
ਜਿਸ ਰਿਸ਼ਤੇ ਵਿੱਚ ਅਦਾਨ-ਪ੍ਰਦਾਨ ਜਾਂ ਆਪਸੀ ਸਮਝ ਨਾ ਹੋਵੇ ਉਹ ਰਿਸ਼ਤਾ ਕਦੇ ਪ੍ਰਵਾਨ ਨਹੀਂ ਚੜ੍ਹਦਾ। ਕੌਣ ਹੈ ਜਿਹੜਾ ਇਸ ਵੇਲੇ ਕਿਸੇ ਸਬੰਧ ਵਿੱਚ ਆਪਣਾ ਵਧੇਰੇ ਯੋਗਦਾਨ ਪਾ ਰਿਹਾ ਹੈ? ਅਤੇ ਕੌਣ ਹੈ ਜਿਹੜਾ ਉਸ ਵਿੱਚੋਂ ਕੇਵਲ 'ਲੈ' ਰਿਹਾ ਹੈ ਪਰ ਉਸ ਨੂੰ 'ਦੇ' ਕੁੱਝ ਵੀ ਨਹੀਂ ਰਿਹਾ? ਤੁਹਾਨੂੰ ਕਿਸੇ ਦਾ ਪੱਖ ਪੂਰਨ ਦੀ ਕੋਈ ਲੋੜ ਨਹੀਂ। ਇਹ ਵੀ ਇੱਕ ਤਰ੍ਹਾਂ ਦਾ 'ਦੇਣਾ' ਹੀ ਹੈ ਅਤੇ, ਤੁਹਾਡੀ ਸਾਰੀ ਫ਼ਰਾਖ਼ਦਿਲੀ ਦੇ ਬਾਵਜੂਦ, ਇਹ ਤੁਹਾਡੇ ਭਾਵਨਾਤਮਕ ਜੀਵਨ ਵਿਚਲੇ ਇੱਕਤਰਫ਼ਾ ਰੁਝਾਨ ਦੇ ਮੁੜ ਸੰਤੁਲਿਤ ਕਰਨ ਵਿੱਚ ਬਹੁਤਾ ਕਾਰਗਰ ਨਹੀਂ ਸਿੱਧ ਹੋਣ ਵਾਲਾ। ਤੁਹਾਨੂੰ ਸਪਸ਼ਟ ਤੇ ਦ੍ਰਿੜ ਬਣਨ ਦੀ ਲੋੜ ਹੈ। ਤੁਸੀਂ, ਨਿਰਸੰਦੇਹ, ਰਹਿਮਦਿਲੀ ਅਤੇ ਸਮਝ ਤੋਂ ਕੰਮ ਵੀ ਲੈ ਸਕਦੇ ਹੋ। ਪਰ ਆਪਣੇ ਉਸ ਸਬੰਧ ਨੂੰ ਲੈ ਕੇ ਤੁਸੀਂ ਇਸ ਵੇਲੇ ਜਿਹੜੀ ਸਥਿਤੀ ਵਿੱਚ ਘਿਰੇ ਹੋਏ ਹੋ, ਤੁਸੀਂ ਉਸ ਤੋਂ ਕਿਤੇ ਬਿਹਤਰ ਦੇ ਹੱਕਦਾਰ ਹੋ। ਇਸ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਨਾ ਤੁਹਾਡੇ ਆਪਣੇ ਹੱਥ ਵਿੱਚ ਹੈ।
ਸਾਰੇ ਰਿਸ਼ਤਿਆਂ ਵਿੱਚ ਹੀ ਕਦੇ ਨਾ ਕਦੇ ਤਵਾਜ਼ਨ ਕਾਇਮ ਕਰਨ ਦੀ ਲੋੜ ਪੈ ਹੀ ਜਾਂਦੀ ਹੈ। ਹਰ ਵਾਰ ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਕਿਸੇ ਖ਼ਾਸ ਰਿਸ਼ਤੇ ਵਿੱਚ ਹਾਲਾਤ ਲਗਭਗ 'ਨਿਆਂਕਾਰੀ ਅਤੇ ਹਮਵਾਰ' ਕਰ ਲਏ ਹਨ, ਕੋਈ ਨਾ ਕੋਈ ਦਬਾਅ ਜਾਂ ਤਨਾਅ ਦਾ ਸ੍ਰੋਤ ਆਪਣੇ ਆਪ ਨੂੰ ਪੇਸ਼ ਕਰ ਦਿੰਦਾ ਹੈ ਜਿਸ ਕਾਰਨ ਦੋਹਾਂ ਧਿਰਾਂ ਨੂੰ ਆਪਣੇ ਆਪ ਨੂੰ ਉਸ ਰਿਸ਼ਤੇ ਵਿੱਚ ਮੁੜ-ਵਿਵਸਥਿਤ ਕਰਨਾ ਪੈਂਦਾ ਹੈ। ਅਸੀਂ ਕੇਵਲ ਇਹ ਮੰਨ ਕੇ ਚੁੱਪ ਨਹੀਂ ਬੈਠੇ ਰਹਿ ਸਕਦੇ ਕਿ
ਕਿਉਂਕਿ ਅਸੀਂ ਕਿਸੇ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ, ਇਸ ਲਈ ਸਾਨੂੰ ਆਪਣੇ ਕਰਾਰਾਂ ਨੂੰ ਮੁੜ ਨਵਿਆਉਣ ਦੀ ਜਾਂ ਉਸ ਰਿਸ਼ਤੇ ਦੇ ਕਿਸੇ ਵੀ ਪਹਿਲੂ ਬਾਰੇ ਮੁੜ ਤੋਂ ਜੋੜ-ਤੋੜ ਕਰਨ ਦੀ ਕਦੇ ਲੋੜ ਹੀ ਨਹੀਂ ਪੈਣੀ। ਜ਼ਿੰਦਗੀ, ਇਸ ਵੇਲੇ, ਚਾਹੁੰਦੀ ਹੈ ਕਿ ਤੁਸੀਂ ਆਪਣੀ ਪਹੁੰਚ ਵਿੱਚ ਵਧੇਰੇ ਲਚੀਲੇ ਤੇ ਸ਼ਿਸ਼ਟ ਬਣੋ। ਇਸੇ ਸੋਚ ਨਾਲ ਨਾ ਚਿੰਬੜੇ ਰਹੋ ਕਿ ਹਾਲਾਤ ਪਹਿਲਾਂ ਕਿਵੇਂ ਸਨ। ਹਾਲਾਤ ਜਿਹੋ ਜਿਹੇ ਹੋਣ ਵਾਲੇ ਹਨ, ਉਸ ਤੋਂ ਤੁਸੀਂ ਬਹੁਤ ਪ੍ਰਸੰਨ ਹੋਵੋਗੇ!
ਜਦੋਂ ਚੀਜ਼ਾਂ ਗ਼ਲਤ ਹੋ ਰਹੀਆਂ ਲੱਗਦੀਆਂ ਹੋਣ, ਅਕਸਰ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਸਾਨੂੰ ਇਸ ਬਾਰੇ ਗ਼ਲਤਫ਼ਹਿਮੀ ਹੁੰਦੀ ਹੈ ਕਿ 'ਸਹੀ ਕਰਨ' ਦਾ ਮਤਲਬ ਕੀ ਹੈ। ਅਸੀਂ ਅਬਦਲਣਯੋਗ ਵਿਚਾਰਧਾਰਾਵਾਂ ਸਥਾਪਿਤ ਕਰ ਲੈਂਦੇ ਹਾਂ। ਅਸੀਂ ਯੋਜਨਾਵਾਂ ਬਣਾਉਂਦੇ ਹਾਂ। ਅਸੀਂ ਉਮੀਦਾਂ ਸਿਰਜਦੇ ਹਾਂ। ਜਦੋਂ ਕਿ ਸਿਧਾਂਤਕ ਤੌਰ 'ਤੇ ਅਜਿਹਾ ਕਰਨਾ ਸਹੀ ਹੈ, ਇਹ ਸਭ ਉਸ ਵੇਲੇ ਸਾਡੇ ਹੀ ਉਲਟ ਭੁਗਤਦਾ ਹੈ ਜਦੋਂ ਅਸੀਂ ਇਨ੍ਹਾਂ ਚੀਜ਼ਾਂ ਨੂੰ ਕਰਨ ਵਿੱਚ ਲੋੜੋਂ ਵੱਧ ਸ਼ਕਤੀ ਲਗਾ ਦਿੰਦੇ ਹਾਂ। ਉਦਾਹਰਣ ਦੇ ਤੌਰ 'ਤੇ, ਕਲਪਨਾ ਕਰੋ ਕਿ ਤੁਸੀਂ ਇੱਥੋਂ ਕਿਸੇ ਹੋਰ ਸ਼ਹਿਰ ਜਾਣਾ ਚਾਹੁੰਦੇ ਹੋ। ਯਾਤਰਾ ਸੰਭਵ ਹੈ। ਪਰ ਇਸ ਯਾਤਰਾ ਦੀ ਸਾਰੀ ਰੂਪਰੇਖਾ ਉਸ ਨਾਲ ਮੇਲ ਨਹੀਂ ਖਾਂਦੀ, ਜਿਹੋ ਜਿਹੀ ਸਵਾਰੀ ਇਸ ਯਾਤਰਾ 'ਤੇ ਲੈ ਕੇ ਜਾਣ ਦੀ ਤੁਸੀਂ ਉੱਮੀਦ ਕੀਤੀ ਸੀ। ਪਰ ਇਸ ਦੇ ਬਾਵਜੂਦ ਜੇਕਰ ਤੁਸੀਂ ਉੱਥੇ ਪਹੁੰਚ ਸਕਦੇ ਹੋ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਫ਼ਿਰ ਤੁਹਾਨੂੰ ਕੀ ਫ਼ਰਕ ਪੈਂਦਾ ਹੈ?
ਸਾਡੇ ਵਿੱਚੋਂ ਕੋਈ ਵੀ ਸੰਪੂਰਨ ਨਹੀਂ। ਪਰ ਅਸੀਂ ਸਾਰੇ ਆਪੋ ਆਪਣੀ ਅਪੂਰਨਤਾ ਦਾ ਮੁਜ਼ਾਹਿਰਾ ਵੱਖੋ ਵੱਖਰੇ ਅੰਦਾਜ਼ ਵਿੱਚ ਕਰਦੇ ਹਾਂ। ਸਾਡੇ ਵਿੱਚੋਂ ਕਈ ਕੇਵਲ ਇਸ ਲਈ ਅਪੂਰਨ ਹਨ ਕਿਉਂਕਿ ਉਹ ਸੰਪੂਰਨ ਬਣਨ ਦੀ ਬਹੁਤ ਸਖ਼ਤ ਕੋਸ਼ਿਸ਼ ਕਰ ਰਹੇ ਹੁੰਦੇ ਹਨ! ਅਸੀਂ ਗ਼ੈਰਵਿਹਾਰਕ ਉੱਮੀਦਾਂ ਲਗਾ ਬੈਠਦੇ ਹਾਂ, ਅਜਿਹੀ ਸਥਿਤੀਆਂ ਵਿੱਚ ਉਲਝ ਜਾਂਦੇ ਹਾਂ ਜਿਨ੍ਹਾਂ ਨੂੰ ਕਾਇਮ ਰੱਖਣਾ ਸੰਭਵ ਨਹੀਂ ਹੁੰਦਾ, ਚਮਤਕਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਕਈ ਵਾਰ ਅਸੀਂ ਲਗਭਗ ਅਜਿਹਾ ਕਰਨ ਦੇ ਕਾਬਿਲ ਹੁੰਦੇ ਹਾਂ। ਫ਼ਿਰ ਅਸੀਂ ਅਜਿਹੇ ਵਾਅਦੇ ਕਰਦੇ ਹਾਂ ਜਿਨ੍ਹਾਂ ਬਾਰੇ ਸਾਨੂੰ ਬਾਅਦ ਵਿੱਚ ਅਹਿਸਾਸ ਹੁੰਦਾ ਹੈ ਅਸੀਂ ਉਨ੍ਹਾਂ ਨੂੰ ਕਿਸੇ ਸੂਰਤ ਵਿੱਚ ਵੀ ਪੂਰਾ ਨਹੀਂ ਕਰ ਸਕਦੇ। ਉਸ ਵੇਲੇ ਸਾਨੂੰ ਹਕੀਕਤ ਨੂੰ ਪਹਿਚਾਨਣ ਦੀ ਪੀੜਾ ਸਹਿਣੀ ਪੈਂਦੀ ਹੈ। ਪਰ ਤੁਸੀਂ ਇੱਕ ਚੰਗੇ ਇਨਸਾਨ ਹੋ ਜੋ ਹਰ ਗੁਜ਼ਰਦੇ ਦਿਨ ਨਾਲ ਵਧੇਰੇ ਸਿਆਣਾ ਹੋ ਰਿਹਾ ਹੈ। ਅਤੇ ਇਸ ਸਭ ਦੇ ਬਾਵਜੂਦ, ਤੁਸੀਂ ਛੇਤੀ ਹੀ ਦੇਖੋਗੇ ਕਿ ਤੁਹਾਡੇ ਜੀਵਨ ਵਿੱਚ ਵੀ ਕੋਈ ਸ਼ੈਅ ਲਗਭਗ ਸੰਪੂਰਨ ਹੈ।
ਆਪਣੀਆਂ ਗੁਪਤ ਰੋਮੈਂਟਿਕ ਤ੍ਰਿਸ਼ਨਾਵਾਂ ਵਿੱਚ ਅਸੀਂ ਇਹ ਕਲਪਨਾ ਕਰ ਸਕਦੇ ਹਾਂ ਕਿ ਲੋੜ ਪੈਣ 'ਤੇ ਕਦੇ ਕੋਈ ਹੋਰ ਸਾਨੂੰ ਸਾਡੇ ਤੋਂ ਵੀ ਵੱਧ ਸਮਝ ਲਵੇਗਾ। ਅਸੀਂ ਜਦੋਂ ਸੁਰੱਖਿਅਤ ਮਹਿਸੂਸ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਸਮਾਜਕ ਅਤੇ ਭਾਵਨਾਤਮਕ ਤੌਰ 'ਤੇ ਦੂਜਿਆਂ ਨਾਲ ਆਪਣੀ ਜਾਣ ਪਹਿਚਾਣ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਨ੍ਹਾਂ ਦਾ ਪਿਆਰ ਹਾਸਿਲ ਕਰਨ ਦੀ ਵੀ। ਅਤੇ ਜਦੋਂ ਸਾਨੂੰ ਗ਼ਲਤੀਆਂ ਕਰਨ ਦਾ ਖ਼ਤਰਾ ਮਹਿਸੂਸ ਹੋਵੇ ਤਾਂ ਅਸੀਂ ਚੁਣੌਤੀ ਮਹਿਸੂਸ ਕਰਦੇ ਹਾਂ। ਪਰ ਕੀ ਕੋਈ ਇਸ ਸਭ ਵਿੱਚ ਸਾਡੀ ਮਦਦ ਕਰ ਸਕਦਾ ਹੈ? ਸ਼ਾਇਦ ਕਈ ਵਾਰ, ਕੁੱਝ ਕੁ ਸਥਿਤੀਆਂ ਵਿੱਚ ... ਅਜਿਹਾ ਹੋ ਸਕਦਾ ਹੋਵੇ ... ਪਰ ਇਸ ਵੇਲੇ ਤੁਹਾਨੂੰ ਆਪਣੇ ਭਾਵਨਾਤਮਕ ਜੀਵਨ ਵਿੱਚ ਵਿਹਾਰਕ ਬਣਨ ਦੀ ਲੋੜ ਹੈ। ਇਹ ਕਹਿਣ ਤੋਂ ਮੇਰੀ ਮੁਰਾਦ ਇਹ ਸੁਝਾਉਣਾ ਨਹੀਂ ਕਿ ਤੁਹਾਡੇ ਹੱਥ ਨਿਰਾਸ਼ਤਾ ਲੱਗਣ ਦਾ ਖ਼ਦਸ਼ਾ ਬਹੁਤ ਜ਼ਿਆਦਾ ਹੈ। ਇਹ ਕੇਵਲ ਇੱਕ ਖ਼ਤਰਨਾਕ ਸੁਪਨੇ ਤੋਂ ਤੁਹਾਨੂੰ ਆਜ਼ਾਦੀ ਦੁਆਉਣ ਦਾ ਵਾਅਦਾ ਹੈ।