
ਛੋਟੀ ਜਿਹੀ ਬਹਿਸ ਕਿਉਂ ਕਰੀਏ ਜਦੋਂ ਅਸੀਂ ਵੱਡੇ ਝੱਗੜੇ ਕਰ ਸਕਦੇ ਹਾਂ? ਸ਼ਾਂਤੀ ਕਿਉਂ ਮੰਗਣੀ ਜਦੋਂ ਅਸੀਂ ਫ਼ਸਾਦ ਕਰ ਸਕਦੇ ਹਾਂ? ਇਕੱਲੇ ਕਿਉਂ ਰਹਿਣਾ ਜਦੋਂ ਅਸੀਂ ਰਿਸ਼ਤਿਆਂ ਵਿੱਚ ਇਕੱਲੇ ਰਹਿ ਸਕਦੇ ਹਾਂ? ਮੇਰਾ ਆਖ਼ਰੀ ਸਵਾਲ, ਪਹਿਲੇ ਸਾਰੇ ਸਵਾਲਾਂ ਦਾ ਜਵਾਬ ਹੈ। ਸਾਡੇ ਵਿੱਚੋਂ ਕੋਈ ਵੀ ਸੁੰਨਸਾਨ ਵਿੱਚ ਜਾਂ ਗੁੱਸੇ ਨਹੀਂ ਰਹਿਣਾ ਚਾਹੁੰਦਾ। ਅਸੀਂ ਸਾਰੇ ਹੀ ਸਾਥ ਤੇ ਹਮਾਇਤ ਭਾਲਦੇ ਹਾਂ। ਸਾਨੂੰ ਕੋਈ ਨਾ ਕੋਈ ਪਿਆਰ ਕਰਨ ਨੂੰ ਚਾਹੀਦਾ ਹੈ। ਤੇ ਸਾਨੂੰ ਇਹ ਵੀ ਚੰਗੀ ਤਰ੍ਹਾਂ ਪਤੈ ਕਿ ਇਹ ਉਸ ਵੇਲੇ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਅਸੀਂ ਦੂਸਰਿਆਂ ਨੂੰ ਪਿਆਰ ਨਹੀਂ ਕਰਦੇ! ਜੇ ਕਿਤੇ ਵੀ ਜੀਵਨ ਵਿੱਚ ਸ਼ਾਂਤੀ ਮਿਲਦੀ ਹੈ ਤਾਂ ਉਸ ਨੂੰ ਬੋਚਣ ਵਿੱਚ ਗ਼ੁਰੇਜ਼ ਨਾ ਕਰਿਓ!
ਹੁਣ ਤੱਕ ਤਾਂ ਤੁਹਾਨੂੰ ਸੁਰੱਖਿਅਤ ਮਹਿਸੂਸ ਕਰਨਾ ਸਿੱਖ ਲੈਣਾ ਚਾਹੀਦਾ ਸੀ। ਕਿਸੇ ਮਹੱਤਵਪੂਰਨ ਤੇ ਨੇੜਲੇ ਰਿਸ਼ਤੇ ਬਾਰੇ ਤੁਹਾਡੇ ਸ਼ੰਕੇ ਇੱਕ ਵੱਡੀ ਵਜਾਹ ਹਨ ਕਿ ਕਿਉਂ ਤੁਸੀਂ ਕਿਸੇ 'ਤੇ ਆਪਣੀ ਸੁਰੱਖਿਅਤਾ ਲਈ ਵਿਸ਼ਵਾਸ ਨਹੀਂ ਕਰ ਸਕਦੇ। ਤੁਸੀਂ ਅਤੀਤ
ਵਿੱਚ ਬਹੁਤ ਸਾਰੀ ਨਾਕਾਰਾਤਮਕਤਾ ਨੂੰ ਜੀਵਨ ਪ੍ਰਤੀ ਆਪਣੀ ਸੋਚ 'ਤੇ ਹਾਵੀ ਹੋਣ ਦਿੱਤਾ ਹੈ, ਇਸ ਹੱਦ ਤੱਕ ਕਿ ਤੁਹਾਡੇ ਇਹੀ ਤੌਖ਼ਲੇ ਤੁਹਾਡਾ ਭਵਿੱਖ ਬਣ ਚੁੱਕੇ ਹਨ। ਹੁਣ ਆਪਣੇ ਆਪ ਨੂੰ ਵਧੇਰੇ ਆਸ਼ਾਵਾਦੀ ਬਣਨ ਦੀ ਇਜਾਜ਼ਤ ਦਿਓ। ਇਹ ਆਸ਼ਾਵਾਂ ਛੇਤੀ ਹੀ ਢੁੱਕਵੀਆਂ ਸਾਬਿਤ ਹੋਣਗੀਆਂ।
ਸਾਰੇ ਲੋਕ ਤੁਹਾਡੇ ਨਾਲ ਪਿਆਰ ਕਿਉਂ ਨਹੀਂ ਕਰਦੇ? ਕੀ ਤੁਸੀਂ ਖ਼ੂਬਸੂਰਤ ਨਹੀਂ? ਕੀ ਤੁਸੀਂ ਚਲਾਕ, ਸਿਆਣੇ ਤੇ ਸੂਝਵਾਨ ਨਹੀਂ? ਕੀ ਤੁਸੀਂ ਮਜ਼ੇਦਾਰ ਤੇ ਸਤਿਕਾਰਤ ਨਹੀਂ? ਦਰਅਸਲ, ਤੁਸੀਂ ਹੋ। ਪਰ ਕੇਵਲ ਇੱਕ ਚੰਗੇ ਦਿਨ। ਕਿਸੇ ਵੀ ਚੰਗੇ ਦਿਨ ਤੁਸੀਂ ਬੁਹਤ ਹੀ ਆਲਹਾ ਇਨਸਾਨ ਸਾਬਿਤ ਹੋ ਸਕਦੇ ਹੋ, ਅਤੇ ਅੱਜਕਲ੍ਹ ਤੁਹਾਡੇ ਚੰਗੇ ਦਿਨ ਚੱਲ ਰਹੇ ਹਨ। ਤੇ ਫ਼ਿਰ ਜੇ ਕੋਈ ਤੁਹਾਨੂੰ ਇਸ ਧਰਤੀ ਦਾ ਇੱਕ ਅਣਸੱਦਿਆ ਮਹਿਮਾਨ ਮਹਿਸੂਸ ਕਰਵਾ ਰਿਹਾ ਹੈ ਤਾਂ ਕਿਉਂ? ਸ਼ਾਇਦ ਇਸ ਲਈ ਕਿ ਉਨ੍ਹਾਂ ਨੂੰ ਕੇਵਲ ਉਹੀ ਦਿਨ ਯਾਦ ਹੈ ਜਦੋਂ ਉਨ੍ਹਾਂ ਨੇ ਤੁਹਾਨੂੰ ਤੁਹਾਡੇ ਬੁਰੇ ਦਿਨ ਵਿੱਚ ਦੇਖਿਆ ਸੀ। ਪੁਰਾਣੇ ਜ਼ਖ਼ਮ ਹੁਣ ਵੀ ਹਰੇ ਹੋ ਸਕਦੇ ਹਨ। ਭਵਿੱਖ ਲਈ ਉੱਮੀਦਾਂ ਹਾਲੇ ਵੀ ਜਗਾਈਆਂ ਜਾ ਸਕਦੀਆਂ ਹਨ।
ਜੀਵਨ ਸ਼ਾਨਦਾਰ ਹੈ। ਹਰ ਪਲ ਇੱਕ ਨਿਹਮਤ ਹੈ। ਹਰ ਸਾਹ ਇੱਕ ਤੋਹਫ਼ਾ। ਫ਼ਿਰ ਵੀ ਕਈ ਵਾਰ ਇੰਝ ਕਿਉਂ ਮਹਿਸੂਸ ਹੁੰਦਾ ਹੈ ਕਿ ਅਸੀਂ ਜੀਵਨ ਦੇ ਸਤਾਏ ਹੋਏ ਹਾਂ, ਫ਼ਰਜ਼ਾਂ ਹੇਠ ਦੱਬੇ? ਸ਼ਾਇਦ, ਸਾਨੂੰ ਆਪਣੇ ਆਪ ਨੂੰ ਇਹ ਵੀ ਪੁੱਛਣਾ ਚਾਹੀਦਾ ਹੈ ਕਿ ਰਿਸ਼ਤਿਆਂ (ਜਿਹੜੇ ਕਿ ਮੌਲਿਕ ਤੌਰ 'ਤੇ ਚੰਗੇ ਹੀ ਹੁੰਦੇ ਹਨ) ਵਿੱਚ ਹੀ ਹਮੇਸ਼ਾਂ ਅਸੰਤੁਸ਼ਟੀ ਕਿਉਂ ਮਿਲਦੀ ਹੈ। ਬਹੁਤਾ ਕੁੱਝ ਸਾਡੀ ਆਪਣੀ ਸੋਚ 'ਤੇ ਹੀ ਨਿਰਭਰ ਕਰਦਾ ਹੈ। ਹੁਣ ਜਿਵੇਂ ਜਿਵੇਂ ਤੁਹਾਡੀ ਆਪਣੇ ਬਾਰੇ ਸਮਝ ਡੂੰਘੀ ਹੋ ਰਹੀ ਹੈ, ਤੁਹਾਨੂੰ ਦੂਸਰਿਆਂ ਨੂੰ ਸਮਝਣ ਵਿੱਚ ਵੀ ਆਸਾਨੀ ਹੋ ਰਹੀ ਹੈ।
ਹਰ ਚੀਜ਼ ਤਾਂ ਉਸ ਤਰ੍ਹਾਂ ਨਹੀਂ ਹੋ ਸਕਦੀ ਜਿਵੇਂ ਤੁਸੀਂ ਇੱਛਾ ਕੀਤੀ ਸੀ, ਪਰ ਇਹ ਚਿੰਤਾ ਜਾਂ ਪਰੇਸ਼ਾਨੀ ਦਾ ਵਿਸ਼ਾ ਕਿਉਂ ਹੋਵੇ? ਕੀ ਤੁਸੀਂ ਕਿਸੇ ਹੋਰ ਚੀਜ਼ ਤਮੰਨਾ ਨਹੀਂ ਕਰ ਸਕਦੇ? ਕੀ ਤੁਸੀਂ ਉਸ ਚੀਜ਼ ਦੀ ਇੱਛਾ ਨਹੀਂ ਕਰ ਸਕਦੇ ਜਿਹੜੀ ਤੁਹਾਡੇ ਕੋਲ ਪਹਿਲਾਂ ਤੋਂ ਹੀ ਹੈ? ਜਾਂ ਫ਼ਿਰ ਉਸ ਚੀਜ਼ ਦੀ ਜਿਹੜੀ ਤੁਹਾਨੂੰ ਆਸਾਨੀ ਨਾਲ ਮਿਲ ਸਕਦੀ ਹੈ? ਜਿਸ ਚੀਜ਼ ਦੀ ਵੀ ਇੱਛਾ 'ਤੇ ਤੁਸੀਂ ਸ਼ਰਮਿੰਦਾ ਹੋ, ਉਸ ਨੂੰ ਭੁੱਲ ਜਾਓ। ਉਨ੍ਹਾਂ ਯਾਦਾਂ ਨੂੰ ਵੀ ਜਿਹੜੀਆਂ ਤੁਹਾਨੂੰ ਸਤਾਉਂਦੀਆਂ ਹਨ। ਉਨ੍ਹਾਂ ਉੱਮੀਦਾਂ ਨੂੰ ਵੀ ਜਿਹੜੀਆਂ ਤੁਸੀਂ ਹਾਲ ਦੀ ਘੜੀ ਪੂਰੀਆਂ ਨਹੀਂ ਕਰ ਸਕਦੇ। ਤੇ ਫ਼ਿਰ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਜਿਹੜਾ ਵੀ ਖ਼ਲਾਅ ਮਹਿਸੂਸ ਹੋ ਰਿਹਾ ਹੈ, ਉਹ ਪਿਆਰ ਨਾਲ ਭਰ ਜਾਏਗਾ।