Thursday, 27 September 2012 10:43
Print PDF

ਡਾ. ਹਰਸ਼ਿੰਦਰ ਕੌਰ
ਸਾਡੇ ਆਲੇ-ਦੁਆਲੇ ਕੁਦਰਤ ਨੇ ਏਨੀਆਂ ਬੇਸ਼ਕੀਮਤੀ ਸੌਗਾਤਾਂ ਭਰ ਛੱਡੀਆਂ ਹਨ ਕਿ ਪੁੱਛੋ ਨਾ! ਜੇ ਗੱਲ ਕਰੀਏ ਕੁਦਰਤ ਦੀ ਕਾਰੀਗਰੀ ਦੀ, ਤਾਂ ਵੀ ਵੇਖ ਕੇ ਅੱਖਾਂ ਟੱਡੀਆਂ ਰਹਿ ਜਾਂਦੀਆਂ ਹਨ। ਹੁਣ ਸਰੀਰ ਅੰਦਰਲੀ ਗੱਲ ਹੀ ਲਵੋ। ਜਦੋਂ ਸ਼ੁਕਰਾਣੂ ਅਤੇ ਓਵਮ ਜੁੜ ਜਾਣ ਤਾਂ ਮਾਂ ਦੇ ਢਿੱਡ ਅੰਦਰ ਉਸ ਦੀ ਬੱਚੇਦਾਨੀ ਵਿਚ ਸੱਤ ਦਿਨ ਤਕ ਬਿਨਾਂ ਕਿਸੇ ਬਾਹਰੀ ਖ਼ੁਰਾਕ ਤੋਂ ਇਹ ਸੁਮੇਲ ਨਾਲ ਬਣਿਆ ਸੈੱਲ ਜਿਊਂਦਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਇਹ ਬੱਚੇਦਾਨੀ ਦੀ ਕੰਧ ਉੱਤੇ ਜੁੜ ਕੇ ਅੱਗੋਂ ਬੱਚਾ ਬਣਾਉਣ ਵਿਚ ਜੁਟ ਜਾਂਦਾ ਹੈ, ਜਿੱਥੋਂ ਇਸ ਨੂੰ ਮਾਂ ਵੱਲੋਂ ਖ਼ੁਰਾਕ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਹਰ ਜਿਊਂਦੀ-ਜਾਗਦੀ ਚੀਜ਼ ਲਈ ਕੁਦਰਤ ਨੇ ਭੋਜਨ ਦਾ ਪ੍ਰਬੰਧ ਕਰ ਕੇ ਹੀ ਭੇਜਿਆ ਹੁੰਦਾ ਹੈ। ਇਹ ਤਾਂ ਹੁਣ ਅੱਗੋਂ ਇਨਸਾਨੀ ਨੀਅਤ ਦਾ ਹੀ ਕਮਾਲ ਹੈ ਕਿ ਕੋਈ ਇਨਸਾਨ ਸੌ ਹੋਰ ਜਣਿਆਂ ਦੀ ਖ਼ੁਰਾਕ ਉੱਤੇ ਇਕੱਲਾ ਹੀ ਕਾਬਜ਼ ਹੋ ਜਾਂਦਾ ਹੈ ਤੇ ਬਾਕੀ ਜਣੇ ਖ਼ੁਰਾਕ ਦੀ ਕਮੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵੱਲ ਧੱਕੇ ਜਾਂਦੇ ਹਨ।
ਇਹ ਤਾਂ ਗੱਲ ਹੋਈ ਆਪੋ ਆਪਣੀ ਸੋਚ ਦੀ! ਆਪਾਂ ਗੱਲ ਕਰਦੇ ਹਾਂ ਆਪਣੇ ਚੁਫੇਰੇ ਪਈਆਂ ਕੁਦਰਤੀ ਸੌਗਾਤਾਂ ਦੀ, ਜੋ ਦਵਾਈਆਂ ਤੋਂ ਕਿਤੇ

 ਵੱਧ ਅਸਰਦਾਰ ਸਾਬਤ ਹੋ ਰਹੀਆਂ ਹਨ।
ਸਿਰ ਅਤੇ ਗਲੇ ਦਾ ਕੈਂਸਰ ਦੁਨੀਆਂ ਭਰ ਵਿਚ ਏਨਾ ਆਮ ਹੋ ਚੁੱਕਿਆ ਕਿ ਹਰ ਸੌ ਜਣਿਆਂ ਵਿੱਚੋਂ ਪੰਜ ਜਣੇ ਇਸ ਬੀਮਾਰੀ ਨਾਲ ਪੀੜਤ ਹਨ ਅਤੇ ਵੱਖੋ-ਵੱਖ ਕਿਸਮਾਂ ਦੇ ਕੈਂਸਰ ਦੇ ਮਰੀਜ਼ਾਂ ਵਿੱਚੋਂ ਲਗਪਗ ਇਕ ਤਿਹਾਈ ਮਰਦ ਅਤੇ ਲਗਪਗ ਸਤ ਪ੍ਰਤੀਸ਼ਤ ਔਰਤਾਂ ਇਸੇ ਤਰ੍ਹਾਂ ਦੇ ਕੈਂਸਰ ਨਾਲ ਪੀੜਤ ਹਨ।
ਭਾਰਤ ਵਿਚ ਇਹ ਕੈਂਸਰ ਹੱਦੋਂ ਵੱਧ ਪਾਇਆ ਜਾਂਦਾ ਹੈ ਕਿਉਂਕਿ ਏਥੇ ਪਾਨ, ਜ਼ਰਦਾ ਆਦਿ ਦੀ ਬੇਹਿਸਾਬ ਵਰਤੋਂ ਹੁੰਦੀ ਹੈ ਅਤੇ ਬੀੜੀ ਸਿਗਰਟ ਦੀ ਆਦਤ ਵੀ ਬਹੁਤਿਆਂ ਨੂੰ ਹੈ। ਗ਼ਰੀਬੀ ਕਾਰਨ ਛੇਤੀ ਇਲਾਜ ਨਾ ਹੋ ਸਕਣਾ ਵੀ ਬੀਮਾਰੀ ਵਧਾ ਦਿੰਦਾ ਹੈ। ਦੰਦਾਂ ਜਾਂ ਮੂੰਹ ਵਿਚ ਜ਼ਿਆਦਾ ਦੇਰ ਤੋਂ ਚੱਲ ਰਹੀ ਸੋਜ਼ਿਸ਼ ਅਤੇ ਮਸੂੜਿਆਂ ਦੀਆਂ ਬੀਮਾਰੀਆਂ ਵੀ ਇਸ ਤਰ੍ਹਾਂ ਦੇ ਕੈਂਸਰ ਨੂੰ ਸੱਦਾ ਦਿੰਦੀਆਂ ਹਨ।
ਵੱਡੀ ਗਿਣਤੀ ਵਿਚ ਮਰੀਜ਼ ਮੂੰਹ ਅੰਦਰਲੇ ਵਧ ਰਹੇ ਛਾਲਿਆਂ ਵਾਸਤੇ ਉਹੜ-ਪੁਹੜ ਕਰਦੇ ਰਹਿੰਦੇ ਹਨ ਤੇ ਨਤੀਜੇ ਵਜੋਂ ਕੈਂਸਰ ਕਾਫ਼ੀ ਵਧ ਜਾਂਦਾ ਹੈ ਤੇ ਲਾ-ਇਲਾਜ ਬਣ ਜਾਂਦਾ ਹੈ। ਜਦੋਂ ਅਜਿਹੇ ਰੋਗੀਆਂ ਦਾ ਰੇਡੀਓ ਕਿਰਨਾਂ ਰਾਹੀਂ ਇਲਾਜ ਸ਼ੁਰੂ ਕੀਤਾ ਜਾਏ ਤਾਂ ਕਾਫੀ ਮਰੀਜ਼ਾਂ ਦੇ ਮੂੰਹ ਅੰਦਰ ਤਿੱਖੀ ਦਰਦ, ਮੂੰਹ ਦਾ ਫੁੱਲਣਾ, ਕੁੱਝ ਵੀ ਖਾਣ ਪੀਣ ਵਿਚ ਤਕਲੀਫ਼ ਆਦਿ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਮੂੰਹ ਦਾ ਸੁਆਦ ਮਰ ਜਾਣ ਕਾਰਨ ਖਾਣ ਦੀ ਇੱਛਾ ਵੀ ਖ਼ਤਮ ਹੋ ਜਾਂਦੀ ਹੈ। ਜੇ ਨਾਲ ਕੈਂਸਰ ਨੂੰ ਕਾਬੂ ਵਿਚ ਰੱਖਣ ਵਾਲੀਆਂ ਗਰਮ ਦਵਾਈਆਂ ਵੀ ਸ਼ੁਰੂ ਹੋ ਜਾਣ ਤਾਂ ਬਸ ਪੁੱਛੋ ਹੀ ਨਾ! ਬਹੁਤੇ ਮਰੀਜ਼ ਤਾਂ ਅਜਿਹੇ ਹਾਲਾਤ ਵਿੱਚੋਂ ਲੰਘਣ ਨਾਲੋਂ ਮਰ ਜਾਣ ਨੂੰ ਤਰਜੀਹ ਦੇਣ ਲੱਗ ਪੈਂਦੇ ਹਨ ਕਿਉਂਕਿ ਅਜਿਹੇ ਲੱਛਣਾਂ ਨਾਲ ਛੇ ਹਫ਼ਤਿਆਂ ਦੇ ਇਲਾਜ ਵਿਚਲਾ ਸਮਾਂ ਲੰਘਾਉਣਾ ਪੈਂਦਾ ਹੈ। ਮੂੰਹ ਅੰਦਰਲੀ ਦਰਦ ਅਤੇ ਫੁੱਲੇ ਹੋਏ ਮੂੰਹ ਵਾਸਤੇ ਬੇਅੰਤ ਦਵਾਈਆਂ ਸੁਝਾਈਆਂ ਗਈਆਂ ਹਨ ਜਿਨ੍ਹਾਂ ਦੇ ਆਪਣੇ ਵੀ ਕੁਝ ਨਾ ਕੁਝ ਮਾੜੇ ਅਸਰ ਛੇਤੀ ਹੀ ਦਿਸਣ ਲੱਗ ਪੈਂਦੇ ਹਨ ਤੇ ਦੂਜੇ ਪਾਸੇ ਏਨੀਆਂ ਬੁੱਕ ਭਰ ਕੇ ਦਵਾਈਆਂ ਖਾਣ ਨਾਲ ਵੈਸੇ ਹੀ ਮਰੀਜ਼ ਦੀ ਭੁੱਖ ਪੂਰੀ ਤਰ੍ਹਾਂ ਮਰ ਜਾਂਦੀ ਹੈ। ਏਸੇ ਲਈ ਕੁਦਰਤੀ ਖਜ਼ਾਨੇ ਵੱਲ ਮੂੰਹ ਮੋੜਿਆ ਗਿਆ ਤੇ ਕਲਕੱਤੇ ਵਿਖੇ ਮੈਡੀਕਲ ਕਾਲਜ ਵਿਚ ਸ਼ਹਿਦ ਨੂੰ ਲੈ ਕੇ ਉਸ ਉੱਤੇ ਖੋਜ ਆਰੰਭੀ ਗਈ। ਸ਼ਹਿਦ ਦਰਅਸਲ ਫੁੱਲਾਂ ਦੇ ਰਸ, ਸ਼ਹਿਦ ਦੀ ਮੱਖੀ ਦੀ ਥੁੱਕ ਅਤੇ ਢਿਡ ਦੇ ਰਸਾਂ ਦੇ ਮਿਸ਼ਰਨ ਨਾਲ ਬਣਨਾ ਸ਼ੁਰੂ ਹੁੰਦਾ ਹੈ ਅਤੇ ਮੱਖੀਆਂ ਦੇ ਛੱਤੇ ਵਿਚ ਸੁਕ ਕੇ ਗਾੜ੍ਹਾ ਹੁੰਦਾ ਰਹਿੰਦਾ ਹੈ।
ਸ਼ਹਿਦ ਦੇ ਅੰਦਰ ਏਨੀਆਂ ਕੁਦਰਤੀ ਖ਼ੂਬੀਆਂ ਹਨ ਕਿ ਇਹ ਕੀਟਾਣੂਆਂ ਨੂੰ ਸਰੀਰ ਅੰਦਰ ਵਧਣ ਨਹੀਂ ਦਿੰਦਾ ਤੇ ਛੇਤੀ ਜ਼ਖ਼ਮ ਭਰ ਦਿੰਦਾ ਹੈ। ਇਸੇ ਲਈ ਸੜੀ ਹੋਈ ਚਮੜੀ ਉੱਤੇ, ਅਪਰੇਸ਼ਨ ਵਾਲੇ ਜ਼ਖ਼ਮ ਉੱਤੇ ਅਤੇ ਮੂੰਹ ਵਿਚਲੇ ਛਾਲਿਆਂ ਅਤੇ ਜ਼ਖ਼ਮਾਂ ਉੱਤੇ ਲਾਉਣ ਨਾਲ ਆਪਣੇ ਕੀਟਾਣੂ ਮਾਰਨ ਵਾਲੇ ਅਸਰ ਸਦਕਾ ਸ਼ਹਿਦ ਛੇਤੀ ਜ਼ਖ਼ਮ ਭਰ ਦਿੰਦਾ ਹੈ ਅਤੇ ਨਾਲ ਦੀ ਨਾਲ ਜ਼ਖ਼ਮ ਉੱਪਰ ਚਮੜੀ ਵੀ ਛੇਤੀ ਆਉਣ ਲੱਗ ਪੈਂਦੀ ਹੈ ਜਿਸ ਨਾਲ ਦਾਗ਼ ਵੀ ਜ਼ਿਆਦਾ ਦੇਰ ਨਹੀਂ ਰਹਿੰਦਾ!
ਖੋਜੀਆਂ ਨੇ ਤਾਂ ਇਹ ਵੀ ਲੱਭ ਲਿਆ ਹੈ ਕਿ ਸ਼ਹਿਦ ਵਿਚਲਾ ਕੁਦਰਤੀ ਤਰਲ ਅੰਤੜੀਆਂ ਦੇ ਕੈਂਸਰ (ਕੋਲਨ ਐਡੀਨੋਕਾਰਸੀਨੋਮਾ) ਨੂੰ ਰੋਕਣ ਵਿਚ ਵੀ ਮਦਦ ਕਰਦਾ ਹੈ। ਸ਼ੱਕਰ ਰੋਗੀ ਵੀ ਕਦੇ ਕਦਾਈਂ ਥੋੜ੍ਹੀ ਜਿਹੀ ਮਾਤਰਾ ਵਿਚ ਸ਼ਹਿਦ ਲੈ ਸਕਦੇ ਹਨ। ਇਸੇ ਖੋਜ ਤਹਿਤ ਕੈਂਸਰ ਦੇ ਇਲਾਜ ਲਈ ਵਰਤੀਆਂ ਰੇਡੀਓ ਕਿਰਨਾਂ ਕਾਰਨ ਫੁੱਲ ਚੁੱਕੇ ਮੂੰਹ ਵਾਲੇ ਮਰੀਜ਼ਾਂ ਨੂੰ ਸ਼ਹਿਦ ਦਿੱਤਾ ਗਿਆ। ਨਤੀਜੇ ਕਮਾਲ ਦੇ ਸਨ। ਮੂੰਹ ਵਿਚ ਲਾਏ ਸ਼ਹਿਦ ਸਦਕਾ ਮੂੰਹ ਦੇ ਛਾਲੇ ਤੇ ਸੋਜ਼ਿਸ਼ ਬਹੁਤ ਜਲਦੀ ਠੀਕ ਹੋ ਗਈ ਤੇ ਉੱਤੋਂ ਨਵੀਂ ਨਰੋਈ ਚਮੜੀ ਵੀ ਛੇਤੀ ਆ ਗਈ। ਇਸ ਤਰ੍ਹਾਂ       ਢਿਡ ਅੰਦਰ ਲੰਘੇ ਸ਼ਹਿਦ ਸਦਕਾ ਮਰੀਜ਼ ਨੂੰ ਤਾਕਤ  ਵੀ ਮਿਲ ਗਈ ਤੇ ਉਹ ਖਾਣਾ ਖਾਣ ਜੋਗਾ ਵੀ ਛੇਤੀ ਹੀ ਹੋ ਗਿਆ। ਦਰਅਸਲ ਰੇਡੀਓ ਕਿਰਨਾਂ ਨਾਲ ਮੂੰਹ ਅੰਦਰਲੇ ਸੈੱਲ ਮਰ ਜਾਂਦੇ ਹਨ ਤੇ ਝੜ ਜਾਂਦੇ ਹਨ ਜਿਸ ਕਾਰਨ ਉੱਥੇ ਜ਼ਖ਼ਮ ਦਿਸਣ ਲੱਗ ਪੈਂਦਾ ਹੈ। ਇੰਜ ਮਰੀਜ਼ ਨਾ ਤਾਂ ਚੰਗੀ ਤਰ੍ਹਾਂ ਕੁੱਝ ਪੀ ਸਕਦਾ ਹੈ, ਨਾ ਖਾ ਸਕਦਾ ਹੈ ਤੇ ਨਾ ਹੀ ਉਸ ਕੋਲੋਂ ਚੰਗੀ ਤਰ੍ਹਾਂ ਬੋਲਿਆ ਜਾਂਦਾ ਹੈ। ਜਿਉਂ ਹੀ ਇਨ੍ਹਾਂ ਜ਼ਖ਼ਮਾਂ ਉੱਤੇ ਕੀਟਾਣੂਆਂ ਨੇ ਹਮਲਾ ਬੋਲਿਆ, ਮਰੀਜ਼ ਦਰਦ ਨਾਲ ਚੀਕਦਾ ਬੇਹਾਲ ਹੋ ਜਾਂਦਾ ਹੈ!
ਸ਼ਹਿਦ ਵਿਚਲੀ ਨਮੀ, ਫਰੱਕਟੋਜ਼, ਗਲੂਕੋਜ਼, ਮਾਲਟੋਜ਼ ਤੇ ਹੋਰ ਢੇਰ ਸਾਰੇ ਲੋੜੀਂਦੇ ਤੱਤ ਉਸ ਨੂੰ ਸਹੀ ਮਾਅਨਿਆਂ ਵਿਚ ਬੇਸ਼ਕੀਮਤੀ ਕੁਦਰਤੀ ਖਜ਼ਾਨਾ ਬਣਾ ਦਿੰਦੇ ਹਨ। ਇਸੇ ਲਈ ਹੁਣ ਤਾਂ ਕਈ ਦਵਾਈਆਂ ਵਾਲੀਆਂ ਕੰਪਨੀਆਂ ਵੀ ਸ਼ਹਿਦ ਨੂੰ ਚਮੜੀ ਉੱਤੇ ਲਾਉਣ ਵਾਲੀਆਂ ਦਵਾਈਆਂ ਵਿਚ ਵਰਤਣ ਲੱਗ ਪਈਆਂ ਹਨ। ਇੱਥੋਂ ਤਕ ਕਿ ਲੰਮੇ ਸਮੇਂ ਤੋਂ ਮੰਜੇ ਉੱਤੇ ਪਏ ਬੰਦੇ ਦੀ ਪਿੱਠ ਉੱਤੇ ਬਣੇ ਬੈੱਡ ਸੋਰਜ਼ (ਦਬਾਓ ਨਾਲ ਹੋਏ ਜ਼ਖ਼ਮ) ਵੀ ਸ਼ਹਿਦ ਲਾਉਣ ਨਾਲ ਛੇਤੀ ਭਰੇ ਵੇਖੇ ਜਾ ਸਕਦੇ ਹਨ ਕਿਉਂਕਿ ਇਕ ਪਾਸੇ ਤਾਂ ਸ਼ਹਿਦ ਜ਼ਖ਼ਮ ਵਿੱਚੋਂ ਨਮੀ ਖਿੱਚ ਲੈਂਦਾ ਹੈ ਜਿਸ ਨਾਲ ਕੀਟਾਣੂ ਝੱਟ ਮਰ ਜਾਂਦੇ ਹਨ ਤੇ ਦੂਜੇ ਪਾਸੇ ਸ਼ਹਿਦ ਅੰਦਰਲਾ ਹਲਕਾ ਤੇਜ਼ਾਬ ਅਤੇ ਕੁਦਰਤੀ ਹਾਈਡਰੋਜਨ ਪਰਆਕਸਾਈਡ ਜ਼ਖ਼ਮ ਸਾਫ਼ ਕਰ ਦਿੰਦੇ ਹਨ। ਬਾਕੀ ਰਹੀ ਚਮੜੀ ਦੀ ਖ਼ੁਰਾਕ,  ਸ਼ਹਿਦ ਰਾਹੀਂ ਉਹ ਮਿਲਦੇ ਸਾਰ ਚਮੜੀ ਵੀ ਝਟ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਏਨਾ ਕੁੱਝ ਜਾਣ ਲੈਣ ਬਾਅਦ ਕਾਸ਼ ਉਹ ਲੋਕ ਵੀ ਕੁੱਝ ਸੇਧ ਲੈ ਲੈਣ ਜੋ ਕੀਟਨਾਸ਼ਕ ਛਿੜਕ ਛਿੜਕ ਕੇ ਲੋਕਾਂ ਨੂੰ ਕੈਂਸਰ ਦੇ ਦੈਂਤ ਦੇ ਮੂੰਹ ਵੱਲ ਧੱਕੀ ਜਾ ਰਹੇ ਹਨ! ਮੇਰੀ ਤਾਂ ਇਹੋ ਸਲਾਹ ਹੈ ਕਿ ਕੁਦਰਤੀ ਸੌਗਾਤਾਂ ਨਾਲ ਭਰਿਆ ਇਹ ਆਲਾ ਦੁਆਲਾ ਘੋਖੋ ਤੇ ਦਾਦੀਆਂ ਨਾਨੀਆਂ ਦੇ ਹਲਕੇ ਫੁਲਕੇ ਟੋਟਕੇ ਆਮ ਛੋਟੀਆਂ ਮੋਟੀਆਂ ਬੀਮਾਰੀਆਂ (ਜ਼ੁਕਾਮ, ਬਦਹਜ਼ਮੀ, ਆਦਿ) ਵਾਸਤੇ ਵਰਤ ਲਿਆ ਕਰੋ! ਜੇ ਬੀਮਾਰੀ ਲਮਕਦੀ ਦਿਸੇ ਤਾਂ ਝਟ ਸਿਆਣੇ ਡਾਕਟਰ ਨੂੰ ਵਿਖਾ ਲਵੋ। ਇਹ ਹੁਣ ਆਪੋ ਆਪਣੀ ਕਿਸਮਤ ਹੈ ਕਿ ਹਲਦੀ, ਸ਼ਹਿਦ, ਅਦਰਕ, ਨਿੰਬੂ ਦਾ ਸੱਤ, ਤੁਲਸੀ, ਜਵੈਣ, ਜੀਰਾ ਆਦਿ ਕਿਸੇ ਨੂੰ ਸ਼ੁੱਧ ਮਿਲਦੇ ਹਨ ਕਿ ਨਹੀਂ ਕਿਉਂਕਿ ਸਾਬਤ ਕਾਲੀਆਂ ਮਿਰਚਾਂ ਤਕ ਵਿਚ ਪਪੀਤੇ ਦੇ ਬੀਜ ਭਰੇ ਮਿਲਦੇ ਹਨ।
ਖ਼ੈਰ! ਉਮੀਦ ਰੱਖੀਏ, ਕਦੇ ਤਾਂ ਸੁਧਾਰ ਜ਼ਰੂਰ ਹੋਵੇਗਾ ਤੇ ਅਸੀਂ ਕੁਦਰਤੀ ਸੌਗਾਤਾਂ ਦਾ ਨਿਰਾਦਰ  ਕਰਨੋਂ ਹਟ ਜਾਵਾਂਗੇ!

Comments (0)

Write comment

smaller | bigger

busy
You are here:   Homeਮੁੱਖ ਖਬਰਾਂਤੁਹਾਡੀ ਸਿਹਤਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸ਼ਹਿਦ

Currency Converter

Amount:
From:
To:


Gurbani Radio


Gurbani - Sri Harmandir Sahib