
ਲੰਡਨ (ਅਜੀਤ ਵੀਕਲੀ ਬਿਊਰੋ)- ਸ੍ਰੀ ਗੁਰੂ ਨਾਨਕ ਦੇਵ ਵੈੱਲਫੇਅਰ ਸੁਸਾਇਟੀ ਸਮੈਦਿਕ (ਵੈਸਟ ਮਿਡਲੈਂਡ) ਵੱਲੋਂ ਉੱਘੇ ਸਮਾਜਸੇਵੀ ਅਤੇ ਮਾਲਟਾ ਕਿਸ਼ਤੀ ਕਾਂਡ ਜਾਂਚ ਕਮਿਸ਼ਨ ਦੇ ਚੇਅਰਮੈਨ ਸ੍ਰ. ਬਲਵੰਤ ਸਿੰਘ ਖਹਿਰਾ ਦੇ ਸਨਮਾਨ ਹਿੱਤ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ।
ਸੰਗਤਾਂ ਨਾਲ ਖਚਾਖਚ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ ਬਲਵੰਤ ਸਿੰਘ ਖਹਿਰਾ ਨੇ ਅਜੋਕੀ ਪੰਜਾਬ ਸਰਕਾਰ ਵੱਲੋਂ ਖੇਡੀਆਂ ਜਾ ਰਹੀਆਂ ਤਿਕੜਮਬਾਜ਼ੀਆਂ ਦੀ ਗਾਥਾ ਸੁਣਾਈ। ਉਹਨਾਂ ਕਿਹਾ ਕਿ ਅਸੀਂ ਕੁਝ ਕੁ ਪੰਜਾਬ ਪ੍ਰੇਮੀਆਂ ਨੇ ਇਕਜੁਟ ਹੋ ਕੇ ਪੰਜਾਬ ਸਰਕਾਰ ਨੂੰ ਅਦਾਲਤ ਦੇ ਕਟਿਹਰੇ ਵਿੱਚ ਖੜਾਉਣ ਦਾ ਤਹੱਈਆ ਕੀਤਾ ਹੈ ਤਾਂ ਜੋ ਸਿਆਸਤ ਦੇ ਨਾਂ 'ਤੇ ਗੁਰੂ ਦੀਆਂ ਗੋਲਕਾਂ ਦੀ ਅੰਨ੍ਹੀ ਲੁੱਟ ਨੂੰ ਨੱਥ ਪਾਈ ਜਾ ਸਕੇ। ਉਹਨਾਂ ਕਿਹਾ ਕਿ ਸਿਰਫ ਇੱਕ ਪਰਿਵਾਰ ਵੱਲੋਂ ਹੀ ਆਪਣੀ ਲਿਮਿਟਡ ਪਾਰਟੀ ਬਣਾ ਕੇ ਲੋਕਾਂ ਨੂੰ ਪੰਥ ਦਾ ਵਾਸਤਾ ਦੇ ਕੇ ਮੂਰਖ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਨੂੰ ਵੀ ਸੂਚਨਾ ਅਧਿਕਾਰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਲਈ ਉਹਨਾਂ ਵੱਲੋਂ
ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ ਤਾਂ ਜੋ ਰਾਜਨੀਤਕ ਪਾਰਟੀਆਂ ਜਵਾਬਦੇਹ ਹੋਣ ਕਿ ਉਹ ਕੀ ਖਰਚ ਰਹੀਆਂ ਹਨ ਅਤੇ ਕੀ ਕਮਾ ਰਹੀਆਂ ਹਨ? ਉਹਨਾਂ ਕਿਹਾ ਕਿ ਬੇਸ਼ੱਕ ਮੌਜੂਦਾ ਸਰਕਾਰ ਵੀ ਆਪਣੀ ਪਾਰਟੀ ਨੂੰ ਦੋ ਵਿਧਾਨਾਂ ਦੇ ਗੱਡੇ ਵਿੱਚ ਸਵਾਰ ਕਰਕੇ ਚੱਲ ਰਹੀ ਹੈ ਪਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਨਾਲ ਧ੍ਰੋਹ ਕਮਾ ਰਹੇ ਨੇਤਾਵਾਂ ਨੂੰ ਲੋਕਾਂ ਦੇ ਕਟਿਹਰੇ ਵਿੱਚ ਖੜ੍ਹਾ ਕੀਤਾ ਜਾਵੇਗਾ। ਉਹਨਾਂ ਯਕੀਨ ਦਿਵਾਇਆ ਕਿ ਉਹ ਇਸ ਕਾਰਜ ਤੋਂ ਪਿਛਾਂਹ ਨਹੀਂ ਹਟਣਗੇ।
ਸਮਾਗਮ ਦੌਰਾਨ ਉਹਨਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਗਿਆ। ਇਸ ਸਮੇਂ ਮਹਿੰਦਰ ਸਿੰਘ, ਡੀ. ਐੱਸ. ਪੀ. ਪਿਆਰਾ ਸਿੰਘ, ਕਰਮ ਸਿੰਘ, ਉਮਰਾਉ ਸਿੰਘ, ਮੰਗਤ ਸਿੰਘ, ਜੋਗਿੰਦਰ ਸਿੰਘ ਬਾਹੀਆ, ਗੁਰਦੇਵ ਸਿੰਘ ਚੌਹਾਨ, ਓ ਬੀ ਈ ਅਮਰੀਕ ਸਿੰਘ ਸਹੋਤਾ, ਨਿਰਮਲ ਸਿੰਘ ਕੰਧਾਲਵੀ, ਕੇਵਲ ਸਿੰਘ ਪਹਿਲਵਾਨ, ਗੁਰਮੇਲ ਸਿੰਘ ਸਹੋਤਾ, ਲਾਲ ਸਿੰਘ, ਕਮਲਜੀਤ ਸਿੰਘ, ਬਲਵੰਤ ਸਿੰਘ, ਗੁਰਦੀਪ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਬਲਵੰਤ ਸਿੰਘ ਖਹਿਰਾ ਦੇ ਸਨਮਾਨ ਵੇਲੇ ਦੀ ਇਕ ਝਲਕ