
ਉਸ ਚੀਜ਼ ਬਾਰੇ ਗੱਲ ਕਿਉਂ ਕਰੀਏ ਜਿਸ ਬਾਰੇ ਬਹਿਸ ਨਾ ਕਰਨ ਵਿੱਚ ਹੀ ਭਲਾਈ ਹੋਵੇ? ਉਸ ਚੀਜ਼ ਬਾਰੇ ਚਿੰਤਾ ਕਿਉਂ ਕੀਤੀ ਜਾਵੇ ਜਿਸ ਦੀ ਕੋਈ ਅਹਿਮੀਅਤ ਹੀ ਨਹੀਂ? ਅੰਗ੍ਰੇਜ਼ੀ ਵਿੱਚ ਇੱਕ ਕਹਾਵਤ ਹੈ, Let the sleeping dogs lie, ਜਿਸ ਦਾ ਸ਼ਾਬਦਿਕ ਅਰਥ ਹੈ 'ਸੁੱਤੇ ਕੁੱਤਿਆਂ ਨਾ ਜਗਾਓ,' ਭਾਵ ਉਨ੍ਹਾਂ ਮੱਸਲਿਆਂ ਨੂੰ ਨਾ ਛੇੜੋ ਜਿਨ੍ਹਾਂ ਨੂੰ ਛੇੜਨ ਨਾਲ ਪੇਚੀਗੀਆਂ ਹੋਰ ਵੱਧ ਸਕਦੀਆਂ ਹਨ। ਫ਼ਿਰ ਵਿਵਾਦਗ੍ਰਸਤ ਮੁੱਦੇ ਕਿਉਂ ਉਠਾਏ ਜਾਣ? ਕੱਝ ਲੋਕਾਂ ਦਾ ਮੱਤ ਹੁੰਦਾ ਹੈ ਕਿ ਜੇ ਉਹ ਗੁੰਝਲਦਾਰ ਮਸਲਿਆਂ ਤੋਂ ਹਮੇਸ਼ਾਂ ਕਿਨਾਰਾਕਸ਼ੀ ਹੀ ਕਰਦੇ ਰਹਿਣਗੇ ਤਾਂ ਉਹ ਭਵਿੱਖ ਲਈ ਵਾਧੂ ਦੀ ਮੁਸੀਬਤ ਨੂੰ ਸਟੋਰ ਕਰ ਰਹੇ ਹਨ। ਹੋ ਸਕਦਾ ਹੈ ਕਿ ਕੁੱਝ ਹੱਦ ਤੱਕ ਇਹ ਸੱਚ ਵੀ ਹੋਵੇ। ਪਰ ਤੁਹਾਡੇ ਮਾਮਲੇ ਵਿੱਚ ਨਹੀਂ। ਇਸ ਵੇਲੇ ਤਾਂ ਬਿਲਕੁਲ ਨਹੀਂ। ਘਟੋਘੱਟ ਆਪਣੇ ਭਾਵਨਾਤਮਕ ਜੀਵਨ ਵਿੱਚ ਤਾਂ ਤੁਸੀਂ ਹੇਠਲੇ ਸਿਧਾਂਤ ਦੇ ਆਧਾਰ 'ਤੇ ਕਾਰਜਸ਼ੀਲ ਹੋ ਸਕਦੇ ਹੋ: ਜੇਕਰ ਕੋਈ ਸੰਭਾਵਿਤ ਸਮੱਸਿਆ ਤੁਹਾਨੂੰ ਦਿਖ ਰਹੀ ਹੈ ਤਾਂ ਉਸ ਨੂੰ ਅਣਗੌਲਿਆ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਸੱਚਮੁੱਚ ਉਹ ਕਿਤੇ ਜਾਂਦੀ ਨਹੀਂ ਦਿਖਦੀ ਤਾਂ ਉਸ ਨਾਲ ਨਰਮੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰੋ।
ਪਿਆਰ ਦੀ ਭਾਸ਼ਾ ਵਿੱਚ ਫੁੱਲਾਂ ਦਾ ਕੀ ਅਰਥ ਹੈ? ਅਸੀਂ ਉਨ੍ਹਾਂ ਨੂੰ ਆਪਣੀ ਸਦੀਵੀ ਚਾਹਤ ਦੇ ਚਿੰਨ੍ਹ ਦੇ ਤੌਰ 'ਤੇ ਕਿਉਂ ਵਰਤਦੇ ਹਾਂ? ਇਸ ਦਾ ਉੱਕਾ ਹੀ ਕੋਈ ਤੁਕ ਨਹੀਂ ਬਣਦਾ, ਖ਼ਾਸਕਰ ਜਦੋਂ ਅਸੀਂ ਇਹ ਵਿਚਾਰੀਏ ਕਿ ਉਨ੍ਹਾਂ ਦਾ ਖਿੜਨਾ ਕਿੰਨਾ ਥੁੜ੍ਹਚਿਰਾ ਹੁੰਦਾ ਹੈ। ਸ਼ਾਇਦ ਹੀ ਕਿਸੇ ਹੋਰ ਸ਼ੈਅ ਦੀ ਕਿਸਮਤ ਵਿੱਚ ਇੰਨੀ ਛੇਤੀ ਮੁਰਝਾਉਣਾ ਜਾਂ ਫਿੱਕਾ ਪੈਣਾ ਲਿਖਿਆ ਹੋਵੇ! ਫ਼ਿਰ ਤਾਂ ਜੇ ਅਸੀਂ ਸੱਚਮੁੱਚ ਹੀ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਦਰਖ਼ਤਾਂ ਦੀ ਮਦਦ ਲੈਣ ਬਾਰੇ ਸੋਚਣਾ ਚਾਹੀਦਾ ਹੈ ਜੋ ਕਿ ਆਪਣੀਆਂ ਜੜ੍ਹਾਂ ਡੂੰਘੀਆਂ ਫੈਲਾ ਸਕਦੇ ਹਨ ਅਤੇ ਕਈ ਕਈ ਪੀੜ੍ਹੀਆਂ ਤੱਕ ਸੁਰਜੀਤ ਰਹਿੰਦੇ ਹਨ। ਜਾਂ ਫ਼ਿਰ ਕੈਕਟਸ ਬਾਰੇ, ਜਿਹੜਾ ਗਰਮ, ਤਪਦੇ, ਸੋਕੇ ਦੇ ਮਾਰੇ ਨਿਰਜਲ ਮਾਰੂਥਲਾਂ ਵਿੱਚ ਵੀ ਜਿਊਂਦੇ ਰਹਿਣਾ ਜਾਣਦੇ ਹਨ। ਤੁਹਾਡੇ ਭਾਵਨਾਤਮਕ ਜੀਵਨ ਵਿੱਚ ਵੀ ਇਸ ਵੇਲੇ, ਕੋਈ ਸਹੀ ਨੁਕਤਾ ਗ਼ਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੇ ਪਿੱਛੇ ਛੁਪੀ ਭਾਵਨਾ ਲਈ ਇਸ ਨੂੰ ਕਬੂਲ ਕਰੋ।
ਪਿਆਰ, ਸਾਨੂੰ ਦੱਸਿਆ ਜਾਂਦੈ, ਇੱਕ ਬਹੁਤ ਜਲਵਈ ਸ਼ੈਅ ਹੈ। ਪਰ ਜਦੋਂ ਅਸੀਂ ਇਨ੍ਹਾਂ ਬਨੌਟੀ ਜਲਵਿਆਂ ਵਿੱਚੋਂ ਬਾਹਰ ਨਿਕਲ ਕੇ ਦੇਖਦੇ ਹਾਂ, ਤਾਂ ਇਸ ਦੇ ਸਾਰ ਤੱਤ ਵਿੱਚ ਕੀ ਰਹਿ ਜਾਂਦਾ ਹੈ? ਦੋ ਦਿਲਾਂ ਨੂੰ ਕੌਣ ਮੇਲਦਾ ਹੈ? ਰੂਹਾਂ ਨੂੰ ਕੌਣ ਮਿਲਾਉਂਦੈ? ਉਨ੍ਹਾਂ ਦਰਮਿਆਨ ਸਬੰਧ, ਹਮਦਰਦੀ, ਦਇਆ, ਤਾਲਮੇਲ ਜਾਂ ਸਹਿਕਿਰਿਆ ਕੌਣ ਪੈਦਾ ਕਰਦੈ? ਅਤੇ ਇਹ ਸੂਖਮ ਤੇ ਨਾਜ਼ੁਕ ਅਹਿਸਾਸ ਰੋਜ਼ਮੱਰਾ ਦੀ ਸਹਿਹੋਂਦ ਦੇ ਤਨਾਅ ਅਤੇ ਜਲਦਬਾਜ਼ੀ ਵਿੱਚ ਅਕਸਰ ਗੁਆਚ ਕਿਉਂ ਜਾਂਦੇ ਹਨ? ਇਸ ਵੇਲੇ ਪਿਆਰ ਦੇ ਕਈ ਜਲਵਿਆਂ ਵਿੱਚੋਂ ਇੱਕ ਤੁਹਾਡਾ ਮਨ ਮੋਹ ਰਿਹਾ ਹੈ। ਪਰ ਧਿਆਨ ਨਾਲ, ਕਿਸੇ ਮਨਬਹਿਲਾਵੇ ਨੂੰ ਕਿਤੇ ਅਸਲੀ ਸੰਤੁਸ਼ਟੀ ਦਾ ਸ੍ਰੋਤ ਨਾ ਸਮਝ ਲੈਣਾ।
ਜਦੋਂ ਅਸੀਂ ਲੋਕਾਂ ਨਾਲ ਚੰਗਾ ਸਲੂਕ ਕਰਦੇ ਹਾਂ ਤਾਂ ਬਦਲੇ ਵਿੱਚ ਉਹ ਵੀ ਸਾਡੇ ਨਾਲ ਚੰਗਾ ਵਿਹਾਰ ਕਰਦੇ ਹਨ। ਜਦੋਂ ਅਸੀਂ ਲੋਕਾਂ ਵਿੱਚ ਵਿਸ਼ਵਾਸ ਜਤਾਉਂਦੇ ਹਾਂ ਤਾਂ ਉਨ੍ਹਾਂ ਨੂੰ ਇਸ ਦਾ ਅਹਿਸਾਸ ਹੋ ਜਾਂਦਾ ਹੈ ਤੇ ਉਹ ਸਾਡੇ ਵਿਸ਼ਵਾਸ ਨੂੰ ਜਾਇਜ਼ ਠਹਿਰਾਉਣ ਲਈ ਆਪਣੀ ਪੂਰੀ ਵਾਹ ਲਗਾਉਂਦੇ ਹਨ। ਜਦੋਂ ਅਸੀਂ ਰਹਿਮਦਿਲ ਤੇ ਪ੍ਰੇਮਮਈ ਬਣਦੇ ਹਾਂ ਤਾਂ ਸਾਨੂੰ ਵੀ ਬਦਲੇ ਵਿੱਚ ਪਿਆਰ ਹੀ ਮਿਲਦਾ ਹੈ। ਆਮਤੌਰ 'ਤੇ 99. 99 ਪ੍ਰਤੀਸ਼ਤ ਮਨੁੱਖੀ ਨਸਲ ਚੰਗੇ ਲੋਕਾਂ ਨਾਲ ਭਰੀ ਪਈ ਹੈ। ਜੇਕਰ ਅਸੀਂ ਆਪਣਾ ਸਾਰਾ ਵਕਤ ਆਪਣੇ ਆਪ ਨੂੰ ਉਨ੍ਹਾਂ 0. 01 ਪ੍ਰਤੀਸ਼ਤ ਲੋਕਾਂ ਤੋਂ ਬਚਾਉਣ ਵਿੱਚ ਜ਼ਾਇਆ ਕਰ ਦੇਵਾਂਗੇ ਤਾਂ ਅਸੀਂ ਆਪਣੇ ਆਪ ਨੂੰ ਆਪਣੇ ਉਸ ਖ਼ੁਸ਼ਤਬੀਅਤ ਸੁਭਾਅ ਤੋਂ ਵਾਂਝਿਆਂ ਰੱਖ ਰਹੇ ਹੋਵਾਂਗੇ ਜਿਹੜਾ ਸਾਡੇ ਹੱਕ ਵਿੱਚ ਹੀ ਭੁਗਤ ਸਕਦਾ ਹੈ। ਆਪਣੇ ਦਿਲ ਦੇ ਸਾਰੇ ਮਾਮਲਿਆਂ ਵਿੱਚ ਤੁਹਾਨੂੰ ਕੇਵਲ ਇਹੀ ਚੇਤੇ ਰੱਖਣ ਦੀ ਲੋੜ ਹੈ। ਕੋਸ਼ਿਸ਼ ਕਰੋ ਤੇ ਤੁਹਾਨੂੰ ਪਤਾ ਚੱਲੇਗਾ!
ਤੁਹਾਡੇ ਦਿਲ ਦੇ ਕਿਸੇ ਕੋਨੇ ਵਿੱਚ, ਇੱਕ ਸ਼ਾਂਤਮਈ, ਸਹਿਜ, ਗਰਮ ਅਤੇ ਪਿਆਰ-ਭਰਪੂਰ ਆਵਾਜ਼ ਗਾ ਰਹੀ ਹੈ। ਅਤੇ ਤੁਹਾਡੇ ਦਿਮਾਗ ਦੇ ਕਿਸੇ ਕੋਨੇ ਵਿੱਚ ਇੱਕ ਉੱਚਾ ਅਤੇ ਖਰ੍ਹਵਾ ਚੀਕਚਿਹਾੜਾ ਸੁਣਿਆ ਜਾ ਸਕਦਾ ਹੈ। ਤੁਸੀਂ ਕਿਸ ਨੂੰ ਸੁਣਨਾ ਪਸੰਦ ਕਰੋਗੇ? ਫ਼ਿਰ ਨਾਕਾਰਾਤਮਕ ਭਾਵਾਂ ਨੂੰ ਆਪਣਾ ਸਾਰਾ ਧਿਆਨ ਖਿੱਚਣ ਦਾ ਮੌਕਾ ਕਿਉਂ ਦੇਣਾ? ਤੁਹਾਡੇ ਕੋਲ ਇੱਕ ਚੋਣ ਹੈ। ਅਤੇ ਇਸ ਵੇਲੇ, ਚੁਣਨ ਦੇ ਆਪਣੇ ਉਸ ਅਧਿਕਾਰ ਦਾ ਇਸਤੇਮਾਲ ਤੇ ਉਸ ਦੀ ਤਸਦੀਕ ਕਰਨ ਤੁਹਾਡੀ ਲੋੜ ਬਹੁਤ ਪ੍ਰਬਲ। ਜੇਕਰ ਤੁਸੀਂ ਆਪਣੀ ਪ੍ਰਾਥਮਿਕਤਾਵਾਂ ਦੀ ਸੂਚੀ 'ਤੇ ਆਪਣੇ ਦਿਲ ਨੂੰ ਥੋੜ੍ਹਾ ਉਪਰਲਾ ਸਥਾਨ ਦਿਓ ਤਾਂ ਤੁਸੀਂ ਆਪਣੇ ਜੀਵਨ ਤੋਂ ਬਹੁਤ ਕੁੱਝ ਹਾਸਿਲ ਕਰ ਸਕਦੇ ਹੋ!