
ਅਜਿਹਾ ਕੀ ਹੈ ਜਿਹੜਾ ਛੇਤੀ ਵਾਪਰਨਾ ਚਾਹੀਦਾ ਹੈ? ਅਜਿਹਾ ਕੀ ਹੈ ਜਿਹੜਾ ਇੰਤਜ਼ਾਰ ਨਹੀਂ ਕਰ ਸਕਦਾ? ਅਤੇ ਕੀ ਤੁਹਾਨੂੰ ਕਿਸੇ ਅਜਿਹੀ ਮੁਹਿੰਮ ਜਾਂ ਕਾਜ਼ ਵਿੱਚ ਫੱਸਣ ਦੀ ਕੋਈ ਲੋੜ ਹੈ ਜਿਸ ਵਿੱਚ ਹਰ ਇੱਕ ਪਲ ਦੀ ਅਹਿਮੀਅਤ ਹੋਵੇ? ਤੁਸੀਂ ਇੱਕ ਆਸਾਨ ਜ਼ਿੰਦਗੀ ਦੇ ਹੱਕਦਾਰ ਹੋ, ਅਤੇ ਤੁਹਾਨੂੰ ਅਜਿਹੇ ਲੋਕਾਂ ਦੀ ਸੰਗਤ ਵਿੱਚ ਰਹਿਣ ਦਾ ਵੀ ਹੱਕ ਹੈ ਜਿਹੜੇ ਤੁਹਾਡੇ ਦਬਾਅ ਵਿੱਚ ਲਗਾਤਾਰ ਇੱਜ਼ਾਫ਼ਾ ਹੀ ਨਾ ਕਰਦੇ ਰਹਿਣ! ਜਾਣਬੁੱਝ ਕੇ ਜਾਂ ਅਣਜਾਣੇ ਵਿੱਚ, ਉਹ ਵਿਅਕਤੀ ਜਿਸ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ, ਤੁਹਾਡੇ ਕੋਲੋਂ ਉਸ ਤੋਂ ਵੱਧ ਦੀ ਮੰਗ ਕਰ ਰਿਹਾ ਹੈ ਜਿੰਨਾ ਤੁਸੀਂ ਆਸਾਨੀ ਨਾਲ ਦੇ ਸਕਦੇ ਹੋ। ਬਿਹਤਰ ਰਹੇਗਾ ਕਿ ਨਾਮੁਮਕਿਨ ਨੂੰ ਹਾਸਿਲ ਕਰਨ ਦੇ ਚੱਕਰ ਵਿੱਚ ਆਪਣੇ ਆਪ ਦੋਫ਼ਾੜ ਕਰਨ ਦੀ ਬਜਾਏ ਤੁਸੀਂ ਇੱਕ ਵਿਹਾਰਕ ਅਤੇ ਇਮਾਨਦਾਰ ਸੰਵਾਦ ਸ਼ੁਰੂ ਕਰੋ।
ਜੇਕਰ ਕੋਈ ਸ਼ੈਅ ਟੁੱਟਣੀ ਸ਼ੁਰੂ ਹੋ ਜਾਵੇ ਤਾਂ ਕੀ ਤੁਹਾਨੂੰ ਉਸ ਨੂੰ ਜੋੜਦੇ ਰਹਿਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ? ਸ਼ਾਇਦ, ਟੋਟਿਆਂ ਨੂੰ ਚੁੱਕ ਕੇ ਉਸ ਦਾ ਕੁੱਝ ਹੋਰ ਹੀ ਬਣਾਉਣ ਨਾਲੋਂ ਉਸ ਨੂੰ ਟੁੱਟਣ ਦੇਣਾ ਹੀ ਬਿਹਤਰ ਹੋਵੇ। ਕੀ ਇਹ 'ਕਰਨ ਨਾਲੋਂ ਕਹਿਣਾ ਸੌਖਾ ਹੈ' ਵਾਲੀ ਕਹਾਣੀ ਤਾਂ ਨਹੀਂ ਬਣ ਜਾਵੇਗੀ? ਉਫ਼! ਪਰ ਕਈ ਵਾਰ ਅਸੀਂ ਆਪਣੇ ਜੀਵਨ ਵਿੱਚ ਜਿਹੜੀਆਂ ਸਭ ਤੋਂ ਮੁਸ਼ਕਿਲ ਚੋਣਾਂ ਕਰਦੇ ਹਾਂ, ਉਹੀ ਸਭ ਤੋਂ ਵੱਧ ਫੱਲਦਾਇਕ ਤੇ ਸੰਤੁਸ਼ਟੀਜਨਕ ਸਾਬਿਤ ਹੁੰਦੀਆਂ ਹਨ। ਤੁਸੀਂ ਕਿਸ ਚੀਜ਼ ਤੋਂ ਡਰ ਰਹੇ ਹੋ? ਤੁਹਾਡੇ ਨਿਜੀ ਤੇ ਭਾਵਨਾਤਮਕ ਜੀਵਨ ਵਿੱਚ ਕਿਹੜੀ ਅਜਿਹੀ ਚੀਜ਼ ਹੈ ਜਿਸ ਨੂੰ ਤੁਸੀਂ ਸੁਰੱਖਿਅਤ ਤੇ ਸੰਭਾਲ ਕੇ ਰੱਖਣਾ ਚਾਹੁੰਦੇ ਹੋ? ਤੁਹਾਨੂੰ ਇਹ ਵੀ ਪਤਾ ਚੱਲੇਗਾ ਕਿ ਜੇ ਤੁਸੀਂ ਥੋੜ੍ਹਾ ਜਿਹਾ ਧੀਰਜ ਤੋਂ ਕੰਮ ਲਵੋ ਤਾਂ ਇੱਕ ਤਨਾਪੂਰਨ ਸਥਿਤੀ ਨੂੰ ਹੱਲ ਕਰਨਾ ਜਾਦੂਈ ਅੰਦਾਜ਼ ਵਿੱਚ ਆਸਾਨ ਹੋ ਜਾਵੇਗਾ।
ਹਾਲਾਤ ਉਹੋ ਜਿਹੇ ਨਹੀਂ ਜਿਹੋ ਜਿਹੇ ਕਦੇ ਹੋਇਆ ਕਰਦੇ ਸਨ। ਜੇਕਰ ਮੇਰਾ ਇਹ ਕਥਨ ਤੁਹਾਨੂੰ ਉਦਾਸ ਜਾਂ ਖ਼ੌਫ਼ਜ਼ਦਾ ਕਰ ਰਿਹਾ ਹੈ ਤਾਂ ਹਾਲੀਆ ਤਬਦੀਲੀ ਦਾ ਕੋਈ ਅਜਿਹਾ ਪਹਿਲੂ ਹੋਵੇਗਾ ਜਿਸ ਦੀ ਤੁਹਾਨੂੰ ਹਾਲੇ ਪੂਰੀ ਤਰ੍ਹਾਂ ਆਦਤ ਨਹੀਂ ਪਈ - ਜਾਂ ਜਿਸ ਨੂੰ ਹਾਲੇ ਤੁਸੀਂ ਪੂਰੀ ਤਰ੍ਹਾਂ ਸਮਝੇ ਨਹੀਂ। ਤੁਸੀਂ ਕੁੱਝ ਵੀ ਅਜਿਹਾ ਅਤੀਤ ਵਿੱਚ ਛੱਡ ਕੇ ਨਹੀਂ ਜਾ ਰਹੇ ਜਿਸ ਦੀ ਤੁਹਾਨੂੰ ਆਪਣੇ ਨਾਲ ਲਿਜਾਣ ਦੀ ਲੋੜ ਹੈ। ਤੁਸੀਂ ਕੇਵਲ ਇੱਕ ਪਰੇਸ਼ਾਨ ਕਰਨ ਵਾਲੀ ਸਥਿਤੀ ਤੋਂ ਆਪਣੇ ਆਪ ਨੂੰ ਪਰੇ ਕਰ ਰਹੇ ਹੋ ਜਿਸ ਤੋਂ ਆਜ਼ਾਦ ਹੋਣਾ ਤੁਹਾਡੇ ਲਈ ਇੱਕ ਵਰਦਾਨ ਸਾਬਿਤ ਹੋਣਾ ਚਾਹੀਦਾ ਹੈ। ਇਹ ਵੇਲਾ ਹੈ ਆਪਣੀ ਉਸ ਸੂਚੀ ਨੂੰ ਇੱਕ ਵਾਰ ਮੁੜ ਪੜ੍ਹਨ ਦਾ ਜਿਸ ਵਿੱਚ ਉਹ ਚੀਜ਼ਾਂ ਲਿਖੀਆਂ ਹੋਈਆਂ ਹਨ ਜਿਹੜੀਆਂ 'ਨਹੀਂ ਚੱਲ ਸਕਦੀਆਂ/ਜਿਨ੍ਹਾਂ ਨੂੰ ਕਰਨਾ ਮੁਮਕਿਨ ਨਹੀਂ/ਜਿਨ੍ਹਾਂ ਨੂੰ ਕਰਨਾ ਵਿਹਾਰਕ ਨਹੀਂ।' ਇਸ ਵੇਲੇ ਤੁਹਾਨੂੰ ਕੁੱਝ ਨਵੀਆਂ ਸ਼ਕਤੀਆਂ ਹਾਸਿਲ ਹੋ ਚੁੱਕੀਆਂ ਹਨ!
ਹਾਲ ਹੀ ਵਿੱਚ ਤੁਹਾਡੀਆਂ ਸੰਭਾਵਨਾਵਾਂ ਵਿੱਚ ਨਿਖ਼ਾਰ ਆਇਆ ਹੈ, ਪਰ ਇਸ ਦਾ ਇਹ ਅਰਥ ਹਰਗਿਜ਼ ਨਹੀਂ ਕਿ ਤੁਸੀਂ ਦੁਖਾਂ, ਤਕਲੀਫ਼ਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੋ। ਤੁਸੀਂ ਭਾਵਨਾਤਮਕ ਮੁਹਾਜ਼ 'ਤੇ ਖ਼ਾਸਤੌਰ 'ਤੇ ਕਮਜ਼ੋਰ ਹੋ, ਉੱਥੇ ਜਿੱਥੇ ਕਿਸੇ ਹੋਰ ਦੇ ਮੂਡ ਤੇ ਲੋੜਾਂ ਬਾਰੇ ਤੁਹਾਡੀ ਸੰਵੇਦਨਸ਼ੀਲਤਾ ਲੋੜ ਤੋਂ ਕੁੱਝ ਵੱਧ ਹੀ ਹੈ। ਉਸ ਮੁਹਾਜ਼ 'ਤੇ ਤੁਸੀਂ ਆਪਣੀ ਵਿੱਤ ਤੋਂ ਵੱਧ ਕਰ ਰਹੇ ਹੋ। ਪਰ ਜੇਕਰ ਕੋਈ ਗੁਪਤ ਤੌਰ 'ਤੇ ਸਤਾਇਆ ਹੋਇਆ, ਦੁਖੀ, ਨਾਰਾਜ਼, ਖਿੱਝੂ ਜਾਂ ਗੁੱਸਾ ਮਹਿਸੂਸ ਕਰਨਾ ਚਾਹੇ ਤਾਂ ਤੁਸੀਂ ਉਨ੍ਹਾਂ ਨੂੰ ਖ਼ੁਸ਼ ਨਹੀਂ ਕਰ ਸਕਦੇ, ਚਾਹੇ ਤੁਸੀਂ ਸ਼ਿਕਾਇਤ ਕਰਨ ਦਾ ਹਰ ਕਾਰਨ ਖ਼ਤਮ ਕਰ ਦਿਓ! ਸ਼ਾਇਦ, ਇਸ ਵੇਲੇ ਸਥਿਰਬੁੱਧੀ ਤੋਂ ਕੰਮ ਲੈਣਾ ਬਿਹਤਰ ਹੋਵਗਾ।
ਕਈ ਵਾਰ ਅਸੀਂ, ਪ੍ਰਤੱਖ ਪ੍ਰਤੀ ਬੇਧਿਆਨੇ ਹੋ ਜਾਂਦੇ ਹਾਂ। ਸਾਡਾ ਸਾਰਾ ਧਿਆਨ ਨਵੀਆਂ ਚੀਜ਼ਾਂ ਵੱਲ ਆਕਰਸ਼ਿਤ ਹੋ ਜਾਂਦਾ ਹੈ, ਉਹ ਜੋ ਵੱਖਰਾ ਲੱਗਦਾ ਹੈ, ਗ਼ੈਰਮਾਮੂਲੀ ਜਾਪਦਾ ਹੈ ਅਤੇ ਕਰਨ ਲਈ ਬਹੁਤ ਜ਼ਰੂਰੀ ਦਿਖਦਾ ਹੈ। ਜੋ ਸਾਡੇ ਸਾਹਮਣੇ ਪਿਆ ਹੁੰਦਾ ਹੈ ਉਸ ਨੂੰ ਰੁੱਕ ਕੇ ਦੇਖਣ ਲਈ ਇੱਕ ਜੀਵਨ ਬਦਲਣ ਵਾਲੇ ਨਾਟਕ ਦੀ ਜਾਂ ਇੱਕ ਸ਼ਾਂਤ, ਚੇਤੰਨ ਧਿਆਨ ਦੀ ਲੋੜ ਹੁੰਦੀ ਹੈ। ਹਾਲ ਹੀ ਵਿੱਚ ਤੁਸੀਂ ਲੋੜੋਂ ਵੱਧ ਚੁਣੌਤੀਆਂ ਦਾ ਸਾਹਮਣਾ ਕਰ ਚੁੱਕੇ ਹੋ। ਤੁਹਾਨੂੰ ਹੋਰ ਦੀ ਲੋੜ ਨਹੀਂ। ਤੁਹਾਨੂੰ ਇੱਕ ਡੂੰਘਾ ਸਾਹ ਭਰਨ, ਇੱਕ ਸ਼ਾਂਤਮਈ ਚਿੰਤਨ ਅਤੇ ਵਧੇਰੇ ਗੰਭੀਰਤਾ ਨਾਲ ਸੋਚਣ ਦੀ ਰਜ਼ਾਮੰਦੀ ਦਿਖਾਉਣ ਦੀ ਲੋੜ ਹੈ, ਅਤੇ ਇਸ ਨਾਲ ਤੁਸੀਂ ਉਸ ਨੂੰ ਵੀ ਠੀਕ ਕਰ ਲਓਗੇ ਜਿਸ ਨੂੰ ਦਰੱਸਤ ਕਰਨਾ ਨਾਮੁਮਕਿਨਨ ਜਾਪ ਰਿਹਾ ਸੀ।