
ਡਾ. ਅਮਰ ਕੋਮਲ
ਯੋਗ, ਸੰਸਕ੍ਰਿਤ ਦੇ ਸ਼ਬਦ ਯੁਜ ਤੋਂ ਬਣਿਆ ਹੈ, ਜਿਸ ਦੇ ਅਰਥ ਬੰਨ੍ਹਣਾ, ਚਿੱਤ ਨੂੰ ਰੋਕਣਾ, ਮਿਲਾਪ ਕਰਨਾ, ਅਧੀਨ ਕਰਨਾ, ਇਕੱਠਾ ਕਰਨਾ, ਯਤਨ ਕਰਨਾ ਹੈ। ਯੋਗ ਦੇ ਸੰਗਯਾ ਰੂਪ ਅਰਥ, ਸੰਯੋਗ, ਜੋੜ, ਮਿਲਾਪ, ਉਪਾਅ, ਯਤਨ, ਚਿੱਤ ਦੀ ਵ੍ਰਿਤੀ ਦਾ ਰੋਕਣਾ, ਪਤੰਜਲੀ ਰਿਸ਼ੀ ਦਾ ਅੱਠ ਅੰਗੀ ਯੋਗ-ਆਸਨ, ਪਰਮਾਤਮਾ ਤੇ ਜੀਵਾਤਮਾ ਦਾ ਇਕ ਹੋਣਾ, ਜੋ ਵਸਤੂ ਨਹੀਂ ਮਿਲੀ, ਉਸ ਦੀ ਪ੍ਰਾਪਤੀ ਦੀ ਚਿੰਤਾ, ਦੇਹ ਅਥਵਾ ਸਰੀਰ ਦੀ ਸਥਿਤੀ, ਨੁਸਖਾ, ਗ੍ਰਹਿਆਂ ਦਾ ਮੇਲ ਹਨ। ਯੋਗ ਵਿੱਦਿਆ ਦੇ ਪ੍ਰਭਾਵ ਸਦਕੇ ਸਭ ਕੁਝ ਜਾਣਨ ਵਾਲਾ ਯੋਗੀ ਯੁੰਜਾਨ-ਯੋਗੀ ਅਖਵਾਉਂਦਾ ਹੈ। ਇਹ ਸਰਵਗਿਆਤਾ ਹੁੰਦਾ ਹੈ। ਉਸ ਦੀ ਅਜਿਹੀ ਵਿਦਵਤਾ, ਉਸ ਨੂੰ ਯੋਗ-ਸਾਧਨਾ ਕਰਕੇ ਪ੍ਰਾਪਤ ਹੁੰਦੀ ਹੈ. ਆਸਣ ਲਾਉਣ ਦੇ ਪ੍ਰਕਾਰ, ਬੈਠਣ ਦੇ ਤਰੀਕੇ, ਪਸ਼ੂ ਪੰਛੀਆਂ ਦੀ ਬੈਠਕ ਤੋਂ ਲਏ ਗਏ ਹਨ ਜਿਵੇਂ ਸਿੰਹਾਸਨ (ਸ਼ੇਰ ਤੋਂ), ਮਯੂਰਾਸਨ (ਮੋਰ ਤੋਂ), ਮਕਰਾਸ਼ਨ (ਮੱਛੀ ਤੋਂ ਭੁਜੰਗਾਸਨ (ਟੇਢਾ ਚੱਲਣ ਵਾਲੇ ਸੱਪ ਤੋਂ) ਆਦਿ ਆਸਨ ਨਿਰਮਾਣ ਕੀਤੇ ਗਏ ਹਨ। ਜੋ ਯੋਗ, ਕਮਾਉਂਦਾ ਹੈ, ਉਹ ਯੋਗੀ ਹੈ। ਯੋਗੀ ਨੂੰ ਆਤਮਾ ਵਿਚ ਮਨ ਜੋੜਨ ਵਾਲਾ ਵਿਅਕਤੀ ਕਹਿੰਦੇ ਹਨ। ਯੋਗੀਆਂ ਦਾ ਗੁਰੂ ਯੋਗੀ ਰਾਜ ਜਾਂ ਯੋਗੀਸ਼ਵਰ ਅਖਵਾਉਂਦਾ ਹੈ। ਵੈਸੇ ਯੋਗਯ ਅਥਵਾ ਯੋਗ ਦੇ ਅਰਥ, ਲਾਈਨ, ਉਚਿਤ, ਮੁਨਾਸਿਬ, ਚਤੁਰ-ਦਾਨਾ, ਨਿਪੁੰਨ, ਸ਼ਕਤੀਸ਼ਾਲੀ ਵੀ ਕੀਤੇ ਜਾਂਦੇ ਹਨ। ਜੋੜਨ ਦੀ ਕਿਰਿਆ ਨੂੰ ਯੋਜਨਾ ਕਹਿੰਦੇ ਹਨ। ਪੁਰਾਣਾਂ ਅਨੁਸਾਰ ਅੱਠ ਯੋਗਿਨੀਆਂ ਹਨ।
ਭੋਗ, ਸ਼ਬਦ ਸੰਸਕ੍ਰਿਤ ਦੇ ਸ਼ਬਦ ਭੁਜ ਧਾ ਤੋਂ ਨਿਕਲਿਆ ਸ਼ਬਦ ਹੈ। ਜਿਸ ਦੇ ਅਰਥ ਝੁਕਣਾ, ਆਨੰਦ ਲੈਣਾ, ਭੋਗਣਾ, (ਖਾਣਾ) ਸੁੱਖ-ਦੁੱਖ ਦਾ
ਅਨੁਭਵ ਕਰਨਾ, ਇੰਦਰੀਆਂ ਕਰਕੇ, ਗ੍ਰਹਿਣ ਕਰਕੇ ਪਦਾਰਥਾਂ ਤੋਂ ਉਪਜਿਆ ਆਨੰਦ; ਇਸਤਰੀ ਪੁਰਖ ਦਾ ਸੰਗਮ (ਮੈਥੁਨ) ਸੱਪ ਦਾ ਫਣ, ਸੁੱਖ, ਦੇਹ, ਸਰੀਰ, ਦੇਵਤਿਆਂ ਦਾ ਅਰਪਿਆ ਪ੍ਰਸ਼ਾਦ ਅਤੇ ਸਮਾਪਿਤ ਅਥਵਾ ਅੰਤ ਹੈ। ਜੋ ਭੋਗ, ਭੋਗਦਾ ਹੈ, ਉਸ ਨੂੰ ਭੋਗਤਾ ਜਾਂ ਭੋਗੀ ਕਿਹਾ ਜਾਂਦਾ ਹੈ, ਇਸਤਰੀ ਨੂੰ ਆਮ ਤੌਰ 'ਤੇ ਭੋਗਨੀ ਕਹਿੰਦੇ ਹਨ। ਘਰ, ਦੇਹ, ਸਰੀਰ ਆਦਿ ਭੋਗਾਯਤਨ ਹਨ। ਭੋਗ ਦਾ ਬਹੁਵਚਨ ਭੋਗਾ ਹੈ। ਭੋਗੀਆਂ ਦਾ ਈਸ਼ਵਰ ਮਹਾਨ ਭੋਗੀ ਭੋਗੀਸੁਰ ਹੈ। ਧਨ ਅੰਨ ਆਦਿ ਪਦਾਰਥ ਹੀ ਭੋਗਣਯੋਗ ਹਨ।
ਮਨ ਚਿੱਤ ਬੁੱਧੀ ਅਤੇ ਅੰਤਹਕਰਨ ਦੀ ਸ਼ੁੱਧੀ ਲਈ, ਕਿਸੇ ਫਲ ਦੀ ਇੱਛਾ ਦਾ ਤਿਆਗ ਕਰਨ ਵਾਲਾ ਕਰਮਯੋਗੀ ਕਿਹਾ ਜਾਂਦਾ ਹੈ। ਕਰਮਯੋਗੀ, ਹਮੇਸ਼ਾ ਸੇਵਾ, ਪਰਉਪਕਾਰ ਅਤੇ ਤਿਆਗ ਲਈ ਕੰਮ ਕਰਦਾ ਹੈ। ਧਰਮ ਧਾਰਣ ਕਰਨ ਵਾਲੇ ਨੂੰ ਧਰਮ ਯੋਗੀ ਕਿਹਾ ਜਾਂਦਾ ਹੈ। ਧਰਮ ਧਾਰਨਾ, ਮਨੁੱਖ ਦਾ ਮੂਲ ਯੋਗ ਹੈ। ਧਰਮ ਧਾਰ ਕੇ ਸ਼ੁਭ ਕਰਮ ਕਰਨੇ ਹਰ ਵਿਅਕਤੀ ਦਾ ਯੋਗ ਜੀਵਨ ਹੈ। ਬਚਪਨ, ਜਵਾਨੀ ਗ੍ਰਹਿਸਤ ਜੀਵਨ ਅਤੇ ਬੁਢਾਪਾ, ਕਰਮਯੋਗ ਅਨੁਸਾਰ ਲੰਘਾਉਣੇ ਜੀਵਨ ਦਾ ਸ਼ੁਭ ਕਰਮ ਹੈ। ਕਰਮ ਯੋਗ ਕਰਦਿਆਂ ਕਰਮ ਫਲ ਦੀ ਉਡੀਕ ਕਰਨੀ ਨਿਰਾਰਥਕ ਹੈ। ਇਹ ਆਪਣੇ ਆਪ ਮਿਲਦਾ ਹੈ, ਜੋ ਯੋਗ ਹੈ।
ਬਾਲ ਕਾਲ ਤੋਂ ਲੈ ਕੇ ਜਵਾਨੀ ਤੱਕ ਜਦੋਂ ਵਿਅਕਤੀ, ਆਪਣੇ ਮਾਤਾ ਪਿਤਾ ਅਤੇ ਪਰਿਵਾਰ ਦੀ ਸੰਗਤ ਮਾਣਦਾ ਹੈ; ਉਸ ਨੂੰ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ, ਜੀਵਨ ਦੇ ਉਸਾਰੂ ਨਿਯਮਾਂ ਅਤੇ ਆਪਣੇ ਆਪਣੇ ਧਰਮ ਦੇ ਅਸੂਲਾਂ ਦੀ ਗੁੜਤੀ ਦਿੱਤੀ ਜਾਂਦੀ ਹੈ, ਜਿਸ ਨੂੰ ਅਸੀਂ ਸੰਸਕਾਰਾਂ ਦਾ ਯੋਗ ਕਹਿੰਦੇ ਹਾਂ। ਇਹ ਸੰਸਕਾਰ ਬੱਚਿਆਂ ਨੂੰ ਸਿਖਾਏ ਜਾਂਦੇ ਹਨ ਅਤੇ ਉਨ੍ਹਾਂ ਅੰਦਰ ਪਿਆਰ, ਦੋਸਤੀ; ਵੱਡਿਆਂ ਲਈ ਸਤਿਕਾਰ; ਸੱਚ ਬੋਲਣ; ਅਹਿੰਸਾ ਕਰਨ; ਸਿਰਜਨ ਉਸਾਰਨ ਦੇ ਗੁਣ ਭਰਨ ਦੇ ਯੋਗ ਹੁੰਦੇ ਹਨ। ਜਿਨ੍ਹਾਂ ਨੂੰ ਪ੍ਰਾਪਤ ਕਰਕੇ ਬੱਚਾ ਸਹਿਜੇ ਹੀ ਜਵਾਨ ਹੋਣ ਤੱਕ ਗ੍ਰਹਿਣ ਕਰਕੇ, ਸਾਰੇ ਆਪਣੇ ਜੀਵਨ ਕਾਲ ਲਈ ਗ੍ਰਹਿਣ ਕਰਦਾ ਹੈ ਅਤੇ ਆਪਣੇ ਜੀਵਨ-ਕਾਲ ਵਿਚ ਇਨ੍ਹਾਂ ਦੇ ਧਾਰਣ ਨਾਲ ਦੁੱਖਾਂ, ਉਲਝਣਾਂ ਅਤੇ ਸਮੱਸਿਆਵਾਂ ਤੋਂ ਬਚਿਆ ਰਹਿੰਦਾ ਹੈ। ਯੋਗ-ਨਿਯਮ ਹੀ ਵਿਅਕਤੀ ਨੂੰ ਉਸ ਦੇ ਆਪ ਪੈਦਾ ਕੀਤੇ ਹਨ੍ਹੇਰੇ ਵਿਚ ਚਾਨਣ ਭਰਦੇ ਹਨ। ਯੋਗ ਅਨੁਸ਼ਾਸਨ ਆਪਣੇ ਆਪ ਇਕ ਅਜਿਹੀ ਸ਼ਕਤੀ ਬਣਦੀ ਹੈ; ਜਿਸ ਨਾਲ, ਬੇਕਾਬੂ ਹੋਇਆ ਵਿਅਕਤੀ ਦਾ ਤਨ ਮਨ, ਕਾਬੂ ਵਿਚ ਰਹਿੰਦਾ ਹੈ। ਸਿੱਧ-ਮਾਰਗ ਉਪਰ ਚਲਣ ਲੱਗਦਾ ਹੈ।
ਯੋਗ ਜਿਥੇ ਮਨ ਦੇ ਸੰਕਲਪ ਯਤਨਾਂ ਲਈ ਮੱਦਦਗਾਰ ਸਾਬਤ ਹੁੰਦਾ ਹੈ, ਉਥੇ ਤਨ ਦੀਆਂ ਭੋਗ ਇੰਦਰੀਆਂ ਲਈ ਅਨੁਸ਼ਾਸਨ ਪੈਦਾ ਕਰਨ ਲਈ ਸੁਚੇਤ ਭਾਵਨਾ ਜਗਾ ਸਕਦਾ ਹੈ। ਯੋਗ ਆਪਣੇ ਆਪ ਮਨ ਦੀ ਅਜਿਹੀ ਚਿੰਤਨ-ਸ਼ਕਤੀ ਹੈ, ਜਿਸ ਨੂੰ ਜਦ ਕੋਈ ਵਿਅਕਤੀ, ਚੇਤਨ ਹੋ ਕੇ ਆਪਣੇ ਜੀਵਨ ਕਾਰਜਾਂ ਦੀ ਕਿਰਿਆਤਮਿਕ ਗਤੀ ਲਈ ਉਪਯੋਗਦਾ ਹੈ, ਇਹ ਵਿਅਕਤੀ ਦੇ ਜੀਵਨ ਲਈ ਸੁਰੱਖਿਆ ਸ਼ਕਤੀ ਅਤੇ ਸਿਰਜਨਾਤਮਿਕ ਭਾਵਨਾ ਜਗਾ ਸਕਦਾ ਹੈ। ਯੋਗ ਜ਼ਿੰਦਗੀ ਦਾ ਅਜਿਹਾ ਵਿਗਿਆਨ ਹੈ, ਜਿਸ ਦੇ ਅਮਲ ਨਾਲ ਆਦਰਸ਼ ਦਾ ਸੰਕਲਪਿਆ ਸਰੂਪ ਦ੍ਰਿਸ਼ਟੀ-ਗੋਚਰ ਹੋ ਕੇ ਲਾਭਕਿੰਤ ਕਰਦਾ ਹੈ। ਜਿਵੇਂ ਯੋਗ ਚਿੰਤਨ ਕਰਨ ਵਾਲੇ ਵਿਅਕਤੀ, ਇਸਤਰੀ ਮਰਦ, ਕਾਮ ਨੂੰ ਭੋਗ ਨਹੀਂ ਸਮਝਦੇ, ਕੇਵਲ ਅਤਿ ਜ਼ਰੂਰੀ ਯੋਗ ਸਮਝਦੇ ਹੋਏ ਕੇਵਲ ਮਰਿਯਾਦਾ-ਯੁਕਤ, ਔਲਾਦ ਪੈਦਾ ਕਰਨ ਲਈ ਵਰਤਦੇ ਹਨ। ਜਦ ਯੋਗ ਦੀ ਥਾਂ ਭੋਗ, ਬਣ ਜਾਂਦਾ ਹੈ ਤਾਂ ਮਰਦ-ਇਸਤਰੀ ਕਾਮ ਭੁੱਖੇ ਛਲੇਡੇ ਬਣ ਕੇ ਇਸ ਦਾ ਨਾਜਾਇਜ਼ ਲਾਭ ਉਠਾਉਂਦੇ ਹਨ। ਪਰਾਈਆਂ ਇਸਤਰੀਆਂ, ਪਰਾਏ ਮਰਦ, ਆਪਸੀ ਸਬੰਧਾਂ ਰਾਹੀਂ ਸਮਾਜਿਕ ਕਦਰਾਂ- ਕੀਮਤਾਂ ਤੋੜਦੇ ਹਨ। ਇੰਜ ਬਲਾਤਕਾਰ ਹੁੰਦੇ ਹਨ। ਨਾਜਾਇਜ਼ ਰਿਸ਼ਤੇ ਜੁਟਦੇ ਹਨ। ਆਪਸੀ ਰਿਸ਼ਤਿਆਂ ਵਿਚ ਦਰਾੜ ਪੈਂਦੀ ਹੈ। ਇਸ਼ਕ ਹੁਸਨ, ਜ਼ਖਮੀ ਹੁੰਦਾ ਹੈ। ਹੁਸਨ ਦੀਆਂ ਅੱਖਾਂ ਵਿਚ ਸਹਿਜੇ ਹੀ ਹੰਝੂ ਦੌੜਦੇ ਹਨ। ਯੋਗ, ਸਾਰਥਕ ਅਮਲ ਦਾ ਦੂਜਾ ਨਾਂ ਹੈ। ਸਾਰਥਕ ਅਮਲ ਵਿਚ ਵਿਗਿਆਨਕ ਸੋਚ, ਸਿਰਜਨ, ਉਸਾਰਨ, ਉਪਕਾਰਨ ਅਤੇ ਸੰਵਾਰਣ ਦੇ ਸਾਰੇ ਯਤਨ ਸ਼ਾਮਲ ਕੀਤੇ ਜਾ ਸਕਦੇ ਹਨ ਜਿਵੇਂ ਤਨ, ਮਨ ਦੇ ਸਵੈ-ਸੁਰੱਖਿਆ ਦੇ ਸਾਰੇ ਸਿਰਜਨਾਤਮਕ ਸਾਧਨ ਜੋ ਲਾਭਦਾਇਕ ਹਨ, ਸਾਰੇ ਯੋਗ ਹਨ। ਏਸੇ ਤਰ੍ਹਾਂ ਅੰਤਰਲੇ, ਸੰਜਮ, ਜਿੱਥੇ ਵਿਵਹਾਰਕ ਰੂਪ ਵਿਚ ਕਿਰਿਆਸ਼ੀਲ ਰੂਪ ਵਿਚ ਉਸਾਰੂ ਵਿਕਾਸ ਦੇ ਲਈ ਸਾਰਥਕ ਹਨ, ਉਥੇ ਸਮਾਜ ਸੰਸਾਰ ਲਈ ਬਾਹਰੀ ਯਤਨ-ਪਰਯਤਨ ਵੀ ਕਿਸੇ ਵਿਗਾੜ ਦੇ ਸੂਚਕ ਨਾ ਹੋਣ। ਯੋਗ ਅੰਦਰ ਸਾਰਥਕ ਸੋਚ ਤੋਂ ਉਪਜੀ ਸ਼ਕਤੀ ਤੋਂ ਪੈਦਾ ਹੋਏ ਸਦਕਰਮ ਹੁੰਦੇ ਹਨ ਜਿਨ੍ਹਾਂ ਦੇ ਫਲ ਆਤਮ ਤੇ ਅਨਾਤਮ ਜਗਤ ਨੂੰ ਸਾਵੇਂ ਪੱਧਰੇ ਮਿਲਦੇ ਹਨ। ਯੋਗ ਦੀ ਉਸਾਰੂ ਸੋਚ ਰਾਹੀਂ ਮਨ ਅੰਦਰ ਆਤਮ ਵਿਸ਼ਵਾਸ ਦੀ ਸ਼ਕਤੀ ਪੈਦਾ ਹੁੰਦੀ ਹੈ, ਜਿਸ ਨਾਲ ਨਿੱਤ ਦੇ ਸਵੈ, ਸਮਾਜਕ ਕਰਮ, ਕਿਰਤ ਤੋਂ ਗਿਆਨ-ਵਿਗਿਆਨ ਉਪਜਦਾ ਹੈ ਅਤੇ ਕੁੱਲ ਲੁਕਾਈ ਲਈ ਲਾਭਦਾਇਕ ਹੁੰਦਾ ਹੈ। ਯੋਗ, ਫੋਕੀ ਕਲਪਨਾ ਦੀ ਥਾਂ, ਨਰੋਏ ਸਿਧਾਂਤਕ ਅਮਲ ਵਿਚ ਵਿਸ਼ਵਾਸ ਰੱਖਦਾ ਹੈ।
ਭੋਗ, ਯੋਗ ਦਾ ਸਮਾਨਾਂਤਰ ਸ਼ਬਦ ਹੈ। ਹਰ ਵਿਅਕਤੀ ਜ਼ਰੂਰੀ ਨਹੀਂ; ਆਦਰਸ਼ਿਕ ਸਾਰਥਕ ਵਿਗਾੜ ਰਹਿਤ ਕਰਮ ਕਰਦਾ ਹੋਵੇਗਾ। ਇਸ ਸੰਸਾਰ ਵਿਚ ਉਲਝਿਆ ਵਿਅਕਤੀ ਜਿਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅੰਤਰਿਕ ਚੱਕਰ ਵਿਚ ਸਵੈਸਿਰਜੀਆਂ ਮੁਸੀਬਤਾਂ ਵਿਚ ਫਸਦਾ ਰਹਿੰਦਾ ਹੈ, ਉਸ ਪਿੱਛੇ ਉਸ ਦੀਆਂ, ਵਸਤੂ ਭੋਗ ਦੀਆਂ ਇੱਛਾਵਾਂ ਹੁੰਦੀਆਂ ਹਨ ਜਿਹੜੀਆਂ ਹਰ ਵਿਅਕਤੀ ਦੀਆਂ ਕਰਮ ਤੇ ਗਿਆਨ ਇੰਦਰੀਆਂ ਭੋਗਣ ਲਈ ਹਮੇਸ਼ਾ ਤੱਤਪਰ ਰਹਿੰਦੀਆਂ ਹਨ ਜਿਵੇਂ ਕਾਮ ਭੋਗ, ਖਾਣ ਭੋਗ, ਰਸ ਭੋਗ, ਲਾਲਚ-ਭੋਗ, ਸੁਆਦ ਭੋਗ, ਮਜ਼ਾ ਲੈਣ ਦੇ ਅਨੇਕਾਂ ਸਾਧਨ, ਮਨੁੱਖ ਲਈ ਜਦ ਸੀਮਾ ਉਲੰਘਣ ਦੇ ਅਵਸਰ ਪੈਦਾ ਕਰਦੇ ਹਨ ਤਾਂ ਇਹ ਸਾਰੇ ਭੋਗ ਨਿਰਾਰਥਕ ਅਮਲ ਬਣ ਕੇ ਮੁਸੀਬਤਾਂ ਪੈਦਾ ਕਰਦੇ ਹਨ। ਕਾਮ-ਭੋਗ ਲਈ ਸਮਾਜਿਕ ਨਿਯਮ ਲਈ ਵਿਆਹ ਰੀਤੀ ਅਨੁਸਾਰ ਪਤਨੀ ਭੋਗਣ ਦੀ ਮਰਿਯਾਦਾ ਹੀ ਯੋਗ ਹੈ। ਪਰੰਤੂ ਜਦ ਪਰਾਈ ਇਸਤਰੀ ਬਲਾਤਕਾਰ ਅਤੇ ਨਾਜਾਇਜ਼ ਸਬੰਧ ਬਣਾ ਕੇ ਕਾਮਕ੍ਰੀੜਾ ਦਾ ਬਾਜ਼ਾਰ ਗਰਮ ਹੁੰਦਾ ਹੈ। ਇਹ ਭੋਗ ਰਾਹੀਂ ਬਰਬਾਦੀ ਦੇ ਸਾਧਨ ਹਨ। ਏਸੇ ਤਰ੍ਹਾਂ ਨਸ਼ਿਆਂ ਦੀ ਕੁਵਰਤੋਂ, ਲਾਲਚ ਦੀ ਅਸੀਮਾਂ, ਮੋਹ ਲਈ ਕੀਤੇ ਸਮਾਜਿਕ ਨਿਯਮਾਂ ਦੀ ਉਲੰਘਣਾ, ਕਾਨੂੰਨ ਤੋੜਨ ਦੇ ਅਮਲ ਅਸਲ ਵਿਚ ਅਜਿਹੇ ਭੋਗ ਤੋਂ ਪ੍ਰੇਰਨਾ ਦੇ ਲੱਛਣ ਹਨ। ਜਿਹੜੇ ਹਰ ਵਿਅਕਤੀ ਦੇ ਜੀਵਨ ਵਿਚ ਵਾਪਰ ਸਕਦੇ ਹਨ।
ਭੋਗ, ਜ਼ਿੰਦਗੀ ਦਾ ਸੁਭਾਵਿਕ ਅਮਲ ਹੈ। ਹਰ ਕੋਈ ਖਾਣ-ਪੀਣ, ਮਿਲਣ, ਬੋਲਣ, ਕਰਨ, ਪੜ੍ਹਨ, ਲੜਨ ਅਤੇ ਵਰਤਣ ਦੇ ਵਰਤਾਰਿਆਂ ਰਾਹੀਂ ਭੋਗਦਾ ਹੈ। ਪਰ ਜਦ ਇਹ ਵਰਤਾਰੇ ਸੀਮਾ ਤੋਂ ਅਸੀਮਾਂ ਬਣ ਜਾਣ ਤਾਂ ਸਹਿਜੇ ਹੀ ਭੋਗ ਦੇ ਦੁਰਪ੍ਰਭਾਵ ਜ਼ਿੰਦਗੀ ਸਮਾਜ ਅਤੇ ਸੰਸਾਰ ਲਈ ਹਾਨੀਕਾਰਕ ਹਨ। ਵਸਤਾਂ ਦੀ ਦੁਰਵਰਤੋਂ, ਸੁਆਦ ਮਜ਼ੇ ਅਤੇ ਚਸਕੇ ਲਈ ਅਨੇਕਾਂ ਕੰਮ, ਲਾਲਚ, ਕ੍ਰੋਧ ਮੋਹ ਅਤੇ ਹੰਕਾਰ ਦੇ ਪ੍ਰਭਾਵ ਅਧੀਨ ਕੀਤੇ ਬਿਨਾਂ ਸੋਚੇ ਵਿਚਾਰੇ ਕੰਮ ਭੋਗ ਦੀ ਲੜੀ ਵਿਚ ਰੱਖੇ ਜਾ ਸਕਦੇ ਹਨ। ਜਿਵੇਂ ਮੁਹੱਬਤ ਦੀ ਭਾਵਨਾ ਸਾਰਥਿਕ ਯੋਗ ਹੈ। ਪਰੰਤੂ ਮੁਹੱਬਤ ਦੇ ਨਾਂ ਅਧੀਨ ਹੁਸਨ ਭੋਗ, ਕਾਮ ਕ੍ਰੀੜਾ ਬਣ ਜਾਂਦਾ ਹੈ। ਸ਼ਰਾਬ ਜਾਂ ਹੋਰ ਨਸ਼ੇ ਮੁੱਢਲੇ ਸਰੂਰ ਦਾ ਕਾਰਨ ਹਨ, ਪਰੰਤੂ ਸੀਮਾ ਤੋਂ ਬਾਹਰ ਨਸ਼ੇ ਭੋਗ ਵਿਲਾਸ ਕਾਰਨ ਰੋਗ ਬਣ ਜਾਂਦੇ ਹਨ। ਜਦ ਤੱਕ ਕੋਈ ਵੀ ਭੋਗ ਯੋਗ ਹੈ, ਲਾਭਦਾਇਕ ਹੈ, ਪਰੰਤੂ ਜਦ ਕੋਈ ਵੀ ਭੋਗ ਸੀਮਾ ਉਲੰਘਦਾ ਹੈ, ਰੋਗ ਬਣ ਜਾਂਦਾ ਹੈ। ਸੰਸਾਰ ਭਰ ਵਿਚ ਖਾਣ-ਪੀਣ ਹੰਢਾਉਣ, ਮਨ ਪ੍ਰਚਾਉਣ, ਮਾਨਣ, ਜਾਣਨ, ਮਜ਼ਾ ਲੈਣ ਅਤੇ ਮਨ ਬਹਿਲਾਉਣ ਦੇ ਅਨੇਕਾਂ ਸਾਧਨ ਹਨ। ਇਨ੍ਹਾਂ ਦੀ ਸੁਵਰਤੋਂ ਯੋਗ ਹੈ। ਦੁਰਵਰਤੋਂ ਭੋਗ ਹੈ। ਇਹ ਹੁਣ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਯੋਗ ਮਾਰਗ 'ਤੇ ਚੱਲਣਾ ਹੈ, ਜਾਂ ਭੋਗ ਭੋਗਦਿਆਂ ਆਪਣਾ ਜੀਵਨ, ਖਤਮ ਕਰਨਾ ਹੈ।
ਯੋਗ ਸਾਧਨ ਅਪਣਾ ਕੇ ਜ਼ਿੰਦਗੀ ਸਾਵੀਂ ਪੱਧਰੀ ਨਵੀਂ ਨਰੋਈ ਖੁਸ਼ਹਾਲ ਬੀਤ ਜਾਂਦੀ ਹੈ। ਭੋਗ ਭੋਗਣ ਦੇ ਮਜ਼ੇ ਲੈਂਦਿਆਂ ਜ਼ਿੰਦਗੀ ਆਖਰ ਨੂੰ ਨਰਕ, ਦੁੱਖ ਦਰਦ ਦੇ ਦਸੌਂਟਿਆਂ ਵਿਚ ਖਤਮ ਹੁੰਦੀ ਹੈ। ਯੋਗ ਨੂੰ ਜੇਕਰ ਕੋਈ ਵਿਅਕਤੀ ਆਪਣੇ ਜੀਵਨ ਦੀ ਫਿਲਾਸਫੀ ਬਣਾ ਕੇ ਉਸ ਉਪਰ ਅਮਲ ਕਰਦਾ ਹੈ, ਤਾਂ ਉਸ ਦਾ ਜੀਵਨ ਅਨੰਦਮਈ ਬਣ ਜਾਂਦਾ ਹੈ। ਨਹੀਂ ਤਾਂ ਭੋਗ ਭੋਗਣ ਵਾਲੇ ਅਮੀਰ ਗਰੀਬ, ਭੋਗ, ਭੋਗਦਿਆਂ, ਆਪਣੇ ਆਪ ਨੂੰ ਮੁਸੀਬਤਾਂ ਦੀ ਕੁੜੱਕੀ ਵਿਚ ਫਸਾ ਲੈਂਦੇ ਹਨ। ਫਿਰ ਮੌਤ ਹੀ ਉਨ੍ਹਾਂ ਦਾ ਛੁਟਕਾਰਾ ਕਰਵਾਉਂਦੀ ਹੈ। ਵੈਸੇ ਯੋਗ ਲਈ ਕਿਸੇ ਸਾਧਨਾਂ ਦੀ ਲੋੜ ਨਹੀਂ। ਇਹ ਅਮਲ ਮੁਜੱਸਮ ਵਿਸ਼ਵਾਸ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ।
ਆਮ ਵਿਅਕਤੀ, ਜੋ ਜ਼ਿੰਦਗੀ ਤੋਂ ਨਿਰਾਸ਼ ਹੈ, ਗਰੀਬ ਹੈ, ਬੇਰੁਜ਼ਗਾਰ ਜਾਂ ਮਾਨਸਿਕ ਤਣਾਓ ਦਾ ਸ਼ਿਕਾਰ ਹੈ। ਜਾਣਬੁੱਝ ਕੇ ਨਸ਼ੇ ਕਰਨ ਲੱਗਦਾ ਹੈ। ਇਹ ਨਸ਼ੇ ਕਰਦਾ-ਕਰਦਾ ਉਸ ਲਈ ਜਦ ਭੋਗ ਬਣ ਜਾਂਦੇ ਹਨ ਤਾਂ ਰੋਗ ਦਾ ਕਾਰਨ ਬਣਦੇ ਹਨ। ਗਰੀਬ ਵਿਹਲੇ ਨਿਰਾਸ਼, ਮਿਹਨਤਕਸ਼, ਮਜ਼ਦੂਰ, ਨਸ਼ਿਆਂ ਦੇ ਭੋਗ ਤੋਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣ ਕੇ ਦੁੱਖ ਭੋਗਦੇ ਹਨ। ਅਜਿਹੇ ਲੋਕ ਵਧੇਰੇ ਇਸ ਲਈ ਨਸ਼ੀਲੇ ਪਦਾਰਥ ਖਾਂਦੇ ਹਨ ਕਿ ਉਨ੍ਹਾਂ ਦਾ ਨਾ ਤਨ, ਨਾ ਮਨ ਐਨਾ ਬਲਵਾਨ ਹੁੰਦਾ ਹੈ ਕਿ ਹੱਡ ਭੰਨਵੀਂ ਮਿਹਨਤ ਕਰ ਸਕਣ। ਉਨ੍ਹਾਂ ਨੂੰ ਉੱਤਮ ਭੋਜਨ, ਦੁੱਧ ਦਹੀਂ ਪਨੀਰ ਦੇਸੀ ਘਿਓ ਫਲ ਤੇ ਹੋਰ ਪੋਸ਼ਟਿਕ ਭੋਜਨ ਨਹੀਂ ਮਿਲਦਾ। ਉਹ ਮਜਬੂਰੀ ਵਿਚ ਨਸ਼ਿਆਂ ਦਾ ਸ਼ਿਕਾਰ ਬਣ ਕੇ ਨਰਕ ਭੋਗਣ 'ਤੇ ਮਜਬੂਰ ਹੁੰਦੇ ਹਨ। ਇਹੋ ਇਨ੍ਹਾਂ ਦੇ ਜੀਵਨ ਦਾ ਦੁਖਾਂਤ ਹੈ।