
ਜੇਕਰ ਤੁਸੀਂ ਇਸ ਵਕਤ ਨੂੰ ਆਪਣਾ ਸਮਾਂ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ 'ਤੇ ਦਾਅਵਾ ਜਤਾਣਾ ਪਵੇਗਾ। ਕਿਸੇ ਨਾ ਕਿਸੇ ਤਰ੍ਹਾਂ, ਤੁਹਾਨੂੰ ਇਸ 'ਤੇ ਆਪਣੀ ਇੱਕ ਛਾਪ ਛੱਡਣੀ ਪਵੇਗੀ ਅਤੇ ਦੂਸਰਿਆਂ ਨੂੰ ਇਹ ਸਮਝਾ ਦੇਣਾ ਪਵੇਗਾ ਕਿ ਉਹ ਹਰ ਵੇਲੇ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ। ਇਸ ਲਈ ਤੁਹਾਨੂੰ ਗ਼ੈਰਵਾਜਿਬ ਬਣਨ ਦੀ ਲੋੜ ਨਹੀਂ। ਨਿਰਸੰਦੇਹ, ਤੁਹਾਨੂੰ ਆਪਣੇ ਵਕਤ ਤੇ ਆਪਣੀ ਸਹਿਨਸ਼ੀਲਤਾ ਨਾਲ ਖੁਲ੍ਹਦਿਲਾ ਬਣਨ ਦੀ ਲੋੜ ਹੈ ਅਤੇ ਤੁਸੀਂ ਅਜਿਹਾ ਬਾਖ਼ੂਬੀ ਕਰ ਸਕਦੇ ਹੋ। ਪਰ, ਕਈ ਵਾਰ ਤੁਸੀਂ ਲੋੜੋਂ ਵੱਧ ਰਹਿਮਦਿਲ ਤੇ ਸਖ਼ੀ ਬਣ ਬੈਠਦੇ ਹੋ। ਬੇਸ਼ੱਕ ਇਸ ਦੇ ਬਦਲੇ ਵਿੱਚ ਤੁਹਾਨੂੰ ਆਪਣੀਆਂ ਯੋਜਨਾਵਾਂ ਤੇ ਆਜ਼ਦੀ ਹੀ ਕਿਉਂ ਨਾ ਗੁਆਣੀ ਪਵੇ। ਇਹ ਚਿੰਤਾ ਨਾ ਕਰੋ ਕਿ ਤੁਸੀਂ ਆਪਣੇ ਪਿਆਰਿਆਂ ਨੂੰ ਨਾਰਾਜ਼ ਕਰ ਬੈਠੋਗੇ। ਜੇਕਰ ਉਹ ਸੱਚਮੁੱਚ ਉਸ ਪਿਆਰ ਦੇ ਹੱਕਦਾਰ ਹਨ ਤਾਂ ਉਹ ਜ਼ਰੂਰ ਸਮਝਣਗੇ।
ਤੁਹਾਨੂੰ ਕੇਵਲ ਅੱਧੀ ਕਹਾਣੀ ਹੀ ਪਤਾ ਹੈ। ਤੁਹਾਨੂੰ ਉਸ ਘਟਨਾ ਦੀ ਵਿਆਖਿਆ ਕਿਸੇ ਹੋਰ ਦੇ ਨਜ਼ੱਰੀਏ ਤੋਂ ਵੀ ਸੁਣਨੀ ਚਾਹੀਦੀ ਹੈ। ਤੁਸੀਂ ਇੱਕ ਟੀਮ ਦਾ ਹਿੱਸਾ ਹੋ। ਕੁੱਝ ਅਜਿਹੇ ਫ਼ੈਸਲੇ ਅਤੇ ਕੁੱਝ ਅਜਿਹੀਆਂ ਯੋਜਨਾਵਾਂ ਹਨ ਜਿਹੜੀਆਂ ਤੁਸੀਂ ਇਕੱਲਿਆਂ ਲਾਗੂ ਨਹੀਂ ਕਰਵਾ ਸਕਦੇ। ਇਸ ਤੋਂ ਪਰੇਸ਼ਾਨ ਨਾ ਹੋਵੋ। ਇਸ ਦਾ ਮਤਲਬ ਕੇਵਲ ਇੰਨਾ ਹੈ ਕਿ ਇਸ ਵਾਰ ਤੁਹਾਨੂੰ ਕਿਸੇ ਨੂੰ ਆਪਣੇ ਨਾਲ ਸ਼ਾਮਿਲ ਕਰਨ ਲਈ ਥੋੜ੍ਹੀ ਵਧੇਰੇ
ਕੋਸ਼ਿਸ਼ ਕਰਨੀ ਪੈਣੀ ਹੈ। ਜੋ ਵੀ ਤੁਸੀਂ ਆਪਣੀ ਖ਼ੁਦਮੁਖ਼ਤਿਆਰੀ ਦੇ ਰੂਪ ਵਿੱਚ ਗੁਆਓਗੇ, ਉਹ ਤੁਸੀਂ ਇੱਕ ਸਫ਼ਲ ਸਾਂਝ ਅਤੇ ਆਨੰਦਮਈ ਸਹਿਯੋਗ ਵਿੱਚੋਂ ਪਾ ਲਓਗੇ।
ਇੱਕ 'ਸੰਤੁਲਿਤ' ਜਿੰਦਗੀ ਕੀ ਸ਼ੈਅ ਹੁੰਦੀ ਹੈ? ਕੀ ਇਸ ਸੰਸਾਰ ਵਿੱਚ ਸੱਚਮੁਚ ਕੋਈ ਅਜਿਹੀ ਜ਼ਿੰਦਗੀ ਜੀ ਸਕਦਾ ਹੈ? ਅਤੇ ਇੱਕ 'ਸੰਤੁਲਿਤ' ਰਿਸ਼ਤਾ ਕੀ ਚੀਜ਼ ਹੈ? ਕੀ ਕਿਸੇ ਦਾ ਵੀ ਅਜਿਹਾ ਕੋਈ ਰਿਸ਼ਤਾ ਹੋਣਾ ਸੰਭਵ ਹੈ? ਸਾਡੇ ਸਾਰੀਆਂ ਦੇ ਹੀ ਡੂੰਘੇ, ਨੇੜਲੇ, ਭਾਵਨਾਤਮਕ ਸਬੰਧ ਥੋੜ੍ਹੇ ਪੇਚੀਦਾ, ਅਨੂਠੇ, ਤੇ ਕੁੱਝ ਹੱਦ ਤੱਕ, ਤਲਖ਼ ਹੋ ਹੀ ਜਾਂਦੇ ਹਨ। ਸਾਡੇ ਵਿੱਚੋਂ ਕੋਈ ਵੀ ਇੱਕ ਦੂਸਰੇ ਨਾਲ ਉਸ ਤਰ੍ਹਾਂ ਨਹੀਂ ਰਹਿ ਸਕਦਾ ਜਿਸ ਤਰ੍ਹਾਂ ਅਸੀਂ ਲੋਕਾਂ ਨੂੰ ਫ਼ਿਲਮਾਂ ਵਿੱਚ ਰਹਿੰਦੇ ਦੇਖਦੇ ਹਾਂ। ਇਸ ਵੇਲੇ ਤੁਹਾਡੇ ਅਤੇ ਕਿਸੇ ਖ਼ਾਸ ਵਿਅਕਤੀ ਦਰਮਿਆਨ ਸਥਿਤੀ ਕਿੰਨੀ ਕੁ 'ਖ਼ਰਾਬ' ਹੈ? ਇਸ ਦਾ ਜਵਾਬ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ 'ਸੰਤੁਲਿਤਨ' ਦੇ ਇਸ ਕਾਲਪਨਿਕ ਅਤੇ ਅਸਪਸ਼ਟ ਖ਼ਿਆਲ ਨੂੰ ਤੁਸੀਂ ਕਿੰਨਾ ਮਹੱਤਵ ਦਿੰਦੇ ਹੋ। ਇਹ ਜੋ ਹੈ ਉਹੋ ਰਹੇਗਾ, ਅਤੇ ਇੱਕ ਤਰ੍ਹਾਂ ਨਾਲ ਇਹ ਚੰਗਾ ਵੀ ਹੈ।
ਅਕਸਰ ਅਸੀਂ ਚਾਹੁੰਦੇ ਹਾਂ ਕਿ ਦੂਸਰੇ ਸਾਡੀ ਮਹੱਤਤਾ ਦੀ ਪੁਸ਼ਟੀ ਕਰਨ। ਅਸੀਂ ਸੋਚਦੇ ਹਾਂ, 'ਜੇਕਰ ਫ਼ਲਾਣਾ ਬੰਦਾ ਮੈਨੂੰ ਪਸੰਦ ਕਰਦਾ ਹੈ ਤਾਂ ਫ਼ਿਰ ਸਾਡੇ ਦਰਮਿਆਨ ਸਭ ਕੁੱਝ ਠੀਕ ਹੀ ਹੋਵੇਗਾ।' ਜਾਂ, 'ਜੇਕਰ ਫ਼ਲਾਣਾ ਵਿਅਕਤੀ ਮੈਨੂੰ ਪਸੰਦ ਨਹੀਂ ਕਰਦਾ ਤਾਂ ਜ਼ਰੂਰ ਮੇਰੇ ਵਿੱਚ ਹੀ ਕੋਈ ਵੱਡਾ ਦੋਸ਼ ਹੋਵੇਗਾ।' ਜਦੋਂ ਸਾਡੀ ਤਾਰੀਫ਼ ਹੋਵੇ ਜਾਂ ਸਾਨੂੰ ਪਸੰਦ ਕੀਤਾ ਜਾਵੇ ਤਾਂ ਅਸੀਂ ਦਮਕਣ ਲੱਗਦੇ ਹਾਂ। ਜਦੋਂ ਸਾਡੀ ਨੁਕਤਾਚੀਨੀ ਕੀਤੀ ਜਾਵੇ ਤਾਂ ਅਸੀਂ ਤਿਊੜੀਆਂ ਚੜ੍ਹਾ ਲੈਂਦੇ ਹਾਂ। ਕਿਸੇ ਦੇ ਦਿਲ ਨੂੰ ਛੂਹਣ ਜਾਂ ਕਿਸੇ ਦੀ ਜ਼ਿੰਦਗੀ ਨੂੰ ਬਦਲਣ ਦੀ ਆਪਣੀ ਕਾਬਲੀਅਤ 'ਤੇ ਸ਼ੱਕ ਨਾ ਕਰੋ। ਅਤੇ ਇਸ ਦੀ ਵੀ ਬਹੁਤੀ ਚਿੰਤਾ ਨਾ ਕਰੋ ਕੋਈ ਤੁਹਾਡੇ ਬਾਰੇ ਕੀ ਸੋਚਦਾ ਹੈ। ਇਸ ਵੇਲੇ ਇਸ ਚੀਜ਼ ਦਾ ਇੰਨਾ ਮਹੱਤਵ ਨਹੀਂ ਕਿ ਦੂਜੇ ਤੁਹਾਡੇ 'ਤੇ ਕੀ ਦੋਸ਼ ਲਗਾ ਰਹੇ ਹਨ ਜਿੰਨਾ ਇਹ ਗੱਲ ਮਹੱਤਵਪੂਰਨ ਹੈ ਕਿ ਤੁਸੀਂ ਦੂਜਿਆਂ ਵਿੱਚ ਆਪਣੀ ਕਿਹੋ ਜਿਹੀ ਛਾਪ ਛੱਡ ਰਹੇ ਹੋ।
ਕੀ ਤੁਸੀਂ ਪਿਆਰ ਦੇ ਹੱਦਾਰ ਹੋ? ਕੀ ਤੁਸੀਂ ਖ਼ਾਸ ਤੇ ਸ਼ਾਨਦਾਰ ਵਿਅਕਤੀ ਹੋ? ਹਾਂ ਸੱਚ, ਫ਼ਿਰ ਅਜਿਹਾ ਕਿਉਂ ਹੈ ਕਿ ਕਈ ਵਾਰ ਤੁਸੀਂ ਇਕੱਲੇ ਅਤੇ ਓਪਰਾ ਮਹਿਸੂਸ ਕਰਦੇ ਹੋ? ਕਿਉਂਕਿ ਕਿ ਅਸੀਂ ਸਾਰੇ ਹੀ ਕਦੇ ਕਦੇ ਕਰਦੇ ਹਾਂ! ਸਾਡੇ ਜੀਵਨ ਜਿੰਨੇ ਮਰਜ਼ੀ ਸੰਪੂਰਨ ਕਿਉਂ ਨਾ ਹੋਣ, ਅਸੀਂ ਸਾਰੇ ੳਤਾਰ-ਚੜ੍ਹਾਵਾਂ ਵਿੱਚੋਂ ਲੰਘਦੇ ਹਾਂ, ਅਜ਼ਮਾਇਸ਼ਾਂ ਅਤੇ ਪਰੇਸ਼ਾਨੀਆਂ ਵਿੱਚੋਂ, ਨਾਟਕਾਂ ਅਤੇ ਚੁਣੌਤੀਆਂ ਵਿੱਚੋਂ। ਇਨ੍ਹਾਂ ਕਾਰਨ ਇਹ ਨਾ ਸਮਝੋ ਤੁਹਾਡੇ ਜਾਂ ਤੁਹਾਡੇ ਜੀਵਨ ਵਿੱਚ ਕੋਈ ਨੁਕਸ ਹੈ। ਤੁਸੀਂ ਇਸ ਵੇਲੇ ਆਪਣੇ ਭਾਵਨਾਤਮਕ ਸੰਸਾਰ ਨੂੰ ਬਿਲਕੁਲ ਮੁਸ਼ਕਿਲਾਂ ਤੋਂ ਰਹਿਤ ਤਾਂ ਨਹੀਂ ਬਣਾ ਸਕਦੇ, ਪਰ ਤੁਸੀਂ ਘਟੋਘੱਟ ਇਸ ਵਿੱਚ ਛੁਪੇ ਜਾਦੂ ਦੀ ਮੌਜੂਦਗੀ ਨੂੰ ਮਹਿਸੂਸ ਕਰਨਾ ਤਾਂ ਸ਼ੁਰੂ ਕਰ ਹੀ ਸਕਦੇ ਹੋ।