
ਕੀ ਕਿਸੇ ਨੂੰ ਪਿਆਰ ਕਰਨ ਲਈ ਸਾਡਾ ਉਸ ਨੂੰ ਪਸੰਦ ਕਰਨਾ ਜ਼ਰੂਰੀ ਹੈ? ਅਤੇ ਕੀ ਕਿਸੇ ਨੂੰ ਪਸੰਦ ਕਰਨ ਲਈ ਉਸ ਨੂੰ ਪਿਆਰ ਕਰਨਾ? ਇਹ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਹਮੇਸ਼ਾਂ ਪ੍ਰਤੱਖ ਨਹੀਂ ਹੁੰਦੇ। ਇਸ ਵੇਲੇ, ਤੁਹਾਡੇ ਜੀਵਨ ਵਿੱਚ, ਅਜਿਹੇ ਵਿਸ਼ੇ ਤੁਹਾਡੇ ਲਈ ਦੁਚਿੱਤੀ ਦਾ ਬਾਇਸ ਬਣ ਰਹੇ ਹਨ। ਤੁਹਾਡੇ ਦਿਲ ਵਿੱਚ ਕਿਸੇ ਅਜਿਹੇ ਵਿਅਕਤੀ ਲਈ ਡੂੰਘੀਆਂ ਭਾਵਨਾਵਾਂ ਠਾਠਾਂ ਮਾਰ ਰਹੀਆਂ ਹਨ ਜਿਸ ਨਾਲ ਸਮਾਂ ਬਿਤਾਉਣਾ ਤੁਹਾਡੇ ਲਈ ਬਿਲਕੁਲ ਵੀ ਸੌਖਾ ਨਹੀਂ। ਦੂਸਰੇ ਪਾਸੇ, ਇੱਕ ਅਜਿਹੀ ਸਾਕਾਰਾਤਮਕ ਦੋਸਤੀ ਵੀ ਪਨਪ ਰਹੀ ਹੈ ਜਿਸ ਵਿੱਚ ਕਾਮ ਦੀ ਗਰਮੀ ਦੀ ਸਪਸ਼ਟ ਅਣਹੋਂਦ ਹੈ। ਕਿਸੇ ਵੀ ਸਬੰਧ ਵਿੱਚ ਵਧੇਰੇ ਆਨੰਦ ਹਾਸਿਲ ਕਰਨ ਦੀ ਕੂੰਜੀ ਹੈ, ਉਸ ਤੋਂ ਬਹੁਤੀ ਜ਼ਿਆਦਾ ਉੱਮੀਦ ਨਾ ਲਗਾਉਣਾ।
ਪਹੁ ਫ਼ੁੱਟਦੇ, ਬਹੁਤੇ ਸ਼ਹਿਰਾਂ ਵਿੱਚ ਗੱਡੀ ਚਲਾਉਣਾ ਵਧੇਰੇ ਸੌਖਾਲਾ ਹੁੰਦਾ ਹੈ। ਦਿਨ ਦੇ ਮੱਧ ਵਿੱਚ ਟ੍ਰੈਫ਼ਿਕ ਜਾਮ ਬਹੁਤ ਹੀ ਡਰਾਉਣੇ ਹੁੰਦੇ ਹਨ। ਫ਼ਿਰ ਸਾਡੇ ਵਿੱਚੋਂ ਬਹੁਤੇ ਲੋਕ ਆਪਣੇ ਸਫ਼ਰ ਇਸ ਤਰ੍ਹਾਂ ਸੁਨਿਯੋਜਿਤ ਕਿਉਂ ਨਹੀਂ ਕਰਦੇ ਕਿ ਉਹ ਸਵੇਰ ਦੇ
ਸ਼ਾਂਤ ਲਮਹਿਆਂ ਦਾ ਲਾਹਾ ਖੱਟ ਸਕਣ? ਖ਼ੈਰ, ਤੁਹਾਨੂੰ ਤੇ ਮੈਨੂੰ ਦੋਹਾਂ ਨੂੰ ਇਸ ਦਾ ਉੱਤਰ ਭਲੀ ਪ੍ਰਕਾਰ ਪਤੈ। ਕਈ ਵਾਰ, ਔਖਾ ਪੰਧ ਚੁਣਨ ਤੋਂ ਛੁੱਟ ਹੋਰ ਕੋਈ ਚਾਰਾ ਹੀ ਨਹੀਂ ਹੁੰਦਾ। ਪਰ ਕੀ ਤੁਸੀਂ ਇਸ ਵੇਲੇ ਆਪਣੀ ਕਿਸੇ ਖ਼ਾਸ ਯੋਜਨਾ ਲਈ ਬਦਲਵੀਂ ਚੋਣ ਚਾਹੁੰਦੇ ਹੋ? ਜੇਕਰ ਕੋਈ ਸ਼ੈਅ ਤੁਹਾਨੂੰ ਤਨਾਅਗ੍ਰਸਤ ਕਰ ਰਹੀ ਹੈ ਤਾਂ ਉਸ ਨੂੰ ਸੌਖਾ ਬਣਾਉਣ ਲਈ ਥੋੜ੍ਹੀ ਕਲਪਨਾ ਦਾ ਇਸਤੇਮਾਲ ਕਰੋ।
ਕੁੱਝ ਲੋਕਾਂ ਨੂੰ ਪਿਆਰ ਕਰਨਾ ਆਸਾਨ ਹੁੰਦਾ ਹੈ। ਉਹ ਇਸ ਤਰ੍ਹਾਂ ਦੇ ਸਵੈ-ਵਿਸ਼ਵਾਸ ਅਤੇ ਆਕਰਸ਼ਣ ਦੀ ਹਵਾ ਬੰਨ੍ਹਦੇ ਹਨ ਕਿ ਉਨ੍ਹਾਂ ਦੇ ਦੋਸ਼ ਸਾਡੇ ਤੋਂ ਛੁਪੇ ਰਹਿੰਦੇ ਹਨ। ਫ਼ਿਰ ਵੀ ਜਦੋਂ ਅਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣ ਲੈਂਦੇ ਹਾਂ, ਉਨ੍ਹਾਂ ਦੇ ਕਿਰਦਾਰ ਵਿਚਲੀਆਂ ਤਰੁਟੀਆਂ ਉਜਾਗਰ ਹੋਣ ਲੱਗਦੀਆਂ ਹਨ ਅਤੇ ਉਨ੍ਹਾਂ ਦੇ ਗੁਣ ਅਲੋਪ ਹੋਣ ਲੱਗਦੇ ਹਨ। ਕੁੱਝ ਲੋਕ ਸਤ੍ਹਾ 'ਤੇ ਤਿੱਖੇ ਅਤੇ ਕੰਡਿਆਲੇ ਹੁੰਦੇ ਹਨ, ਪਰ ਜਦੋਂ ਅਸੀਂ ਉਨ੍ਹਾਂ ਦੇ ਨਜ਼ਦੀਕ ਜਾਂਦੇ ਹਾਂ ਤਾਂ ਉਹ ਅੰਦਰੋਂ ਨਰਮ ਤੇ ਪਿਆਰੇ ਨਿਕਲਦੇ ਹਨ। ਹਾਲੀਆ ਘਟਨਾਵਾਂ ਤੁਹਾਨੂੰ ਮਜਬੂਰ ਕਰ ਰਹੀਆਂ ਹਨ ਕਿ ਤੁਸੀਂ ਇੱਕ ਨਜ਼ਦੀਕੀ ਭਾਵਨਾਤਮਕ ਸਬੰਧ ਦੀ ਮਹੱਤਤਾ ਨੂੰ ਸਮਝ ਕੇ ਉਸ ਰਿਸ਼ਤੇ ਨੂੰ ਉਸ ਦੇ ਖੋਖਲੇ ਪਹਿਲੂਆਂ ਤੋਂ ਉੱਪਰ ਉੱਠ ਕੇ ਦੇਖੋ। ਇਸ ਪ੍ਰਕਿਰਿਆ ਨਾਲ ਤੁਹਾਨੂੰ ਬੇਸ਼ਕੀਮਤੀ ਤਜਰਬੇ ਹਾਸਿਲ ਹੋਣਗੇ।
ਜੇਕਰ ਤੁਹਾਨੂੰ ਕਿਸੇ ਇੱਕ ਵਿਅਕਤੀ ਨਾਲ ਸਮਾਂ ਬਿਤਾਉਣਾ ਖ਼ੁਸ਼ੀ ਦਿੰਦਾ ਹੋਵੇ ਅਤੇ ਕਿਸੇ ਦੂਸਰੇ ਨਾਲ ਵਕਤ ਗੁਜ਼ਾਰਨਾ ਬੇਚੈਨੀ ਤਾਂ ਤੁਸੀਂ ਉਨ੍ਹਾਂ ਦੋਹਾਂ 'ਚੋਂ ਕਿਸ ਨੂੰ ਚੁਣੋਗੇ? ਕਿਸ ਨਾਲ ਤੁਸੀਂ ਰਿਸ਼ਤੇ ਦੀਆਂ ਉੱਚੀਆਂ ਪੀਂਘਾਂ ਝੂਟਣਾ ਪਸੰਦ ਕਰੋਗੇ? ਸੌਖੇ ਸਾਥੀ ਨਾਲ ਸਬੰਧ ਸਥਾਪਿਤ ਕਰਨ ਅਤੇ ਨਿਭਾਉਣ ਲਈ ਬਹੁਤਾ ਤਰੱਦਦ ਨਹੀਂ ਕਰਨਾ ਪੈਂਦਾ। ਪਰ ਇਸ ਦਾ ਹਰਗਿਜ਼ ਇਹ ਸੁਭਾਵਿਕ ਅਰਥ ਨਹੀਂ ਕਿ ਮੁਸ਼ਕਿਲ ਸਾਥੀ ਅਣਚਾਹਿਆ ਹੈ। ਤੁਸੀਂ ਇਸ ਵੇਲੇ ਆਪਣੇ ਬਾਰੇ ਕੁੱਝ ਕੀਮਤੀ ਜਾਣਕਾਰੀ ਹਾਸਿਲ ਕਰਨ ਦੀ ਪ੍ਰਕਿਰਿਆ ਰਾਹੀਂ ਲੰਘ ਰਹੇ ਹੋ। ਉਨ੍ਹਾਂ ਸਾਰੇ ਤਜਰਬਿਆਂ ਲਈ ਖ਼ੁਸ਼ ਹੋਵੋ ਜਿਹੜੇ ਤੁਹਾਨੂੰ ਚੁਣੌਤੀ ਪੇਸ਼ ਕਰ ਰਹੇ ਹਨ।
ਜੇਕਰ ਤੁਹਾਡੇ ਕੋਲ ਕੋਈ ਜਾਦੂਈ ਛੜੀ ਹੁੰਦੀ ਤਾਂ ਤੁਸੀਂ ਕਿਸੇ ਦੂਸਰੇ ਵਿਅਕਤੀ ਦੀ ਸ਼ਖ਼ਸੀਅਤ ਨੂੰ ਕਿਸ ਤਰ੍ਹਾਂ ਬਦਲਦੇ? ਉਸ ਦੇ ਕਿਰਦਾਰ ਦੇ ਕਿਹੜੇ ਪਹਿਲੂਆਂ ਨੂੰ ਤੁਸੀਂ ਉਜਾਗਰ ਕਰਦੇ ਅਤੇ ਕਿਹੜਿਆਂ ਨੂੰ ਮੰਦ? ਇਸ ਖ਼ਿਆਲ ਨੂੰ ਆਪਣੇ ਮਨ ਵਿੱਚ ਰੱਖ ਕੇ ਆਪਣੇ ਆਪ ਨੂੰ ਇੱਕ ਸਵਾਲ ਪੁੱਛੋ: ਕੋਈ ਹੋਰ ਤੁਹਾਡੇ ਬਾਰੇ ਪੁੱਛੇ ਗਏ ਇਸੇ ਸਵਾਲ ਦਾ ਕੀ ਉੱਤਰ ਦਿੰਦਾ? ਤੁਹਾਡੇ ਕਈ ਅਜਿਹੇ ਪਹਿਲੂ ਹਨ ਜਿਨ੍ਹਾਂ ਨੂੰ, ਜਿਵੇਂ ਉਹ ਹਨ ਉਨ੍ਹਾਂ ਨੂੰ ਤੁਹਾਨੂੰ ਉਸੇ ਤਰ੍ਹਾਂ ਸਵੀਕਾਰਨਾ ਤੇ ਪਿਆਰ ਕਰਨਾ ਸਿੱਖਣਾ ਪੈਣਾ ਹੈ। ਜੇ ਤੁਸੀਂ ਕੋਸ਼ਿਸ਼ ਕਰੋ ਤਾਂ ਤੁਸੀਂ ਆਪਣੇ ਕਿਸੇ ਪਿਆਰੇ ਲਈ ਵੀ ਆਪਣੇ ਅੰਦਰ ਅਜਿਹੇ ਹੀ ਪੱਧਰ ਦੀ ਸਹਿਨਸ਼ੀਲਤਾ ਬਣਾ ਤੇ ਲਭ ਸਕਦੇ ਹੋ।