
ਜਿਵੇਂ ਇਮਾਰਤਾਂ ਦੀਆਂ ਛੱਤਾਂ ਅਤੇ ਲੰਮੀਆਂ ਲੰਮੀਆਂ ਕੰਧਾਂ ਦੇ ਢਾਂਚਿਆਂ ਨੂੰ ਸਹਾਰਾ ਦੇਣ ਵਾਸਤੇ ਸਰੀਆ ਪਾਇਆ ਜਾਂਦਾ ਹੈ ਇਵੇਂ ਹੀ ਹੱਡੀਆਂ ਸਾਡੇ ਸਰੀਰ ਨੂੰ ਸਪੋਰਟ ਦੇਂਦੀਆਂ ਹਨ, ਤੇ ਸਾਡੀ ਹਲਚਲ ਯਾਨੀ ਕਿ ਉਠਣ-ਬੈਠਣ, ਚੱਲਣ-ਫਿਰਨ, ਡਾਂਸ ਤੇ ਭੰਗੜਾ ਪਾਉਣ ਦੇ ਕਾਬਲ ਬਣਾਉਂਦੀਆਂ ਹਨ। ਮਨੁੱਖੀ ਸਰੀਰ ਵਿਚ ਕੁੱਲ 256 ਹੱਡੀਆਂ ਹੁੰਦੀਆਂ ਹਨ। ਅਸਲ ਵਿਚ ਜਨਮ ਵੇਲੇ, ਇਹ 300 ਤੋਂ ਵਧੇਰੇ ਹੁੰਦੀਆਂ ਹਨ ਪਰ ਬਾਅਦ ਵਿਚ ਜਿਓਂ ਜਿਓਂ ਬੱਚੇ ਦਾ ਵਿਕਾਸ ਹੁੰਦਾ ਹੈ ਕੁਝ ਹੱਡੀਆਂ ਆਪਸ ਵਿੱਚ ਜੁੜ ਜਾਂਦੀਆਂ ਹਨ (ਫਿਊਯਨ)। ਹੱਡੀਆਂ ਵਿਚ ਕੈਲਸ਼ੀਅਮ, ਫਾਸਫੋਰਸ ਆਦਿ ਖਣਿਜ ਹੁੰਦੇ ਹਨ ਤੇ ਇਨ੍ਹਾਂ ਅੰਦਰਲੀ ਮਿੱਝ (ਬੋਨ ਮੈਰੋ) ਵਿਚ ਖ਼ੂਨ ਦੇ ਸੈੱਲ ਬਣਦੇ ਹਨ। ਮਨੁੱਖੀ ਪਿੰਜਰ ਤੇ ਸਰੀਰ ਦੇ ਬਾਕੀ ਤੱਤਾਂ ਬਾਰੇ ਗੁਰਬਾਣੀ ਦੱਸਦੀ ਹੈ: ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੂੰਦ ਕਾ ਗਾਰਾ। ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ। ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗ 659) ਅਰਥਾਤ-ਮਨੁੱਖੀ ਸਰੀਰ ਪਾਣੀ
ਦੀ ਕੰਧ, ਹਵਾ ਦਾ ਥੰਮ੍ਹ ਤੇ ਖ਼ੂਨ ਦੀਆਂ ਬੂੰਦਾਂ ਦਾ ਗਾਰਾ ਹੈ, ਹੱਡੀਆਂ ਤੇ ਮਾਸ ਦੇ ਪਿੰਜਰ ਅੰਦਰ ਪੰਛੀ-ਰੂਪੀ ਰੂਹ ਦਾ ਵਾਸ ਹੈ।
ਹੱਡੀਆਂ ਦੇ ਕੈਂਸਰ ਬਾਰੇ ਪੁਰਾਤਨ ਸਮਿਆਂ ਵਿੱਚ ਹੀ ਪਤਾ ਸੀ ਪਰ ਇਨ੍ਹਾਂ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗ ਸੱਕਿਆ। ਇਹ ਕੈਂਸਰ ਸਾਰੇ ਦੇਸ਼ਾਂ, ਹਰ ਤਰ੍ਹਾਂ ਦੇ ਵਿਅਕਤੀਆਂ (ਗੋਰੇ ਤੇ ਕਾਲੇ) ਤੇ ਸਭ ਜਾਤੀਆਂ, ਧਰਮਾਂ ਤੇ ਕਬੀਲਿਆਂ ਦੇ ਲੋਕਾਂ ਵਿੱਚ ਹੁੰਦੇ ਹਨ। ਰੋਗੀ ਭਾਵੇਂ ਕਈ ਵਾਰ, ਟਿਊਮਰ ਦਾ ਸਬੰਧ ਕਿਸੇ ਪੁਰਾਣੀ ਸੱਟ ਨਾਲ ਦੱਸਦੇ ਹਨ ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਸੱਟ ਦਾ ਕੈਂਸਰ ਨਾਲ ਸਬੰਧ ਸਿੱਧ ਨਹੀਂ ਕੀਤਾ ਜਾ ਸਕਿਆ।
ਇਕ ਪ੍ਰੋਯੋਗਿਕ ਜਾਨਵਰ (ਖ਼ਰਗੋਸ਼) ਨੂੰ ਤਿੰਨ ਸਾਲ ਰੇਡੀਏਸ਼ਨ ਦੇਣ ਨਾਲ ਉਸ ਦੀ ਲੱਤ ਦੀ ਹੱਡੀ ਵਿਚ ਕੈਂਸਰ ਪੈਦਾ ਕਰਕੇ ਇਹ ਜ਼ਰੂਰ ਸਿੱਧ ਕੀਤਾ ਜਾ ਚੁੱਕਿਐ ਕਿ ਰੇਡੀਏਸ਼ਨ ਦਾ ਇਨ੍ਹਾਂ ਕੈਂਸਰਾਂ ਨਾਲ ਪੱਕਾ ਸਬੰਧ ਹੈ (ਲੈਕੈਸਨੇ 1933)। ਸੰਨ 1929 ਵਿਚ ਵਿਗਿਆਨੀਆਂ-ਮਾਰਲੈਂਡ ਤੇ ਹੈਂਪਸ਼ਾਇਰ ਨੇ, ਨਿਊ ਜਰਸੀ (ਅਮਰੀਕਾ) ਦੇ ਔਰੈਂਜ ਕਸਬੇ ਵਿਚ ਘੜੀਆਂ ਦੇ ਇਕ ਕਾਰਖਾਨੇ 'ਚ ਕੰਮ ਕਰਨ ਵਾਲੀਆਂ 18 ਕੁੜੀਆਂ, ਜਿਨ੍ਹਾਂ ਨੂੰ ਰੇਡੀਅਮ ਨਾਲ ਜ਼ਹਿਰਬਾਦ ਹੋ ਗਿਆ ਸੀ, ਬਾਰੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਉਨ੍ਹਾਂ 'ਚੋਂ ਪੰਜਾਂ ਕੁੜੀਆਂ ਦੀ ਹੱਡੀਆਂ ਦੇ ਕੈਂਸਰ ਨਾਲ ਮੌਤ ਹੋਈ ਸੀ। ਇਹ ਕੁੜੀਆਂ, ਘੜੀਆਂ ਦੇ ਡਾਇਲਾਂ ਨੂੰ ਰੇਡੀਅਮ ਨਾਲ ਪੇਂਟ ਕਰਨ ਦਾ ਕੰਮ ਕਰਦੀਆਂ ਸਨ, ਪੇਂਟ ਦਾ ਡੋਭਾ ਲੈ ਕੇ ਬੁਰਸ਼ ਨੂੰ ਆਪਣੇ ਬੁੱਲ੍ਹਾਂ ਵਿਚ ਰੱਖ ਕੇ ਤਿੱਖਾ ਕਰਦੀਆਂ ਹੁੰਦੀਆਂ ਸਨ। ਸੋ ਰੇਡੀਅਮ, ਉਨ੍ਹਾਂ ਦੇ ਮੂੰਹ ਰਸਤੇ ਅੰਦਰ ਜਾਂਦਾ ਰਿਹਾ ਤੇ ਜ਼ਹਿਰਬਾਦ ਹੋ ਗਿਆ। ਇਸ ਘਟਨਾ ਨੇ ਅਮਰੀਕਾ ਵਿਚ ਤਰਥੱਲੀ ਮਚਾ ਦਿੱਤੀ ਸੀ। ਬਾਅਦ ਵਿਚ ਇਸ ਘਟਨਾ 'ਤੇ ਆਧਾਰਤ ਨਾਟਕ ਲਿਖੇ ਗਏ, ਖੇਡੇ ਗਏ ਤੇ ਇਸੇ 'ਤੇ ਆਧਾਰਤ, ਫਿਲਮ ਬਣੀ।
ਹੱਡੀਆਂ ਦੇ ਕੈਂਸਰ ਦੀਆਂ ਮੁੱਖ ਰੂਪ ਵਿਚ ਦੋ ਕਿਸਮਾਂ ਹਨ :1. ਪ੍ਰਾਇਮਰੀ ਬੋਨ ਕੈਂਸਰ (ਘੱਟ ਹੁੰਦਾ ਹੈ) 2. ਸੈਕੰਡਰੀ ਬੋਨ ਕੈਂਸਰ (ਵਧੇਰੇ ਹੁੰਦਾ ਹੈ) ਸੈਕੰਡਰੀ ਬੋਨ ਕੈਂਸਰ, ਕਿਉਂਕਿ ਵਧੇਰੇ ਹੁੰਦਾ ਹੈ ਇਸ ਲਈ ਆਓ., ਪਹਿਲਾਂ ਇਸੇ ਦੀ ਗੱਲ ਕਰ ਲਈਏ। ਸੈਕੰਡਰੀ ਦਾ ਮਤਲਬ ਹੈ ਕਿ ਇਹ ਕੈਂਸਰ, ਪ੍ਰਾਇਮਰੀ ਤੌਰ 'ਤੇ ਕਿਸੇ ਹੋਰ ਅੰਗ ਦਾ ਹੁੰਦਾ ਹੈ., ਤੇ ਇਸ ਦੀਆਂ ਜੜ੍ਹਾਂ ਫੈਲ ਕੇ ਹੱਡੀਆਂ ਵਿੱਚ ਪਹੁੰਚਦੀਆਂ ਹਨ। ਨਿਮਨ ਲਿਖਤ ਅੰਗਾਂ ਦੇ ਪ੍ਰਾਇਮਰੀ ਕੈਂਸਰ, ਹੱਡੀਆਂ ਵਿਚ ਪੁੱਜਦੇ ਹਨ: ਪ੍ਰੌਸਟੇਟ ਜਾਂ ਗਦੂਦਾਂ, ਥਾਇਰਾਇਡ ਜਾਂ ਗਿੱਲ੍ਹੜ, ਫੇਫੜੇ, ਤੇ ਜਿਗਰ ਔਰਤਾਂ ਦੀ ਛਾਤੀ ਦਾ ਕੈਂਸਰ, ਗੁਰਦੇ ਜਾਂ ਕਿਡਨੀ ਕਦੀ ਕਦੀ ਵੱਡੀ ਅੰਤੜੀ ਚਮੜੀ ਦੇ ਕੈਂਸਰ। ਇਨ੍ਹਾਂ ਕੇਸਾਂ ਵਿਚ ਕਿਸੇ ਹੋਰ ਅੰਗ (ਪ੍ਰਾਇਮਰੀ) ਵਿਚ ਪਹਿਲਾਂ ਹੀ ਕੈਂਸਰ ਹੋਣ ਕਰਕੇ ਰੋਗੀ ਨੂੰ ਉਸ ਦੇ ਲੱਛਣ ਹੁੰਦੇ ਹਨ, ਇਲਾਜ ਵੀ ਚੱਲ ਰਿਹਾ ਹੁੰਦਾ ਹੈ ਤੇ ਰਿਸ਼ਤੇਦਾਰਾਂ ਅਤੇ ਡਾਕਟਰਾਂ ਨੂੰ ਰੋਗ ਬਾਰੇ ਪਤਾ ਹੁੰਦਾ ਹੈ। ਪ੍ਰਾਇਮਰੀ ਕੈਂਸਰ ਦੇ ਜਿਹੜੇ ਰੋਗੀ ਫਾਲੋ-ਅੱਪ ਵਾਸਤੇ ਨਹੀਂ ਆਉਂਦੇ, ਜੇਕਰ ਉਨ੍ਹਾਂ ਦੀ ਕੋਈ ਹੱਡੀ ਅਚਾਨਕ ਟੁੱਟ ਜਾਵੇ (ਪੈਥਾਲੋਜੀਕਲ ਫਰੈਕਚਰ) ਤਾਂ ਸਮਝ ਲੈਣਾ ਚਾਹੀਦਾ ਹੈ ਕਿ ਹੱਡੀ ਵਿੱਚ ਸੈਕੰਡਰੀ ਕੈਂਸਰ ਹੋ ਗਿਆ ਹੈ।
ਕਈ ਕੇਸਾਂ ਵਿਚ ਰੋਗੀ ਨੂੰ ਪ੍ਰਾਇਮਰੀ ਕੈਂਸਰ ਦਾ ਪਤਾ ਹੀ ਨਹੀਂ ਹੁੰਦਾ, ਕੋਈ ਗਿਲ੍ਹਟੀ ਜਾਂ ਰਸੌਲੀ ਨਹੀਂ ਹੁੰਦੀ ਤੇ ਅਚਾਨਕ ਮਾਮੂਲੀ ਜਿਹੀ ਸੱਟ ਨਾਲ ਹੀ ਹੱਡੀ ਟੁੱਟ ਜਾਂਦੀ ਹੈ (ਪੈਥਾਲੋਜੀਕਲ ਫਰੈਕਚਰ)। ਉਂਜ ਤਾਂ ਇਸ ਤਰ੍ਹਾਂ ਦੇ ਫਰੈਕਚਰ ਦੇ ਵੀ ਕਈ ਕਾਰਨ ਹੋ ਸਕਦੇ ਹਨ, ਫਿਰ ਵੀ ਮੁਆਇਨੇ ਤੇ ਮੁਕੰਮਲ ਜਾਂਚ ਤੋਂ ਪਤਾ ਲਗਦਾ ਹੈ ਕਿ ਇਹ ਹੱਡੀ ਦੇ ਕੈਂਸਰ ਕਰਕੇ ਹੋਇਆ ਹੈ। ਐਸੇ ਚਾਰ-ਪੰਜ ਕੇਸ ਮੈਂ ਹੁਣ ਤੱਕ ਵੇਖ ਚੁਕਾਂ ਹਾਂ ਜੋ ਰੀੜ੍ਹ ਦੀ ਹੱਡੀ ਦੇ ਫਰੈਕਚਰ ਕਾਰਨ ਹੱਡੀਆਂ ਵਾਲੀ ਵਾਰਡ ਵਿਚ ਦਾਖ਼ਲ ਹੋਏ ਸਨ ਤੇ ਨਾਲ ਹੀ ਸੁਖਮਣਾ ਨਾੜੀ, ਦੱਬੀ ਜਾਣ ਕਰਕੇ ਦੋਵੇਂ ਲੱਤਾਂ ਵੀ ਖਲੋ ਗਈਆਂ ਸਨ। ਜਾਂਚ ਤੋਂ ਪਤਾ ਲੱਗਾ ਕਿ ਗਦੂਦਾਂ ਦਾ ਕੈਂਸਰ, ਰੀੜ੍ਹ ਦੀ ਹੱਡੀ ਦੇ ਮਣਕਣਿਆਂ ਵਿਚ ਫੈਲਣ ਕਰਕੇ ਉਸ ਦਾ ਫਰੈਕਚਰ ਹੋ ਗਿਆ ਸੀ। ਇਸੇ ਤਰ੍ਹਾਂ ਕਈ ਕੇਸਾਂ ਵਿਚ ਥਾਇਰਾਇਡ ਦੇ ਕੈਂਸਰ ਦੀਆਂ ਜੜ੍ਹਾਂ (ਮੈਟਾਸਟੇਸਿਸ) ਵੀ, ਹੱਡੀਆਂ ਵਿਚ ਵੇਖਣ ਨੂੰ ਮਿਲੀਆਂ ਹਨ। ਜਦ ਕਿਸੇ ਅੰਗ ਦਾ ਕੈਂਸਰ, ਹੱਡੀਆਂ ਵਿਚ (ਮੈਟਾਸਟੇਸਿਸ) ਪਹੁੰਚ ਜਾਵੇ ਤਾਂ ਰੋਗੀ ਦੀ ਜ਼ਿੰਦਗ਼ੀ ਦੇ ਦਿਨ ਥੋੜ੍ਹੇ ਰਹਿ ਜਾਂਦੇ ਹਨ ਤੇ ਉਨ੍ਹਾਂ ਦਿਨਾਂ ਦੀ ਕੁਆਲਿਟੀ ਕੋਈ ਚੰਗੀ ਨਹੀਂ ਹੁੰਦੀ (ਕੁਆਂਟਿਟੀ ਤੇ ਕੁਆਲਿਟੀ ਮਾੜੀ ਹੋ ਜਾਂਦੀ ਹੈ)।
ਹੱਡੀਆਂ ਦੇ ਪ੍ਰਾਇਮਰੀ ਕੈਂਸਰ : ਇਹ ਹੱਡੀਆਂ ਦੇ ਸੈੱਲਾਂ ਤੋਂ ਹੀ ਉਤਪੰਨ ਹੁੰਦੇ ਹਨ। ਇਨ੍ਹਾਂ ਦੀਆਂ ਵੀ ਅੱਗੋਂ ਕਈ ਕਿਸਮਾਂ ਹਨ। ਕੈਂਸਰ ਕਿਸੇ ਵੀ ਉਮਰ ਜਾਂ ਮਰਦ-ਔਰਤ ਨੂੰ ਨਹੀਂ ਬਖ਼ਸ਼ਦਾ। ਕਾਫੀ ਕੈਂਸਰ ਬਚਪਨ ਜਾਂ ਜਵਾਨੀ ਦੀ ਉਮਰ ਵਿਚ ਹੁੰਦੇ ਹਨ, ਜਦ ਹੱਡੀਆਂ ਅਜੇ ਵਿਕਸਿਤ ਹੀ ਹੋ ਰਹੀਆਂ ਹੁੰਦੀਆਂ ਹਨ।
ਈਵਿੰਗ ਸਾਰਕੋਮਾ, ਬੱਚਿਆਂ ਵਿਚ ਜਾਂ ਅੱਲ੍ਹੜ ਉਮਰੇ ਹੋਣ ਵਾਲਾ ਹੱਡੀਆਂ ਦਾ ਕੈਂਸਰ ਹੈ ਜਿਸ ਬਾਰੇ ਸਭ ਤੋਂ ਪਹਿਲਾਂ ਜੇਮਜ਼ ਈਵਿੰਗ ਨੇ ਸੰਨ 1932 ਵਿਚ ਦੱਸਿਆ ਸੀ। ਰੋਗੀ ਨੂੰ ਬੁਖ਼ਾਰ ਰਹਿੰਦਾ ਹੈ, ਹੱਡੀ ਦਰਦ ਕਰਦੀ ਹੈ, ਆਮ ਕਰਕੇ, ਅਰਕ ਦੀ ਹੱਡੀ ਜਾਂ ਹੋਰ ਕਿਤੇ ਵੀ ਹੋ ਸਕਦੈ । ਖ਼ੂਨ ਦੇ ਮੁਢਲੇ ਟੈਸਟਾਂ ਤੋਂ ਪਤਾ ਲਗਦਾ ਹੈ ਜਿਵੇ ਹੱਡੀਆਂ ਦੀ ਕੋਈ ਇਨਫੈਕਸ਼ਨ ਹੋਵੇ। ਪਰ ਟਿਸ਼ੂ ਦੀ ਖ਼ੁਰਦਬੀਨੀ ਜਾਂਚ 'ਤੇ ਐਕਸ ਰੇਅ ਤੋਂ ਪੱਕਾ ਪਤਾ ਲੱਗ ਜਾਂਦਾ ਹੈ ਕਿ ਇਹ ਤਾਂ ਕੈਂਸਰ ਹੈ। ਇਸ ਦੇ ਇਲਾਜ ਵਜੋਂ ਸਰਜਰੀ, ਰੇਡੀਓ ਥੈਰਾਪੀ ਤੇ ਕੀਮੋ ਥੈਰਾਪੀ ਦਿੱਤੇ ਜਾਂਦੇ ਹਨ ਇਸ ਦੀਆਂ ਜੜ੍ਹਾਂ ਫੇਫੜਿਆਂ ਤੇ ਜਿਗਰ ਵਿਚ ਫੈਲਦੀਆਂ ਹਨ , ਤੇ ਕੁਝ ਸਾਲਾਂ., ਕਈ ਵਾਰ ਕੁਝ ਮਹੀਨਿਆਂ ਵਿਚ ਹੀ ਬੱਚਾ, ਹੱਥਾਂ 'ਚੋਂ ਨਿਕਲ ਜਾਂਦਾ ਹੈ। ਕਈ ਕੇਸਾਂ ਵਿਚ, ਜਦ ਬੱਚੇ ਨੂੰ ਪਹਿਲੀ ਵਾਰ ਡਾਕਟਰ ਕੋਲ ਲਿਆਇਆ ਜਾਂਦਾ ਹੈ ਤਾਂ ਜੜ੍ਹਾਂ ਪਹਿਲਾਂ ਹੀ ਫੈਲ ਚੁਕੀਆਂ ਹੁੰਦੀਆਂ ਹਨ।
ਇਸੇ ਤਰ੍ਹਾਂ ਓਸਟੀਓ ਸਾਰਕੋਮਾ ਵੀ ਜਵਾਨ ਉਮਰ ਦੇ ਬੱਚਿਆਂ ਆਮ ਕਰਕੇ ਮੁੰਡਿਆਂ ਵਿਚ ਗੋਡੇ ਦੇ ਦੁਆਲੇ ਵਾਲੀਆਂ ਹੱਡੀਆਂ ਵਿਚ ਹੁੰਦਾ ਹੈ। ਹੱਡੀਆਂ ਦੇ ਪ੍ਰਾਇਮਰੀ ਕੈਂਸਰਾਂ 'ਚੋਂ ਇਹ ਸਭ ਤੋਂ ਵੱਧ ਹੁੰਦਾ ਹੈ। ਗੋਡਿਆ ਤੋਂ ਇਲਾਵਾ, ਬਾਹਵਾਂ, ਚੂਲ਼ੇ ਦੀਆਂ ਹੱਡੀਆਂ ਤੇ ਕਦੀ ਕਦੀ ਛੋਟੀਆਂ ਹੱਡੀਆਂ ਜਾਂ ਮੂੰਹ ਦੀਆਂ ਹੱਡੀਆਂ ਵਿੱਚ ਵੀ ਹੋ ਸਕਦਾ ਹੈ। ਤਕਰੀਬਨ 10 ਕੇਸ ਵਡੇਰੀ ਉਮਰ (60 ਤੋਂ 70 ਸਾਲ) ਵਿਚ ਵੀ ਹੋ ਸਕਦੇ ਹਨ। ਭਾਵੇਂ ਹਰ ਤਰਾ੍ਹਂ ਦਾ ਇਲਾਜ (ਸਰਜਰੀ, ਕੀਮੋ ਥੈਰਾਪੀ ਆਦਿ) ਕੀਤੇ ਜਾਂਦੇ ਹਨ ਪਰ ਇਨ੍ਹਾਂ ਸਭਨਾਂ ਦੇ ਬਾਵਜੂਦ ਨਤੀਜੇ, ਕੋਈ ਉਤਸ਼ਾਹ-ਜਨਕ ਨਹੀਂ ਮਿਲਦੇ। ਇਸ ਦੀਆਂ ਜੜ੍ਹਾਂ ਫੇਫੜਿਆਂ ਤੇ ਜਿਗਰ ਵਿਚ ਫੈਲ ਜਾਂਦੀਆਂ ਹਨ, ਤੇ ਕੁਝ ਸਾਲਾਂ, ਕਈ ਵਾਰ ਕੁਝ ਮਹੀਨਿਆਂ ਵਿਚ ਹੀ ਰੋਗੀ ਦੀ ਮੌਤ ਹੋ ਸਕਦੀ ਹੈ। ਮਾਇਲੋਮਾ, ਵਡੇਰੀ ਉਮਰ ਵਿਚ ਹੋਣ ਵਾਲਾ ਹੱਡੀਆਂ ਦਾ ਕੈਂਸਰ ਹੈ ਜੋ ਇਕ ਨਹੀਂ ਕਈ ਹੱਡੀਆਂ ਵਿਚ ਹੁੰਦਾ ਹੈ ਇਸੇ ਕਰਕੇ ਇਸ ਨੂੰ ਮਲਟੀਪਲ ਮਾਇਲੋਮਾ ਕਿਹਾ ਜਾਂਦਾ ਹੈ। ਰੋਗੀ ਨੂੰ ਹੱਡੀਆਂ ਵਿਚ ਪੀੜਾਂ, ਪੈਥਾਲੋਜੀਕਲ ਫਰੈਕਚਰ ਯਾਨੀ ਮਾੜੀ ਮੋਟੀ ਸੱਟ ਨਾਲ ਹੀ ਹੱਡੀ ਟੁੱਟ ਜਾਣੀ, ਕਮਜ਼ੋਰੀ, ਭੁੱਖ ਤੇ ਭਾਰ ਦਾ ਘਟਣਾ ਆਦਿ, ਲੱਛਣ ਹੁੰਦੇ ਹਨ। ਪੰਜਾਬ ਦੇ ਇਕ ਮੰਨੇ ਪ੍ਰਮੰਨੇ, ਨਾਟਕ-ਕਾਰ ਜਿਨ੍ਹਾਂ ਨੂੰ ਪਿਛਲੇ ਦਿਨੀਂ, ਮੈਂ ਟੋਰਾਂਟੋ (ਕੈਨੇਡਾ) ਦੇ ਸਿਟੀ ਹਾਲ ਵਿੱਚ, ਇਕ ਸਾਹਿਤਕ ਮਿਲਣੀ ਦੌਰਾਨ ਮਿਲ ਕੇ ਆਇਆ ਹਾਂ, ਨੂੰ ਮਾਇਲੋਮਾ-ਹੱਡੀ ਦਾ ਕੈਂਸਰ ਹੈ। ਉਨ੍ਹਾਂ ਦੀ 'ਬਗਾਨੇ ਬੋਹੜ ਦੀ ਛਾਂ', 'ਇਕ ਹੋਰ ਰਮਾਇਣ', 'ਕੇਹਰ ਸਿੰਘ ਦੀ ਮੌਤ', 'ਭੱਜੀਆਂ ਬਾਹੀਂ', 'ਅੰਨ੍ਹੇ ਨਿਸ਼ਾਨਚੀ' ਆਦਿ ਨਾਟਕਾਂ ਰਾਹੀਂ, ਪੰਜਾਬ ਤੇ ਪੰਜਾਬੀ ਬੋਲੀ ਨੂੰ ਬਹੁ-ਮੁੱਲੀ ਦੇਣ ਕਰਕੇ ਸਰਕਾਰ ਵੱਲੋਂ ਇਲਾਜ ਲਈ ਉਨ੍ਹਾਂ ਨੂੰ ਮਦਦ ਦਿੱਤੀ ਗਈ ਸੀ। ਇਲਾਜ.., ਤੇ ਦੋਸਤਾਂ-ਮਿੱਤਰਾਂ ਦੀਆਂ ਦੁਆਵਾਂ ਨਾਲ ਉਹ ਠੀਕ ਹਨ। ਪ੍ਰਮਾਤਮਾ ਉਨ੍ਹਾਂ ਨੂੰ ਲੰਮੀ ਉਮਰ ਦੇਵੇ।
ਹੱਡੀਆਂ ਦੇ ਹੋਰ ਟਿਊਮਰ ਹਨ ਕੌਂਡਰੋ ਮਿਕਸਾਇਡ ਫਾਇਬਰੋਮਾ, ਕੌਂਡਰੋ ਸਾਰਕੋਮਾ, ਜਾਇੰਟ ਸੈੱਲ ਟਿਊਮਰ ਆਦਿ। ਹੱਡੀਆਂ ਦੇ ਕੁਝ ਹੋਰ ਰੋਗ ਹਨ ਜੋ ਟਿਊਮਰਾਂ-ਵਾਂਗ ਲਗਦੇ ਹਨ। ਇਹ ਗੱਲ ਜ਼ਿਆਦਾ ਟੈਕਨੀਕਲ ਹੋ ਜਾਵੇਗੀ, ਸੋ ਇਨ੍ਹਾਂ ਬਾਰੇ ਲਿਖਣਾ ਮੈਂ, ਵਾਜਬ ਨਹੀਂ ਸਮਝਦਾ। ਉਂਜ ਹੱਡੀਆਂ ਵਿਚ ਟੀ. ਬੀ. ਵੀ ਹੋ ਜਾਂਦੀ ਹੈ ।
ਅੰਤ ਵਿਚ, ਆਪਣੇ ਪਿੰਜਰ, ਜਿਸ ਨਾਲ ਸਾਡਾ ਸਰੀਰ ਕਇਮ ਹੈ, ਚਲਦਾ ਫਿਰਦਾ ਹੈ, ਦਾ ਪੂਰਾ ਖਿਆਲ ਰੱਖਣਾ ਸਾਡਾ ਆਪਣਾ ਹੀ ਫਰਜ਼ ਹੈ।
1. ਇਹਦੇ 'ਤੇ ਬੇ-ਲੋੜਾ ਵਾਧੂ ਭਾਰ ਨਾ ਪਾਓ ਯਾਨੀ ਕਿ ਸਰੀਰ ਦੇ ਭਾਰ ਨੂੰ ਕੰਟਰੋਲ ਵਿਚ ਰੱਖੋ।
2. ਤੰਦਰੁਸਤ ਹੱਡੀਆਂ ਬਨਾਉਣ ਵਾਲੇ ਤੱਤਾਂ ਵਾਲੇ ਭੋਜਨ ਬੱਚਿਆਂ ਨੂੰ ਖਵਾਓ ਤੇ ਆਪ ਵੀ ਖਾਓ ਜਿਵੇਂ ਕੈਲਸ਼ੀਅਮ ਲਈ ਘੱਟ ਚਰਬੀ ਵਾਲਾ ਦੁੱਧ, ਦਹੀਂ, ਪਨੀਰ, ਹਰੀਆਂ ਸਬਜ਼ੀਆਂ, ਸੂਰਜਮੁਖੀ, ਫਾਸਫੋਰਸ ਲਈ ਜੌਂ ਤੇ ਕਣਕ ਦੀਆਂ ਘੁੰਙਣੀਆਂ, ਸੋਇਆਬੀਨ, ਮਗਜ਼- ਹਦਵਾਣੇ, ਖਰਬੂਜ਼ੇ ਦੇ ਤੇ ਹੋਰ, ਬਦਾਮ, ਕਾਜੂ, ਪਿਸਤਾ, ਫਲੀਆਂ, ਗੁਰਦੇ ਕਪੂਰੇ, ਸੈਲਮਨ ਮੱਛੀ ਆਦਿ ਤੇ ਵਿਟਾਮਿਨ ਡੀ ਵਾਸਤੇ ਦੁੱਧ, ਪਨੀਰ, ਮੱਛੀ, ਆਂਡਾ ਆਦਿ।
3. ਕਿਸੇ ਤਰਾ੍ਹਂ ਦੀ ਹੱਡੀਆਂ ਜਾਂ ਜੋੜਾਂ ਦੀ ਸਮੱਸਿਆ ਹੋਵੇ ਤਾਂ ਮਲ਼ਣ ਵਾਲੇ 'ਭਲਵਾਨਾਂ', ਜਾਂ 'ਅਖੌਤੀ ਸਿਆਣਿਆਂ' ਕੋਲ ਜਾਣ ਦੀ ਬਜਾਏ ਹੱਡੀਆਂ ਦੇ ਮਾਹਿਰ ਡਾਕਟਰ ਦੀ ਸਲਾਹ ਲਓ।
4. ਸਰੀਰ ਦੇ ਕਿਸੇ ਹਿੱਸੇ ਦਾ ਕੈਂਸਰ ਹੋਵੇ ਤਾਂ ਹੱਡੀਆਂ ਦੀ ਨਿਯਮਤ ਸਕੈਨਿੰਗ ਕਰਵਾਉਣੀ ਪੈਂਦੀ ਹੈ।