Thursday, 17 May 2012 05:47
Print PDF

ਅਰਜ਼ ਕੀਤੈ

ਬਖ਼ਸ਼ਿੰਦਰ
ਪੰਜਾਬ ਵਿੱਚ ਲਗਾਤਾਰ ਦੂਜੀ ਵਾਰੀ ਬਾਦਲ ਸਰਕਾਰ ਬਣਨ ਤੋਂ ਦੋ ਕੁ ਮਹੀਨੇ ਵਿੱਚ ਹੀ ਦੋ ਮੰਤਰੀਆਂ ਨੂੰ ਸੀਖਾਂ ਪਿੱਛੇ ਡੱਕ ਦੇਣ ਦੇ ਹੁਕਮ ਦਿੱਤੇ ਜਾਣ ਪਿੱਛੋਂ, ਬਾਦਲ ਵੱਲੋਂ ਲਗਾਤਾਰ ਦੂਜੀ ਵਾਰ ਸੱਤਾ ਵਿੱਚ ਆਉਣ ਦਾ ਜਿਹੜਾ ਚਮਤਕਾਰੀ ਰੌਲ਼ਾ-ਰੱਪਾ ਪਿਆ ਹੋਇਆ ਸੀ, ਉਹ ਤਾਂ ਮੀਂਹ ਦੇ ਪਹਿਲੇ ਛਰਾਟੇ ਨਾਲ ਘੱਟੇ ਦੇ ਬਹਿਣ ਵਾਂਗ ਬਹਿ ਗਿਆ ਲੱਗਦਾ ਹੈ। ਬੀਬੀ ਜਗੀਰ ਕੌਰ ਨੂੰ 'ਧੀ ਦਾ ਦੁੱਖ' ਜੇਲ੍ਹ ਵਿੱਚ ਲੈ ਕੇ ਬਹਿ ਗਿਆ। ਹੁਣ ਖੇਤੀ ਬਾੜੀ ਮੰਤਰੀ ਤੋਤਾ ਸਿੰਘ ਨੂੰ, ਕਿਸੇ ਜ਼ਮਾਨੇ ਵਿੱਚ ਸਿੱਖਿਆ ਮੰਤਰੀ ਹੋਣ ਸਮੇਂ ਸਰਕਾਰੀ ਗੱਡੀ ਦੀ ਦੁਰਵਰਤੋਂ ਕਰਨ ਦੇ ਦੋਸ਼ ਅਧੀਨ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ 30 ਹਜ਼ਾਰ ਰੁਪਏ ਜੁਰਮਾਨਾ ਵੀ ਠੋਕ ਦਿੱਤਾ ਗਿਆ ਹੈ।
 ਅਜੇ ਤਾਂ ਬੁੜ੍ਹੇ ਹਰਨਾਮੇ ਦੇ ਕਹਿਣ ਵਾਂਗੂੰ ''ਵਾਹਿਗੁਰੂ ਦਾ ਸ਼ੁਕਰ ਹੈ ਕਿ ਜੱਜ ਨੇ ਤੋਤਾ ਸਿੰਘ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਤੇ ਉੱਪਰਲੀ ਅਦਾਲਤ ਵਿੱਚ ਦਲੀਲ-ਅਪੀਲ ਕਰਨ ਦਾ ਮੌਕਾ ਦੇ ਦਿੱਤਾ। ਜੇ ਕਿਤੇ ਉਹ ਦੇ ਨਾਲ ਵੀ ਬੀਬੀ ਵਾਲ਼ੀ ਹੋ ਜਾਂਦੀ ਤਾਂ ਮੋਗੇ ਵਾਲ਼ੀ ਜੇਲ੍ਹ ਭੇਜੇ ਜਾਣ ਦੀ ਸਹੂਲਤ ਮਸਾਂ ਮਿਲਣੀ ਸੀ। ਇਹ ਤਾਂ ਜੀ ਭਲਾ ਹੋਵੇ, ਮੁਹਾਲੀ ਦੇ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਰਜਿੰਦਰ ਅਗਰਵਾਲ ਦਾ, ਜਿਨ੍ਹਾਂ ਨੇ ਜਥੇਦਾਰ ਤੋਤਾ ਸਿੰਘ ਦੀ

 ਬੱਗੀ ਦਾਹੜੀ ਦਾ ਲਿਹਾਜ਼ ਕਰਦਿਆਂ ਉਨ੍ਹਾਂ ਨੂੰ 'ਆਮਦਨ ਦੇ ਜ਼ਾਹਰਾ ਵਸੀਲਿਆਂ ਤੋਂ ਬਾਹਰੀ ਕਮਾਈ ਕਰਨ' ਦੇ ਦੋਸ਼ਾਂ ਵਿੱਚੋਂ ਬਖ਼ਸ਼ ਦਿੱਤਾ, ਨਹੀਂ ਤਾਂ ਇਸ ਉਮਰੇ ਸੀਖਾਂ ਪਿੱਛੇ ਖੱਜਲ-ਖੁਆਰ ਹੋਣਾ ਕਿਹੜਾ ਸੌਖਾ ਸੀ।" ਓਦਾਂ ਉਨ੍ਹਾਂ 'ਤੇ ਸਰਕਾਰੀ ਟੈਲੀਫ਼ੋਨ ਦੀ ਦੁਰਵਰਤੋਂ ਕਰਨ ਦੇ ਦੋਸ਼ ਵੀ ਲੱਗੇ ਹੋਏ ਸਨ। ਟੈਲੀਫ਼ੋਨ ਦੀ ਭਲਾ ਕੋਈ ਪੁੱਠੀ-ਸਿੱਧੀ ਵਰਤੋਂ ਕੀ ਕਰ ਲਏਗਾ। ਦੋ-ਚਾਰ ਕਾਲਾਂ ਹੀ ਕੀਤੀਆਂ ਹੋਣਗੀਆਂ। ਹੋਰ ਕਿਹੜਾ ਟੈਲੀਫ਼ੋਨ ਤੋਂ ਆਂਡੇ ਮੰਗਾਏ ਹੋਣਗੇ। ਜੱਜ ਸਾਹਿਬ ਨੇ ਕਾਲਾਂ ਦਾ ਕੋਈ ਰਿਕਾਰਡ ਨਾ ਹੋਣ ਕਾਰਨ ਇਸ ਮਾਮਲੇ ਉੱਤੇ ਮਿੱਟੀ ਪਾ ਦਿੱਤੀ।
ਸਰਕਾਰੀ ਕਾਰ ਵਿੱਚ ਆਪਣੇ ਜੀਆ-ਜੰਤ ਨੂੰ 'ਝੂਟੇ-ਮਾਟ੍ਹੇ' ਦੇਣ ਸਬੰਧੀ ਦੋਸ਼ਾਂ ਬਾਰੇ ਉਨ੍ਹਾਂ ਨੇ ਅਦਾਲਤ ਵਿੱਚ ਕਿਹਾ ਕਿ ਪੰਜਾਬ ਰਾਜ ਸਿਖਿਆ ਬੋਰਡ ਨੇ ਬੋਰਡ ਦੇ ਚੇਅਰਮੈਨ ਨੇ ਆਪਣੀ 'ਆਫ਼ੀਸਰ ਆਨ ਸਪੈਸ਼ਲ ਡਿਊਟੀ' ਵੀਨਾ ਦਾਦਾ ਦੀ ਡਿਊਟੀ ਉਨ੍ਹਾਂ ਨਾਲ ਲਾਈ ਹੋਈ ਸੀ। ਜਿਸ ਕਾਰ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗੇ ਸਨ, ਉਹ ਵੀਨਾ ਦਾਦਾ ਕੋਲ ਹੁੰਦੀ ਸੀ। ਇਸ ਬਾਰੇ ਅਦਾਲਤ ਦਾ ਕਹਿਣ ਹੈ, ''ਸਿੱਖਿਆ ਮੰਤਰੀ, ਬੋਰਡ ਦੇ ਚੇਅਰਮੈਨ ਦੀ ਮਿਲੀ-ਭੁਗਤ ਨਾਲ, ਵੀਨਾ ਦਾਦਾ ਵਾਲ਼ੀ ਕਾਰ ਆਪਣੇ ਟੱਬਰ ਦੇ ਜੀਆਂ ਦੇ ਆਉਣ-ਜਾਣ ਲਈ ਵਰਤਿਆ ਕਰਦੇ ਸਨ।ਇਸ ਕਾਰ ਦੀਆਂ ਲੌਗਬੁੁੱਕਸ ਤੋਂ ਵੀ ਪਤਾ ਲੱਗਦਾ ਹੈ ਕਿ ਇਹ ਕਾਰ, ਮੰਤਰੀ ਦੇ ਪਰਿਵਾਰ ਦੇ ਜੀਆਂ ਵੱਲੋਂ ਵਰਤੀ ਜਾਂਦੀ ਰਹੀ ਹੈ।" ਅਦਾਲਤ ਨੇ ਇਹ ਵੀ ਕਿਹਾ ਕਿ ਬੋਰਡ ਦੇ ਅਧਿਕਾਰੀ ਆਖ਼ਰ ਕਿਹੜਾ ਕੰਮ ਕਰਨ ਲਈ ਘੜੀ-ਮੁੜੀ ਮੋਗੇ ਜਾਂਦੇ ਰਹੇ ਹਨ? ਮੋਗਾ ਵਿਖੇ ਮੰਤਰੀ ਸਾਹਿਬ ਜੀ ਦੀ ਕੋਠੀ ਹੈ। ਇਸ ਮਾਮਲੇ ਵਿੱਚ ਝੂਠ ਦਾ ਭਾਂਡਾ ਮੋਗੇ ਦੇ ਕਈ ਚੌਂਕਾਂ ਵਿੱਚ ਭੱਜ ਗਿਆ। ਜਥੇਦਾਰ ਤੋਤਾ ਸਿੰਘ ਨੇ ਸਿੱਖਿਆ ਮੰਤਰੀ ਹੋਣ ਵੇਲ਼ੇ, ਆਪ ਮਸਾਂ ਦਸ ਜਮਾਤਾਂ ਪਾਸ ਹੋਣ ਦੇ ਬਾਵਜੂਦ ਸਿੱਖਿਆ ਮੰਤਰਾਲੇ ਨੂੰ ਏਦਾਂ ਪੜ੍ਹਨੇ ਪਾਇਆ ਹੋਇਆ ਸੀ ਕਿ ਉਨ੍ਹਾਂ ਨੇ ਪੰਜਾਬ ਸਿੱਖਿਆ ਬੋਰਡ ਦੇ ਟੈਲੀਫ਼ੋਨ ਰਾਹੀਂ 2.35 ਲੱਖ ਰੁਪਏ ਦਾ ਤੇ ਸਰਕਾਰੀ ਕਾਰ ਵਿੱਚ ਆਪਣੇ ਟੱਬਰ ਨੂੰ ਵਾਂਢੇ-ਟੀਂਡੇ ਲਿਜਾਣ ਵਿਚ 11.35 ਲੱਖ ਰੁਪਏ ਦਾ 'ਖੋਟਾ ਟਾਂਕਾ' ਸਰਕਾਰੀ ਖ਼ਜ਼ਾਨੇ ਨੂੰ ਲਾਇਆ ਸੀ।
ਹੁਣ ਇਹ ਤਾਂ ਯਾਦ ਨਹੀਂ ਕਿ ਸਰਕਾਰ ਕਿਹੜੀ ਪਾਰਟੀ ਦੀ ਸੀ, ਅਕਾਲੀਆਂ ਦੀ ਨਾ ਹੋਈ ਤਾਂ ਕਾਂਗਰਸੀਆਂ ਦੀ ਹੋਊ, ਮੁਸਲਿਮ ਲੀਗੀਆਂ ਦੀ ਤਾਂ ਹੋ ਨਹੀਂ ਸਕਦੀ। ਉਸ ਵੇਲ਼ੇ ਦੀ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਨੂੰ ਪੱਤਰਕਾਰਾਂ ਨੇ ਕਿਹਾ, ''ਤੁਹਾਡੀਆਂ ਆਪਣੀਆਂ ਬੱਸਾਂ, ਬਗ਼ੈਰ ਪਰਮਿਟ ਚੱਲਦੀਆਂ ਹਨ।ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?"
''ਜੇ ਟਰਾਂਸਪੋਰਟ ਮੰਤਰੀ ਹੋ ਕੇ ਵੀ ਮੇਰੀਆਂ ਬੱਸਾਂ ਨਹੀਂ ਚੱਲਣੀਆਂ ਤਾਂ ਫੇਰ ਤੁਹਾਡੀਆਂ ਚੱਲਣਗੀਆਂ?" ਉਸ ਟਰਾਂਸਪੋਰਟ ਮੰਤਰੀ ਦਾ ਜੁਆਬ ਸੀ। ਉਸ ਦਾ ਇਹ ਜੁਆਬ ਇਕ ਲਤੀਫ਼ੇ ਦੀ ਸ਼ਕਲ ਵਿਚ ਮਹਿਫ਼ਿਲਾਂ ਦਾ ਸ਼ਿੰਗਾਰ ਤਾਂ ਬਣਿਆ, ਪਰ ਖ਼ਬਰ ਨਾ ਬਣਿਆ, ਅਖ਼ਬਾਰ ਨਾ ਬਣਿਆ। ਮੰਤਰੀ ਸਾਹਿਬ ਨੇ ਕਿਹਾ ਅਹਿਲਕਾਰਾਂ ਨੂੰ, ਇਸ਼ਤਿਹਾਰ ਦਿਓ ਅਖ਼ਬਾਰਾਂ ਨੂੰ। ਉਨ੍ਹੀਂ ਦਿਨੀਂ ਅਖ਼ਬਾਰਾਂ ਵਿਚ ਇੰਨੇ ਕੁ ਇਸ਼ਤਿਹਾਰ ਛਪੇ ਕਿ ਖ਼ਬਰਾਂ ਛਾਪਣ ਨੂੰ ਥਾਂ ਹੀ ਨਾ ਬਚੀ।
ਹੁਣ ਸਿੱਖਿਆ ਦਾ ਮਹਿਕਮਾ ਹੋਵੇ, ਕਿਤਾਬਾਂ-ਕਾਪੀਆਂ ਤੇ ਕਾਗ਼ਜ਼ਾਂ ਦਾ ਕਾਰੋਬਾਰ ਹੋਵੇ। ਮੰਤਰੀ ਹੋਣ ਸਰਦਾਰ ਤੋਤਾ ਸਿੰਘ ਤੇ ਬਾਦਲ ਦੀ ਸਰਕਾਰ ਹੋਵੇ। ਜੇ ਬੰਦਾ ਮੰਤਰੀ ਹੋ ਕੇ ਸਰਕਾਰੀ ਟੈਲੀਫ਼ੋਨ 'ਤੇ ਆਪਣੇ ਰਿਸ਼ਤੇ-ਨਾਤੇਦਾਰਾਂ ਨਾਲ ਦੋ ਘੜੀਆਂ ਦੁੱਖ-ਸੁੱਖ ਵੀ ਨਾ ਕਰ ਸਕੇ ਤਾਂ ਉਸ ਮੰਤਰੀ ਨਾਲੋਂ ਤਾਂ ਚਪੜਾਸੀ ਚੰਗੇ, ਜਿਹੜੇ ਸਰਕਾਰੀ ਫ਼ੋਨ 'ਤੇ  ਗੱਲ ਕਰਦੇ ਹੋਣ ਤਾਂ ਗੱਲ ਮੁੱਕਣ ਤੋਂ ਪਹਿਲਾਂ ਉਨ੍ਹਾਂ ਦਾ ਸਾਹਿਬ ਵੀ ਆਪਣੇ ਕੈਬਿਨ ਵਿੱਚ ਨਹੀਂ ਵੜਦਾ। ਨਾਲੇ ਮੰਤਰੀ ਸਾਹਿਬ ਨੇ ਕਿਸੇ ਨਾਲ ਗੱਲ ਕਰਨੀ ਹੋਵੇ ਤਾਂ ਕੀ ਉਹ ਦੇਸ਼-ਕੌਮ ਦਾ ਕੀਮਤੀ ਸਮਾਂ ਪੀ. ਸੀ. ਓ. ਲੱਭਣ ਵਿਚ ਹੀ ਬਿਤਾ ਦੇਣ? ਜੇ ਉਨ੍ਹਾਂ ਨੇ ਕਿਤੇ ਜਾਣਾ ਹੋਵੇ ਤਾਂ ਉਹ ਸਰਕਾਰੀ ਗੱਡੀ, ਡਰਾਈਵਰ ਨੂੰ ਆਪਣੇ ਘਰ ਲਈ ਮੂਲੀਆਂ-ਗੰਢੇ ਢੋਣ ਲਈ ਦੇ ਕੇ, ਆਪ ਸੜਕ ਦੇ ਕੰਢੇ ਖੜ੍ਹ ਕੇ 'ਟੈਕਸੀ-ਟੈਕਸੀ' ਦਾ ਰੌਲਾ ਪਾਉਣ? ਦੇਸ਼-ਕੌਮ ਦਾ ਬਹੁਤਾ ਸਮਾਂ ਪੀ. ਸੀ. ਓ. ਲੱਭਣ ਤੇ ਟੈਕਸੀਆਂ ਨੂੰ ਹਾਕਾਂ ਮਾਰਨ ਵਿਚ ਹੀ ਨਿੱਕਲ ਜਾਇਆ ਕਰੇਗਾ। ਪੰਜਾਂ ਸਾਲਾਂ ਵਿੱਚੋਂ ਸਰਕਾਰ ਦੇ ਮੰਤਰੀਆਂ ਦੇ ਢਾਈ ਸਾਲ ਤਾਂ ਇਸੇ ਹੀ ਲੇਖੇ ਲੱਗ ਜਾਇਆ ਕਰਨਗੇ। ਫੇਰ ਉਹ ਕਦੋਂ ਸੈਕਰੇਟੇਰੀਅਟ ਪਹੁੰਚਿਆ ਕਰਨਗੇ ਤੇ ਕਦੋਂ ਕੰਮ ਸ਼ੁਰੂ ਕਰਿਆ ਕਰਨਗੇ-ਕੁੱਝ ਸਮਝ ਜਿਹੀ ਨਹੀਂ ਆਉਂਦੀ।
ਨਾਲੇ ਇਸ ਗੱਲ ਦਾ ਫ਼ੈਸਲਾ ਕਿੱਦਾਂ ਹੋਇਆ ਕਰੇਗਾ ਕਿ ਕੋਈ ਮੰਤਰੀ ਸਰਕਾਰੀ ਚੀਜ਼ਾਂ ਦੀ ਜਾਇਜ਼ ਵਰਤੋਂ ਕਰ ਰਿਹਾ ਹੈ ਜਾਂ ਨਜਾਇਜ਼। ਸਰਕਾਰੀ ਕਾਰ ਵਿੱਚ ਕਿੰਨੀ ਵਾਰ ਚੜ੍ਹਨਾ ਜਾਇਜ਼ ਹੋਵੇਗਾ ਤੇ ਕਿੰਨੀ ਵਾਰ ਚੜ੍ਹਨਾ ਨਜਾਇਜ਼, ਇਹ ਹਿਸਾਬ-ਕਿਤਾਬ ਰੱਖਣ ਲਈ ਵੱਖਰੇ ਕਲਰਕ ਤੇ ਅਧਿਕਾਰੀ ਰੱਖਣੇ ਪੈਣਗੇ। ਦਫ਼ਤਰ ਵਿੱਚ 'ਵਾਸ਼ ਰੂਮਜ਼' ਅੱਗੇ 'ਲੌਗਬੁੱਕਸ' ਰੱਖਣੀਆਂ ਪੈਣਗੀਆਂ ਤੇ ਹਰ ਵਾਰ 'ਵਾਸ਼ ਰੂਮ' ਦੀ ਵਰਤੋਂ ਕਰ ਕੇ 'ਲੌਗਬੁੱਕ' ਭਰਨੀ ਪਿਆ ਕਰੇਗੀ ਤਾਂ ਕਿ ਇਹ ਪਤਾ ਕੀਤਾ ਜਾ ਸਕੇ ਕਿ ਉਸ 'ਵਾਸ਼ ਰੂਮ' ਦੀ 'ਦੁਰਵਰਤੋਂ' ਤਾਂ ਨਹੀਂ ਹੋਈ। ਚਲੋ ਜੀ, ਇਹ ਕੰਮ 'ਸਰਕਾਰੀ' ਹਨ ਤੇ ਸਾਡੇ ਵਰਗੇ 'ਗ਼ੈਰਸਰਕਾਰੀ' ਬੰਦਿਆਂ ਯਾਨੀ ਆਮ ਆਦਮੀਆਂ ਦਾ ਇਨ੍ਹਾਂ ਬਾਰੇ ਸੋਚਣਾ ਵੀ ਗੁਨਾਹ ਹੈ। ਇਕ ਗੱਲ ਪੱਕੀ ਹੈ ਕਿ ਕਿਸੇ ਗੱਡੀ ਦੀ ਦਰਵਰਤੋਂ ਕੀਤੇ ਜਾਣ ਦੀ ਗਵਾਹੀ ਡਰਾਈਵਰ ਤੇ ਉਸ ਦੀ 'ਲੌਗਬੁੱਕ' ਨੇ ਦੇਣੀ ਹੁੰਦੀ ਹੈ ਤੇ ਉਸ ਉੱਪਰ ਦਸਤਖ਼ਤ ਵੀ ਉਸੇ ਅਧਿਕਾਰੀ ਦੇ ਹੋਣੇ ਹੁੰਦੇ ਹਨ, ਜਿਸ ਉੱਤੇ ਬਾਅਦ ਵਿਚ ਉਸ ਗੱਡੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲੱਗਣਾ ਹੁੰਦਾ ਹੈ। ਹੈ ਨਾ ਅਜੀਬ ਗੋਰਖ ਧੰਦਾ?
ਕਹਿੰਦੇ ਨੇ ਇਨਸਾਫ਼ ਕਰਨ ਵਿਚ ਬਹੁਤਾ ਚਿਰ ਲਾਉਣਾ, ਇਕ ਤਰ੍ਹਾਂ ਨਾਲ ਬੇਇਨਸਾਫ਼ੀ ਕਰਨਾ ਹੀ ਹੁੰਦਾ ਹੈ। 1997 ਵਿਚ ਜਥੇਦਾਰ ਤੋਤਾ ਸਿੰਘ ਹੋਰਾਂ ਦੇ ਸਿੱਖਿਆ ਮੰਤਰੀ ਹੋਣ ਵੇਲ਼ੇ ਹੋਏ ਘਪਲਿਆਂ ਦੇ ਫ਼ੈਸਲੇ 14-15 ਸਾਲਾਂ ਬਾਅਦ ਕੀਤੇ ਜਾ ਰਹੇ ਹਨ। ਇਸ ਦਾ ਮਤਲਬ ਤਾਂ ਇਹੋ ਹੋਇਆ ਕਿ ਇਨਸਾਫ਼ ਕਰਨ ਵਾਲ਼ੇ, ਜਥੇਦਾਰ ਤੋਤਾ ਸਿੰਘ ਦੇ ਮੇਚੇ ਦੀ ਹੱਥਕੜੀ ਬਣਾਉਣ 'ਚ ਹੀ ਲੱਗੇ ਰਹਿ ਗਏ ਤੇ 'ਮੁਲਜ਼ਮ' ਦੂਜੀ ਵਾਰੀ ਚੋਣ ਲੜ ਕੇ ਫੇਰ ਮੰਤਰੀ ਬਣ-ਬਹਿ ਗਏ। ਹੁਣ ਸਮਝ ਆ ਰਹੀ ਹੈ ਕਿ ਇਨਸਾਫ਼ ਦੀ ਦੇਵੀ ਦੀਆਂ ਅੱਖਾਂ 'ਤੇ ਪੱਟੀ ਕਿਉਂ ਬੱਝੀ ਹੁੰਦੀ ਹੈ।
ਚੱਲੋ! ਬਾਦਲ ਦੇ ਵਜ਼ੀਰਾਂ ਨੂੰ ਨਿੱਤ ਮੁਹਿੰਮਾਂ। ਤੋਤਾ ਸਿੰਘ ਹੋਰਾਂ ਦਾ ਕਿਹੜਾ ਪਹਿਲੀ ਵਾਰੀ ਅਦਾਲਤ ਨਾਲ ਵਾਹ ਪਿਆ ਹੈ। ਆਪਣੀ 40 ਵਰ੍ਹਿਆਂ ਦੀ ਸਿਆਸੀ ਜ਼ਿੰਦਗ਼ੀ ਵਿੱਚ ਉਨ੍ਹਾਂ ਨੇ ਬਹੁਤ ਸਾਰੀਆਂ ਉਚਾਣਾਂ-ਨਿਵਾਣਾਂ ਦੇਖੀਆਂ ਹੋਈਆਂ ਹਨ। ਨਿਹਾਲ ਸਿੰਘ ਵਾਲ਼ਾ ਅਸੈਂਬਲੀ ਹਲਕੇ ਵਿੱਚ ਪੈਂਦੇ ਪਿੰਡ ਦੀਦਾਰ ਸਿੰਘ ਵਾਲ਼ਾ ਦਾ 70 ਸਾਲਾ ਜਥੇਦਾਰ ਤੋਤਾ ਸਿੰਘ ਬਰਾੜ ਜੱਟ ਹੈ। ਕਈ ਵਾਰੀ ਇਹ ਗੋਤ 'ਬਰਿਆੜ' ਵਜੋਂ ਵੀ ਜਾਣਿਆ ਜਾਂਦਾ ਹੈ। ਕਈ 'ਗਊ ਬੰਦੇ' ਤਾਂ 'ਬਰਿਆੜ' ਨੂੰ 'ਬਘਿਆੜ' ਹੀ ਸਮਝਦੇ ਹਨ। ਸਮਝ ਆਪੋ-ਆਪਣੀ, ਖ਼ਿਆਲ ਆਪੋ-ਆਪਣਾ।
 ਕਿਸੇ ਜ਼ਮਾਨੇ ਵਿਚ ਤੋਤਾ ਸਿੰਘ, ਉਸ ਵੇਲ਼ੇ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ 'ਬੁੱਕਲ ਦਾ ਬੰਦਾ' (ਹਥਿਆਰ ਮੂਲੋਂ ਹੀ ਨਹੀਂ) ਹੁੰਦਾ ਸੀ। ਬਰਨਾਲਾ ਸਾਹਿਬ ਨੇ ਹੀ ਤੋਤਾ ਸਿੰਘ ਲਈ ਬਰਕਤਾਂ ਦਾ ਪਰਨਾਲਾ ਖੋਲ੍ਹਦਿਆਂ, 1986 ਵਿਚ ਉਨ੍ਹਾਂ ਨੂੰ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਬਣਾ ਦਿੱਤਾ। ਇਸ ਤੋਂ ਪਹਿਲਾਂ ਤੋਤਾ ਸਿੰਘ ਹੋਰੀਂ ਸਰਕਲੀ ਜਥੇਦਾਰ ਹੀ ਹੁੰਦੇ ਸਨ। ਉਦੋਂ ਹੀ ਇਲਾਕੇ 'ਤੇ ਪਟੜੀ ਬੰਨੇ ਤੋਤਾ ਸਿੰਘ ਦੀ ਚੇਅਰਮੈਨੀ ਦਾ ਤੇ ਉਨਾ੍ਹਂ ਦੀ ਡੱਬ ਵਿਚ ਦਿੱਤੇ ਹੋਏ ਪਿਸਤੌਲ ਦੀ ਚੇਨੀ ਦਾ ਦਬ-ਦਬਾ ਹੋ ਗਿਆ ਸੀ। ਭਲਾ ਜ਼ਮਾਨਾ ਸੀ ਕਿ ਕਿਸੇ ਨੂੰ ਚੇਅਰਮੈਨ ਬਣਾਏ ਜਾਣ ਲਈ, ਉਸ ਦਾ ਐੱਮ. ਐੱਲ. ਏ. ਹੋਣਾ ਜ਼ਰੂਰੀ ਨਹੀਂ ਸੀ। ਨਾਲੇ ਬਰਨਾਲਾ ਸਾਹਿਬ ਦੀ ਨਜ਼ਰ ਤਾਂ ਵੱਡੀਆਂ-ਵੱਡੀਆਂ ਨਜ਼ਰਾਂ ਲਾਹ ਦਿੰਦੀ ਹੁੰਦੀ ਸੀ। ਜਿਉਂ ਹੀ ਬਰਨਾਲਾ ਸਾਹਿਬ ਦਾ ਨਿਘਾਰ ਸ਼ੁਰੂ ਹੋਇਆ ਤੋਤਾ ਸਿੰਘ ਹੋਰੀਂ 'ਤੋਤਾ-ਉਡਾਰੀ' ਮਾਰ ਕੇ ਪ੍ਰਕਾਸ਼ ਸਿੰਘ ਬਾਦਲ ਦੇ ਮੋਢੇ ਜਾ ਬੈਠੇ।
1997 ਵਿੱਚ ਮੋਗਾ ਅਸੈਂਬਲੀ ਹਲਕੇ ਤੋਂ ਅਕਾਲੀ ਦਲ ਦੀ ਟਿਕਟ 'ਤੇ ਚੋਣ ਜਿੱਤ ਕੇ ਤੋਤਾ ਸਿੰਘ 'ਦਸਵੀਂ ਪਾਸ' ਸਿੱਖਿਆ ਮੰਤਰੀ ਬਣਾ ਦਿੱਤੇ ਗਏ। ਸਿੱਖਿਆ ਮੰਤਰੀ ਬਣਦਿਆਂ ਹੀ ਉਹ ਕਈ ਤਰ੍ਹਾਂ ਰੱਫੜਾਂ ਦੇ ਸ਼ਿਕਾਰ ਹੁੰਦੇ ਚਲੇ ਗਏ। ਉਦੋਂ ਹੀ ਉਨ੍ਹਾਂ 'ਤੇ ਵੱਢੀ ਲੈ ਕੇ ਅਧਿਆਪਕ ਰੱਖਣ ਦਾ ਦੋਸ਼ ਲੱਗਿਆ। 2002 ਵਿੱਚ ਉਹ ਮੋਗਾ ਤੋਂ ਹੀ ਦੁਬਾਰਾ ਚੁਣੇ ਗਏ, ਪਰ ਉਦੋਂ ਉਨ੍ਹਾਂ ਨੂੰ ਵਿਰੋਧੀ ਧਿਰ ਵਿੱਚ ਬੈਠਣਾ ਪਿਆ। ਉਦੋਂ ਹੀ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਵਿਰੁੱਧ ਉਹ ਕੇਸ ਦਰਜ ਕੀਤਾ ਜਿਸ ਦੇ ਫ਼ੈਸਲੇ ਅਧੀਨ ਉਨ੍ਹਾਂ ਨੂੰ ਹੁਣ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਵਿਰੁੱਧ ਕੇਸ ਚਲਦੇ ਰਹੇ, ਪਰ ਉਹ ਲੋਕਾਂ ਦੀ ਸੇਵਾ ਵੱਲੋਂ ਬੇਮੁੱਖ ਨਹੀਂ ਹੋਏ ਤੇ ਚੋਣਾਂ ਲੜਦੇ ਰਹੇ ਤੇ ਲੜ-ਲੜ ਜਿੱਤਦੇ ਰਹੇ, ਪਰ 2007 ਵਿੱਚ ਉਹ ਚੋਣ ਹਾਰ ਗਏ। ਉਸੇ ਸਮੇਂ ਉਨ੍ਹਾਂ ਦਾ ਸਾਹਿਬਜ਼ਾਦਾ ਬਰਜਿੰਦਰ ਸਿੰਘ ਉਰਫ਼ 'ਮੱਖਣ ਬਰਾੜ', ਜੋ ਇਸ ਵੇਲ਼ੇ ਮਿਉਂਸੀਪਲ ਕਮੇਟੀ, ਮੋਗਾ ਦਾ ਪ੍ਰਧਾਨ ਹੈ, ਕੁੱਝ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਇੱਕ ਮੁਕੱਦਮੇਂ ਵਿੱਚ ਫਸ ਗਿਆ। ਇਸ ਮੁਕੱਦਮੇ ਵਿੱਚ ਸਾਹਿਬਜ਼ਾਦੇ ਤੇ ਉਸ ਦੇ ਨਾਲ ਦਿਆਂ ਸਿਰ 'ਬਲੈਕਮੇਲ' ਕਰਨ ਤੇ 'ਤੀਵੀਆਂ ਸਪਲਾਈ' ਕਰਨ ਦੇ ਇਲਜ਼ਾਮ ਲੱਗੇ ਸਨ। ਇਹ ਮਾਮਲਾ ਅੱਜ ਵੀ 'ਮੋਗਾ ਸੈਕਸ ਸਕੈਂਡਲ' ਵਜੋਂ ਵੱਜਦਾ ਹੈ।
ਅੰਤ ਵਿਚ ਇਹੋ ਅਰਜ਼ ਹੈ ਕਿ ਤੋਤਾ ਸਿੰਘ ਹੋਰਾਂ ਨੇ ਛੇ ਦਿਨ ਘੇਸ ਜਿਹੀ ਵੱਟ ਕੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਤਾਂ ਦੇ ਦਿੱਤਾ, ਪਰ ਉਹ ਕਹਿੰਦੇ ਇਹੋ ਰਹੇ, ''ਬਾਦਲ ਸਾਹਿਬ ਕਹਿਣ ਤਾਂ ਮੈਂ ਅਸਤੀਫ਼ਾ ਦੇ ਦਿਆਂਗਾ।" ਫੇਰ ਬਾਦਲ ਸਾਹਿਬ ਨੇ ਵੀ ਕਹਿ ਹੀ ਦਿੱਤਾ, ਅਖੇ ''ਜੇ ਤੋਤਾ ਸਿੰਘ ਹੋਰੀਂ ਠੀਕ ਸਮਝਣ ਤਾਂ ਬੇਸ਼ੱਕ ਅਸਤੀਫ਼ਾ ਦੇ ਦੇਣ।" ਏਦਾਂ ਦੇ 'ਸਿਆਸੀ ਮਹਾਵਾਕ' ਸਮਝਣ ਲਈ ਬੰਦੇ ਕੋਲ ਉੱਚ ਵਿਦਿਅਕ ਯੋਗਤਾ ਲਾਜ਼ਮੀ ਹੋਣੀ ਚਾਹੀਦੀ ਹੈ, ਪਰ ਆਪਣੇ ਤੋਤਾ ਸਿੰਘ ਹੁਰੀਂ ਤਾਂ ਮਸਾਂ 'ਦਸਵੀਂ ਪਾਸ' ਹਨ।

ਨਾ ਸਿੱਖਿਆ, ਨਾ ਖੇਤੀ ਮੰਤਰੀ ਤੋਤਾ ਸਿੰਘ

Comments (0)

Write comment

smaller | bigger

busy
You are here:   Homeਲੜੀਵਾਰਅਰਜ਼ ਕੀਤੈਜਗੀਰ ਕੌਰ ਦੇ ਮਗਰੇ ਹੀ ਹੁਣ ਤੋਤਾ ਸਿੰਹੁ ਵੀ

Currency Converter

Amount:
From:
To:


Gurbani Radio


Gurbani - Sri Harmandir Sahib