
ਅੱਜ ਦੇ ਦੌਰ ਵਿਚ ਫਿਜ਼ੀਓਥੈਰੇਪੀ ਦਾ ਯੋਗਦਾਨ ਸਾਡੀ ਜ਼ਿੰਦਗੀ ਵਿਚ ਵਧਦਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਇਲਾਜ ਦਾ ਕੋਈ ਬੁਰਾ ਪ੍ਰਭਾਵ ਨਹੀਂ ਹੈ।
ਗਠੀਆ ਅਤੇ ਇਸਦੇ ਕਾਰਨ :
ਬਹੁਤ ਸਾਰੇ ਕਾਰਨ ਜਿਵੇਂ ਮੌਸਮ, ਖਾਣ-ਪੀਣ, ਪੀੜ੍ਹੀ ਦਰ ਪੀੜ੍ਹੀ, ਸਾਡੇ ਸਰੀਰ ਦੇ ਅੰਦਰੂਨੀ ਸਿਸਟਮ ਵਿਚ ਗੜਬੜ ਤੇ ਇਨਫੈਕਸ਼ਨ ਇਸ ਨੂੰ ਵਧਾਉਂਦੇ ਹਨ।
* ਸਾਡੇ ਸਰੀਰ ਵਿਚੋਂ ਅਣਉਚਿਤ ਮਾਤਰਾ ਵਿਚ ਪ੍ਰੋਟੀਨ, ਜਿਸਨੂੰ ਰੁੰਮੇਟੋਇਡ ਸੀਰਮ ਫੈਕਟਰ ਕਹਿੰਦੇ ਹਨ, ਇਸਦਾ ਇਕ ਕਾਰਨ ਹੈ।
* ਸਰੀਰ ਵਿਚ ਈ. ਐੱਸ. ਆਰ. ਦਾ ਵਧ ਜਾਣਾ, ਇਸ ਦਾ ਕਾਰਨ ਹੈ।
* ਸਾਈਨੋਵੀਅਲ ਫਲੂਅਡ ਦਾ ਰੰਗ ਤੇ ਗਾੜ੍ਹਾਪਨ ਜਾਣਨ ਲਈ ਟੈਸਟ ਕੀਤਾ ਜਾਂਦਾ ਹੈ।
ਲੱਛਣ :
* ਇਹ ਜ਼ਿਆਦਾਤਰ 35-55 ਸਾਲ ਦੇ ਉਮਰ ਦੇ ਲੋਕਾਂ ਵਿਚ ਵੇਖਣ ਨੂੰ ਆਉਂਦੀ ਹੈ, ਜਿਸ ਵਿਚ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ।
* ਇਸ ਨਾਲ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਦਰਦ, ਸੋਜ, ਜ਼ਿਆਦਾ ਗਰਮਾਇਸ਼ ਤੇ ਅਕੜਾਹਟ ਆਉਣ ਲੱਗਦੀ ਹੈ।
* ਮਾਸਪੇਸ਼ੀਆਂ ਦੇ ਪ੍ਰਭਾਵਿਤ ਹੋਣ ਨਾਲ ਦਿਮਾਗੀ ਪ੍ਰੇਸ਼ਾਨੀਆਂ ਵੀ ਆ ਸਕਦੀਆਂ ਹਨ।
* ਜ਼ਿਆਦਾਤਰ ਮਰੀਜ਼ਾਂ ਵਿਚ ਪਹਿਲਾਂ ਗੁੱਟ, ਉਂਗਲਾਂ ਦੇ ਜੋੜ, ਗੋਡਿਆਂ 'ਤੇ ਅਸਰ ਪੈਂਦਾ ਹੈ ਤੇ ਬਾਅਦ ਵਿਚ
ਬਾਕੀ ਜੋੜਾਂ ਤੇ।
ਇਸ ਨਾਲ ਹਰ ਜੋੜ 'ਤੇ ਵੱਖ-ਵੱਖ ਲੱਛਣ ਨਜ਼ਰ ਆਉਂਦੇ ਹਨ।
ਗਰਦਨ (ਸਰਵਾਈਕਲ ਸਪਾਈਨ)
ਗਰਦਨ ਦੇ ਉਪਰਲੇ ਮਣਕਿਆਂ ਵਿਚ ਦਬਾਅ ਕਾਰਨ ਚੱਕਰ ਤੇ ਸਰੀਰ ਦੇ ਅੱਧੇ ਹਿੱਸੇ ਵਿਚ ਕਮਜ਼ੋਰੀ ਤੇ ਅੱਖਾਂ 'ਤੇ ਅਸਰ ਪੈ ਸਕਦਾ ਹੈ।
ਜਬਾੜੇ 'ਤੇ ਅਸਰ
ਇਸ ਨਾਲ ਜਬਾੜੇ ਵਿਚ ਦਰਦ ਤੇ ਹਿਲਜੁਲ ਦਾ ਘਟਣਾ।
* ਮੋਢੇ ਦਾ ਜੋੜ ਵੀ ਇਸਦਾ ਆਮ ਨਿਸ਼ਾਨਾ ਹੈ।
* ਕੂਹਣੀ 'ਤੇ ਅਸਰ ਕਾਰਨ ਇਸਦਾ ਖੁੱਲ੍ਹਣਾ-ਮੁੜਨਾ ਘਟ ਸਕਦਾ ਹੈ ਤੇ ਕਦੇ-ਕਦਾਈਂ ਨਸਾਂ ਦਾ ਤਬਾਅ ਵੀ ਪੈ ਸਕਦਾ ਹੈ।
* ਗੁੱਟ ਵਿਚ ਅਕੜਾਅ ਤੇ ਦਰਦ।
* ਹੱਥਾਂ ਦੇ ਜੋੜਾਂ ਦੀ ਬਣਤਰ 'ਚ ਖਰਾਬੀ ਆ ਜਾਂਦੀ ਹੈ, ਜਿਸ ਨਾਲ ਹੱਥਾਂ ਦੀ ਦਿੱਖ ਬਦਲ ਜਾਂਦੀ ਹੈ।
* ਚੂਲੇ ਵਿਚ ਅਕੜਾਹਟ ਆ ਜਾਂਦੀ ਹੈ।
* ਗੋਡਿਆਂ ਵਿਚ ਸੋਜ ਪੈ ਜਾਂਦੀ ਹੈ, ਜੋ ਗੋਡਿਆਂ 'ਤੇ ਪੂਰਾ ਭਾਰ ਨਹੀਂ ਪੈਣ ਦਿੰਦੀ।
* ਪੈਰਾਂ ਦੀਆਂ ਉਂਗਲਾਂ ਇਕ ਪਾਸੇ ਵੱਲ ਮੁੜ ਜਾਂਦੀਆਂ ਹਨ।
ਫਿਜ਼ੀਓਥੈਰੇਪੀ ਦਾ ਰੋਲ :
ਫਿਜ਼ੀਓਥੈਰੇਪੀ ਦਾ ਮੁੱਖ ਰੋਲ ਮਰੀਜ਼ ਨੂੰ ਆਪਣੇ-ਆਪ ਲਈ ਤਿਆਰ ਕਰਨਾ ਹੈ, ਜਿਸਦੀ ਮਦਦ ਨਾਲ ਉਹ ਆਪਣੇ ਸਾਰੇ ਕੰਮ ਆਪ ਕਰ ਸਕੇ ਅਤੇ ਦੂਜਿਆਂ 'ਤੇ ਨਿਰਭਰ ਨਾ ਰਹੇ।
ਪਹਿਲੀ ਸਟੇਜ
* ਮਰੀਜ਼ ਆਪਣੇ ਸਰੀਰ ਦੀ ਸਹੀ ਤਰੀਕੇ ਨਾਲ ਵਰਤੋਂ ਕਰੇ, ਜਿਵੇਂ ਜੋੜਾਂ ਨੂੰ ਸਪੋਰਟ, ਬਿਸਤਰ 'ਤੇ ਲੇਟਣ ਦਾ ਤਰੀਕਾ ਆਦਿ।
* ਸਾਹ ਦੀ ਕਸਰਤ ਵੀ ਅਹਿਮ ਰੋਲ ਨਿਭਾਉਂਦੀ ਹੈ।
* ਸਰੀਰਕ ਬਣਤਰ ਨੂੰ ਸਹੀ ਰੱਖਣਾ ਤੇ ਜੋੜਾਂ 'ਤੇ ਬਰਾਬਰ ਭਾਰ ਪਾਉਣਾ ਚਾਹੀਦਾ ਹੈ।
''5, ਅਲਟਰਾਸਾਊਂਡ ਥੈਰੇਪੀ, ਬਰਫ਼ ਦੀ ਮਾਲਿਸ਼ ਕਰਨ ਨਾਲ ਦਰਦ ਤੇ ਅਕੜਾਅ ਤੋਂ ਰਾਹਤ ਮਿਲਦੀ ਹੈ।
* ਸਰੀਰ ਦੇ ਭਾਰ ਸਹਿਣ ਵਾਲੇ ਜੋੜਾਂ 'ਤੇ ਅਸਰ ਕਰਕੇ ਮਰੀਜ਼ ਨੂੰ ਫਾਹੁੜੀਆਂ ਸਹਾਰੇ ਚੱਲਣਾ ਸਿਖਾਇਆ ਜਾਂਦਾ ਹੈ।
* ਸਰੀਰ ਦੇ ਸੋਜ ਵਾਲੇ ਹਿੱਸੇ ਨੂੰ ਉੱਚਾ ਰੱਖ ਕੇ ਕਸਰਤ ਕਰਾਈ ਜਾਂਦੀ ਹੈ।
* ਜੋੜਾਂ ਨੂੰ ਸੇਕ ਨਹੀਂ ਦੇਣਾ ਚਾਹੀਦਾ।
ਦੂਜੀ ਸਟੇਜ
ਇਸ ਸਟੇਜ ਵਿਚ ਮਰੀਜ਼ ਨੂੰ ਪੂਰੀ ਤਰ੍ਹਾਂ ਆਤਮ-ਨਿਰਭਰ ਹੋਣਾ ਸਿਖਾਇਆ ਜਾਂਦਾ ਹੈ। ਇਸ ਵਿਚ ਖੜ੍ਹੇ ਹੋਣਾ ਤੇ ਤੁਰਨਾ ਮੁੱਖ ਹਨ। ਜੋੜਾਂ 'ਤੇ ਭਾਰ ਪਾਉਣ ਤੋਂ ਪਹਿਲਾਂ ਇਹ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਮਰੀਜ਼ ਨੂੰ ਜ਼ਰੂਰੀ ਸਪੋਟ ਦਿੱਤੀ ਜਾਵੇ ਤਾਂ ਜੋ ਜੋੜ 'ਤੇ ਘੱਟ ਤੋਂ ਘੱਟ ਭਾਰ ਪਵੇ, ਇਸ ਦੀ ਮਦਦ ਨਾਲ ਮਰੀਜ਼ ਆਪਣੇ ਰੋਜ਼ਾਨਾ ਦੇ ਕੰਮਕਾਜ ਆਸਾਨੀ ਨਾਲ ਕਰ ਸਕਦਾ ਹੈ।
ਖਾਣ-ਪੀਣ ਵਾਲੀਆਂ ਚੀਜ਼ਾਂ ਅਤੇ ਪ੍ਰਹੇਜ਼ :
ਸਾਨੂੰ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਵਿਚ ਸਾਨੂੰ ਹਰੀਆਂ ਸਬਜ਼ੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਹਨ, ਜੋ ਸਰੀਰ ਨੂੰ ਤਾਕਤ ਪ੍ਰਦਾਨ ਕਰਦੀਆਂ ਹਨ। ਖਾਣ ਵਾਲੀਆਂ ਚੀਜ਼ਾਂ ਵਿਚ ਸਾਨੂੰ ਹਾਈ ਪ੍ਰੋਟੀਨ ਡਾਈਟ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਜਿਵੇਂ ਛਿਲਕੇ ਵਾਲੀਆਂ ਦਾਲਾਂ, ਪਨੀਰ, ਮੀਟ, ਆਂਡਾ ਆਦਿ।