
ਗਰਮੀ ਆਉਂਦੀ ਵੇਖ ਕੇ ਸਭ ਦੇ ਪਸੀਨੇ ਛੁੱਟਣ ਲੱਗ ਜਾਂਦੇ ਹਨ। ਪਰ ਪਸੀਨੇ-ਪਸੀਨੇ ਵਿਚ ਫਰਕ ਹੁੰਦਾ ਹੈ। ਇਕ ਪਸੀਨਾ ਉਹ ਹੁੰਦਾ ਹੈ ਜੋ ਕਿਸੇ ਤੋਂ ਡਰ ਕੇ ਆਉਂਦਾ ਹੈ, ਇਕ ਉਹ ਜੋ ਕਿਸੇ ਦੁਸ਼ਮਣ ਨੂੰ ਦੇਖ ਕੇ ਆਉਂਦਾ ਹੈ, ਘਬਰਾਓ ਨਹੀਂ! ਇੱਥੇ ਗਰਮੀ ਦੇ ਕਾਰਨ ਆਉਣ ਵਾਲੇ ਪਸੀਨੇ ਦੀ ਬਦਬੂ ਦੇ ਕੁਦਰਤੀ ਇਲਾਜ ਬਾਰੇ ਜਾਣਕਾਰੀ ਹਾਸਲ ਕਰਾਂਗੇ।
ਪਸੀਨਾ ਤਾਂ ਹਰੇਕ ਨੂੰ ਆਉਂਦਾ ਹੈ ਪਰ ਕੁਝ ਲੋਕਾਂ ਦਾ ਪਸੀਨਾ ਏਨਾ ਜ਼ਿਆਦਾ ਬਦਬੂਦਾਰ ਹੁੰਦਾ ਹੈ ਕਿ ਉਨ੍ਹਾਂ ਕੋਲ ਖੜ੍ਹੇ ਵੀ ਨਹੀਂ ਹੋਇਆ ਜਾ ਸਕਦਾ। ਪਸੀਨੇ ਦੀ ਬਦਬੂ ਇਕ ਚੰਗੇ-ਭਲੇ ਵਿਅਕਤੀਤਵ ਦੀ ਚਮਕ ਫਿੱਕੀ ਕਰ ਕੇ ਰੱਖ ਦੇਂਦੀ ਹੈ। ਅਜਿਹਾ ਨਹੀਂ ਕਿ ਬਦਬੂਦਾਰ ਪਸੀਨਾ ਆਉਣ ਵਾਲੇ ਵਿਅਕਤੀਆਂ ਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ ਕਿ ਉਨ੍ਹਾਂ ਦਾ ਪਸੀਨਾ ਬਦਬੂਦਾਰ ਹੈ, ਉਨ੍ਹਾਂ ਨੂੰ ਇਸ ਬਾਰੇ ਪਤਾ ਹੁੰਦਾ ਹੈ ਅਤੇ ਉਹ ਮਨ ਹੀ ਮਨ ਇਸ ਬਾਰੇ ਸੋਚ ਕੇ ਹੀਣਭਾਵਨਾ ਨਾਲ ਪੀੜਤ ਹੋ ਜਾਂਦੇ ਹਨ। ਇਹ ਲੇਖ ਪਸੀਨੇ ਦੀ ਬਦਬੂ ਦੇ ਕੁਦਰਤੀ ਇਲਾਜ ਬਾਰੇ ਅਜਿਹੇ ਹੀ ਲੋਕਾਂ ਨੂੰ ਜਾਣਕਾਰੀ ਦੇਣ
ਲਈ ਹੈ।
ਕੁਝ ਲੋਕ ਪਰਫਿਊਮ ਐਂਟੀਪਰਸਪਾਯਰੇਂਟ ਤੇ ਡਿਓਡਰੈਂਟ ਦਾ ਇਸਤੇਮਾਲ ਆਪਣੇ ਸਰੀਰ 'ਤੇ ਕਰਕੇ ਆਪਣੇ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪ੍ਰਾਪਤ ਕਰ ਲੈਂਦੇ ਹਨ। ਪਰ ਅਜਿਹੇ ਲੋਕਾਂ ਨੂੰ ਅਸੀਂ ਦਸ ਦੇਈਏ ਕਿ ਐਂਟੀਪਰਸਪਾਯਰੇਂਟ ਜਿਸ ਦਾ ਕੰਮ ਪਸੀਨੇ ਨੂੰ ਰੋਕਣਾ ਹੈ ਅਤੇ ਡਿਓਡਰੈਂਟ ਜਿਸ ਦਾ ਕੰਮ ਪਸੀਨੇ ਦੀ ਬਦਬੂ ਨੂੰ ਰੋਕਣਾ ਹੁੰਦਾ ਹੈ, ਵਿਚ ਅਜਿਹੇ ਤੱਤਾਂ ਦੀ ਭਰਮਾਰ ਹੁੰਦੀ ਹੈ ਜੋ ਬੈਕਟੀਰੀਆ ਨੂੰ ਖਤਮ ਨਾ ਕਰਕੇ ਉਨ੍ਹਾਂ ਦੀ ਮਾਤਰਾ ਵਿਚ ਵਾਧਾ ਕਰ ਦੇਂਦੇ ਹਨ। ਐਂਟੀਪਰਸਪਾਯਰੇਂਟ ਪਸੀਨੇ ਨੂੰ ਰੋਕਣ ਤੇ ਬੈਕਟੀਰੀਆ ਨੂੰ ਨਾਸ ਕਰਨ ਵਿਚ ਸਫਲਤਾ ਤਾਂ ਪ੍ਰਾਪਤ ਕਰ ਲੈਂਦੇ ਹਨ ਪਰ ਕਈ ਵਾਰ ਇਨ੍ਹਾਂ ਦੇ ਇਸਤੇਮਾਲ ਨਾਲ ਸਰੀਰ ਵਿਚ ਅਲਰਜੀ ਪੈਦਾ ਹੋ ਜਾਂਦੀ ਹੈ।
ਕਿਉਂ ਆਉਂਦੀ ਹੈ ਪਸੀਨੇ ਵਿੱਚੋਂ ਬਦਬੂ?:
ਸਾਡੇ ਸਰੀਰ ਦੀ ਚਮੜੀ ਦੇ ਰੋਮਕੂਪਾਂ ਵਿੱਚੋਂ ਜਿਸ ਵਕਤ ਪਸੀਨਾ ਬਾਹਰ ਆਉਂਦਾ ਹੈ, ਉਸ ਵਕਤ ਉਹ ਗੰਧਹੀਣ ਹੁੰਦਾ ਹੈ, ਪਸੀਨੇ ਦੇ ਨਾਲ ਯੂਰੀਆ, ਨਮਕ, ਪ੍ਰੋਟੀਨ, ਵਸਾ ਦਾ ਨਿਕਾਸ ਹੁੰਦਾ ਹੈ। ਪਸੀਨੇ ਦਾ ਵਾਸ਼ਪੀਕਰਨ ਨਾ ਹੋਣ ਦੀ ਅਵਸਥਾ ਵਿਚ ਚਮੜੀ 'ਤੇ ਮੌਜੂਦ ਬੈਕਟੀਰੀਆ ਵਸਾ ਤੇ ਪ੍ਰੋਟੀਨ ਨਾਲ ਕ੍ਰਿਆ ਕਰਕੇ ਇਨ੍ਹਾਂ ਨੂੰ ਅਮੋਨੀਆ ਦੇ ਅਮਲ ਵਿਚ ਬਦਲ ਦੇਂਦੇ ਹਨ। ਅਮਲ ਤੇ ਅਮੋਨੀਆ ਦੀ ਉਤਪਤੀ ਕਾਰਨ ਹੀ ਪਸੀਨਾ ਬਦਬੂ ਵਾਲਾ ਬਣ ਜਾਂਦਾ ਹੈ।
ਕਿਉਂ ਆਉਂਦਾ ਹੈ ਪਸੀਨਾ?:
ਮਨੁੱਖੀ ਸਰੀਰ ਦੀ ਚਮੜੀ ਦੇ ਹੇਠਾਂ 20 ਲੱਖ ਦੇ ਆਸਪਾਸ ਪਸੀਨੇ ਵਾਲੀਆਂ ਗ੍ਰੰਥੀਆਂ ਹੁੰਦੀਆਂ ਹਨ। ਇਹ ਪਸੀਨਾ ਗ੍ਰੰਥੀਆਂ ਹੀ ਪਸੀਨੇ ਦਾ ਨਿਰਮਾਣ ਕਰਦੀਆ ਹਨ। ਹਰੇਕ ਗ੍ਰੰਥੀ ਵਿਚ ਬਹੁਤ ਹੀ ਨਾਜ਼ੁਕ ਤੇ ਛੋਟੀਆਂ-ਛੋਟੀਆਂ ਟਿਊਬਾਂ ਹੁੰਦੀਆਂ ਹਨ। ਇਨ੍ਹਾਂ ਟਿਊਬਾਂ ਦਾ ਮੂੰਹ ਸਰੀਰ ਦੀ ਚਮੜੀ ਦੀ ਅੰਦਰੂਨੀ ਪਰਤ ਡਰਮਿਸ 'ਚ ਥੋੜ੍ਹਾ ਉਪਰ ਹੁੰਦੇ ਹੋਏ ਚਮੜੀ ਦੀ ਉਪਰਲੀ ਪਰਤ 'ਤੇ ਆ ਕੇ ਖੁੱਲ੍ਹਦਾ ਹੈ। ਇਨ੍ਹਾਂ ਗ੍ਰੰਥੀਆਂ ਰਾਹੀਂ ਹੀ ਨਮਕ ਮਿਸ਼ਰਤ, ਵਸਾ ਮਿਸ਼ਰਤ, ਪ੍ਰੋਟੀਨ ਮਿਸ਼ਰਤ ਪਾਣੀ ਦਾ ਰਿਸਾਵ ਹੁੰਦਾ ਹੈ। ਸਰੀਰ ਦੇ ਤਾਪਮਾਨ ਨੂੰ ਨਿਯੰਤ੍ਰਿਤ ਕਰਨ 'ਚ ਇਹ ਗ੍ਰੰਥੀਆਂ ਮੁੱਖ ਭੂਮਿਕਾ ਨਿਭਾਉਂਦੀਆਂ ਹਨ। ਤੁਹਾਨੂੰ ਇਕ ਗੱਲ ਹੋਰ ਦੱਸ ਦੇਈਏ ਕਿ ਸਾਡੀ ਤੰਦਰੁਸਤੀ ਲਈ ਪਸੀਨਾ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਕਾਰਨ ਹੀ ਸਾਡੇ ਸਰੀਰ ਦਾ ਤਾਪਮਾਨ ਨਿਯੰਤ੍ਰਣ ਵਿਚ ਰਹਿੰਦਾ ਹੈ।
ਬਦਬੂ ਤੋਂ ਬਚਾਅ
ਇਕ ਵਾਰ ਪਹਿਨੇ ਹੋਏ ਕੱਪੜਿਆਂ ਨੂੰ ਬਿਨਾਂ ਧੋਤੇ ਅਲਮਾਰੀ 'ਚ ਨਾ ਰੱਖੋ। ਬਿਨਾਂ ਧੋਤੇ ਕੱਪੜਿਆਂ ਨੂੰ ਅਲਮਾਰੀ ਵਿਚ ਰੱਖਣ ਨਾਲ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਕ੍ਰਿਆਸ਼ੀਲ ਹੋ ਕੇ ਕੱਪੜਿਆਂ ਵਿਚ ਬਦਬੂ ਪੈਦਾ ਕਰ ਦੇਂਦੇ ਹਨ।
ਸਰੀਰ ਦੀ ਸਾਫ ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।
ਨਿੰਮ ਵਾਲੇ ਸਾਬਣ ਦਾ ਨਹਾਉਂਦੇ ਸਮੇਂ ਇਸਤੇਮਾਲ ਕਰੋ ਤਾਂ ਚੰਗਾ ਰਹੇਗਾ।
ਜਿੱਥੋਂ ਤਕ ਹੋ ਸਕੇ ਸਖ਼ਤ ਧੁੱਪ ਤੋਂ ਬਚੋ।
ਕੱਪੜੇ ਅਜਿਹੇ ਪਹਿਨੋ ਜੋ ਸਰੀਰ ਨਾਲ ਚਿਪਕੇ ਹੋਏ ਨਾ ਹੋਣ ਕਿਉਂਕਿ ਤੰਗ ਕੱਪੜਿਆਂ ਵਿਚ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਵਾਸ਼ਪੀਕਰਨ ਸਹੀ ਢੰਗ ਨਾਲ ਨਹੀਂ ਹੁੰਦਾ ਜਿਸ ਕਾਰਨ ਕੱਪੜਿਆਂ ਵਿੱਚੋਂ ਬਦਬੂ ਆਉਣ ਲੱਗਦੀ ਹੈ।
ਸਿੰਥੈਟਿਕ ਕੱਪੜੇ ਨਾ ਪਹਿਨ ਕੇ ਸੂਤੀ ਕੱਪੜੇ ਪਹਿਨੋ ਤਾਂ ਜ਼ਿਆਦਾ ਠੀਕ ਰਹੇਗਾ। ੲ ਤਲੀਆਂ-ਭੁੰਨੀਆਂ ਤੇ ਮਸਾਲੇ ਵਾਲੀਆਂ ਚੀਜ਼ਾਂ ਨਾ ਖਾਓ। ੲ ਮੌਸਮੀ ਫਲਾਂ ਦਾ ਸੇਵਨ ਕਰੋ।
-ਪਰਕਾਸ਼ ਕੌਰ ਢਿੱਲੋਂ