
ਜਦੋਂ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਛਾਂਟੀਆਂ ਜਾ ਰਹੀਆਂ ਸਨ ਤੇ ਉਨ੍ਹਾਂ ਦੀ ਸੂਚੀ ਬਣਾਈ ਜਾ ਰਹੀ ਸੀ ਤਾਂ ਕਿਤੇ ਕੋਈ ਗ਼ਲਤੀ ਲਾਜ਼ਮੀ ਹੋਈ ਸੀ। ਹੋਰ ਕਿਸੇ ਨੂੰ ਨਾ ਸਹੀ, ਮੈਨੂੰ ਤਾਂ ਏਦਾਂ ਹੀ ਲੱਗਦਾ ਹੈ। ਰੋਟੀ, ਕੱਪੜਾ ਤੇ ਮਕਾਨ ਹਰ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਮੰਨ ਲਏ ਗਏ। ਦੂਜੇ ਪਾਸੇ ਮਨੁੱਖੀ ਇਤਿਹਾਸ ਉੱਤੇ ਝਾਤੀ ਮਾਰੀ ਜਾਵੇ ਤਾਂ ਮਨੁੱਖ ਤੇ ਮਨੁੱਖ ਵਿਚਾਲੇ ਹੋਈਆਂ ਤਕਰੀਬਨ ਸਾਰੀਆਂ ਲੜਾਈਆਂ ਦਾ ਕਾਰਨ ਨਾ ਰੋਟੀ ਰਹੀ ਹੈ, ਨਾ ਕੱਪੜਾ ਤੇ ਨਾ ਹੀ ਮਕਾਨ ਰਿਹਾ ਹੈ। ਮਨੁੱਖ ਦੀ ਮਨੁੱਖ ਨਾਲ ਲੜਾਈ ਦੇ ਤਿੰਨ ਕਾਰਨ ਜ਼ਰ, ਜੋਰੂ ਤੇ ਜ਼ਮੀਨ ਰਹੇ ਹਨ। ਓਦਾਂ ਵੀ ਉਹੀ ਬੰਦਾ ਕਿਸੇ ਨਾਲ ਲੜਾਈ ਮੁੱਲ ਲੈ ਸਕਦਾ ਹੈ, ਜਿਸ ਨੂੰ ਰੋਟੀ, ਕੱਪੜਾ, ਅਤੇ ਮਕਾਨ ਤਾਂ ਮਿਲਦੇ ਹੋਣ, ਪਰ ਉਸ ਕੋਲ 'ਜ਼ਰ' ਯਾਨੀ ਦੌਲਤ, 'ਜੋਰੂ' ਯਾਨੀ ਔਰਤ ਅਤੇ 'ਜ਼ਮੀਨ' ਯਾਨੀ ਭੋਂਅ ਨਾ ਹੋਵੇ ਜਾਂ ਉਹ ਬਹੁਤ ਸਾਰੀ ਦੌਲਤ, ਔਰਤਾਂ ਅਤੇ ਜ਼ਮੀਨ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੋਵੇ। ਇਸ ਲਈ, ਇਹ ਤਾਂ ਪੱਕੀ ਗੱਲ ਹੈ ਕਿ ਲੜਾਈਆਂ ਰੋਟੀ, ਕੱਪੜੇ ਅਤੇ ਮਕਾਨ ਖੁਣੋਂ ਔਖੇ ਲੋਕ ਨਹੀਂ ਕਰ ਸਕਦੇ। ਕੁੱਝ ਲੋਕ ਜਾਂ ਕੋਈ ਧਿਰ ਲੜਾਈ ਸਹੇੜਦੇ ਹੀ ਉਦੋਂ ਹਨ, ਜਦੋਂ ਉਨ੍ਹਾਂ ਦੇ ਢਿੱਡ ਭਰੇ ਹੋਏ ਹੋਣ, ਪਿੰਡੇ ਢਕੇ ਹੋਏ ਹੋਣ ਤੇ ਉਨ੍ਹਾਂ ਦੇ ਸਿਰਾਂ ਉੱਪਰ ਮਜ਼ਬੂਤ ਛੱਤਾਂ ਹੋਣ। ਹੋਰ ਕੋਈ ਮਾੜਾ-ਧੀੜਾ ਬੰਦਾ ਲੜਾਈ ਦਾ ਪੰਗਾ ਲੈ ਸਕਦਾ ਹੈ ਭਲਾ?
ਜੇ ਜ਼ਿੰਦਗ਼ੀ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋ ਜਾਣ ਮਗਰੋਂ ਵੀ ਮਨੁੱਖ ਨੂੰ 'ਜ਼ਰ' ਦੀ ਸਿੱਕ ਰਹੀ ਹੈ, 'ਜੋਰੂ' ਦੀ ਤਲਬ ਰਹੀ ਹੈ ਅਤੇ ਜ਼ਮੀਨ-ਜਾਇਦਾਦ ਦੀ ਲੋੜ ਰਹੀ ਹੈ ਤਾਂ ਇਸ ਦਾ ਮਤਲਬ ਇਹੋ ਹੈ ਕਿ ਮਨੁੱਖ ਲਈ ਰੋਟੀ, ਕੱਪੜਾ ਤੇ ਮਕਾਨ ਹੀ ਕਾਫ਼ੀ ਨਹੀਂ ਹਨ। ਉਹ ਹੋਰ ਵੀ ਕਈ ਚੀਜ਼ਾਂ ਦਾ ਤਲਬਗ਼ਾਰ ਹੁੰਦਾ ਹੈ। ਜ਼ਰ, ਜੋਰੂ ਤੇ ਜ਼ਮੀਨ ਲਈ ਮਨੁੱਖੀ ਤਲਬ ਦੀ ਤੀਬਰਤਾ ਘੱਟ-ਵੱਧ ਹੋ ਸਕਦੀ ਹੈ, ਪਰ ਇਹ ਨਹੀਂ ਹੋ ਸਕਦਾ ਕਿ ਇਨ੍ਹਾਂ ਤੇਹਾਂ ਵਿਚੋਂ ਮਨੁੱਖ ਨੂੰ ਕਿਸੇ ਦੀ ਵੀ ਤਲਬ ਨਾ ਹੋਵੇ। ਇਹ ਤਿੰਨ ਚੀਜ਼ਾਂ ਇਹੋ ਜਿਹੀਆਂ ਹਨ ਕਿ ਤਕਰੀਬਨ ਹਰ ਬਸ਼ਰ ਇਨ੍ਹਾਂ ਦਾ ਤਲਬਗ਼ਾਰ ਹੁੰਦਾ ਹੈ। ਜੇ ਕਿਸੇ ਨੂੰ ਇਨ੍ਹਾਂ ਚੀਜ਼ਾਂ ਦੀ ਤਲਬ ਨਹੀਂ ਤਾਂ ਉਹ ਸ਼ਖ਼ਸ ਕੋਈ ਦੈਵੀ ਰੂਹ ਹੋਵੇਗੀ, ਕੋਈ ਰੱਬੀ ਜੀਵੜਾ ਹੋਵੇਗਾ। ਅੱਜ ਅਸੀਂ ਜ਼ਰ, ਜੋਰੂ ਤੇ ਜ਼ਮੀਨ ਵਿਚੋਂ ਜੋਰੂ ਯਾਨੀ ਔਰਤ ਦੀ ਗੱਲ ਹੀ ਕਰਾਂਗੇ। ਇਹ ਜ਼ੋਰੂ ਕੋਈ ਆਮ ਔਰਤ ਨਹੀਂ ਹੈ।
ਔਰਤ, ਰੱਬ ਵੱਲੋਂ ਘੜਿਆ ਹੋਇਆ ਉਹ 'ਮਾਇਆਵਤੀ' ਸਰੂਪ ਹੈ, ਜੋ ਦੈਵੀ ਸ਼ਖ਼ਸੀਅਤਾਂ ਦਾ ਸਬਰ ਅਜ਼ਮਉਣ ਦਾ ਔਜ਼ਾਰ ਰਿਹਾ ਹੈ, ਮਾਧਿਅਮ ਰਿਹਾ ਹੈ। ਔਰਤ ਮਰਦ ਨਾਲੋਂ ਪਹਿਲਾਂ ਬਣਾਈ ਗਈ ਜਾਂ ਮਗਰੋਂ, ਇਸ ਦਾ ਤਾਂ ਇਲਮ ਨਹੀਂ, ਪਰ ਇੱਕ ਗੱਲ ਇੱਟ ਨਾਲੋਂ ਵੀ ਵੱਧ ਪੱਕੀ ਹੈ ਕਿ ਔਰਤ ਦਾ ਵਜੂਦ, ਮਰਦ ਦੇ ਵਜੂਦ ਕਾਰਨ ਹੀ ਸਾਰਥਕ ਹੋਇਆ ਸੀ। ਮਰਦਾਂ ਦਾ ਪੱਖ ਲੈਣ ਦਾ ਦੋਸ਼ ਲਗਾਏ ਜਾਣ ਤੋਂ ਪਹਿਲਾਂ ਹੀ ਹੋਰ ਸਪੱਸ਼ਟ ਕਰ ਦਿਆਂ ਕਿ ਇਨ੍ਹਾਂ ਦੋਹਾਂ ਨੇ ਆਪਣੀ ਤੇ ਇਕ-ਦੂਜੇ ਦੀ ਕਦਰ ਇਕ-ਦੂਜੇ ਨਾਲ ਸਹਿਵਾਸ ਕਰਦਿਆਂ ਹੀ ਪਛਾਣੀ। ਮਾਈ ਹੱਬਾ ਨੂੰ ਆਪਣੀਆਂ ਜਿਸਮਾਨੀ ਕਰਾਮਾਤਾਂ ਦਾ ਅਹਿਸਾਸ, ਬਾਪੂ ਆਦਮ ਦੀ ਹਾਜ਼ਰੀ ਵਿੱਚ ਹੀ ਹੋਇਆ ਸੀ। ਇਕ-ਦੂਜੇ ਨੂੰ ਮਿਲਣ ਤੋਂ ਪਹਿਲਾਂ, ਉਹ ਦੋਵੇਂ 'ਕੱਲੇ-ਕੱਲੇ' ਹੀ ਸੁਰਗਾਂ ਦੀਆਂ ਕੰਧਾਂ ਵਿੱਚ ਵੱਜਦੇ ਫ਼ਿਰਦੇ ਰਹੇ ਸਨ।
ਪੰਜਾਬ ਵਿੱਚ ਰੱਜਵੀਂ ਰੋਟੀ ਖਾਂਦਿਆਂ ਨੂੰ ਕੈਨੇਡਾ-ਅਮਰੀਕਾ ਦੇ ਡਾਲਰਾਂ (ਜ਼ਰ) ਦੀ ਤਲਬ ਰਹਿੰਦੀ ਹੈ। ਕਈ ਤਾਂ ਇਹ ਤਲਬ ਪੂਰੀ ਹੁੰਦੀ ਦੇਖ ਕੇ 'ਜੋਰੂ' ਦੀ ਤਲਬ ਦੀਆਂ ਲਗਾਮਾਂ ਵੀ ਢਿੱਲੀਆਂ ਛੱਡ ਦਿੰਦੇ ਹਨ ਤੇ ਉਹ ਚੋਪੜੀਆਂ ਦੇ ਨਾਲ ਹੀ ਦੋ-ਦੋ ਵੀ ਮੰਗਣ ਲੱਗ ਪੈਂਦੇ ਹਨ। ਜਦੋਂ ਮਨੁੱਖੀ ਮਨ ਵਿੱਚ ਸਵੇਰ-ਸ਼ਾਮ ਇਹੋ ਜਿਹੀਆਂ ਤਾਂਘਾਂ ਉੱਸਲਵੱਟੇ ਲੈਣ ਲੱਗ ਪੈਣ ਤੇ ਉਹ ਤਾਂਘਾਂ ਪੂਰੀਆਂ ਹੋਣ ਲਈ ਮੂੰਹਜ਼ੋਰ ਵੀ ਹੋ ਉੱਠਣ ਤਾਂ ਉਨ੍ਹਾਂ ਨੂੰ ਪੂਰੀਆਂ ਕਰਨ ਦੇ ਝਾਂਸੇ ਦੇਣ ਵਾਲ਼ਿਆਂ ਦੀਆਂ ਹੱਟੀਆਂ ਖੁੱਲ੍ਹ ਜਾਂਦੀਆਂ ਹਨ। ਫ਼ਿਰ ਇਨ੍ਹਾਂ ਤਾਂਘਾਂ ਦੇ ਬਜ਼ਾਰ ਖੁੱਲ੍ਹ ਜਾਂਦੇ ਹਨ ਤੇ ਇਹ ਵਿਕਾਊ ਹੀ ਨਹੀਂ ਹੋ ਜਾਂਦੀਆਂ, ਸਗੋਂ ਇਨ੍ਹਾਂ ਨੂੰ ਪੂਰੀਆਂ ਕਰਨ ਬਦਲੇ ਮੋਟੀਆਂ-ਮੋਟੀਆਂ ਰਕਮਾਂ ਵੀ ਇੱਧਰੋਂ ਉੱਧਰ ਹੋਣ ਲੱਗਦੀਆਂ ਹਨ। ਇਸ ਤਰ੍ਹਾਂ ਇਹ ਮੋਟੀਆਂ-ਮੋਟੀਆਂ ਰਕਮਾਂ, ਇਨ੍ਹਾਂ ਕਾਲ਼ੀਆਂ ਕਰਤੂਤਾਂ ਨਾਲ ਗੂੜ੍ਹੀਆਂ ਕਾਲੀਆਂ ਹੋਣ ਲੱਗਦੀਆਂ ਹਨ।
ਪਾਠਕ ਜੀ, ਇਹ 'ਤਲਬਨਾਮਾ-ਜੋਰੂ' ਕੁੱਝ ਬਹੁਤਾ ਹੀ ਭਾਰਾ ਜਿਹਾ ਤਾਂ ਨਹੀਂ ਹੋ ਗਿਆ? ਲਓ, ਹੁਣੇ ਇਸ ਨੂੰ ਸੌਖਾ ਤੇ ਹੌਲ਼ਾ ਜਿਹਾ ਕਰਦੇ ਹਾਂ। ਆਓ, ਤੁਹਾਨੂੰ ਲੈ ਚੱਲੀਏ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਸ਼ਹਿਰ ਫ਼ਿਰੋਜ਼ਪੁਰ, ਜਿੱਥੋਂ ਦੀ ਪੁਲੀਸ ਨੇ ਰਾਜਵਿੰਦਰ ਕੌਰ ਨਾਂ ਦੀ ਇੱਕ ਭਰ ਜੁਆਨ ਔਰਤ ਅਤੇ ਉਸ ਦੇ ਸਾਥੀਆਂ ਹਰਦਿਆਲ ਸਿੰਘ ਤੇ ਜਗਸੀਰ ਸਿੰਘ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਤੇਹਾਂ ਦੇ ਖ਼ਿਲਾਫ਼ ਥਾਣਾ ਕੁਲਗੜ੍ਹੀ ਦੀ ਪੁਲੀਸ ਨੇ 27 ਮਈ ਤੋਂ ਭਾਰਤੀ ਸਜ਼ਾ ਜ਼ਾਬਤਾ ਦੀਆਂ ਦਫ਼ਾਵਾਂ 406, 420, 120-ਬੀ ਅਧੀਨ ਕੇਸ ਦਰਜ ਕੀਤਾ ਹੋਇਆ ਹੈ। ਇਹ ਜਾਣਕਾਰੀ ਦਿੰਦਿਆਂ ਹੋਇਆਂ ਫ਼ਿਰੋਜ਼ਪੁਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਪਰਮਰਾਜ ਸਿੰਘ ਉਮਰਾਨੰਗਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਜਵਿੰਦਰ ਕੌਰ, ਜੋ ਆਪਣੇ-ਆਪ ਨੂੰ ਵਿਦੇਸ਼ ਤੋਂ ਆਈ ਹੋਈ 'ਕੁਆਰੀ ਕੰਨਿਆ' ਦੱਸਦੀ ਰਹੀ ਹੈ ਤੇ ਉਹ ਕਦੇ 'ਸੱਤੀ', ਕਦੇ 'ਰਾਜ', ਕਦੇ 'ਅਮਨਦੀਪ ਕੌਰ' ਅਤੇ ਕਦੇ 'ਦਵਿੰਦਰ ਕੌਰ' ਬਣ ਕੇ ਲੋਕਾਂ ਨੂੰ ਠਗਦੀ ਰਹੀ ਹੈ। ਪਹਿਲਾਂ ਉਸ ਨੇ ਆਪਣੇ-ਆਪ ਨੂੰ ਕੈਨੇਡਾ ਦੀ ਸ਼ਹਿਰਨ ਦੱਸ ਕੇ, ਪਿੰਡ ਕੋਤਵਾਲ ਵਿੱਚ ਰਹਿੰਦੇ ਕੁਲਵਿੰਦਰ ਸਿੰਘ ਨਾਲ 'ਵਿਆਹ' ਕਰਾਇਆ ਤੇ ਉਸ ਦੇ ਤਕਰੀਬਨ 50 ਰਿਸ਼ਤੇਦਾਰਾਂ ਨੂੰ ਕੈਨੇਡਾ ਪਹੁੰਚਾਉਣ ਲਈ ਭਰਮਾ ਕੇ ਉਨ੍ਹਾਂ ਨਾਲ 5 ਕਰੋੜ ਰੁਪਏ ਦੀ ਠੱਗੀ ਮਾਰੀ। ਇਹ ਠੱਗੀ ਮਾਰਨ ਵਿੱਚ, ਉਸ ਨੇ ਪਿੰਡ ਆਲੋਵਾਲ 'ਚ ਰਹਿੰਦੇ ਆਪਣੇ ਭਰਾ ਨਿਸ਼ਾਨ ਸਿੰਘ, ਬਚਿੱਤਰ ਸਿੰਘ ਅਤੇ ਸੁੱਖਾ ਸਿੰਘ ਦਾ ਸਹਾਰਾ ਲਿਆ। ਇਸ ਬੀਬੀ ਨੇ 'ਕਿਸੇ ਵੀ ਹੀਲੇ ਕੈਨੇਡਾ ਜਾਣ ਲਈ ਉਤਾਵਲੇ' ਉਨ੍ਹਾਂ ਬੰਦਿਆਂ 'ਤੇ ਖੁੱਲ੍ਹਾ ਖ਼ਰਚ ਕੀਤਾ ਤੇ ਉਹ, ਉਨ੍ਹਾਂ ਨੂੰ ਆਪਣੇ ਨਾਲ ਥਾਇਲੈਂਡ ਲੈ ਗਈ। ਉੱਥੇ ਉਹ ਉਨ੍ਹਾਂ ਨੂੰ ਚੋਰ-ਭੁਲਾਈ ਦੇ ਕੇ ਆਪ ਖਿਸਕ ਗਈ।
ਡੀ. ਆਈ. ਜੀ. ਨੇ ਇਹ ਵੀ ਦੱਸਿਆ ਕਿ ਰਾਜਵਿੰਦਰ ਕੌਰ ਉਰਫ਼ ਸੱਤੀ ਤੇ ਉਸ ਦੇ ਸਾਥੀਆਂ ਹਰਦਿਆਲ ਸਿੰਘ ਅਤੇ ਜਗਸੀਰ ਸਿੰਘ ਨੂੰ ਹਿਰਾਸਤ ਵਿੱਚ ਲਏ ਜਾਣ ਮਗਰੋਂ ਉਨ੍ਹਾਂ ਤੋਂ 19. 55 ਲੱਖ ਰੁਪਏ, 1435 ਕੈਨੇਡੀਅਨ ਡਾਲਰ, 1009 ਅਮਰੀਕੀ ਡਾਲਰ, 7090 ਬਾਥ (ਥਾਇਲੈਂਡ ਦੀ ਕਰੰਸੀ), ਇੱਕ ਇੰਡੀਕਾ ਕਾਰ, ਸੋਨੇ ਤੇ ਚਾਂਦੀ ਦੇ ਬਹੁਤ ਸਾਰੇ ਗਹਿਣੇ, ਵੱਖ-ਵੱਖ ਨਾਵਾਂ 'ਤੇ ਬਣਾਏ ਹੋਏ ਪਾਸਪੋਰਟ, ਡਰਾਈਵਿੰਗ ਲਾਇਸੈਂਸ, 'ਪੈਨ' ਕਾਰਡ, ਏ. ਟੀ. ਐੱਮ. ਕਾਰਡ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਹੋਏ ਹਨ। ਸ਼੍ਰੀ ਉਮਰਾਨੰਗਲ ਨੇ ਇਹ ਵੀ ਦੱਸਿਆ ਕਿ ਰਾਜਵਿੰਦਰ ਕੌਰ ਦੇ ਖ਼ਿਲਾਫ਼, ਜ਼ਿਲ੍ਹਾ ਬਟਾਲਾ ਦੇ ਥਾਣਾ ਹਰਗੋਬਿੰਦ ਪੁਰ ਵਿਖੇ ਸਾਲ 2005 ਵਿਚ, 6 ਲੱਖ ਰੁਪਏ ਦੀ ਠੱਗੀ ਮਾਰਨ ਦਾ ਕੇਸ ਦਰਜ ਹੈ। ਇਸ ਤੋਂ ਇਲਾਵਾ ਸਾਲ 2006 ਵਿੱਚ ਤੇ ਸਾਲ 2007 ਵਿੱਚ, 3. 20 ਲੱਖ ਦੀਆਂ ਦੋ ਠੱਗੀਆਂ ਮਾਰਨ ਦੇ ਦੋ ਕੇਸ ਉਸ ਦੇ ਖ਼ਿਲਾਫ਼, ਸਿਲਸਿਲੇਵਾਰ ਰੂਪ ਵਿੱਚ ਥਾਣਾ ਰਮਦਾਸ ਅਤੇ ਥਾਣਾ ਕੋਟਕਪੂਰਾ ਵਿਖੇ ਦਰਜ ਹਨ। ਇਨ੍ਹਾਂ ਤੋਂ ਇਲਾਵਾ ਥਾਣਾ ਗੋਇੰਦਵਾਲ ਵਿੱਚ 5 ਲੱਖ ਰੁਪਏ ਦੀ ਠੱਗੀ ਦਾ, ਥਾਣਾ ਸਮਾਣਾ ਵਿੱਚ 12 ਲੱਖ ਰੁਪਏ ਦੀ ਠੱਗੀ ਦਾ, ਸਾਲ 2010 ਵਿੱਚ 28 ਲੱਖ ਰੁਪਏ ਦੀ ਇੱਕ ਠੱਗੀ ਮਾਰਨ ਦਾ ਕੇਸ, ਸਦਰ ਥਾਣਾ ਕੋਟਕਪੂਰਾ ਤੇ ਥਾਣਾ ਬੱਧਣੀ ਵਿੱਚ ਵੀ ਦਰਜ ਹੈ।
ਇਸ ਪੁਲੀਸ ਅਧਿਕਾਰੀ ਦੇ ਕਹਿਣ ਮੁਤਾਬਕ ਪੰਜਾਬ ਦੇ ਹੋਰ ਸ਼ਹਿਰਾਂ ਤੋਂ ਵੀ ਇਸ ਔਰਤ ਵੱਲੋਂ ਕਈ ਆਦਮੀਆਂ ਨਾਲ ਠੱਗੀਆਂ ਮਾਰਨ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਉਨ੍ਹਾਂ ਦੇ ਕਹਿਣ ਅਨੁਸਾਰ, ਰਾਜਵਿੰਦਰ ਕੌਰ ਉਰਫ਼ ਸੱਤੀ ਆਪਣੇ ਸਾਥੀਆਂ ਦੀ ਮਦਦ ਨਾਲ ਅਮੀਰ ਆਦਮੀਆਂ ਨੂੰ ਆਪਣੇ ਨਾਲ ਵਿਆਹ ਕਰਾਉਣ ਲਈ ਭਰਮਾ ਲੈਂਦੀ ਸੀ ਤੇ ਹਰ ਨਵਾਂ ਕਾਂਡ ਕਰਨ ਤੋਂ ਪਹਿਲਾਂ ਆਪਣਾ ਨਾਂ-ਥਾਂ ਬਦਲ ਲੈਂਦੀ ਸੀ। ਫ਼ਿਰ ਉਹ ਆਪਣੇ-ਆਪ ਨੂੰ ਕੈਨੇਡਾ ਦੀ ਸ਼ਹਿਰਨ ਸਾਬਤ ਕਰਨ ਲਈ, ਉਨ੍ਹਾਂ 'ਲਾੜਿਆਂ' ਉੱਤੇ 'ਲੋਹੜੇ' ਦਾ ਖ਼ਰਚਾ ਕਰਦੀ ਸੀ ਤਾਂ ਕਿ ਉਸ ਦੇ 'ਸ਼ਿਕਾਰਾਂ' ਨੂੰ ਇਹ ਯਕੀਨ ਹੋ ਜਾਵੇ ਕਿ ਉਨ੍ਹਾਂ ਨੇ ਸੱਚੀਂ ਹੀ 'ਕੈਨੇਡਾ ਤੋਂ ਆਈ ਨੱਢੀ ਪੱਟ ਲਈ' ਹੈ ਤੇ 'ਉਹ ਉਨ੍ਹਾਂ ਨਾਲ ਵਿਆਹ ਕਰਾਉਣ ਲਈ ਇੰਨੀ ਕਾਹਲੀ ਹੈ ਕਿ ਉਹ ਉਨ੍ਹਾਂ ਖ਼ਾਤਰ ਹੀ ਡਾਲਰ ਭਨਾਈ ਜਾ ਰਹੀ ਹੈ ਤੇ ਪੈਸਾ ਪਾਣੀ ਵਾਂਗ ਰੋਹੜੀ ਜਾ ਰਹੀ' ਹੈ। ਇਸ ਦੇ ਨਾਲ ਹੀ ਉਹ ਆਪਣੇ 'ਲਾੜਿਆਂ' ਨੂੰ ਇਹ ਲਾਰੇ ਵੀ ਲਾਉਂਦੀ ਕਿ ਸਾਲ ਦੇ ਅੰਦਰ-ਅੰਦਰ ਉਹ ਉਨ੍ਹਾਂ ਦੇ ਪਰਿਵਾਰ ਦੇ ਇਕ-ਇਕ ਜੀਅ ਨੂੰ ਕੈਨੇਡਾ ਮੰਗਾ ਲਵੇਗੀ।
ਇਹ 'ਹੁੰਦੜ-ਹੇਲ' ਜਿਹੀ ਬੀਬੀ ਹੁਣ ਤੱਕ 5 ਵਿਅਕਤੀਆਂ ਨਾਲ 'ਭੁਆਟੜੀਆਂ' ਲੈ ਚੁੱਕੀ ਹੈ। ਇਸ ਦੇ ਸਾਥੀ ਜਗਸੀਰ ਸਿੰਘ ਕੋਲੋਂ ਸਤਨਾਮ ਸਿੰਘ ਦੇ ਨਾਂ ਵਾਲ਼ਾ ਉਹ ਪਾਸਪੋਰਟ ਮਿਲਿਆ ਹੈ, ਜਿਸ ਉੱਪਰ ਫੋਟੋ ਜਗਸੀਰ ਸਿੰਘ ਦੀ ਲੱਗੀ ਹੋਈ ਹੈ। ਇਹ ਜਗਸੀਰ ਸਿੰਘ ਯਾਨੀ ਸਤਨਾਮ ਸਿੰਘ ਪਹਿਲਾਂ ਹੀ 2010 ਵਿੱਚ ਆਪਣੇ ਭਰਾ ਦੀ ਜ਼ਮੀਨ ਵੇਚਣ ਦੇ ਮਾਮਲੇ ਵਿੱਚ ਮਾਨਸਾ ਪੁਲੀਸ ਨੂੰ ਲੋੜੀਂਦਾ ਹੈ।
ਇਸ 'ਵਲੈਤਣ' ਤੋਂ ਪੁੱਛ-ਪੜਤਾਲ ਕਰਨ 'ਤੇ ਪਤਾ ਲੱਗਿਆ ਹੈ ਕਿ ਉਹ ਦਸਵੀਂ ਜਮਾਤ ਵੀ ਪਾਸ ਨਹੀਂ ਹੈ। ਉਹ ਥਾਈ ਭਾਸ਼ਾ ਵਿੱਚ ਬਹੁਤ ਚੰਗੀ ਤਰ੍ਹਾਂ ਗੱਲਬਾਤ ਕਰ ਲੈਂਦੀ ਹੈ। ਉਸ ਨੂੰ ਅੰਗਰੇਜ਼ੀ ਬੋਲਣੀ ਨਹੀਂ, ਪਰ ਸਮਝਣੀ ਚੰਗੀ ਤਰ੍ਹਾਂ ਆਉਂਦੀ ਹੈ। ਇਹ 'ਜਾਅਲੀ ਵਿਦੇਸ਼ਣ' (ਕੁਦੇਸਣ ਨਹੀਂ) 11 ਮਹੀਨਿਆਂ ਦੀ ਕੈਦ ਵੀ ਕੱਟ ਚੁੱਕੀ ਹੈ ਤੇ ਕੈਦ ਕੱਟਣ ਮਗਰੋਂ ਕਈ ਵਾਰ ਥਾਇਲੈਂਡ ਵੀ ਜਾ ਆਈ ਹੈ। ਉਹ 2000 ਤੋਂ 2005 ਤੱਕ ਥਾਈਲੈਂਡ ਰਹਿ ਚੁੱਕੀ ਹੈ ਤੇ ਉਸ ਦਾ ਕਹਿਣ ਹੈ ਕਿ ਉਹ ਉੱਥੇ ਕਿਸੇ ਵਕੀਲ ਨਾਲ ਬਤੌਰ 'ਟਰਾਂਸਲੇਟਰ' ਕੰਮ ਕਰਦੀ ਰਹੀ ਹੈ।
ਕੀ ਰੱਬ ਦੇ ਬਣਾਏ ਇਸ ਜਹਾਨ ਵਿੱਚ ਕੁੱਝ ਲੋਕ ਹੀ 'ਕੌਤਕੀ' ਹੁੰਦੇ ਹਨ ਜਾਂ ਜਾਂ ਸਾਡੀਆਂ ਅੱਖਾਂ ਉੱਤੇ ਹੀ ਕੋਈ ਪੱਟੀ ਬੱਝ ਜਾਂਦੀ ਹੈ ਕਿ ਅਸੀਂ ਉਨ੍ਹਾਂ ਦੀ ਹਰ ਹਰਕਤ ਨੂੰ 'ਕੌਤਕ' ਸਮਝਦਿਆਂ ਉਨ੍ਹਾਂ ਉੱਤੇ ਰੱਬ ਨਾਲੋਂ ਵੀ ਵੱਧ ਯਕੀਨ ਕਰਨ ਲੱਗ ਜਾਂਦੇ ਹਾਂ, ਇਹੋ ਵਿਚਾਰਨ ਵਾਲ਼ੀ ਗੱਲ ਹੈ। ਜਦੋਂ ਕੋਈ ਬੰਦਾ, 'ਚੰਗਿਆਈ' ਦਾ ਚੋਲ਼ਾ ਪਾ ਕੇ ਸਾਡਾ 'ਭਲਾ' ਕਰਨ ਲਈ 'ਤੁਲ' ਹੀ ਜਾਂਦਾ ਹੈ ਤਾਂ ਸਾਨੂੰ ਇਹ ਖ਼ਿਆਲ ਕਿਉਂ ਨਹੀਂ ਆਉਂਦਾ ਕਿ ਇਸ 'ਕਲਯੁਗ' ਵਿੱਚ ਇਹ 'ਸਤਯੁਗੀ' ਜੀਵ ਕਿੱਥੋਂ ਆ ਗਿਆ? ਅੱਜ ਦੇ ਜ਼ਮਾਨੇ ਵਿੱਚ ਤਾਂ 'ਅੱਬ ਕਹਾਂ ਬਾਤ ਘਰ ਲੁਟਾਨੇ ਕੀ' ਦਾ ਹੀ ਵਾਰਾ-ਪਹਿਰਾ ਹੈ। ਸਾਨੂੰ ਪੈਰ-ਪੈਰ 'ਤੇ ਇਹ ਸੁਆਲ ਕਿਸੇ ਹੋਰ ਨੂੰ ਨਾ ਸਹੀ, ਆਪਣੇ-ਆਪ ਨੂੰ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਕਿ ਕੀ ਇਹ ਬੰਦਾ ਸੱਚੀਂ ਹੀ ਇੰਨਾ ਭਲਾਮਾਣਸ ਹੈ ਜਾਂ ਇਹ ਸਭ 'ਭਲਾਈ ਕਾਰਜ' ਕਰਨ ਪਿੱਛੇ ਉਸ ਦਾ ਆਪਣਾ ਵੀ ਕੋਈ ਗੌਂ ਹੈ। ਰਤਾ ਕੁ ਗ਼ੋਰ ਨਾਲ ਦੇਖੋਗੇ ਤਾਂ ਇੱਕ ਗੌਂ ਨਹੀਂ, ਗੌਆਂ ਦੀਆਂ ਡਾਰਾਂ ਦਿਸਣ ਲੱਗ ਪੈਣਗੀਆਂ।
ਸੋ ਹੁਣ ਵੀ ਤੁਸੀਂ ਸੋਚਦੇ ਹੋ ਕਿ ਲੋਕਾਂ ਦਾ ਰੋਟੀਆਂ, ਕੱਪੜਿਆਂ ਤੇ ਮਕਾਨਾਂ ਨਾਲ ਹੀ ਸਰ ਜਾਂਦੈ?
''