
ਹੈ ਲਿਖੀ ਪੁੱਠੀ ਮੈਂ ਸਤਰ ਇਹ। ਮੈਂ ਤੁਹਾਡੀ ਸਹਿਨਸ਼ੀਲਤਾ ਦਾ ਇਮਤਿਹਾਨ ਨਹੀਂ ਲੈ ਰਿਹਾ, ਸਿਰਫ਼ ਤੁਹਾਨੂੰ ਜ਼ਿੰਦਗੀ ਦੇ ਉਲਟ-ਪੁਲਟ ਸੁਭਾਅ ਬਾਰੇ ਚੇਤਾਵਨੀ ਦੇ ਰਿਹਾ ਹਾਂ ਤੇ ਉਨ੍ਹਾਂ ਸਭ ਚੀਜ਼ਾਂ ਬਾਰੇ ਵੀ ਜਿਹੜੀਆਂ ਇਸ ਵੇਲੇ ਗ਼ਲਤ ਤਰਤੀਬ ਵਿੱਚ ਵਾਪਰਦੀਆਂ ਜਾਪ ਰਹੀਆਂ ਹਨ। ਗੱਡੇ ਬੌਲਦਾਂ ਦੇ ਅੱਗੇ, ਟਾਂਗੇ ਘੋੜਿਆਂ ਦੇ ਅੱਗੇ। ਤੁਹਾਨੂੰ ਆਪਣੀਆਂ ਪ੍ਰਾਥਮਿਕਤਾਵਾਂ ਜੇ ਉਲਟਾਉਣ ਦੀ ਲੋੜ ਨਹੀਂ ਵੀ ਤਾਂ ਘਟੋਘੱਟ ਉਨ੍ਹਾਂ ਥੋੜ੍ਹਾ 'ਐਡਜਸਟ' ਕਰਨ ਦੀ ਲੋੜ ਜ਼ਰੂਰ ਹੈ। ਇਸ ਵੇਲੇ ਕਾਫ਼ੀ ਕੁੱਝ ਭੰਬਲਭੂਸੇ ਵਾਲਾ ਤੇ ਪੇਚੀਦਾ ਜਾਪ ਰਿਹਾ ਹੈ, ਪਰ ਇਹ ਮਸਲਾ ਸਿਰਫ਼ ਇੰਨਾ ਸਮਝਣ ਦਾ ਹੈ ਕਿ ਤੁਹਾਡੀਆਂ ਕਿਹੜੀਆਂ ਜ਼ਰੂਰਤਾਂ ਦੂਸਰੀਆਂ ਨਾਲੋਂ ਵੱਧ ਮਹੱਤਵਪੂਰਨ ਹਨ। ਇਸ ਡੂੰਘੀ ਸਮਝ ਨੂੰ ਅਪਨਾਓ ਤੇ ਜਾਵੇਗਾ ਹੋ ਠੀਕ ਕੁੱਝ ਸਭ!
ਭਾਵਨਾਵਾਂ ਨੂੰ ਬਹੁਤੀ ਤਮੀਜ਼ ਨਹੀਂ ਹੁੰਦੀ। ਉਹ ਅਕਸਰ 'ਮਚਲ' ਉਠਦੀਆਂ ਹਨ। ਉਹ ਰਾਹ ਵਿੱਚ ਅੜਦੀਆਂ ਹਨ। ਅੱਥਰੇ ਬੱਚਿਆਂ ਜਾਂ ਅਸਿਖਿਅਤ ਪਾਲਤੂ ਜਾਨਵਰਾਂ ਵਾਂਗ ਹੀ ਉਹ ਵੀ ਤਰਕ ਦੀ ਗੱਲ ਨਹੀਂ ਸਮਝਦੀਆਂ ਅਤੇ ਨਾ ਹੀ ਉਹ ਹਮੇਸ਼ਾਂ ਅਨੁਸ਼ਾਸਨ ਵਿੱਚ ਰਹਿਣ ਦਾ ਹੁਕਮ ਸੁਣਦੀਆਂ ਹਨ। ਤੁਸੀਂ ਵਕਤ ਦੇ ਨਾਲ ਨਾਲ ਉਨ੍ਹਾਂ ਨੂੰ 'ਟ੍ਰੇਨਿੰਗ' ਦੇਣ ਦੀ ਕੋਸ਼ਿਸ਼ ਕਰ ਕੇ ਦੇਖ ਸਕਦੇ ਹੋ। ਪਰ ਕੁੱਝ ਕਾਰਨ, ਘਟਨਾਵਾਂ ਅਤੇ ਤਜਰਬੇ ਇੰਨੇ ਸ਼ਕਤੀਸ਼ਾਲੀ ਹੁੰਦੇ ਹਨ ਕਿ ਜਿਹੜੀਆਂ ਪ੍ਰਤੀਕਿਰਿਆਵਾਂ ਉਹ ਪੈਦਾ ਕਰਦੇ ਹਨ ਉਨ੍ਹਾਂ ਨੂੰ
ਦਬਾਣਾ ਨਾਮੁਮਕਿਨ ਹੁੰਦਾ ਹੈ। ਜੇਕਰ ਇਸ ਵੇਲੇ ਕੋਈ ਅਜਿਹੀ ਭਾਵਨਾ ਹੈ ਜਿਹੜੀ ਹੁਣ ਤੱਕ ਤੁਹਾਨੂੰ ਚੋਣਾਂ ਕਰਨ 'ਤੇ ਮਜਬੂਰ ਕਰਦੀ ਰਹੀ ਹੈ ਤਾਂ ਤੁਹਾਨੂੰ ਉਸ ਨੂੰ ਅੰਗੀਕਾਰ ਕਰਨਾ ਹੀ ਪੈਣਾ ਹੈ ਤੇ ਕਿਸੇ ਨਾ ਕਿਸੇ ਤਰੀਕੇ ਉਸ ਨਾਲ ਗ਼ੁਜ਼ਾਰਾ ਕਰਨਾ ਪੈਣਾ ਹੈ। ਵੈਸੇ ਇਹ ਕੋਈ ਇੰਨੀ ਮਾੜੀ ਗੱਲ ਵੀ ਨਹੀਂ!
ਜਦੋਂ ਵੀ ਸਾਨੂੰ ਇਸ ਤਰ੍ਹਾਂ ਲੱਗੇ ਕਿ ਸਾਡੀਆਂ ਮੁਸ਼ਕਿਲਾਂ ਉਨ੍ਹਾਂ ਲੋਕਾਂ ਜਾਂ ਤਾਕਤਾਂ ਵੱਲੋਂ ਪੈਦਾ ਕੀਤੀਆਂ ਹੋਈਆਂ ਹਨ ਜਿਹੜੇ ਸਾਡੇ ਵੱਸ ਤੋਂ ਬਾਹਰ ਹਨ ਤਾਂ ਸਾਨੂੰ ਰੁੱਕ ਕੇ ਸੋਚਣਾ ਚਾਹੀਦਾ ਹੈ। ਕਈ ਵਾਰ, ਅਸੀਂ ਇਸ ਲਈ ਆਪਣੇ ਆਪ ਨੂੰ ਹਾਲਾਤ ਦੇ ਸ਼ਿਕਾਰ ਹੋਏ ਦਿਖਾਉਂਦੇ ਹਾਂ ਕਿਉਂਕਿ ਅਸੀਂ ਆਪਣੀ ਤਾਕਤ ਦੀ ਪੂਰੀ ਤੀਬਰਤਾ ਨੂੰ ਕਬੂਲ ਕਰਨ ਤੋਂ ਕਤਰਾ ਰਹੇ ਹੁੰਦੇ ਹਾਂ। ਤੇ ਕਈ ਵਾਰ, ਅਸੀਂ ਸਥਿਤੀਆਂ ਜਾਂ ਹਾਲਾਤ ਨੂੰ ਸਿਰਜਣ ਵਿੱਚ ਆਪਣਾ ਰੋਲ ਦੇਖਣ ਵਿੱਚ ਨਾਕਾਮ ਹੁੰਦੇ ਹਾਂ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਸਭ ਕੁੱਝ ਤੁਹਾਡੇ 'ਤੇ ਨਿਜੀ ਤੌਰ 'ਤੇ ਲਾਗੂ ਹੁੰਦਾ ਹੈ। ਹੋ ਸਕਦਾ ਹੈ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਨਿਰਬਾਹ ਕਰ ਰਹੇ ਹੋ ਜਿਹੜਾ ਕੁੱਝ ਵੀ ਮੰਨਣ ਨੂੰ ਤਿਆਰ ਹੀ ਨਹੀਂ। ਉਹ ਹਰ ਸ਼ੈਅ ਤੋਂ, ਹਰ ਸੁਝਾਅ ਤੋਂ ਮੁਨਕਰ ਹੋ ਰਿਹਾ ਹੋ ਸਕਦਾ ਹੈ। ਪਰ ਜਿੱਥੇ ਕਿਤੇ ਵੀ ਇਸ ਵੇਲੇ ਸੱਚ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ, ਉਹ ਛੇਤੀ ਹੀ ਪਿਆਰ ਨਾਲ ਸਿੱਧਾ ਕੀਤਾ ਜਾ ਸਕਦਾ ਹੈ।
ਅਕਸਰ ਅਸੀਂ ਆਪਣੇ ਆਪ ਨੂੰ ਅਜਿਹੀਆਂ ਪਰਿਸਥਿਤੀਆਂ ਵਿੱਚ ਪਾਉਂਦੇ ਹਾਂ ਕਿ ਸਾਨੂੰ ਸੋਚਣਾ ਪੈਂਦਾ ਹੈ ਕਿ ਅਸੀਂ ਆਖ਼ਿਰ ਇਨ੍ਹਾਂ ਵਿੱਚ ਫਸੇ ਕਿਵੇਂ। ਸਾਨੂੰ ਕਿਸ ਨੇ ਇੱਥੇ ਪਹੁੰਚਾਇਆ? ਅਸੀਂ ਪਿਛਲੇ ਜਨਮ ਵਿੱਚ ਕਿਹੜਾ ਅਜਿਹਾ ਗ਼ੁਨਾਹ ਕੀਤਾ ਸੀ ਕਿ ਇੱਥੇ ਪਹੁੰਚ ਗਏ? ਅਸੀਂ ਲੋਕਾਂ ਤੇ ਹਾਲਾਤ ਨੂੰ ਦੋਸ਼ੀ ਠਹਿਰਾਉਂਦੇ ਹਾਂ, ਪਰ ਬਹੁਤ ਹੀ ਘੱਟ ਅਸੀਂ ਇਹ ਤਸਲੀਮ ਕਰਨ ਨੂੰ ਤਿਆਰ ਹੁੰਦੇ ਹਾਂ ਕਿ ਇਹ ਸਾਡੇ ਵੱਲੋਂ ਕੀਤੀਆਂ ਹੋਈਆਂ ਚੋਣਾਂ ਹੀ ਹਨ ਜਿਨ੍ਹਾਂ ਕਾਰਨ ਅਸੀਂ ਉੱਥੇ ਹਾਂ ਜਿੱਥੇ ਅਸੀਂ ਹਾਂ। ਤੁਹਾਨੂੰ ਇਸ ਵੇਲੇ ਇਹ ਪਛਾਨਣ ਦੀ ਲੋੜ ਹੈ ਕਿ ਕਿਸੇ ਭਾਵਨਾਤਮਕ ਨਾਟਕ ਦੇ ਨਤੀਜੇ ਨੂੰ ਪ੍ਰਭਾਵਿਤ ਕਰਨ ਦੀ ਤੁਹਾਡੇ ਕੋਲ ਕਿੰਨੀ ਤਾਕਤ ਹੈ। ਸਭ ਕੁੱਝ ਇਸ 'ਤੇ ਨਿਰਭਰ ਨਹੀਂ ਕਰਦਾ ਕਿ ਕੋਈ ਹੋਰ ਕੀ ਕਰਦਾ ਹੈ, ਜਾਂ ਕੋਈ ਹੋਰ ਕੀ ਚਾਹੁੰਦਾ ਹੈ। ਸਭ ਕੁੱਝ, ਦਰਅਸਲ, ਇਸ ਗੱਲ 'ਤੇ ਨਿਰਭਰ ਹੈ ਕਿ ਤੁਸੀਂ ਕੀ ਕਰਦੇ ਹੋ ... ਅਤੇ ਕੀ ਚਾਹੁੰਦੇ ਹੋ!
ਜੇਕਰ ਤੁਹਾਡੇ ਕੋਲ ਕੇਵਲ 'ੳ' ਜਾਂ 'ਅ' ਦੀ ਚੋਣ ਹੋਵੇ ਤਾਂ, ਬੇਸ਼ੱਕ ਫ਼ੈਸਲਾ ਕਰਨਾ ਥੋੜ੍ਹਾ ਕਠਿਨ ਤਾਂ ਹੁੰਦਾ ਹੈ, ਘਟੋਘੱਟ ਇਹ ਸਪਸ਼ਟ ਤਾਂ ਹੁੰਦਾ ਹੈ ਕਿ ਅਸੀਂ ਕੀ ਕਰਨਾ ਹੈ। ਜੇਕਰ ਚੋਣ 'ੳ', 'ਡ', 'ਬ', 'ਕ' ਜਾਂ 'ਜ' ਦਰਮਿਆਨ ਹੋਵੇ ਤਾਂ ਤੁਸੀਂ ਜ਼ਰੂਰ ਹੀ ਚੱਕਰ ਵਿੱਚ ਪੈ ਜਾਓਗੇ। ਇਸੇ ਕਾਰਨ, ਜ਼ਿੰਦਗੀ ਵਿੱਚ ਅਕਸਰ, ਅਸੀਂ ਉਨ੍ਹਾਂ ਢੰਗਾਂ ਨੂੰ ਲਭਦੇ ਹਾਂ ਜਿਨ੍ਹਾਂ ਨਾਲ ਅਸੀਂ ਆਪਣੀਆਂ ਚੋਣਾਂ ਦੇ ਦਾਇਰੇ ਨੂੰ ਸਿਮਿਤ ਕਰ ਸਕੀਏ ਨਾ ਕੇ ਹੋਰ ਵਸੀਹ। ਅਕਸਰ, ਸ਼ੰਕੇ ਵਿੱਚ ਹੋਣ ਦੀ ਪੀੜ ਇੰਨੀ ਅਸਹਿ ਹੁੰਦੀ ਹੈ ਕਿ ਕੋਈ ਵੀ ਬਦਲ, ਚਾਹੇ ਉਹ ਕਿੰਨਾ ਵੀ ਵਿਹਾਰਕ ਤੇ ਲਲਚਾਵਾਂ ਕਿਉਂ ਨਾ ਜਾਪਦਾ ਹੋਵੇ, ਇੰਤਜ਼ਾਰ ਦੇ ਕਾਬਿਲ ਨਹੀਂ ਹੁੰਦਾ। ਇਸ ਵੇਲੇ ਤੁਸੀਂ ਦੋ ਹਿੱਸਿਆਂ ਵਿੱਚ ਵੰਡੇ ਮਹਿਸੂਸ ਕਰ ਰਹੇ ਹੋ ਅਤੇ ਇਹ ਅਹਿਸਾਸ ਕਦੇ ਵੀ ਸੁਆਦਲਾ ਨਹੀਂ ਹੋ ਸਕਦਾ। ਸਥਿਤੀ ਨੂੰ ਸਰਲ ਬਣਾਓ। ਆਪਣੇ ਦਿਲ ਦੀ ਆਵਾਜ਼ ਸੁਣੋ। ਅਤੇ ਉਸ 'ਤੇ ਕਾਰਜਸ਼ੀਲ ਹੋਵੋ!