
ਇੱਕ ਮਿਹਰਬਾਨ ਤੇ ਦੋਸਤਾਨਾ ਭਾਵ ਬਹੁਤ ਫ਼ਰਕ ਪਾ ਸਕਦੈ। ਜਿਵੇਂ ਦੁੱਧ ਦੀ ਇੱਕ ਵੱਡੀ ਬੋਤਲ ਵਿੱਚ ਸੁੱਟੀ ਸੁਗੰਧਿਤ ਨਿਚੋੜ (flavored essence) ਦੀ ਇੱਕ ਬੂੰਦ ਉਸ ਦਾ ਪੂਰਾ ਜ਼ਾਇਕਾ ਹੀ ਬਦਲ ਕੇ ਰੱਖ ਦਿੰਦੀ ਹੈ। ਜਦੋਂ ਇੱਕ ਵਾਰ ਅਜਿਹੇ ਕਿਸੇ ਖ਼ੁਸ਼ਬੂਦਾਰ ਤਰਲ ਪਦਾਰਥ ਦਾ ਨਿਚੋੜ ਦੁੱਧ ਵਿੱਚ ਮਿਲਾ ਦਿੱਤਾ ਜਾਂਦਾ ਹੈ ਤਾਂ ਮੁੜ ਉਸ ਨੂੰ ਨਿਖੇੜਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਕਿਸੇ ਨੂੰ ਦਿੱਤੀ ਹੋਈ ਇੱਕ ਪਿਆਰੀ ਮੁਸਕਾਨ ਜਾਂ ਇੱਕ ਜੱਫੀ ਜਾਂ ਕਿਸੇ ਦੀ ਕੀਤੀ ਹੋਈ ਤਾਰੀਫ਼, ਜਾਂ ਕਿਸੇ ਨੂੰ ਬਿਨਾ ਕਿਸੇ ਤਵੱਕੋ ਦੇ ਦਿੱਤਾ ਹੋਇਆ ਇੱਕ ਛੋਟਾ ਜਿਹਾ ਤੋਹਫ਼ਾ ਵੀ ਰਿਸ਼ਤਿਆਂ ਵਿੱਚ ਇਹੋ ਜਿਹਾ ਹੀ ਫ਼ਰਕ ਪਾ ਸਕਦੇ ਹਨ। ਕਿਸੇ ਦੇ ਜੀਵਨ ਨੂੰ ਸਾਕਾਰਾਤਮਕ ਢੰਗ ਨਾਲ ਛੂਹਣ ਦੀ ਆਪਣੀ ਕਾਬਲੀਅਤ ਨੂੰ ਘੱਟ ਨਾ ਸਮਝੋ। ਅਤੇ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਜੀਵਨ ਵਿੱਚ ਵੀ ਕਿਸੇ ਇਹੋ ਜਿਹੀ ਹੀ ਤਬਦੀਲੀ ਦੀ ਲੋੜ ਹੈ ਤਾਂ ਇਹ ਮੰਨ ਕੇ ਨਾ ਤੁਰੋ ਕਿ ਇਸ ਲਈ ਤੁਹਾਨੂੰ ਕੋਈ
ਬਿਲਕੁਲ ਹੀ ਨਾਮੁਮਕਿਨ ਬਦਲਾਅ ਲਭਣਾ ਪੈਣੈ।
ਤੁਸੀਂ ਕਿਸੇ ਦੀ ਨਿਜੀ ਡਾਇਰੀ ਵਿੱਚ ਝਾਕਣ ਦੀ ਕੋਸ਼ਿਸ਼ ਨਹੀਂ ਕਰੋਗੇ ਅਤੇ ਨਾ ਹੀ ਕਿਸੇ ਦੇ ਫ਼ੇਸਬੁੱਕ ਅਕਾਊਂਟ ਨੂੰ ਹੈਕ ਕਰਨ ਦੀ ਕਿਉਂਕਿ ਤੁਸੀਂ ਦੂਸਰਿਆਂ ਦੀ ਪਰਦਾਦਾਰੀ ਦੀ ਲੋੜ ਦਾ ਅਹਿਤਰਾਮ (ਸਤਿਕਾਰ) ਕਰਦੇ ਹੋ। ਪਰੰਤੂ ਫ਼ਿਰ ਵੀ ਤੁਹਾਨੂੰ ਕਿਸੇ ਵਿਅਕਤੀ ਦੀ ਸਥਿਤੀ ਬਾਰੇ ਲੋੜੋਂ ਵੱਧ ਇਲਮ ਹੈ। ਸੰਵੇਦਨਸ਼ੀਲ ਵਿੱਚ-ਵਿਚਾਲੇ ਅਤੇ ਬੇਲੋੜੀ ਦਖ਼ਲਅੰਦਾਜ਼ੀ ਵਿੱਚ ਇੱਕ ਬਹੁਤ ਹੀ ਮਹੀਨ ਜਿਹੀ ਲਕੀਰ ਹੁੰਦੀ ਹੈ। ਕੀ ਤੁਹਾਨੂੰ ਇਸ ਵੇਲੇ ਅਣਜਾਣੇ ਵਿੱਚ ਇਸ ਰੇਖਾ ਨੂੰ ਉਲੰਘ ਜਾਣ ਦਾ ਖ਼ਤਰਾ ਉਠਾਉਣਾ ਚਾਹੀਦੈ? ਤੇ ਜੇ ਇਹ ਇੱਕ ਦੋਤਰਫ਼ੀ ਸੜਕ ਹੋਈ ਤਾਂ? ਕਿਸੇ ਹੋਰ ਨੂੰ ਵੀ ਤੁਹਾਡੇ ਬਾਰੇ ਕਿੰਨੀ ਕੁ ਜਾਣਕਾਰੀ ਹਾਸਿਲ ਕਰਨ ਦੀ ਲੋੜ ਹੈ? ਆਪਣੇ ਬਾਰੇ ਕੁੱਝ ਵੀ ਉਗਲਣ ਲੱਗਿਆਂ ਵਿਵੇਕ ਦਾ ਪੱਲਾ ਬਿਲਕੁਲ ਨਾ ਛੱਡਿਓ!
ਲੋਕ ਹਮੇਸ਼ਾਂ ਉਹ ਨਹੀਂ ਕਹਿੰਦੇ ਜੋ ਉਹ ਕਹਿਣਾ ਚਾਹੁੰਦੇ ਹਨ ਜਾਂ ਉਹ ਨਹੀਂ ਕਹਿਣਾ ਚਾਹੁੰਦੇ ਜੋ ਉਹ ਕਹਿ ਰਹੇ ਹੁੰਦੇ ਹਨ। ਉਦਾਹਰਣ ਦੇ ਤੌਰ 'ਤੇ, ਅਸੀਂ ਦੂਸਰਿਆਂ ਨਾਲ ਦੋਸਤਾਨਾ ਸਬੰਧ ਬਣਾਉਣ ਦੇ ਆਪਣੇ ਇਰਾਦਿਆਂ ਦੀ ਦੋਹਾਈ ਪਾ ਰਹੇ ਹੋ ਸਕਦੇ ਹਾਂ, ਪਰ ਜੇਕਰ ਅਸੀਂ ਹਮੇਸ਼ਾਂ ਆਪਣੇ ਆਲੇ ਦੁਆਲੇ ਵਿਚਰ ਰਹੇ ਲੋਕਾਂ ਦੇ ਨੁਕਸ ਹੀ ਕੱਢਦੇ ਰਹੀਏ ਤਾਂ ਅਸੀਂ, ਦਰਅਸਲ, ਵਿਵਾਦਗ੍ਰਸਤ ਮਾਹੋਲ ਸਿਰਜਣ ਵਿੱਚ ਯੋਗਦਾਨ ਪਾ ਰਹੇ ਹੁੰਦੇ ਹਾਂ। ਅਸੀਂ ਬੇਸ਼ੱਕ ਇਹ ਕਹਿੰਦੇ ਹੋਈਏ ਕਿ ਅਸੀਂ ਕਿਸੇ ਮਹੱਤਵਪੂਰਨ ਮਸਲੇ ਦੇ ਸਰਲ ਹੱਲ ਦੇ ਚਾਹਵਾਨ ਹਾਂ, ਪਰ ਜੇਕਰ ਅਸੀਂ ਪੇਚੀਦਾ ਸਵਾਲ ਹੀ ਪੁੱਛਦੇ ਰਹੀਏ ਤਾਂ ਇਸ ਦਾ ਮਤਲਬ ਹੋ ਸਕਦਾ ਹੈ ਕਿ ਅਸੀਂ ਅੰਦਰਖਾਤੇ ਉਨ੍ਹਾਂ ਚੋਣਾਂ ਤੋਂ ਨਾਖ਼ੁਸ਼ ਹਾਂ ਜਿਹੜੀਆਂ ਸਾਡੇ ਸਾਹਮਣੇ ਮੌਜੂਦ ਹਨ। ਤੁਹਾਡੇ ਸੰਸਾਰ ਵਿੱਚ ਕੋਈ ਵਿਅਕਤੀ ਉਸ ਤਰ੍ਹਾਂ ਦਾ ਵਿਹਾਰ ਕਿਉਂ ਕਰ ਰਿਹਾ ਹੈ ਜਿਹੋ ਜਿਹਾ ਉਹ ਇਸ ਵੇਲੇ ਕਰ ਰਿਹਾ ਹੈ? ਤੁਹਾਨੂੰ ਦੋਹਾਂ ਨੂੰ ਇੱਕ ਦੂਸਰੇ ਪ੍ਰਤੀ ਆਪਣੀ ਸਮਝ ਨੂੰ ਥੋੜ੍ਹਾ ਵਸੀਹ ਕਰਨ ਦੀ ਲੋੜ ਹੈ।
ਕਹਿੰਦੇ ਹਨ ਕਿ ਜਿਉਂ ਜਿਉਂ ਸਾਡੀ ਉਮਰ ਵਧਦੀ ਹੈ, ਅਸੀਂ ਇਸ ਸੰਸਾਰ ਦੇ ਚਾਲ-ਚਲਣ ਨੂੰ ਬਿਹਤਰ ਸਮਝਣ ਲੱਗ ਪੈਂਦੇ ਹਾਂ। ਪਰ ਸਾਡੇ ਵਿੱਚੋਂ ਕਈ ਮਹਿਸੂਸ ਕਰਦੇ ਹਨ ਕਿ ਗ਼ੁਰਜ਼ਰਦੇ ਸਾਲ ਉਨ੍ਹਾਂ ਨੂੰ ਹੋਰ ਵੀ ਭੌਚੱਕਾ ਛੱਡ ਜਾਂਦੇ ਹਨ। ਇਹ ਠੀਕ ਹੈ ਕਿ ਅਸੀਂ ਸਾਰੇ ਹੀ ਆਪਣੇ ਜੀਵਨ ਪੰਧ ਦੌਰਾਨ ਕਦੇ ਨਾ ਕਦੇ ਉਸ ਮੁਕਾਮ 'ਤੇ ਅੱਪੜ ਜਾਂਦੇ ਹਾਂ ਜਿੱਥੇ ਜੇਕਰ ਅਸੀਂ ਆਪਣੇ ਚਸ਼ਮਿਆਂ ਬਿਨਾ ਬਾਹਰ ਨਿਕਲਣ ਦਾ ਹੀਆ ਕਰ ਬੈਠੀਏ ਤਾਂ ਅਸੀਂ ਲੋਕਾਂ ਦੇ ਸਰਲ ਤੋਂ ਸਰਲ ਸੁਨੇਹੇ ਵੀ ਸਮਝਣ ਵਿੱਚ ਗੱਚਾ ਖਾ ਜਾਂਦੇ ਹਾਂ। ਅਤੇ ਇਹ ਸਿਰਫ਼ ਲਿਖਤੀ ਲਫ਼ਜ਼ ਹੀ ਨਹੀਂ ਜਿਹੜੇ ਸਾਨੂੰ ਬੌਂਦਲਾ ਜਾਂ ਚਕਰਾ ਜਾਂਦੇ ਹਨ। ਅਸੀਂ ਕਈ ਵਾਰ ਬਹੁਤ ਆਸਾਨੀ ਨਾਲ ਭਰਮਾਊ ਸੰਵਾਦ ਵਿੱਚ ਉਲਝ ਜਾਂਦੇ ਹਾਂ। ਕਿਸੇ ਤੁੱਛ ਜਿਹੀ ਅਨਿਸ਼ਚਿਤਤਾ ਨੂੰ ਸ਼ੱਕ ਦੇ ਇੱਕ ਮਹਾਂ-ਨਾਟਕ ਵਿੱਚ ਤਬਦੀਲ ਕਰਨ ਦੇ ਆਪਣੇ ਰੁਝਾਨ ਤੋਂ ਬਚੋ।
ਸਾਨੂੰ ਸਾਰਿਆਂ ਨੂੰ, ਬਚਪਨ ਤੋਂ ਹੀ ਸੱਚ ਬੋਲਣ ਲਈ ਉਤਸਾਹਿਤ ਕੀਤਾ ਜਾਂਦਾ ਹੈ। ਉਕਸਾਇਆ ਜਾਂਦਾ ਹੈ। ਪਰ ਕਈ ਵਾਰ ਸੱਚਾਈ ਇੱਕ ਵਿਵਾਦਗ੍ਰਸਤ ਨੀਤੀ ਸਿੱਧ ਹੋ ਸਕਦੀ ਹੈ। ਕੁੱਝ ਲੋਕ ਤਥਾਂ ਦਾ ਸਾਹਮਣਾ ਕਰਨ ਲਈ ਉੱਕਾ ਹੀ ਤਿਆਰ ਨਹੀਂ ਹੁੰਦੇ। ਉਹ ਹਕੀਕਤ ਦਾ ਸਾਹਮਣਾ ਕਰਨ ਤੋਂ ਕਤਰਾਉਂਦੇ ਹਨ। ਉਹ ਇਸ ਹੱਦ ਤੱਕ ਸੰਵੇਦਨਸ਼ੀਲ ਹੁੰਦੇ ਹਨ ਕਿ ਉਹ ਉਨ੍ਹਾਂ ਗੱਲਾਂ ਨੂੰ ਸੁਣਨ ਨੂੰ ਵੀ ਤਿਆਰ ਨਹੀਂ ਹੁੰਦੇ ਜਿਨ੍ਹਾਂ ਨੂੰ ਸੁਣਨਾ ਉਨ੍ਹਾਂ ਦੇ ਹੀ ਭਲੇ ਵਿੱਚ ਹੁੰਦੈ। ਫ਼ਿਰ ਕੀ ਕਿਸੇ ਨੂੰ ਸਮਝਾਉਣ ਦਾ ਤੁਸੀਂ ਠੇਕਾ ਲਿਆ ਹੋਇਐ? ਕੀ ਉਨ੍ਹਾਂ ਨੂੰ ਸਿਖਾਉਣਾ, ਸਮਝਾਉਣਾ ਤੇ ਜਾਗਰੁਕ ਕਰਨਾ ਸੱਚਮੁੱਚ ਤੁਹਾਡਾ ਫ਼ਰਜ਼ ਬਣਦੈ? ਕੀ ਤੁਸੀਂ ਯਕੀਨੀ ਤੌਰ 'ਤੇ ਇਹ ਕਹਿ ਸਕਦੇ ਹੋ ਕਿ ਤੁਹਾਨੂੰ ਪੂਰੀ ਤਰ੍ਹਾਂ ਪਤੈ ਕਿ ਤੁਸੀਂ ਉਨ੍ਹਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਸ਼ਾਇਦ ਤੁਹਾਨੂੰ ਥੋੜ੍ਹੀ ਸਾਵਧਾਨੀ ਤੋਂ ਕੰਮ ਲੈਣ ਅਤੇ ਮੌਕਾ ਤਾੜ ਕੇ ਗੱਲ ਕਰਨ ਦੀ ਲੋੜ ਹੈ।