
ਜਦੋਂ ਅਸੀਂ ਕਿਸੇ ਦੀ ਸੰਗਤ ਵਿੱਚ ਬਹੁਤ ਜ਼ਿਆਦਾ ਸਮਾਂ ਬਿਤਾਉਂਦੇ ਹਾਂ ਤਾਂ ਸਾਨੂੰ ਇਹ ਫ਼ਿਕਰ ਲੱਗ ਜਾਂਦੀ ਹੈ ਕਿ ਕਿਤੇ ਅਸੀਂ ਉਨ੍ਹਾਂ ਦੀ ਸੰਗਤ ਵਿੱਚ ਬਹੁਤਾ ਸਮਾਂ ਤਾਂ ਨਹੀਂ ਬਿਤਾਉਣ ਲੱਗ ਪਏ! ਗ਼ੈਰਹਾਜ਼ਰੀ ਦਿਲਾਂ ਨੂੰ ਸ਼ੌਂਕੀ ਬਣਾਉਂਦੀ ਹੈ। ਜਾਣਪਛਾਣ ਨਿਰਾਦਰ ਨੂੰ ਜਨਮ ਦਿੰਦੀ ਹੈ। ਪਰ ਫ਼ਿਰ ਵੀ ਕਈ ਵਾਰ ਦੋ ਲੋਕਾਂ ਦੇ ਇੱਕ ਦੂਸਰੇ ਨੂੰ ਸਮਝਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਇੱਕ ਦੂਸਰੇ ਨਾਲ ਇੱਕੋ ਜਗ੍ਹਾ 'ਤੇ ਕਈ ਕਈ ਘੰਟੇ ਬਿਤਾਉਣ, ਇੱਕੋ ਜਿਹੇ ਵਿਸ਼ਿਆਂ ਦਾ ਸਾਹਮਣਾ ਕਰਨ। ਇਸ ਵੇਲੇ ਤੁਹਾਡੇ ਸੰਸਾਰ ਵਿੱਚ ਇੱਕ ਅਜਿਹਾ ਵਿਅਕਤੀ ਹੈ ਜਿਸ ਨੂੰ ਜਾਣਨਾ ਤੁਹਾਡੀ ਖ਼ੁਸ਼ਕਿਸਮਤੀ ਹੈ। ਬੇਸ਼ੱਕ ਹਾਲ ਹੀ ਵਿੱਚ, ਤੁਹਾਡੀ ਉਸ ਵਿਅਕਤੀ ਨਾਲ ਖ਼ਾਸੀ ਬਣੀ ਨਹੀਂ ਰਹੀ, ਪਰ ਹਾਲਾਤ ਵਿੱਚ ਛੇਤੀ ਹੀ ਸੁਧਾਰ ਹੋਵੇਗਾ!
ਅਸੀਂ ਉਨ੍ਹਾਂ ਲੋਕਾਂ ਦੀ ਵਿਰੋਧਤਾ ਕਰਦੇ ਹਾਂ ਜਿਹੜੇ ਬਹੁਤ ਜ਼ਿਆਦਾ ਸਵੈ-ਵਿਸ਼ਵਾਸ ਦਾ ਮੁਜ਼ਾਹਰਾ ਕਰਦੇ ਹੋਣ। ਅਸੀਂ ਉਨ੍ਹਾਂ ਨੂੰ ਝਟਭਟ ਫ਼ੁਕਰੇ ਅਤੇ ਅਸੰਵੇਦਨਸ਼ੀਲ ਕਰਾਰ ਦੇ ਦੇਂਦੇ ਹਾਂ। ਅਸੀਂ ਉਨ੍ਹਾਂ 'ਤੇ ਆਪਣੇ ਆਪ ਨਾਲ ਇਸ਼ਕ ਕਰਨ ਦਾ ਇਲਜ਼ਾਮ ਲਗਾਉਂਦੇ ਹਾਂ! ਇਸ ਦੇ ਬਾਵਜੂਦ, ਜਿਹੜੇ ਲੋਕ ਆਪਣੇ ਆਪ ਨੂੰ ਇਸ ਹੱਦ ਤੱਕ ਪਿਆਰ ਕਰਦੇ ਹਨ, ਉਨ੍ਹਾਂ ਅੰਦਰ ਇੱਕ ਮਕਨਾਤੀਸੀ ਖਿੱਚ ਹੁੰਦੀ ਹੈ। ਮੈਂ ਇਹ ਸਲਾਹ ਨਹੀਂ ਦੇ ਰਿਹਾ ਕਿ ਤੁਸੀਂ ਕੋਈ ਅਜਿਹਾ ਰੁਝਾਨ ਅਪਨਾਓ, ਪਰ ਆਪਣੀਆਂ ਲੋੜਾਂ ਨੂੰ ਸਿਰੇ ਤੋਂ ਹੀ ਨਜ਼ਰਅੰਦਾਜ਼ ਵੀ ਨਾ ਕਰੋ। ਖ਼ਾਮਖ਼ਾਹ ਆਪਣੀਆਂ ਗ਼ਲਤੀਆਂ ਨਾ ਕੱਢੋ। ਜੇਕਰ ਤੁਸੀਂ ਆਪਣੇ ਕਿਸੇ ਚਹੇਤੇ ਰਿਸ਼ਤੇ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹੋ ਤਾਂ ਚੇਤੇ ਰੱਖਿਓ: ਥੋੜ੍ਹਾ ਗ਼ਰੂਰ ਕੋਈ ਮਾੜੀ ਗੱਲ ਨਹੀਂ!
ਇਹ ਸੰਸਾਰ ਅਜਿਹੇ ਲੋਕਾਂ ਨਾਲ ਭੱਰਿਆ ਪਿਆ ਹੈ ਜਿਹੜੇ ਆਪਣੀਆਂ ਭਾਵਨਾਵਾਂ ਦਰਸਾਉਣ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਉਹ ਆਪਣੀਆਂ ਡੂੰਘੀਆਂ ਭਾਵਨਾਵਾਂ ਨੂੰ ਆਪਣੇ ਆਪ ਤੋਂ ਵੀ ਲੁਕੋ ਕੇ ਰੱਖਦੇ ਹਨ। ਉਹ ਉੱਪਰੋਂ ਉੱਪਰੋਂ ਬੇਪਰਵਾਹ ਦਿਖਣ ਦੀ ਲੱਖ ਕੋਸ਼ਿਸ਼ ਕਰਨ, ਪਰ ਅੰਦਰੂਨੀ ਤੌਰ 'ਤੇ ਉਨ੍ਹਾਂ ਨੂੰ ਸਭ ਦੀ ਪਰਵਾਹ ਹੁੰਦੀ ਹੈ। ਉਹ ਆਪਣੇ ਦਿਲ ਦੀ ਗੱਲ ਛੁਪਾਉਣ ਖ਼ਾਤਿਰ ਸੰਗਦਿਲ ਹੋਣ ਦਾ ਢੋਂਗ ਕਰਦੇ ਹਨ। ਕੀ ਤੁਸੀਂ ਕਿਸੇ ਅਜਿਹੇ ਬੰਦੇ ਨੂੰ ਜਾਣਦੇ ਹੋ? ਬਿਲਕੁਲ! ਅਤੇ ਇਹ ਸਿਰਫ਼ ਤੁਹਾਡੀ ਹੀ ਗੱਲ ਨਹੀਂ। ਜੇਕਰ ਤੁਸੀਂ ਕਿਸੇ ਖ਼ਾਸ ਵਿਅਕਤੀ ਨਾਲ ਆਪਣੇ ਰਿਸ਼ਤੇ ਨੂੰ ਹੋਰ ਪੁਖ਼ਤਾ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਪਛਾਣੋ।
ਕਿਸੇ ਦੇ ਨਾਕਾਬਿਲੇ ਯਕੀਨ ਰਵੱਈਏ ਬਾਰੇ ਕੀ ਕਹਿਣਾ ਚਾਹੋਗੇ? ਕਿਸੇ ਹਾਸੋਹੀਣੀ ਸਥਿਤੀ ਪਿੱਛੇ ਕੀ ਰਾਜ਼ ਹੈ? ਤੁਸੀਂ ਕੁੱਝ ਹੈਰਾਨੀਜਨਕ ਹਾਲਾਤ ਕਾਰਨ ਪਰੇਸ਼ਾਨ ਹੋ। ਜਾਂ ਘਟੋਘੱਟ ਹੋਣੇ ਤਾਂ ਚਾਹੀਦੇ ਹੋ। ਜੇਕਰ ਤੁਸੀਂ ਇਸ ਸਭ ਤੋਂ ਮੁਤਮਈਨ ਹੋ, ਜੇਕਰ ਤੁਹਾਨੂੰ ਸਭ ਕੁੱਝ ਠੀਕ ਲੱਗ ਰਿਹਾ ਹੈ ... ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਪਹੁੰਚ ਵਿੱਚ ਹੀ ਕੋਈ ਖ਼ਾਮੀ ਹੈ। ਜਾਂ ਫ਼ਿਰ ਤੁਸੀਂ ਕਿਸੇ ਝੂਠੀ ਕਹਾਣੀ 'ਤੇ ਵਿਸ਼ਵਾਸ ਕਰ ਬੈਠੇ ਹੋ। ਪ੍ਰਭਾਵ, ਵਹਿਮ ਨਾਲੋਂ ਵੱਧ ਸਿਹਤਮੰਦ ਹੈ। ਜਿਹੜੀ ਵੀ ਸ਼ੈਅ ਬਹੁਤ ਜ਼ਿਆਦਾ ਅਰਥਭਰਪੂਰ ਜਾਪੇ ਉਸ ਤੋਂ ਸਾਵਧਾਨ ਰਹਿਓ।
ਤੁਸੀਂ ਕਿਸੇ ਗੋਲ ਮੋਰੀ ਵਿੱਚ ਚੌਰਸ ਕਿੱਲ ਨਹੀਂ ਠੋਕ ਸਕਦੇ। ਹਾਂ ਜੇਕਰ, ਤੁਸੀਂ ਉਸ ਕਿੱਲ ਦੇ ਚੌਰਸ ਦੰਦੇ ਝਾੜ ਦਿਓ ਤਾਂ ਫ਼ਿਰ ਗੱਲ ਹੋਰ ਹੈ। ਫ਼ਿਰ ਤਾਂ ਉਹ ਕਿੱਲ ਚੌਰਸ ਰਹੇਗਾ ਹੀ ਨਹੀਂ। ਜੇਕਰ ਤੁਸੀਂ ਉਸ ਗੋਲ ਮੋਰੀ ਨੂੰ ਆਰੇ ਨਾਲ ਚੀਰ ਕੇ ਉਸ ਦੀ ਗੋਲਾਈ ਘਟਾ ਲਓ ਤਾਂ ਵੀ ਗੱਲ ਵੱਖਰੀ ਹੈ। ਪਰ ਇਹ ਸਭ ਕਰਨ ਲਈ ਤੁਹਾਨੂੰ ਇੱਕ ਹੁਨਰਮੰਦ ਸ਼ਿਲਪੀ ਹੋਣ ਦੀ ਲੋੜ ਹੈ, ਨਹੀਂ ਤਾਂ ਅੰਤ ਵਿੱਚ ਤੁਹਾਡੇ ਹੱਥ ਇੱਕ ਵਿਗੜੀ ਤਿਗੜੀ ਮੋਰੀ ਅਤੇ ਇੱਕ ਟੁੱਟਾ ਭੱਜਾ ਕਿੱਲ ਰਹਿ ਜਾਣਗੇ। ਦੂਜੇ ਸ਼ਬਦਾਂ ਵਿੱਚ, ਆਪਣੇ ਜੀਵਨ ਦੇ ਕਿਸੇ ਹਿੱਸੇ ਵਿੱਚ ਤੁਸੀਂ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਸ ਨੂੰ ਕਰਨਾ ਲਗਭਗ ਨਾਮੁਮਕਿਨ ਹੈ। ਧੀਰਜ ਰੱਖੋ। ਛੇਤੀ ਹੀ ਸੌਖੇ ਉੱਤਰ ਮਿਲਣੇ ਸ਼ੁਰੂ ਹੋ ਜਾਣਗੇ।