Thursday, 23 February 2012 13:15
Print PDF

ਡਾ. ਜਸਪਾਲ ਸਿੰਘਟਰੈਕਿੰਗ ਕਰਨਾ ਹਰੇਕ ਬੰਦੇ ਦੇ ਵੱਸ ਦੀ ਗੱਲ ਹੈ, ਪਰ ਵੱਸ ਹਰੇਕ ਦਾ ਨਹੀਂ ਚੱਲਦਾ। ਕੋਈ ਕਿਸਮਤ ਵਾਲਾ ਹੀ ਪਹਾੜੀ ਪਗਡੰਡੀਆਂ ਦੀ ਖੂਬਸੂਰਤੀ, ਪਹਾੜਾਂ ਦੀ ਚੁੱਪ, ਨਦੀ ਦੇ ਪਾਣੀਆਂ ਦਾ ਜਾਦੂਮਈ ਅਤੇ ਦਿਲਕਸ਼ ਸ਼ੋਰ, ਝਰਨਿਆਂ ਦੀ ਕਲ-ਕਲ, ਜੰਗਲੀ ਹਵਾ ਦੀ ਸ਼ਾਂ-ਸ਼ਾਂ, ਚਿੱਬ-ਖੜਿੱਬੀ ਧੁੱਪ, ਪਾਣੀ ਦੇ ਗਰਮ ਸੋਮਿਆਂ ਵਿਚੋਂ ਨਿਕਲਦੀ ਭਾਫ ਅਤੇ ਜੰਗਲੀ ਪੰਖੇਰੂਆਂ-ਜਾਨਵਰਾਂ ਦੇ ਸਾਥ ਨੂੰ ਮਾਣ ਸਕਦਾ ਹੈ।ਅਸੀਂ ਮਨੀਕਰਨ ਤੋਂ ਖੀਰਗੰਗਾ ਤੱਕ ਟਰੈਕਿੰਗ ਕਰਨ ਦਾ ਪ੍ਰੋਗਰਾਮ ਬਣਾਇਆ।  ਮਨੀਕਰਨ ਤੋਂ ਖੀਰਗੰਗਾ ਵਾਦੀ ਲੱਗਭੱਗ 30 ਕਿਲੋਮੀਟਰ ਅਤੇ ਵਰਸ਼ੈਣੀ ਤੋਂ 16 ਕਿਲੋਮੀਟਰ ਦੂਰ ਹੈ। ਪਹਿਲਾਂ ਮਨੀਕਰਨ ਤੋਂ ਖੀਰ ਗੰਗਾ ਤੱਕ ਟਰੈਕਿੰਗ ਦਾ ਪੈਦਲ ਰਸਤਾ ਹੁੰਦਾ ਸੀ, ਪਰ ਹੁਣ ਵਰਸ਼ੈਣੀ ਤੱਕ ਪੱਕੀ ਸੜਕ ਬਣ ਗਈ ਹੈ।

ਵਰਸ਼ੈਣੀ ਵਿਖੇ ਤੋਸ਼ੇ ਨਾਲੇ ਅਤੇ ਪਾਰਬਤੀ ਨਦੀ ਦੇ  ਸੰਗਮ ਉਪਰ ਇਕ ਡੈਮ ਬਣ ਰਿਹਾ ਹੈ। ਜਦ ਵਰਸ਼ੈਣੀ ਤੋਂ ਅਸੀਂ ਪਗਡੰਡੀ ਰਾਹੀਂ ਥੱਲੇ ਵਾਦੀ ਵਿਚ ਉਤਰਨ ਲੱਗੇ ਤਾਂ ਸਾਡੇ ਪਿੱਛੇ-ਪਿੱਛੇ ਇਕ ਵਿਦੇਸ਼ੀ ਜੋੜਾ ਵੀ ਆਉਂਦਾ ਦਿਖਾਈ ਦਿੱਤਾ। ਪੁੱਛਣ 'ਤੇ ਪਤਾ ਲੱਗਿਆ ਕਿ ਇਨ੍ਹਾਂ ਨੇ ਵੀ ਖੀਰਗੰਗਾ ਜਾਣਾ ਸੀ। ਸਾਡੀ ਸੱਤਾਂ ਜਣਿਆਂ ਦੀ ਟੋਲੀ ਹੇਠਾਂ ਵਾਦੀ ਵਿਚ ਉਤਰਨ ਲੱਗੀ। ਸ਼ੁਰੂ ਵਿਚ ਹੀ ਪਗਡੰਡੀ ਰੋੜਾਂ ਅਤੇ ਤਿੱਖੀ ਢਲਾਣ ਵਾਲੀ ਸੀ। ਅਸੀਂ ਬੋਚ-ਬੋਚ ਪੱਬ ਰੱਖ ਰਹੇ ਸਾਂ। ਤੋਸ਼ੇ ਨਾਲੇ ਉਪਰ ਬਣੇ ਲੱਕੜੀ ਦੇ ਪੁਲ ਰਾਹੀਂ ਅਸੀਂ ਨਾਲੇ ਨੂੰ ਪਾਰ ਕੀਤਾ ਤੇ ਅੱਗੇ ਸਿੱਧੀ ਚੜ੍ਹਾਈ ਸ਼ੁਰੂ ਹੋ ਗਈ। ਦੁਪਹਿਰ ਦਾ ਸਮਾਂ ਹੋਣ ਕਰਕੇ ਪਹਿਲੀ ਚੜ੍ਹਾਈ ਚੜ੍ਹਦਿਆਂ ਹੀ ਸਾਰ ਹਫਣ ਲੱਗੇ। ਗਰਮੀ ਹੋਣ ਕਰਕੇ ਅਤੇ ਟਰੈਕਿੰਗ ਦਾ ਅਭਿਆਸ ਨਾ ਹੋਣ ਕਰਕੇ ਸਾਰੇ ਇਕ ਵਾਰੀ ਤਾਂ ਸੋਚੀਂ ਪੈ ਗਏ, ਪਰ ਫਿਰ ਹੌਲੀ ਹੌਲੀ ਆਪਣੇ ਆਪ ਨੂੰ ਤਸੱਲੀ ਦਿੰਦਿਆਂ ਅਤੇ ਆਤਮ ਵਿਸ਼ਵਾਸ ਦੇ ਸਹਾਰੇ ਅੱਗੇ ਤੁਰ ਪਏ। ਰਸਤੇ ਵਿਚ ਬਹੁਤ ਸਾਰੀਆਂ ਥਾਵਾਂ ਉਪਰ ਨਿਰਮਲੇ ਸਾਧੂ ਮਿਲੇ। ਜੈ ਸ੍ਰੀਰਾਮ ਅਤੇ ਜੈ ਭੋਲੇ ਸ਼ੰਕਰ ਦੇ ਜੈਕਾਰੇ ਬੁਲਾਉਂਦੇ ਉਹਨਾਂ ਦੀ ਸੁਰ ਵਿਚ ਸੁਰ ਮਿਲਾਉਂਦੇ ਅਸੀਂ ਅੱਗੇ ਤੁਰਦੇ ਰਹੇ। ਪਹਾੜ ਦੀ ਟੀਸੀ ਉਪਰ ਪਹੁੰਚੇ ਤਾਂ ਸੱਜੇ ਪਾਸੇ ਦੇਵਦਾਰ ਦੇ ਰੁੱਖਾਂ ਨਾਲ ਢਕੇ ਪਹਾੜ ਅਤੇ ਪਹਾੜਾਂ ਵਿਚ ਕਈ ਕਈ ਥਾਈਂ ਵਗਦੇ ਚਾਂਦੀ ਰੰਗੇ ਝਰਨੇ ਦਿਖਾਈ ਦਿੱਤੇ, ਜਿਹੜੇ ਪਹਾੜ ਦੇ ਸਿਖਰ ਤੋਂ ਹੇਠਾਂ ਇਉਂ ਪਲਮੇਂ ਹੋਏ ਸਨ ਜਿਵੇਂ ਕਿਸੇ ਬੱਚੇ ਨੇ ਕਾਲੀ ਸੜਕ ਉਪਰ ਚਿੱਟੇ ਚਾਕ ਨਾਲ ਵਿੰਗ-ਤੜਿੰਗੀ ਲੀਕ ਵਾਹ ਦਿੱਤੀ ਹੋਵੇ।ਪਗਡੰਡੀ ਦੇ ਨਾਲ ਨਾਲ ਕਈ ਵੱਡੀਆਂ-ਛੋਟੀਆਂ ਗੁਫਾਵਾਂ ਦਿੱਸੀਆਂ, ਜਿਹਨਾਂ ਵਿਚ ਰਾਤ-ਬਰਾਤੇ ਨਿਰਮਲੇ ਸਾਧੂ ਅਤੇ ਖੀਰਗੰਗਾ ਆਉਣ ਜਾਣ ਵਾਲੇ ਯਾਤਰੂ ਠਹਿਰਦੇ ਹਨ। ਬਹੁਤ ਸਾਰੇ ਵਿਦੇਸ਼ੀ ਯਾਤਰੀ ਸਾਨੂੰ ਖੀਰਗੰਗਾ ਤੋਂ ਵਾਪਸ ਆਉਂਦੇ ਮਿਲੇ। ਉਹਨਾਂ ਨਾਲ ਸਾਡੀਆਂ ਨਜ਼ਰਾਂ ਮਿਲੀਆਂ। ਅਸੀਂ ਹੈਲੋ ਕਹਿ ਕੇ ਵਿਸ਼ ਕੀਤਾ, ਪਰ ਉਹਨਾਂ ਨੇ ਸਾਡੀ ਹੈਲੋ ਦਾ ਜਵਾਬ ਨਮਸਤੇ ਵਿਚ ਦਿੱਤਾ। ਅਸੀਂ ਬੜੇ ਹੈਰਾਨ ਹੋਏ ਕਿ ਉਹ ਸਾਡੀ ਭਾਸ਼ਾ ਬੋਲ ਰਹੇ ਸਨ ਅਤੇ ਅਸੀਂ ਉਹਨਾਂ ਦੀ। ਅਸੀਂ ਹੌਲੀ ਹੌਲੀ ਰੋੜਾਂ ਭਰੀ, ਪਤਲੀ ਅਤੇ ਪੱਥਰਾਂ ਵਿਚੋਂ ਦੀ ਹੁੰਦੀ ਪਗਡੰਡੀ ਰਾਹੀਂ ਰਸਤੇ ਵਿਚ ਪੈਂਦੇ ਛੋਟੇ ਜਿਹੇ ਪਿੰਡ 'ਨਕਥਨ' ਪਹੁੰਚ ਗਏ।ਨਕਥਨ ਪਿੰਡ ਵੜਦਿਆਂ ਹੀ ਸਾਡਾ ਸਵਾਗਤ ਪਿੰਡ ਦੇ ਬਾਹਰ ਬਣੀ ਚਾਹ ਦੀ ਦੁਕਾਨ ਨੇ ਕੀਤਾ। ਅਸੀਂ ਥੋੜ੍ਹੀ ਦੇਰ ਆਰਾਮ ਕੀਤਾ ਤੇ ਚਾਹ ਪੀਤੀ। ਸਾਡੇ ਮਨ ਵਿਚ ਪਹਿਲਾ ਪੜਾਅ ਪਾਰ ਕਰਨ ਦੀ ਖੁਸ਼ੀ ਵੀ ਨਜ਼ਰ ਆਈ। ਜਦ ਅਸੀਂ ਅੱਗੇ ਤੁਰਨ ਲੱਗੇ ਤਾਂ ਪਿੱਛੇ ਰਹਿ ਗਿਆ ਵਿਦੇਸ਼ੀ ਜੋੜਾ ਵੀ ਸਾਹੋ-ਸਾਹ ਹੋਇਆ ਉਥੇ ਪਹੁੰਚ ਗਿਆ। ਉਹਨਾਂ ਨਾਲ ਸਰਸਰੀ ਜਿਹੀ ਸੰਖੇਪ ਜਾਣ-ਪਛਾਣ ਹੋਈ। ਕੁੜੀ ਦਾ ਨਾਂ ਈਵਾ ਅਤੇ ਮੁੰਡੇ ਦਾ ਨਾਂ ਰਾਮ ਸੀ। ਅਸੀਂ ਫਿਰ ਅੱਗੇ ਵਧਣ ਲੱਗੇ। ਇਸ ਪਿੰਡ ਵਿਚ ਕੋਈ 15-20 ਘਰ ਹੋਣਗੇ ਤੇ ਸਾਰੇ ਘਰ ਪਗਡੰਡੀ ਦੇ ਦੋਵੇਂ ਪਾਸੇ ਲੱਕੜੀ ਦੇ ਬਣੇ ਹੋਏ ਹਨ। ਇਉਂ ਲੱਗ ਰਿਹਾ ਸੀ ਜਿਵੇਂ ਅਸੀਂ ਤਿੱਬਤੀ ਸਭਿਅਤਾ ਵਿਚ ਪਹੁੰਚ ਗਏ ਹੋਈਏ। ਘਰਾਂ ਵਿਚ ਵਰਤੀ ਗਈ ਲੱਕੜੀ ਉਪਰ ਬੜੀ ਮਹੀਨ ਖੁਦਾਈ ਕੀਤੀ ਗਈ ਸੀ। ਪਿੰਡ ਦੇ ਵਿਚਕਾਰ ਇਕ ਛੋਟੀ ਜਿਹੀ ਧਰਮਸ਼ਾਲਾ ਸੀ। ਇਸ ਦੇ ਅੰਦਰ ਜਾ ਕੇ ਦੇਖਿਆ ਤਾਂ ਕੁਝ ਅੱਧ ਜਲੀਆਂ ਲੱਕੜਾਂ ਪਈਆਂ ਸਨ। ਕੇਲਿਆਂ ਵਿਚ ਬਣਾਏ ਆਲੇ ਅਤੇ ਇਸ ਦੇ ਵਰਾਂਡੇ ਦਾ ਡਿਜ਼ਾਇਨ ਇੱਥੇ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਸੀ। ਉਥੇ ਇਹ ਕਿਸੇ ਕਲਾਕਾਰ ਦੀ ਕਲਾ ਦਾ ਅਦਭੁਤ ਨਮੂਨਾ ਵੀ ਪੇਸ਼ ਕਰਦਾ ਸੀ।ਇਸੇ ਪਿੰਡ ਵਿਚ ਹੀ ਸਾਨੂੰ ਇਕ ਅੱਧਖੜ੍ਹ ਉਮਰ ਦਾ ਬੰਦਾ ਪਗਡੰਡੀ 'ਤੇ ਖੜ੍ਹਾ ਦਿਖਾਈ ਦਿੱਤਾ। ਉਸ ਨੇ ਸਾਡੇ ਕੋਲੋਂ ਸਰਸਰੀ ਜਿਹੀ ਜਾਣ-ਪਛਾਣ ਪੁੱਛੀ ਅਤੇ ਸਾਨੂੰ 'ਮਾਲ (ਹਸ਼ੀਸ਼/ਭੰਗ) ਲੈਣ ਲਈ ਕਿਹਾ। ਅਸੀਂ ਬੜੇ ਹੈਰਾਨ ਹੋਏ। ਸਾਨੂੰ ਇਹ ਤਾਂ ਪਤਾਸੀ ਕਿ ਖੀਰਗੰਗਾ ਜਾ ਕੇ ਆਮ ਤੌਰ ਤੇ ਵਿਦੇਸ਼ੀ ਯਾਤਰੀ ਭੰਗ ਪੀਂਦੇ ਹਨ, ਪਰ ਇਹ ਨਹੀਂ ਪਤਾ ਕਿ ਬਹੁਤ ਸਾਰੇ ਲੋਕ ਆਪਣਾ ਜੀਵਨ ਨਿਰਬਾਹ ਕਰਨ ਲਈ ਇਹ ਧੰਦਾ ਵੀ ਕਰਦੇ ਹਨ। ਇਸ ਪਿੰਡੋਂ ਨਿਕਲ ਕੇ ਆਪਸ ਵਿਚ ਗੱਲਾਂ ਕਰਦੇ, ਪਥਰੀਲੀ ਤੇ ਪਤਲੀ ਡੰਡੀ 'ਤੇ ਤੁਰਦਿਆਂ ਅਸੀਂ ਘੰਟੇ ਕੁ ਵਿਚ ਅਗਲੇ ਪੜਾਅ 'ਰੁਦਰਾ ਨਾਗ' ਪਹੁੰਚ ਗਏ।ਇਸ ਥਾਂ ਦਾ ਨਾਂ ਇਕ ਝਰਨੇ ਦੇ ਨਾਂ ਉਪਰ ਪਿਆ ਹੈ। ਪਾਣੀ ਦੇ ਰੌਦਰ ਸ਼ੋਰ ਅਤੇ ਝਰਨੇ ਦੀ ਆਕ੍ਰਿਤੀ ਕਰਕੇ ਇਸ ਨੂੰ 'ਰੁਦਰਾ ਨਾਗ' ਕਿਹਾ ਜਾਂਦਾ ਹੈ। ਦੁੱਧ ਰੰਗਾ ਚਿੱਟਾ ਪਾਣੀ ਜਦ 35-40 ਫੁੱਟ ਦੀ ਉਚਾਈ ਤੋਂ ਹਲਕੇ ਗੁਲਾਬੀ ਅਤੇ ਚਿੱਟੇ ਪੱਥਰਾਂ ਉਪਰ ਡਿੱਗਦਾ ਹੈ ਤਾਂ ਇਸ ਦੀ ਖੂਬਸੂਰਤੀ ਦੀ ਤਾਬ ਝੱਲੀ ਨਹੀਂ ਜਾਂਦੀ। ਦੇਖਣ ਵਾਲੇ ਨੂੰ ਇਹ ਚਸ਼ਮਾ ਮੰਤਰਮੁਗਧ ਕਰ ਦਿੰਦਾ ਹੈ।ਰੁਦਰਾ ਨਾਗ ਦੀ ਇਹ ਵਾਦੀ/ਥਾਂ ਇਕ ਟਾਂਪੂ ਵਾਂਗ ਹੈ। ਆਲੇ ਦੁਆਲੇ ਉੱਚੇ ਪਰਬਤਾਂ ਨਾਲ ਘਿਰੀ ਹੋਈ। ਇਕ ਪਾਸੇ ਸ਼ਿਵਜੀ ਨਾਲ ਸਬੰਧਤ ਛੋਟਾ ਜਿਹਾ ਮੰਦਰ ਬਣਿਆ ਹੋਇਆ ਹੈ ਤੇ ਮੰਦਰ ਦੇ ਬਿਲਕੁਲ ਸਾਹਮਣੇ ਛੋਟੀ ਜਿਹੀ ਲੱਕੜ ਦੀ ਬਣੀ ਜਰਜ਼ਰੀ ਜਿਹੀ ਧਰਮਸ਼ਾਲਾ। ਇਸ ਦੇ ਦਰਵਾਜ਼ੇ ਉਪਰ ਲੱਗੇ ਜਿੰਦਰੇ ਤੋਂ ਇਉਂ ਲੱਗਦਾ ਹੈ ਕਿ ਕਾਫੀ ਸਮੇਂ ਤੋਂ ਇਸ ਧਰਮਸ਼ਾਲਾ ਵਿਚ ਕੋਈ ਯਾਤਰੀ ਨਹੀਂ ਠਹਿਰਿਆ ਹੋਵੇਗਾ ਕਿਉਂਕਿ ਜੋ ਵੀ ਕੋਈ ਇੱਥੇ ਰੁਕਦਾ ਹੈ, ਉਹ ਮੰਦਰ ਵਿਚ ਹੀ ਠਹਿਰ ਜਾਂਦਾ ਹੈ। ਇਸ ਵਾਦੀ ਦੇ ਬਿਲਕੁਲ ਨਾਲ ਲੱਗਦੀ ਪਾਰਬਤੀ ਨਦੀ ਵਹਿੰਦੀ ਹੈ, ਜਿਸ ਦੇ ਪਾਣੀ ਦਾ ਸ਼ੋਰ ਦੂਰ-ਦੂਰ ਤੱਕ ਸੁਣਾਈ ਦਿੰਦਾ ਹੈ। ਜਦੋਂ ਅਸੀਂ ਮੰਦਰ ਦੇ ਅੰਦਰ ਦਾਖਲ ਹੋਏ ਤਾਂ ਅੰਦਰ ਬੜਾ ਨਿੱਘ ਸੀ ਤੇ ਗੁੱਗਲ ਦੀ ਧੂਫ ਅਤੇ ਹੋਰ ਜੜੀ-ਬੂਟੀਆਂ ਦੀ ਖੁਸ਼ਬੂ ਆਈ। ਜਦ ਧਿਆਨ ਨਾਲ ਵੇਖਿਆ ਤਾਂ ਇਕ ਖੂੰਜੇ ਵਿਚ ਇਕ ਸਾਧੂ ਤੇ ਇਥ ਵਿਦੇਸ਼ੀ ਯਾਤਰੀ ਚਿਲਮ ਪੀ ਰਹੇ ਸਨ। ਉਹਨਾਂ ਦੀਆਂ ਅੱਖਾਂ ਘੁਸਮੁਸੇ ਜਿਹੇ ਵਿਚ ਕਿਸੇ ਜੰਗਲੀ ਜਾਨਵਰ ਵਾਂਗ ਚਮਕ ਰਹੀਆਂ ਸਨ। ਰੁਦਰਾ ਨਾਗ ਚਸ਼ਮੇ ਨੂੰ ਪਾਰ ਕਰਦਿਆਂ ਹੀ ਇਕ ਛੋਟੀ ਜਿਹੀ ਦੁਕਾਨ ਹੈ। ਇੱਥੇ ਚਾਹ ਦਾ ਸਵਾਦ ਮਾਣ ਕੇ ਅਸੀਂ ਇਸ ਵਾਦੀ ਤੋਂ ਵਿਦਾ ਹੋ ਗਏ।ਪਾਰਬਤੀ ਨਦੀ ਉਪਰ ਬਣੇ ਲੱਕੜੀ ਦੇ ਪੁਲ ਰਾਹੀਂ ਇਸ ਨੂੰ ਪਾਰ ਕੀਤਾ। ਇਸ ਪੁਲ 'ਤੇ ਖੜ੍ਹ ਕੇ ਅਤੇ ਰਸਤੇ ਵਿਚ ਆਉਂਦੇ ਹੋਏ ਅਸੀਂ ਪਾਰਬਤੀ ਨਦੀ ਵਿਚ ਬਹੁਤ ਸਾਰੇ ਪੱਥਰ ਅਤੇ ਚਟਾਨਾਂ ਅਜਿਹੀਆਂ ਦੇਖੀਆਂ, ਜਿਹਨਾਂ ਨੂੰ ਪਾਣੀ ਦੇ ਵੇਗ ਨੇ ਕਿਸੇ ਬੁੱਤਘਾੜੇ ਵਾਂਗ ਮੂਰਤਾਂ ਦਾ ਰੂਪ ਦੇ ਦਿੱਤਾ ਸੀ। ਇਹਨਾਂ ਕੁਦਰਤੀ ਬੁੱਤਾਂ ਨੂੰ ਦੇਖ ਕੇ ਬੜੀ ਹੈਰਾਨੀ ਹੋਈ ਕਿ ਪਾਣੀ ਦੇ ਘਾਸੇ ਨਾਲ ਕਿਵੇਂ ਅਨੇਕਾਂ ਸ਼ਕਲਾਂ ਪੱਥਰਾਂ ਵਿਚੋਂ ਆਪਣਾ ਰੂਪ ਅਖ਼ਤਿਆਰ ਕਰ ਲੈਂਦਆਂ ਹਨ। ਕੁਦਰਤ ਦੀ ਇਸ ਲੀਲਾ ਤੋਂ ਵਾਰੇ ਹੀ ਜਾਇਆ ਜਾ ਸਕਦਾ ਹੈ।ਪਾਰਬਤੀ ਨਦੀ ਦਾ ਪੁਲ ਪਾਰ ਕਰਦਿਆਂ ਹੀ ਇੱਕਦਮ ਸਿੱਧੀ ਚੜ੍ਹਾਈ ਸ਼ੁਰੂ ਹੋ ਗਈ। ਥੋੜ੍ਹੀ ਦੇਰ ਚੜ੍ਹਾਈ ਚੜ੍ਹ ਸਾਰੇ ਥੱਕ ਗਏ ਤੇ ਸਾਰਿਆਂ ਦੀਆਂ ਅੱਖਾਂ ਵਿਚੋਂ ਕਿਸੇ ਅਦਿੱਖ ਮੁਸੀਬਤ ਦਾ ਡਰ ਦਿਖਾਈ ਦਿੱਤਾ। ਇਹ ਡਰ ਸਾਡੇ ਮਨਾਂ ਵਿਚ ਇਸ ਲਈ ਵੀ ਸੀ ਕਿਉਂਕਿ ਇਸ ਵਾਦੀ ਨੂੰ 'ਡੈਥ ਵੈਲੀ' ਆਖਿਆ ਜਾਂਦਾ ਹੈ। ਸੁਣਨ ਅਤੇ ਪੜ੍ਹਨ ਤੋਂ ਪਤਾ ਲੱਗਿਆ ਕਿ ਬਹੁਤ ਸਾਰੇ ਟਰੈਕਰ ਇਸੇ ਚੜ੍ਹਾਈ ਨੂੰ ਚੜ੍ਹਦਿਆਂ ਹਮੇਸ਼ਾ ਹਮੇਸ਼ਾ ਲਈ ਪਾਰਬਤੀ ਨਦੀ ਦੀ ਗੋਦ ਵਿਚ ਜਾ ਸੁੱਤੇ ਸਨ। ਇਸ ਵਾਦੀ ਨੇ ਉਦੋਂ ਹੋਰ ਵੀ ਡਰਾਉਣਾ ਰੂਪ ਅਖ਼ਤਿਆਰ ਕਰ ਲਿਆ ਜਦੋਂ ਸੱਜੇ ਹੱਥ ਖੜ੍ਹੇ ਦੇਵਦਾਰ ਦੇ ਰੁੱਖ ਉਪਰ ਲੱਗੀ ਤਖਤੀ ਉਪਰ ਸਾਡਾ ਧਿਆਨ ਗਿਆ। ਪੜ੍ਹਨ ਤੋਂ ਪਤਾ ਲੱਗਿਆ ਕਿ ਇਸ ਥਾਂ ਉਪਰ ਇਕ ਇਸਰਾਈਲੀ ਟਰੈਕਰ ਦੀ ਮੌਤ ਹੋ ਗਈ ਸੀ। ਉਸ ਦੀ ਲਾਸ਼ ਤੱਕ ਉਸ ਦੇ ਮਾਪਿਆਂ ਨੂੰ ਨਹੀਂ ਮਿਲੀ। ਇਸ ਕਰਕੇ ਆਪਣੇ ਪੁੱਤਰ ਦੀ ਯਾਦ ਵਿਚ ਉਹਨਾਂ ਨੇ ਸਮਰਪਣ ਵਜੋਂ ਕੁਝ ਲਫਜ਼ ਇਸ ਉਪਰ ਉੱਕਰ ਦਿੱਤੇ ਸਨ, ਪਰ ਇਸ ਦੇ ਬਾਵਜੂਦ ਕਿਸੇ ਨੇ ਵੀ ਹੌਸਲਾ ਨਾ ਛੱਡਿਆ, ਸਗੋਂ ਇਕ-ਦੂਜੇ ਦੀ ਹੌਸਲਾ ਅਫਜ਼ਾਈ ਕਰਦੇ, ਗੱਲਾਂ ਕਰਦੇ, ਜੰਗਲ ਦੀ ਧੁੱਪ ਨੂੰ ਮਾਣਦਿਆਂ, ਪੰਖੇਰੂਆਂ ਦੀ ਚਹਿਕ ਸੁਣਦਿਆਂ, ਚਿੱਕੜ, ਰੋੜਾਂ ਅਤੇ ਪਾਣੀ ਨਾ ਭਰੀ ਪਤਲੀ ਪਗਡੰਡੀ ਨੂੰ ਪਾਰ ਕਰਕੇ ਸਾਡੀ 9 ਜਣਿਆ ਦੀ ਟੋਲੀ ਖੀਰਗੰਗਾ ਸ਼ਾਮ ਲੱਗਭੱਗ ਸਾਢੇ ਪੰਜ ਵਜੇ ਪਹੁੰਚ ਗਈ।ਖੀਰਗੰਗਾ ਸਮੁੰਦਰੀ ਤੱਟ ਤੋਂ ਲੱਗਭੱਗ ਸਾਢੇ ਬਾਰਾਂ ਹਜ਼ਾਰ ਫੁੱਟ ਦੀ ਉਚਾਈ ਉਪਰ ਹੈ। ਇਕ ਲੰਘੀ ਢਲਾਣ ਉਪਰ ਇਹ ਵਾਦੀ ਫੈਲੀ ਹੋਈ ਹੈ। ਜਦੋਂ ਇਸ ਵਿਚ ਅਸੀਂ ਦਾਖਲ ਹੁੰਦੇ ਹਾਂ ਤਾਂ ਸਾਡੇ ਸਾਹਮਣੇ ਸ਼ਿਵ ਜੀ ਦਾ ਇਕ ਛੋਟਾ ਜਿਹਾ ਪੁਰਾਤਨ ਮੰਦਰ ਹੈ ਅਤੇ ਜਦੋਂ ਪਿਛਲੇ ਪਾਸੇ ਮੁੜ ਕੇ ਦੇਖਦੇ ਹਾਂ ਤਾਂ ਵਾਸੂਕੀ ਪਰਬਤ ਦੀਆਂ ਸ਼ਾਖਾਵਾਂ ਬਰਫ ਨਾਲ ਲੱਦੀਆਂ ਦਿਖਾਈ ਦਿੰਦੀਆਂ ਹਨ, ਪਰ ਹੁਣ ਸਾਡੇ ਵਿਚ ਹਿੰਮਤ ਨਹੀਂ ਸੀ ਕਿ ਉਸ ਤੱਕ ਪਹੁੰਚ ਸਕਦੇ।ਅਸੀਂ ਉਪਰ ਜਾ ਕੇ ਇਕ ਲੱਕੜੀ ਨਾਲ ਬਦੇ ਪਹਾੜੀਨੁਮਾ ਰੈਸਤਰਾ ਵਿਚ ਜਾ ਕੇ ਦਲਾਨ ਵਿਚ ਪਈਆਂ ਕੁਰਸੀਆਂ ਉਪਰ ਬੈਠ ਕੇ ਗਰਮਾ ਗਰਮ ਜੜੀਆਂ ਬੂਟੀਆਂ ਵਾਲੀ ਚਾਹ ਦਾ ਸਵਾਦ ਮਾਨਣ ਲੱਗੇ। ਜਦ ਇਸੇ ਵੇਲੇ ਢਲਦੇ ਸੂਰਜ ਵੱਲ ਨਿਗ੍ਹਾ ਗਈ ਤਾਂ ਚਾਰੇ ਪਾਸੇ ਵਾਦੀ ਵਿਚ ਜਾਦੂਮਈ ਮਾਹੌਲ ਉਸਰ ਗਿਆ। ਮੌਸਮ ਨ ੇਅਨੇਕਾਂ ਰੰਗ ਬਦਲੇ। ਛੋਟੇ ਛੋਟੇ ਬੱਦਲਾਂ ਨਾਲ ਅਸਮਾਨ ਭਰ ਗਿਆ। ਸੂਰਜ ਦੇ ਨਾਲ ਸੂਹੇ ਰੰਗ ਅਤੇ ਬੱਦਲਾਂ ਦੇ ਗੂੜ੍ਹੇ ਨੀਲੇ ਤੇ ਸੁਰਮਈ ਰੰਗਾਂ ਨੇ ਮਿਲ ਕੇ ਜਿਹੜੀ ਛਹਿਬਰ ਲਾਈ, ਉਹ ਬਿਆਨੋਂ ਬਾਹਾਰ ਹੈ। ਆਲੇ ਦੁਆਲੇ ਦੇ ਸਾਰੇ ਪਹਾੜ ਹਨੇਰੇ ਵਿਚ ਘਿਰ ਗਏ, ਪਰ ਇਕ ਪਹਾੜ ਉਪਰ ਥੋੜ੍ਹੀ ਜਿਹੀ ਥਾਂ ਉਪਰ ਅਜਿਹੀ ਅਲੋਕਾਰੀ ਧੁੱਪ ਪੈ ਰਹੀ ਸੀ, ਜਿਵੇਂ ਉਥੇ ਅੱਗ ਲੱਗੀ ਹੋਵੇ। ਸ਼ਾਮ ਦੇ ਇਸ ਮਾਹੌਲ ਨੇ ਸਾਡੇ ਉਪਰ ਜਾਦੂ ਕਰਕੇ ਸਾਨੂੰ ਕੀਲ ਲਿਆ। ਹਨੇਰਾ ਅਤੇ ਠੰਢ ਵਧਣ ਕਰਕੇ ਅਸੀਂ ਬਾਹਰੋਂ ਉੱਠ ਕੇ ਰੈਸਤਰਾ ਅੰਦਰ ਜਾ ਬੈਠੇ।ਅਸੀਂ ਖਾਣਾ ਖਾਧਾ ਤੇ ਚਾਹ ਪੀ ਕੇ ਆਪਣੀਆਂ ਝੌਂਪੜੀਆਂ ਵਿਚ ਜਾ ਸੁੱਤੇ। ਸਵੇਰੇ ਸੁਵੱਖਤੇ ਉੱਠੇ ਤਾਂ ਆਲੇ ਦੁਆਲੇ ਦੀ ਖੂਬਸੂਰਤੀ ਦੇਖਕੇ ਸੁੰਨ ਹੋ ਗਏ। ਸਾਰੀ ਵਾਦੀ ਸੂਰਜ ਦੀਆਂ ਲਾਲ ਸੂਹੀਆਂ ਕਿਰਨਾਂ ਨਾਲ ਕਿਸੇ ਸੁਹਾਗਣ ਵਾਂਗ ਸ਼ਿੰਗਾਰੀ ਪਈ ਸੀ। ਘਾਹ ਉਪਰ ਤ੍ਰੇਲ ਦੀਆਂ ਬੂੰਦਾਂ ਸੁਹਾਗਣ ਦੇ ਗਹਿਣਿਆਂ ਦਾ ਸ਼ਿੰਗਾਰ ਬਣੀਆਂ ਪਈਆਂ ਸਨ। ਸਾਹਮਣੇ ਵਸੂਕੀ ਪਰਬਤ ਦੀਆਂ ਚੋਟੀਆਂ ਚਿੱਟੀ ਦੁੱਧ ਰੰਗੀ ਬਰਫ ਨਾਲ ਭਰੀਆਂ ਪਈਆਂ ਸਨ। ਬਹੁਤ ਦੇਰ ਤੱਕ ਅਸੀਂ ਸਵੇਰ ਦੀ ਇਹ ਮੱਠੀ ਲੋਅ ਵਾਦੀ ਦੇ ਕਣ ਕਣ ਵਿਚ ਮਹਿਸੂਸ ਕਰਦੇ ਰਹੇ।ਪੁਜਾਰੀ ਨਾਲ ਗੱਲਾਂ ਬਾਤਾਂ ਵਿਚ ਦੱਸਿਆ ਕਿ ਉਹ ਹੁਸ਼ਿਆਰਪੁਰ ਦੇ ਨੇੜੇ ਕਿਸੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਆਪਣੇ ਭਰੇ ਭਰਾਏ ਪਰਿਵਾਰ ਨੂੰ ਛੱਡ ਕੇ ਸੰਨਿਆਸ ਲੈ ਲਿਆ ਸੀ। ਉਸ ਨੇ ਖੀਰਗੰਗਾ ਵਾਦੀ ਬਾਰੇ ਦੱਸਿਆ ਕਿ ਸ਼ਿਵਜੀ ਅਤੇ ਪਾਰਬਤੀ ਨੇ ਇ ਥਾਂ ਉਪਰ ਕਈ ਹਜ਼ਾਰ ਵਰ੍ਹਿਆਂ ਤੱਕ ਤਪੱਸਿਆ ਕੀਤੀ। ਪਹਿਲਾਂ ਇਸ ਥਾਂ ਉਪਰ ਸਿਰਫ ਲੱਕੜੀ ਦੀ ਬਣੀ ਛੋਟੀ ਜਿਹੀ ਧਰਮਸ਼ਾਲਾ ਹੁੰਦੀ ਸੀ, ਜਿਸ ਵਿਚ ਕੋਈ ਟਾਂਵਾ-ਟਾਂਵਾ ਸਾਧੂ ਫਕੀਰ ਹੀ ਆ ਕੇ ਠਹਿਰਦਾ ਸੀ। ਉਸ ਨੇ ਇਹ ਵੀ ਦੱਸਿਆ ਕਿ ਕਿਹਾ ਜਾਂਦਾ ਹੈ ਕਿ ਜਿਹੜਾ ਹੁਣ ਇੱਥੇ ਗਰਮ ਪਾਣੀ ਦਾ ਸਲਫਰ ਵਾਲਾ ਚਸ਼ਮਾ ਵੱਗਦਾ ਹੈ, ਪਹਿਲਾਂ ਇਹ ਦੁੱਧ ਦੀ ਖੀਰ ਦਾ ਹੁੰਦਾ ਸੀ, ਜਿਸ ਕਰਕੇ ਇਸ ਥਾਂ ਦਾ ਨਾਂ ਖੀਰਗੰਗਾ ਪਿਆ ਹੈ।

 

Comments (0)

Write comment

smaller | bigger

busy
You are here:   Homeਲੜੀਵਾਰਹਫਤੇ ਦਾ ਵਿਸ਼ੇਸ਼ਪਾਰਬਤੀ ਘਾਟੀ ਬਨਾਮ 'ਡੈੱਥ ਵੈਲੀ'

Currency Converter

Amount:
From:
To:


Gurbani Radio


Gurbani - Sri Harmandir Sahib