
ਕਈ ਵਾਰ, ਇੰਝ ਲੱਗਦੈ ਕਿ ਸਾਡੀਆਂ ਮੁਸ਼ਕਿਲਾਂ ਸਦਾ ਲਈ ਸਾਡੇ ਖਹਿੜੇ ਪੈ ਗਈਆਂ ਹਨ। ਜੋ ਗ਼ਲਤ ਹੈ, ਅਸੀਂ ਉਸ ਦੀ ਪਛਾਣ ਕਰਦੇ ਹਾਂ। ਜੋ ਬਦਲਣ ਦੀ ਲੋੜ ਹੈ, ਉਸ ਬਾਰੇ ਵਿਚਾਰ ਕਰਦੇ ਹਾਂ। ਜਿਸ ਦੀ ਤਾਂਘ ਹੈ, ਉਸ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਨੂੰ ਅਸੀਂ ਬਦਲ ਨਹੀਂ ਸਕਦੇ, ਉਸ ਨੂੰ ਕਬੂਲ ਕਰਨਾ ਸਿੱਖਦੇ ਹਾਂ ਅਤੇ ਫ਼ਿਰ ਗ਼ਮਗੀਨ ਹੋ ਜਾਂਦੇ ਹਾਂ। ਫ਼ਿਰ ਵੀ, ਸਾਰੀਆਂ ਸਥਿਤੀਆਂ ਬਦਲਦੀਆਂ ਹਨ, ਅਤੇ ਸੁਧਾਰ ਕਦੇ ਵੀ ਉੰਨੇ ਦੂਰ ਨਹੀਂ ਹੁੰਦੇ ਜਿੰਨਾ ਸਾਨੂੰ ਡਰ ਹੁੰਦੈ। ਜਿੱਥੇ ਤੁਸੀਂ ਇਸ ਵੇਲੇ ਹੋ, ਉੱਥੋਂ ਇੱਕ ਸੜਕ ਚੰਗੇ ਤੇ ਉੱਜਲ ਭਵਿੱਖ ਵੱਲ ਜਾਂਦੀ ਹੈ। ਇਹ ਵਿਸ਼ਵਾਸ, ਧੀਰਜ ਅਤੇ ਮੁਆਫ਼ੀ ਦੀ ਸੜਕ ਹੈ। ਇਸ 'ਤੇ ਹਿੰਮਤ ਨਾਲ ਚੱਲਣਾ ਸ਼ੁਰੂ ਕਰੋ, ਅਤੇ ਕੋਈ ਮੁਬਾਰਕ ਮੰਜ਼ਿਲ ਤੁਹਾਡੇ ਇਸ ਉਪਰਾਲੇ ਨੂੰ ਦੇਖੇਗੀ ਤੇ ਤੁਹਾਨੂੰ ਮਿਲਣ ਲਈ ਅੱਗੇ ਵਧਣਾ ਸ਼ੁਰੂ ਕਰ ਦੇਵੇਗੀ।
ਕੀ ਤੁਸੀਂ ਬਹੁਤ ਕੁਝ ਮੰਗ ਰਹੇ ਹੋ? ਕੀ ਤੁਸੀਂ ਬਹੁਤ ਉੱਚੇ ਟੀਚੇ ਮਿਥ ਲਏ ਹਨ? ਕੀ ਹਾਲੀਆ ਨਿਰਾਸ਼ਾਜਨਕ ਤਜਰਬੇ ਕਿਸੇ ਗ਼ੈਰਵਿਹਾਰਕ ਉਮੀਦ ਦਾ ਕੋਈ 'ਸਾਈਡ ਇਫ਼ੈਕਟ' ਵੀ ਹੋ ਸਕਦੇ ਹਨ? ਮੈਂ ਇਹ ਸਭ ਸਿਰਫ਼ ਇਸ ਲਈ ਪੁੱਛ ਰਿਹਾ ਹਾਂ ਕਿਉਂਕਿ ਮੈਨੂੰ ਪਤੈ ਕਿ ਤੁਸੀਂ ਵੀ ਇਸ ਵੇਲੇ ਅਜਿਹੇ ਹੀ ਸਵਾਲ ਪੁੱਛਣ ਲਈ ਤੜਫ਼ ਰਹੇ ਹੋ। ਪਰ ਇਹ ਕੋਈ ਕਾਰਨ ਨਹੀਂ ਕਿ ਤੁਸੀਂ ਕਿਸੇ, ਦੂਜੇ ਦਰਜੇ ਦੇ, ਆਰਜ਼ੀ ਸਮਝੌਤੇ ਲਈ ਰਾਜ਼ੀ ਹੋ ਜਾਓ। ਤੁਸੀਂ
ਕੁਝ ਮੁਸ਼ਕਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਕੁਦਰਤਨ, ਅਜਿਹਾ ਕਰਨਾ ਸੌਖਾ ਨਹੀਂ। ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਇਹ ਕਾਰਜ ਨਾਮੁਮਕਿਨ ਹੈ। ਤੁਹਾਡਾ ਇੱਕ ਸੰਭਾਵੀ ਸਹਿਯੋਗੀ ਮੌਜੂਦ ਹੈ। ਤੁਸੀਂ ਇਹ ਦੇਖ ਕੇ ਹੈਰਾਨ ਜ਼ਰੂਰ ਹੋਵੇਗੇ ਕਿ ਤੁਹਾਡੀ ਮਦਦ ਦਾ ਪ੍ਰਸਤਾਵ ਕਿੱਧਰੋਂ ਆ ਰਿਹੈ, ਪਰ ਇਹ ਇਸ ਨੂੰ ਨਕਾਰਨ ਦਾ ਕੋਈ ਕਾਰਨ ਨਹੀਂ।
ਸੋਚੋ ਕਿ ਤੁਹਾਡੀ ਉਮਰ ਕਿੰਨੀ ਹੋ ਚੁੱਕੀ ਹੈ, ਤੁਸੀਂ ਕਿੰਨਾ ਜੀ ਚੁੱਕੇ ਹੋ, ਤੁਸੀਂ ਕਿੰਨਾ ਕੁਝ ਹੰਢਾ ਚੁੱਕੇ ਹੋ। ਠੀਕ ਹੈ, ਬਹੁਤ ਹੋਇਆ। ਅਸੀਂ ਇਸ 'ਤੇ ਹੋਰ ਜਿਰਾਹ ਨਹੀਂ ਕਰਨਾ ਚਾਹੁੰਦੇ ਕਿਉਂਕਿ ਨਹੀਂ ਤਾਂ ਤੁਸੀਂ ਦੌੜ ਕੇ ਸ਼ੀਸ਼ੇ ਸਾਹਮਣੇ ਜਾ ਕੇ ਬਾਰ-ਬਾਰ ਇਹ ਦੇਖਣਾ ਚਾਹੋਗੇ ਕਿ ਕਿਤੇ ਇਹ ਸਭ ਤੁਹਾਡੇ ਚਿਹਰੇ ਤੋਂ ਤਾਂ ਨਹੀਂ ਝਲਕਦਾ। ਮੇਰਾ ਵਿਸ਼ਵਾਸ ਕਰੋ, ਅਜਿਹਾ ਬਿਲਕੁਲ ਨਹੀਂ। ਤੁਹਾਡੇ ਵਰਗੇ ਲੋਕ ਪੁਰਾਣੀਆਂ ਸ਼ਰਾਬਾਂ ਵਾਂਗ ਮਸ਼ਹੂਰ ਹਨ। ਉਹ ਵਧਦੀ ਉਮਰ ਦੇ ਨਾਲ ਨਾਲ ਵਧੇਰੇ ਆਕਰਸ਼ਿਤ ਕਰਦੇ ਹਨ। ਤੁਹਾਡੀਆਂ ਅੱਖਾਂ ਵਿੱਚ ਹਾਲੇ ਵੀ ਚਮਕ ਹੈ। ਤੁਹਾਡਾ ਦਿਲ ਹਾਲੇ ਵੀ ਜਵਾਨੀ ਦੀਆਂ ਨਾਦਾਨੀਆਂ ਵਿੱਚ ਧੜਕਦਾ ਹੈ। ਵਾਕਈ, ਇਹ ਵੀ ਇੱਕ ਕਾਰਨ ਹੈ ਕਿ ਤੁਸੀਂ ਇਸ ਵੇਲੇ ਮੁਸੀਬਤ ਵਿੱਚ ਫਸੇ ਹੋਏ ਹੋ। ਇਹ ਹੈ ਵੇਲਾ ਉਸ ਅਧਿਕਾਰ ਨੂੰ ਜਤਾਉਣ ਦਾ ਜਿਹੜਾ ਤੁਸੀਂ ਕਮਾਇਆ ਹੈ।
ਜੇਕਰ ਮੁਰਦੇ ਬੋਲ ਸਕਦੇ ਤਾਂ ਉਹ ਕੀ ਕਹਿੰਦੇ? ਕੁਝ ਲੋਕਾਂ ਦੇ ਵਿੱਛੜੇ ਪੂਰਵਜਾਂ ਦੀਆਂ ਆਵਾਜ਼ਾਂ ਉਨ੍ਹਾਂ ਦਾ ਹਰ ਸਮੇਂ ਪਿੱਛਾ ਕਰਦੀਆਂ ਤੇ ਉਨ੍ਹਾਂ ਦਾ ਤਰਾਹ ਕਢਦੀਆਂ ਰਹਿੰਦੀਆਂ ਹਨ। ਉਹ ਗੁੱਸੈਲ ਰੂਹਾਂ ਨੂੰ ਦੇਖ ਕੇ ਘਬਰਾ ਜਾਂਦੇ ਹਨ। ਪਰ ਹਰ ਵਿੱਛੜੀ ਰੂਹ - ਚੰਗੀ ਜਾਂ ਮਾੜੀ, ਰਹਿਮਦਿਲ ਜਾਂ ਸਵਾਰਥੀ - ਦਾ ਜੀਵਤ ਵਿਅਕਤੀਆਂ ਲਈ ਕੇਵਲ ਇੱਕ ਹੀ ਸੁਨੇਹਾ ਹੁੰਦਾ ਹੈ। 'ਇਸ ਜ਼ਿੰਦਗੀ ਦਾ ਆਨੰਦ ਮਾਣੋ, ਇਹ ਸਦਾ ਨਹੀਂ ਰਹਿਣੀ!' ਇਸ ਵੇਲੇ ਹਰ ਸਥਿਤੀ ਅਤੇ ਹਾਲਾਤ ਰਾਹੀਂ ਤੁਹਾਨੂੰ ਵੀ ਇਹੋ ਸੁਨੇਹਾ ਘੱਲਿਆ ਜਾ ਰਿਹਾ ਹੈ, ਬੇਸ਼ੱਕ ਤੁਹਾਨੂੰ ਇਹ ਪਸੰਦ ਹੋਵੇ ਜਾਂ ਨਾ। ਆਸਮਾਨ ਵੀ ਤੁਹਾਨੂੰ ਇਹੋ ਗੱਲ ਕਹਿ ਰਿਹਾ ਹੈ। ਇਹ ਤੁਹਾਡੇ ਪਲ ਹਨ। ਇਨ੍ਹਾਂ ਨੂੰ ਜਾਦੂਈ ਬਣਾਉਣ ਦਾ ਮੌਕਾ ਬੋਚੋ!
ਕਈ ਵਾਰ ਇੰਝ ਪ੍ਰਤੀਤ ਹੁੰਦਾ ਹੈ ਕਿ ਕੁਝ ਲੋਕ ਸਰਗਰਮੀ ਨਾਲ ਦੁਖੀ ਹੋਣ ਦੀ ਕੋਸ਼ਿਸ਼ ਕਰਦੇ ਹਨ। ਉਹ ਉਨ੍ਹਾਂ ਸਾਰੇ ਹਲਾਂ ਨੂੰ ਨਕਾਰਦੇ ਰਹਿੰਦੇ ਹਨ ਜਿਹੜੇ ਉਨ੍ਹਾਂ ਲਈ ਮਦਦਗਾਰ ਸਾਬਤ ਹੋ ਸਕਦੇ ਹੋਣ। ਉਹ ਉਨ੍ਹਾਂ ਤਥਾਂ ਦੀ ਅਣਦੇਖੀ ਕਰਦੇ ਹਨ ਜਿਹੜੇ ਉਨ੍ਹਾਂ ਨੂੰ ਰਾਹਤ ਦੇ ਸਕਦੇ ਹਨ, ਬਸ਼ਰਤੇ ਉਹ ਉਨ੍ਹਾਂ ਨੂੰ ਮਾਨਤਾ ਦੇਣ। ਸਾਡੇ ਸਾਰਿਆਂ ਦੇ ਧੁੱਰ ਅੰਦਰ ਨਿਰਾਸ਼ਾ ਦਾ ਇੱਕ ਡੂੰਘਾ ਟੋਇਆ ਹੈ। ਤੇ ਸਾਡੇ ਸਾਰਿਆਂ ਦੇ ਅੰਦਰ ਹੀ ਆਸ ਦੀ ਇੱਕ ਕਿਰਨ ਵੀ। ਇੱਥੋਂ ਤੱਕ ਕਿ ਜੇ ਅਸੀਂ ਕਿਸੇ ਸਥਿਤੀ ਦਾ ਕੇਵਲ ਇੱਕ ਪਾਸਾ ਹੀ ਦੇਖ ਸਕਦੇ ਹੋਈਏ, ਉਸ ਦਾ ਦੂਸਰਾ ਪਹਿਲੂ ਵੀ ਉਜਾਗਰ ਹੋ ਜਾਂਦਾ ਹੈ! ਇਸ ਵੇਲੇ ਤੁਹਾਡੇ ਜੀਵਨ ਵਿੱਚ ਅਸਲੀ ਆਨੰਦ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ। ਪਰ ਇਹ ਰਾਹਤ ਕਿਸੇ ਵਿਅਕਤੀ ਜਾਂ ਸ਼ੈਅ ਵੱਲੋਂ ਨਹੀਂ ਲਿਆਂਦੀ ਜਾਵੇਗੀ। ਇਸ ਨੂੰ ਲਿਆਉਣ ਵਾਲੇ ਤੁਸੀਂ ਖ਼ੁਦ ਹੋਵੋਗੇ!