....ਕਿਥੇ ਹੈ ਤੂੰ ਅਸਲੀ ਟਿਊਲਪ ਪਿਆਰੇ?'' ..ਤੇ ਜਿਵੇਂ ਅਸੀਂ ਮਧੂਬਾਲਾ ਦੇ ਫੈਨ ਉਸ ਨੂੰ ਉਦਾਸ ਹੋ ਕੇ ਯਾਦ ਕਰਦੇ ਹਾਂ ਕਿ ਉਹ ਗੁਲਾਬ ਦਾ ਫੁੱਲ ਖ਼ੁਦ ਤਾਂ ਵੱਧ ਸ਼ਰਾਬ ਪੀ-ਪੀ ਕੇ ਆਪਣਾ ਜਿਗਰ ਛਲਣੀ ਕਰਕੇ ਸਮੇਂ ਤੋਂ ਪਹਿਲਾਂ ਹੀ ਪਤਝੜ ਤੋਂ ਪਹਿਲਾਂ ਹੀ ਟਾਹਣੀ ਨਾਲੋਂ ਟੁੱਟ ਗਿਆ ਹੈ ਅਤੇ ਆਪਣੇ ਵਰਗਾ ਕੋਈ ਹੋਰ ਗੁਲਾਬ ਖਿੜਾ ਕੇ ਵੀ ਨਹੀਂ ਗਿਆ, ਖ਼ੈਰ ਫਿਰ ਵੀ ਨਰਸਰੀ ਦੇ ਗੁਲਾਬ ਤਾਂ ਹਨ, ਮਨੀਸ਼ਾ ਕੋਇਰਾਲਾ....ਹੈ....ਮੈਂ ਹਾਂ.....ਰੀਟਾ ਨੇ ਬੜੀ ਤਨਜ਼ੀਆ ਮੁਸਕੁਰਾਹਟ ਬਖੇਰਦਿਆਂ ਮੇਰੇ ਵੱਲ ਵੇਖਿਆ ਪਰ ਮੈਂ ਗੰਭੀਰ ਹੋ ਕੇ ਕਿਹਾ, ''ਹਾਂ....ਇਸੇ ਤਰ੍ਹਾਂ ਹਾਲੈਂਡ ਦੇ ਵਿਗਿਆਨੀਆਂ ਵਲੋਂ ਤਿਆਰ ਕੀਤੇ ਗਏ ਬੜੇ ਖੂਬਸੂਰਤ ਫੁੱਲ ਗਰੇਗ ਟਿਊਲਪ ਤੇ ਕਾਊਫਮਨ ਟਿਊਲਪ ਵੀ ਹਨ ਪਰ ਫਿਰ ਵੀ ਕਹਿੰਦੇ ਹਨ ਕਿ ਪ੍ਰਾਕਿਰਤਕ ਟਿਊਲਪ ਦਾ ਮੁਕਾਬਲਾ ਕਿਥੇ.....।'' ''ਤੁਸੀਂ ਮੈਨੂੰ ਵੀ ਕਿਤੇ ਇਹ ਵਾਲੇ ਟਿਊਲਪ ਵਿਖਾਉ ਨਾ.....?'' ''ਜ਼ਰੂਰ.....ਪਰ ਕਹਿੰਦੇ ਨੇ ਕਿ ਪ੍ਰਾਕਿਰਤਕ ਟਿਊਲਪ ਦਾ ਮੁਕਾਬਲਾ ਤਾਂ ਗੁਲਾਬ ਵੀ ਨਹੀਂ ਸੀ ਕਰ ਸਕਦਾ......ਹਾਂ ਜੰਗਲੀ ਗੁਲਾਬ ਵੀ ਨਹੀਂ.....। ਇਸ ਤਰ੍ਹਾਂ ਦਾ ਹੀ ਹੁੰਦਾ ਹੈ ਕੁਝ ਪੇਂਡੂ ਕੁੜੀਆਂ ਦਾ ਪ੍ਰਾਕਿਰਤਕ ਹੁਸਨ.....ਜਿਸ ਦਾ ਮੁਕਾਬਲਾ ਕੋਈ ਮਧੂਬਾਲਾ ਵੀ ਨਹੀਂ ਕਰ ਸਕਦੀ......।'' ''ਉਹ ਹੁਸਨ ਤਾਂ ਕਿਤੇ ਤੁਹਾਡੀ ਕਲਪਨਾ ਵਿਚ ਹੀ ਹੋਣਾ ਜਨਾਬ....?'' ਰੀਟਾ ਮੁਸਕਰਾਈ। ''ਹਾਂ.....ਮੇਰੇ ਖਾਬਾਂ ਵਿਚਲੀ ਉਹ ਲੜਕੀ ਅਸਲ ਵਿਚ ਕਿਤੇ ਹੈ ਨਹੀਂ....। ਤੇ ਮੈਂ ਅਕਸਰ ਸੋਚਦਾ ਰਹਿੰਦਾ....ਕਿਥੇ ਹੈ ਉਹ ਗੁੱਲ ਓ ਲਾਲਾ?'' ''ਇਹ 'ਗੁਲ ਓ ਲਾਲ' ਕੀ ਬਲਾ ਹੈ?'' ''ਅਸਲੀ ਟਿਊਲਪ ਦਾ ਫਾਰਸੀ ਨਾਂ ਹੈ। ਇਹ ਫਾਰਸੀ ਲੋਕਾਂ ਦੀਆਂ ਧਾਰਨਾ ਹੈ ਕਿ ਇਹ ਫੁੱਲ ਬਹਾਦਰਾਂ ਦੀਆਂ ਕਬਰਾਂ ਤੇ ਆਪਣੇ ਆਪ ਹੀ ਉੱਗ ਆਉਂਦਾ ਸੀ.....। ਸ਼ਾਇਦ ਹੁਣ ਵੀ ਉਗਦਾ ਹੋਵੇ ਕਿਧਰੇ......। ਖੋਜ ਤਾਂ ਜਾਰੀ ਰਹਿਣੀ ਚਾਹੀਦੀ ਹੈ ਨਾ.....।'' ''ਹਾਂ.....ਤੇ ਤੁਹਾਡੇ ਖ਼ਾਬਾਂ ਵਿਚਲੀ ਲੜਕੀ ਦੀ ਖੋਜ ਵੀ.....ਸ਼ਾਇਦ ਕਿਤੇ.....?'' ਰੀਟਾ ਫਿਰ ਮੁਸਕਰਾਈ ਮੈਂ ਵੀ ਮੁਸਕਰਾਇਆ। ''ਤੁਰਕੀ ਦੇ ਅਮੀਰ ਕਹਿੰਦੇ ਆਪਣੇ ਹਰਮਾਂ ਵਿਚ 'ਗੁਲ ਓ ਲਾਲਾ' ਦੀ ਸ਼ਾਨ ਵਿਚ ਇਕ ਖਾਸ ਦਿਨ ਮਨਾਇਆ ਕਰਦੇ ਸਨ ਤੇ ਫਾਰਸੀ ਦੇ ਪ੍ਰਸਿੱਧ ਕਵੀ ਹਾਫਿਜ਼ ਨੇ 'ਗੁਲ ਓ ਲਾਲਾ' ਦੀ ਸ਼ਾਨ ਵਿਚ ਕਿੰਨੇ ਹੀ ਖੂਬਸੂਰਤ ਸ਼ਿਆਰ ਕਹੇ ਸਨ.....।'' ''ਤਾਂ ਹੀ ਤੁਸੀਂ ਵੀ ਆਪਣੇ ਇੱਕ ਗ਼ਜ਼ਲ ਵਿਚ ਉਹ ਸ਼ਿਅਰ ਕਿਹਾ ਹੈ ਨਾ.....।'' ''ਕਿਹੜਾ?''  ''ਹਾਂ ਉਹੋ ਹੀ ਇਸ ਤਰ੍ਹਾਂ ਹੈ ਨਾ ਉਹ.....''ਫੁੱਲ ਟਿਊਲਪ ਦੇ ਉੱਗ ਪੈਣ ਕਬਰਾਂ ਉੱਤੇ ਕਿੰਨਾ ਚਿਰ ਸੂਹੇ ਸੁਪਨੇ ਮਰੇ ਰਹਿਣਗੇ। ''ਵਾਹ ਬਈ ਵਾਹ ਮੁਬਾਰਕਾਂ। ਇਹ ਸ਼ਿਅਰ ਯਾਦ ਰੱਖਣ ਲਈ। ਮੈਂ ਗੁਲ ਓ ਲਾਲਾ ਬਾਰੇ ਹਾਲੇ ਗੱਲ ਕਰ ਰਿਹਾ ਸੀ ਨਾ.....ਉਹ ਦੀ ਗੱਲ ਕਹੀ ਸੀ.....ਉਧਰ ਯੌਰਪ ਵਿਚ ਵੀ ਟਿਊਲਪ ਦੇ ਬਹੁਤ ਸਾਰੇ ਪ੍ਰਸੰਸਕ ਹੋਏ ਹਨ। ਕਹਿੰਦੇ ਹਨ, ਕਾਰਡੀਨਲ, ਰਿਸੈਲੇ, ਵਾਲਤੇਅਰ, ਮਾਰਸ਼ਲਬਿਰੋ, ਤੇ ਲੂਈ ਅਠਾਰਵਾਂ ਟਿਊਲਪ ਦੇ ਰੂਪ, ਤੇ ਮੁੱਗਧ ਸਨ.....।'' ''ਐਨਾ ਗਿਆਨ ਕਿੱਥੋਂ ਪੜ੍ਹ ਕੇ ਘੋਟ ਰਹੇ ਹੋ ਤੁਸੀਂ?'' ਰੀਟਾ ਨੇ ਹੁਣ ਅਸਲੀ ਜਾਂ ਨਕਲੀ ਹੈਰਾਨੀ ਪ੍ਰਗਟ ਕੀਤੀ। ''ਪੜ੍ਹ ਵੀ ਲਈਦਾ ਤੇ ਉਸ ਦਿਨ ਬਾਟਨੀ ਦੇ ਪ੍ਰੋਫੈਸਰ ਗੁਲਵੰਤ ਨੇ ਵੀ ਦੱਸਿਆ ਬਹੁਤ ਕੁਝ ਟਿਊਲਪ ਬਾਰੇ.....।'' ''ਪ੍ਰੋਫੈਸਰ ਗੁਲਵੰਤ ਯੂਨੀਵਰਸਿਟੀ ਵਿਚ ਹੀ ਹਨ ਨਾ....?'' ''ਹੈ ਤਾਂ ਉਥੇ ਹੀ....ਪਰ ਉਹ ਵੀ ਪ੍ਰਾਕਿਰਤਕ ਟਿਊਲਪ ਨਹੀਂ ਹੈ?'' ਮੈਂ ਸ਼ਰਾਰਤ ਨਾਲ ਕਿਹਾ। ''ਜਿਵੇਂ ਮੈਂ ਪ੍ਰਾਕਿਰਤਕ ਗੁਲਾਬ ਨਹੀਂ ਹਾਂ.....ਹੈ ਨਾ?'' ਰੀਟਾ ਨੇ ਤਨਜ਼  ਨਾਲ ਕਿਹਾ। ਮੈਂ ਸਿਰਫ਼ ਮੁਸਕਰਾਇਆ ਤੇ ਜਦ ਕੁਝ ਪਲ ਖਾਮੋਸ਼ ਹੀ ਰਿਹਾ ਤਾਂ ਰੀਟਾ ਨੇ ਪਤਾ ਨਹੀਂ ਅਸਲੀ ਜਾਂ ਨਕਲੀ, ਗੰਭੀਰਤਾ ਨਾਲ ਕਿਹਾ। ''ਤੁਹਾਡੇ ਖ਼ਾਬਾਂ ਵਿਚ ਜੋ ਲੜਕੀ ਹੈ ਉਹ ਸਚਮੁੱਚ ਹੋ ਨਹੀਂ ਸਕਦੀ।'' ''ਹਾਂ ਹੋ ਨਹੀਂ ਸਕਦੀ.....।'' ਗੁਲ ਓ ਲਾਲਾ ਹੈ ਉਹ ਲੜਕੀ ਤਾਂ.....ਉਹ ਸੱਚਮੁੱਚ ਹੋ ਨਹੀਂ ਸਕਦੀ.....।'' ਮੈਂ ਇਹ ਕਹਿੰਦਾ ਹੋਇਆ ਕੁਰਸੀ ਤੋਂ ਉਠ ਖਲੋਇਆ ਤਾਂ ਰੀਟਾ ਵੀ ਉਠ ਖਲੋਈ। ਫਿਰ ਉਹ ਪੈਨੀ ਦ੍ਰਿਸ਼ਟੀ ਨਾਲ ਵੇਖਦੀ ਹੋਈ ਬੋਲੀ, ''ਖੋਜ ਕਰੋ......ਕਿਤੇ ਹੋ ਵੀ ਸਕਦੀ ਹੈ......।'' ਮੈਂ ਧੱਫਾ ਉਸ ਦੇ ਜੂੜੇ ਦੇ ਕਾਲੇ ਗੁਲਾਬ ਵਿਚ ਮਾਰਿਆ ਤਾਂ ਉਸ ਨਾਲ ਲੱਗਿਆ ਕੰਡਾ ਮੇਰੀ ਅਨਾਮਿਕਾ ਵਾਲੀ ਉਂੁਗਲੀ ਵਿਚ ਚੁੱਭ ਗਿਆ। ਉਂਗਲੀ ਵਿਚੋਂ ਸਿੰਮਦੇ ਲਹੂ ਨੂੰ ਮੈਂ ਬੁੱਲ੍ਹਾਂ ਨਾਲ ਚੂਸਣ ਲੱਗਾ ਹੀ ਸਾਂ ਤਾਂ ਰੀਟਾ ਨੇ ਉਂਗਲੀ ਫੜ ਕੇ ਲਹੂ ਆਪ ਚੂਸ ਲਿਆ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਕਹਾਣੀਆਂਹੁਸਨ ਦਾ ਕਮਾਲ

Currency Converter

Amount:
From:
To:


Gurbani Radio


Gurbani - Sri Harmandir Sahib