ਅਰਜ਼ ਕੀਤੈ

ਬਖ਼ਸ਼ਿੰਦਰ
ਭਾਰਤੀ ਸਿਨੇ-ਜਗਤ ਵੱਲੋਂ ਭਾਰਤੀ ਸਿਨੇਮਾ ਦੀ ਸਥਾਪਨਾ ਦੀ ਸੌਵੀਂ ਵਰ੍ਹੇਗੰਢ ਮਨਾਉਣ ਨੂੰ ਵਰ੍ਹੇ ਨਹੀਂ ਹੋਏ, ਪਰ ਇਹ ਕਹਿਣਾ ਬਹੁਤ ਹਾਲੇ ਵੀ ਔਖਾ ਸੀ ਕਿ ਭਾਰਤੀ ਫ਼ਿਲਮਸਾਜ਼ੀ ਨੇ ਅੱਲ੍ਹੜਪੁਣਾ ਛੱਡ ਦਿੱਤਾ ਹੈ। ਸੌ ਸਾਲ਼ਾਂ ਵਿਚ ਭਾਰਤੀ ਸਿਨੇਮੇ ਨੇ 'ਇਕ ਸੀ ਮੁੰਡਾ, ਇਕ ਸੀ ਕੁੜੀ' ਵਰਗੀ ਬਾਤ ਹੀ ਪਾਈ ਹੈ। ਇਨ੍ਹਾਂ ਸੌ ਸਾਲਾਂ ਦੌਰਾਨ ਫ਼ਿਲਮਾਂ, ਮੁੰਡਿਆਂ-ਕੁੜੀਆਂ ਦੇ ਵਿਆਹਾਂ ਨਾਲ ਹੀ ਮੁੱਕਦੀਆਂ ਰਹੀਆਂ। ਮੁੰਡੇ-ਕੁੜੀ ਦਾ ਵਿਆਹ ਹੋਣ ਮਗਰੋਂ ਕੀ ਹੋਇਆ, ਕਿਸੇ ਨਾ ਦੱਸਿਆ-ਦਿਖਾਇਆ। ਇਹੋ ਜਿਹੀਆਂ ਫ਼ਿਲਮਾਂ ਹੀ ਵਧੀਆ ਸਮਝੀਆਂ ਜਾਣ ਲੱਗੀਆਂ। ਕਿਸੇ ਸੰਜੀਦਾ ਫ਼ਿਲਮਸਾਜ਼ ਨੇ ਕਿਸੇ ਸੰਜੀਦਾ ਵਿਸ਼ੇ 'ਤੇ ਫ਼ਿਲਮ ਬਣਾਉਣ ਦਾ ਹਿਆਂ ਨਾ ਕੀਤਾ।
ਭਾਰਤੀ ਸਿਨੇਮਾ ਦੀ ਸੌਵੀਂ ਵਰ੍ਹੇਗੰਢ ਦੇ ਜਸ਼ਨ (ਜਿਹੋ-ਜਿਹੇ ਵੀ ਸਨ) ਜਾਰੀ ਸਨ ਕਿ ਫਰਾਂਸ ਵਿਚ ਕਾਨਜ਼ ਵਿਖੇ 65ਵਾਂ ਕੌਮਾਂਤਰੀ ਫ਼ਿਲਮ ਮੇਲਾ ਲੱਗ ਗਿਆ। ਇਸ ਮੇਲੇ ਦੌਰਾਨ ਭਾਰਤੀ ਫ਼ਿਲਮਸਾਜ਼ ਅਨੁਰਾਗ ਕਸ਼ਯਪ ਨੇ ਆਪਣੀ ਫ਼ਿਲਮ 'ਗੈਂਗਜ਼ ਆਫ ਵਾਸੱਈਪੁਰ' ਦਿਖਾਈ ਤਾਂ ਇਸ ਫ਼ਿਲਮ ਨੂੰ ਕੌਮਾਂਤਰੀ ਪੱਧਰ 'ਤੇ ਭਰਵੀਂ ਦਾਦ ਮਿਲੀ। ਫਿਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਇਕ ਸਮਾਗਮ ਦੌਰਾਨ ਅਨੁਰਾਗ ਕਸ਼ਯਪ ਨੇ ਕਿਹਾ, ''ਭਾਰਤੀ ਫ਼ਿਲਮ ਦਰਸ਼ਕ ਆਪਣੇ ਮੁਲਕ ਦੇ ਫ਼ਿਲਮਸਾਜ਼ਾਂ ਵੱਲੋਂ ਕੀਤੇ ਜਾਂਦੇ ਯਤਨਾਂ ਦੀ ਸ਼ਲਾਘਾ ਨਹੀਂ ਕਰਦੇ। ਉਨ੍ਹਾਂ ਨੂੰ ਲੀਕੋਂ ਹਟ ਕੇ ਬਣਾਈਆਂ ਫ਼ਿਲਮਾਂ ਬਾਰੇ ਇਕੋ ਸ਼ਿਕਾਇਤ ਰਹਿੰਦੀ ਹੈ ਕਿ ਇਹ ਫ਼ਿਲਮਾਂ 'ਸਲੋਅ' (ਮੱਠੀਆਂ) ਹੁੰਦੀਆਂ ਹਨ ਜਦੋਂ ਕਿ ਪੱਛਮੀ ਦੇਸ਼ਾਂ ਵਿਚ ਇਹ ਫ਼ਿਲਮਾਂ ਦੇਖਣ ਆਉਂਦੇ
ਲੋਕਾਂ ਨਾਲ ਸਿਨੇਮਾ ਹਾਲ ਭਰ ਜਾਂਦੇ ਹਨ ਤੇ ਉੱਥੇ ਲੋਕ ਸਾਰੀ ਫ਼ਿਲਮ ਦੇਖ ਕੇ ਹੀ ਜਾਂਦੇ ਹਨ। ਮੈਂ ਹੀ ਜਾਣਦਾਂ ਕਿ 'ਬਲੈਕ ਫਰਾਈਡੇ' ਬਣਾਉਣ ਮਗਰੋਂ ਮੈਂ ਕਿਹੜੇ-ਕਿਹੜੇ ਦਹਿਰਮਾਂ ਵਿਚੋਂ ਗ਼ੁਜ਼ਰਿਆ ਸਾਂ। 'ਪਾਨ ਸਿੰਘ ਤੋਮਰ' ਵਰਗੀ ਫਿਲਮ ਨੂੰ ਇਕ ਸਾਲ ਤੋਂ ਵੱਧ ਸਮਾਂ ਉਡੀਕਣ ਮਗਰੋਂ ਸਿਨੇਮੇ ਦਾ ਪਰਦਾ ਨਸੀਬ ਹੋਇਆ, ਉਹ ਵੀ ਉਦੋਂ ਜਦੋਂ ਅਸੀਂ ਇਨ੍ਹਾਂ ਫ਼ਿਲਮਾਂ ਦਾ ਪ੍ਰਚਾਰ ਸ਼ੁਰੂ ਕੀਤਾ। ਬਹੁਤ ਸਾਰੀਆਂ ਫ਼ਿਲਮਾਂ ਹਾਲੇ ਵੀ ਡੱਬਿਆਂ ਵਿਚ ਬੰਦ ਪਈਆਂ ਰੁਲ਼ਦੀਆਂ ਹਨ ਕਿਉਂ ਕਿ ਉਨ੍ਹਾਂ ਦਾ ਕੋਈ ਝਾਲੂ ਨਹੀਂ ਹੈ।''
ਅਨੁਰਾਗ ਕਸ਼ਯਪ ਮਸਾਂ 26 ਸਾਲਾਂ ਦਾ ਸੀ, ਜਦੋਂ ਉਸ ਨੇ ਇਕ ਸਹਿ-ਲੇਖਕ ਵਜੋਂ ਫ਼ਿਲਮ 'ਸਤਯ' ਦੀ ਸਕਰਿਪਟ ਲਿਖੀ ਸੀ। ਉਦੋਂ ਉਸ ਬਾਰੇ ਇਕ ਦੰਦਕਥਾ ਛਿੜੀ ਸੀ। 'ਸਤਯ' ਤੋਂ ਉਸ ਨੇ ਕਾਫੀ ਨਾਮਣਾ ਖੱਟਿਆ ਸੀ। 'ਸਤਯ' ਦੀ ਸਕਰਿਪਟ ਤੋਂ ਮੁਤਾਸਿਰ ਹੋ ਕੇ ਅਮਿਤਾਭ ਬਚਨ ਨੇ ਅਨੁਰਾਗ ਕਸ਼ਯਪ ਨੂੰ ਫੋਨ ਕਰ ਕੇ ਕਿਹਾ ਕਿ ਉਹ, ਉਸ ਨਾਲ਼ ਰਲ਼ ਕੇ ਵੱਖਰੀ ਕਿਸਮ ਦਾ ਕੰਮ ਕਰਨ ਦੇ ਚਾਹਵਾਨ ਹਨ।
ਅਨੁਰਾਗ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਜੋ ਕੁੱਝ ਵੀ ਕਰਨਾ ਚਾਹੇਗਾ, ਆਪਣੇ ਢੰਗ ਨਾਲ ਹੀ ਕਰਨਾ ਚਾਹੇਗਾ। ਉਸ ਨੇ ਇਹ ਵੀ ਕਿਹਾ, ''ਮੇਰੇ ਲਈ ਕੋਈ ਹੱਦਾਂ-ਬੰਨੇ ਨਾ ਮਿੱਥੋ ਕਿਉਂ ਕਿ ਮੈਂ ਅਮਿਤਾਭ ਬਚਨ ਲਈ ਲਿਖ ਰਿਹਾ ਹਾਂ।'' ਉਸ ਨੇ ਇਕ ਸਕਰਿਪਟ ਲਿਖੀ, ਜਿਸ ਵਿਚ ਅਮਿਤਾਭ ਬਚਨ ਵੱਲੋਂ ਨਿਭਾਇਆ ਜਾਣ ਵਾਲ਼ਾ ਕਿਰਦਾਰ ਕੁੱਝ ਧੁੰਦਲਾ ਜਿਹਾ ਸੀ। ਸਾਰਿਆਂ ਨੇ ਉਹ ਸਕਰਿਪਟ ਪਸੰਦ ਕੀਤੀ ਸੀ, ਪਰ ਅਮਿਤਾਭ ਬਚਨ ਨੇ ਇਸ ਕਿਰਦਾਰ ਬਾਰੇ ਕੁੱਝ ਝਿਜਕ ਦਿਖਾਈ ਤੇ ਉਨ੍ਹਾਂ ਨੇ ਆਪਣੇ ਕਿਰਦਾਰ ਨੂੰ ਖ਼ਾਸ ਰੰਗਤ ਦੇਣ ਦੀ ਵਜ੍ਹਾ ਜਾਨਣੀ ਚਾਹੀ। ਅਨੁਰਾਗ ਨੇ ਇਹੋ ਕਿਹਾ, ''ਨਹੀਂ ਜੀ, ਸਾਨੂੰ ਦਰਸ਼ਕਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਚੱਲੋ, ਆਪਾਂ ਉਨ੍ਹਾਂ ਨੂੰ ਸੋਚਣ-ਵਿਚਾਰਨ ਲਈ ਕੁੱਝ ਦੇਈਏ।''
ਪਿਛਲੇ ਹਫ਼ਤੇ ਅਮਿਤਾਭ ਬਚਨ ਨੇ ਫ਼ਿਲਮ 'ਗੈਂਗਜ਼ ਆਫ ਵਾਸੱਈਪੁਰ' ਦੇਖ ਕੇ ਏਦਾਂ 'ਟਵੀਟ' ਕੀਤਾ, ''ਵਾਹ! ਕੀ ਫ਼ਿਲਮ ਹੈ! ਅਨੁਰਾਗ ਦਾ ਨਿਰਦੇਸ਼ਨ ਕਮਾਲ ਦਾ ਹੈ। ਭਾਰਤੀ ਸਿਨੇਮਾ ਨਵੇਂ ਰਾਹ ਪੈਣ ਲਈ ਪੁਲਾਂਘਾਂ ਪੁੱਟ ਰਿਹਾ ਹੈ। ਮੈਨੂੰ ਇਸ ਗੱਲ ਦਾ ਫ਼ਖ਼ਰ ਹੈ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।''
ਪਹਿਲੀ ਤੇ ਦੂਜੀ ਘਟਨਾ ਤੋਂ ਵਿਚਾਲੜੇ ਸਮੇਂ ਦੌਰਾਨ ਅਨੁਰਾਗ ਕਸ਼ਯਪ ਨੇ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕੀਤਾ। ਇਸ ਦੌਰਾਨ ਹੀ ਉਸ ਦੀ ਪਹਿਲੀ ਫ਼ਿਲਮ 'ਪਾਂਚ' ਮੁਕੰਮਲ ਹੋ ਕੇ ਵੀ ਡੱਬਿਆਂ ਵਿਚੋਂ ਨਾ ਨਿੱਕਲ ਸਕੀ ਕਿਉਂ ਕਿ ਸੈਂਸਰ ਬੋਰਡ ਨੂੰ ਲੱਗਿਆ ਸੀ ਕਿ ਉਹ ਫ਼ਿਲਮ ਇੰਨੀ ਹਕੀਕੀ ਹੈ ਕਿ ਉਹ ਦਰਸ਼ਕਾਂ ਨੂੰ ਪਚਣੀ ਨਹੀਂ। ਹੁਣ ਉਸ ਦੀ ਫ਼ਿਲਮ 'ਗੈਂਗਜ਼ ਆਫ ਵਾਸੱਈਪੁਰ' ਨੇ ਭਾਰਤ ਵਿਚ ਹੀ ਨਹੀਂ, ਸਾਰੇ ਜਹਾਨ ਵਿਚ ਧੁੰਮਾਂ ਪਾ ਕੇ ਇਹ ਦੱਸ ਦਿੱਤਾ ਹੈ ਕਿ ਸਾਲ ਭਾਵੇਂ ਸੌ ਲੱਗ ਗਏ, ਪਰ ਭਾਰਤੀ ਸਿਨੇਮਾ ਜੁਆਨ ਹੋ ਗਿਆ ਹੈ।
ਭਾਵੇਂ ਪਹਿਲਾਂ-ਪਹਿਲ ਇਹ ਫ਼ਿਲਮ ਦੇਖਣ ਲਈ ਲੋਕ ਹੁੰਮ-ਹੁਮਾ ਕੇ ਨਹੀਂ ਗਏ, ਪਰ ਬਾਅਦ ਵਿਚ ਇਸ ਫ਼ਿਲਮ ਦਾ ਰੌਲ਼ਾ ਪੈਣ ਨਾਲ ਦਰਸ਼ਕਾਂ ਦੀ ਗਿਣਤੀ ਵਧ ਗਈ। ਪਹਿਲ਼ੇ ਹਫ਼ਤੇ ਇਸ ਫ਼ਿਲਮ ਨੇ 11 ਕਰੋੜ ਰੁਪਏ ਕਮਾਏ ਹਨ। ਇਹ ਕਾਮਯਾਬੀ ਵੀ ਉਸ ਹਾਲਤ ਵਿਚ ਹੈ, ਜਦੋਂ ਇਸ ਦੇ ਨਾਲ ਹੀ 'ਰਾਉਡੀ ਰਾਠੌਰ' ਅਤੇ 'ਤੇਰੀ ਮੇਰੀ ਕਹਾਨੀ' ਵਰਗੀਆਂ ਦਰਸ਼ਕ ਭਰਮਾਊ ਫ਼ਿਲਮਾਂ ਵੀ ਚੱਲ ਰਹੀਆਂ ਹਨ। ਇੱਥੋਂ ਹੀ ਤਾਂ ਪਤਾ ਲੱਗਦਾ ਹੈ ਕਿ ਮਲਟੀਪਲੈਕਸ ਦੇ ਦਰਸ਼ਕ ਵੀ ਚੰਗੀਆਂ ਫ਼ਿਲਮਾਂ ਦੀ ਤਲਾਸ਼ ਕਰਦੇ ਹਨ। 18 ਕਰੋੜ ਰੁਪਏ ਦੀ ਲਾਗਤ ਨਾਲ ਦੋ ਹਿੱਸਿਆਂ ਵਿਚ ਬਣਾਈ ਹੋਈ, 5.20 ਘੰਟੇ ਦੀ ਮਿਆਦ ਵਾਲ਼ੀ ਇਸ ਫ਼ਿਲਮ ਵਿਚ ਕੋਈ ਵੀ ਸਟਾਰ ਨਹੀਂ ਹੈ।
ਅਨੁਰਾਗ ਕਸ਼ਯਪ ਤੇ ਉਸ ਵਰਗੇ ਲੋਕਾਂ ਨੇ ਆਪੋ-ਆਪਣੇ ਢੰਗ ਨਾਲ ਜਹਾਨ ਨੂੰ ਇਹ ਦੱਸਣਾ ਸ਼ੁਰੂ ਕਰ ਦਿੱਤਾ ਹੈ ਕਿ ਭਾਰਤੀ ਸਿਨੇਮਾ ਆਪਣੀ ਅੱਲ੍ਹੜ ਵਰੇਸ ਵਿਚੋਂ ਨਿੱਕਲ ਗਿਆ ਹੈ ਤੇ ਉਸ ਨੇ ਨਵੀਆਂ ਪੈੜਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਕਾਨਜ਼ ਫ਼ਿਲਮ ਮੇਲੇ ਵਿਚ ਪਹਿਲੀ ਵਾਰੀ ਭਾਰਤੀ ਫ਼ਿਲਮਾਂ ਨੇ ਲੋਕਾਂ ਦਾ ਧਿਆਨ ਖਿੱਚਿਆ ਤੇ ਉਨ੍ਹਾਂ ਫ਼ਿਲਮਾਂ ਬਾਰੇ ਚਰਚਾ ਵੀ ਹੋਈ। 'ਗੈਂਗਜ਼ ਆਫ ਵਾਸੱਈਪੁਰ' ਅਤੇ 'ਪੈਡਲਰਜ਼' ਵਿਸ਼ੇਸ਼ ਤੌਰ 'ਤੇ ਚਰਚਾ ਵਿਚ ਰਹੀਆਂ। ਅਗਲੇ ਦਿਨੀਂ ਹੋਣ ਵਾਲ਼ੇ ਟੋਰਾਂਟੋ ਕੌਮਾਂਤਰੀ ਫ਼ਿਲਮ ਮੇਲੇ ਦੀ ਉਡੀਕ ਵੀ ਬਹੁਤ ਤਾਂਘ ਨਾਲ ਕੀਤੀ ਜਾ ਰਹੀ ਹੈ ਕਿਉਂ ਉਸ ਵਿਚ 'ਗੈਂਗਜ਼ ਆਫ ਵਾਸੱਈਪੁਰ' ਸਮੇਤ 10 ਭਾਰਤੀ ਫ਼ਿਲਮਾਂ ਦਿਖਾਈਆਂ ਜਾਣੀਆਂ ਹਨ।
'ਗੈਂਗਜ਼ ਆਫ ਵਾਸੱਈਪੁਰ' ਬਾਰੇ ਕੁੱਝ ਦੱਸੇ ਬਗ਼ੈਰ ਗੱਲ ਸਿਰੇ ਨਹੀਂ ਲੱਗਣੀ। ਅੰਦਾਜ਼ ਦੇ ਪੱਖ ਤੋਂ ਇਹ ਫ਼ਿਲਮ ਸ਼ੁਰੂ ਤੋਂ ਹੀ ਵੱਖਰੀ ਦਿਸਦੀ ਹੈ। ਪਹਿਲਾਂ ਤਾਂ ਏਦਾਂ ਲੱਗਦਾ ਹੈ ਕਿ ਕੋਈ ਪੁਰਾਣੀ 'ਬਲੈਕ ਐਂਡ ਵਾਈਟ' ਫ਼ਿਲਮ ਚੱਲ ਪਈ ਹੈ, ਫਿਰ ਸਹਿਜ-ਸਹਿਜ ਸਮਝ ਲੱਗਦੀ ਹੈ ਕਿ ਰੰਗਾਂ ਦੀ ਵਰਤੋਂ ਬਹੁਤ ਹੀ ਰੋਕ-ਰੋਕ ਕੇ ਕੀਤੀ ਗਈ ਹੈ। ਫ਼ਿਲਮ ਦਾ ਆਰੰਭ, ਟੀ.ਵੀ. ਉੱਤੇ 'ਕਿਊਂਕੀ ਸਾਸ ਭੀ ਕਭੀ ਬਹੂ ਥੀ' ਦਾ ਇਕ ਬਹੁਤ ਹੀ ਖ਼ੁਸ਼ਨੁਮਾ ਦ੍ਰਿਸ਼ ਦਿਖਾਏ ਜਾਣ ਤੋਂ ਹੁੰਦਾ ਹੈ। ਉਹ ਦ੍ਰਿਸ਼ ਆਪਣਾ ਅਸਰ ਪਾ ਹੀ ਰਿਹਾ ਹੁੰਦਾ ਹੈ ਕਿ ਟੈਲੀਵਿਯਨ ਸੈੱਟ ਵਿਚ ਗੋਲੀਆਂ ਵੱਜਦੀਆਂ ਹਨ। ਇਸ ਤੋਂ ਤੁਰੰਤ ਬਾਅਦ ਇਹ ਫ਼ਿਲਮ ਸਾਨੂੰ 1940 ਦੇ ਦੌਰ ਵਿਚ ਲੈ ਜਾਂਦੀ ਹੈ ਤੇ ਪਿਛੋਕੜ ਵਿਚ ਕਮੈਂਟਰੀ ਸ਼ੁਰੂ ਹੋ ਜਾਂਦੀ ਹੈ। ਅਸੀਂ ਸਿਨੇਮਾ ਦੇ ਪਰਦੇ ਉੱਤੇ ਦਿਖਾਏ ਗਏ ਨਕਸ਼ੇ ਰਾਹੀਂ ਧਨਬਾਦ ਜ਼ਿਲੇ ਦੇ ਸ਼ਹਿਰ ਵਾਸੱਈਪੁਰ ਪਹੁੰਚ ਜਾਂਦੇ ਹਾਂ। ਫਿਰ ਸਾਨੂੰ ਇਕ ਪਰਿਵਾਰ ਦੀਆਂ ਤਿੰਨ ਪੀੜੀਆਂ ਦਿਸਦੀਆਂ ਹਨ। ਫਿਰ ਇਹ ਪਰਿਵਾਰ ਹੀ ਨਹੀਂ, ਪੂਰਾ ਸ਼ਹਿਰ ਬਦਲੇ ਦੀ ਭਾਵਨਾ ਦਾ ਸ਼ਿਕਾਰ ਹੋ ਕੇ ਹਿੰਸਾ ਦੀ ਅੱਗ ਦੀ ਲਪੇਟਿਆ ਦਿਸਦਾ ਹੈ।
ਵਾਸੱਈਪੁਰ ਵਿਚ ਤਰਸ, ਮੁਆਫ਼ੀ ਅਤੇ ਦਯਾ ਨਾਂ ਦੀ ਕੋਈ ਚੀਜ਼ ਨਹੀਂ। ਇਸ ਸ਼ਹਿਰ ਵਿਚ ਕਮਜ਼ੋਰ ਦਿਲ ਵਾਲ਼ੇ ਬੰਦਿਆਂ ਦਾ ਕੋਈ ਕੰਮ ਨਹੀਂ। ਉੱਥੇ ਦੇਸੀ ਪਿਸਤੌਲਾਂ ਦੀਆਂ ਗੋਲੀਆਂ ਤਾਂ ਨਿਸ਼ਾਨੇ ਸਿਰ ਨਹੀਂ ਲੱਗਦੀਆਂ, ਪਰ ਗੋਲੀਆਂ ਚਲਾਉਣ ਵਾਲ਼ਿਆਂ ਦੇ ਹੱਥ ਜ਼ਰੂਰ ਸੜਦੇ ਹਨ। ਇਸ ਫ਼ਿਲਮ ਦੇ ਬਹੁਤੇ ਕਿਰਦਾਰ ਸਿੱਧੀਆਂ ਹੀ ਮਾਂ-ਭੈਣ ਦੀਆਂ ਗਾਲ਼ਾਂ ਕੱਢਦੇ ਰਹਿੰਦੇ ਹਨ ਤੇ ਕਈ ਵਾਰੀ ਔਰਤਾਂ ਦੀ ਹਾਜ਼ਰੀ ਵਿਚ ਵੀ ਕੱਢਦੇ ਹਨ। ਇਸ ਫ਼ਿਲਮ ਵਿਚ ਬਹੁਤ ਕੁੱਝ ਏਦਾਂ ਦਾ ਵੀ ਦਿਖਾਇਆ ਗਿਆ ਹੈ, ਜੋ ਕਿਸੇ ਹੋਰ ਹਿੰਦੀ ਫ਼ਿਲਮ ਵਿਚ ਨਜ਼ਰ ਆਉਣ ਦੀ ਸੰਭਾਵਨਾ ਨਹੀਂ ਹੈ। ਅਨੁਰਾਗ ਕਸ਼ਯਪ ਨੇ ਇਸ ਫ਼ਿਲਮ ਵਿਚ ਲਹੂ ਨੂੰ ਸੁਆਦਲੀਆਂ ਜ਼ਰਬਾਂ ਦੇ ਕੇ ਇਸ ਕਾਰਵਾਈ ਨੂੰ ਜਾਇਜ਼ ਵੀ ਠਹਿਰਾਇਆ ਹੈ।
ਦੋ ਗਰੋਹਾਂ ਵਿਚਾਲ਼ੇ ਲੜਾਈ, ਇਸ ਢੰਗ ਨਾਲ ਫ਼ਿਲਮਾਈ ਗਈ ਹੈ ਕਿ ਕੈਮਰਾਮੈਨ ਰਾਜੀਵ ਰਵੀ ਨੇ ਕੈਮਰਾ ਵੀ ਗੋਲੀਆਂ ਚਲਾਉਣ ਵਾਂਗ ਹੀ ਚਲਾਇਆ ਲੱਗਦਾ ਹੈ। ਬੰਦੇ ਵੱਢ ਕੇ ਉਨ੍ਹਾਂ ਦੇ ਨਿੱਕੇ-ਨਿੱਕੇ ਟੁਕੜੇ ਕੀਤੇ ਜਾਂਦੇ ਹਨ। ਉਹ ਟੁਕੜੇ ਉਸ ਮਾਸ ਨੇੜੇ ਰੱਖੇ ਹੋਏ ਹਨ, ਜੋ ਖਾਧੇ ਜਾਣ ਲਈ ਵਿਕਣਾ ਹੈ। ਲਹੂ ਨਾਲ ਭਰੀ ਵਗਦੀ ਨਾਲੀ ਵਿਚੋਂ ਇਕ ਮਨੁੱਖੀ ਉਂਗਲੀ ਮਿਲਦੀ ਹੈ। ਸੱਚੀਂ ਹੀ ਇਸ ਫ਼ਿਲਮ ਨੇ ਸਿਨੇਮਾਈ ਪ੍ਰਗਟਾਵੇ ਨੂੰ ਇਕ ਨਵੀਂ ਜ਼ੁਬਾਨ ਦਿੱਤੀ ਹੈ। ਕੋਲੇ ਦੀ ਦਲਾਲੀ ਵਿਚ ਕਾਲ਼ੇ ਤੇ ਲਾਲ ਹੋਏ ਮੂੰਹ ਦਿਖਾਉਂਦੀ, ਇਸ ਫ਼ਿਲਮ ਵਿਚ ਦੋ ਕੁ ਛੋਟੇ-ਛੋਟੇ ਇਸ਼ਕ ਵੀ ਗੁੰਦੇ ਹੋਏ ਹਨ। ਇਸ ਫ਼ਿਲਮ ਵਿਚ 'ਪਾਨ ਸਿੰਘ ਤੋਮਰ' ਦੇ ਨਿਰਦੇਸ਼ਕ ਤਿਗਮਾਂਸ਼ੂ ਧੁਲੀਆ ਤੋਂ ਅਦਾਕਾਰੀ ਕਰਾਈ ਗਈ ਹੈ ਤੇ ਉਸ ਨੇ ਸਿਆਸੀ ਆਗੂ ਯਾਨੀ ਖਲਨਾਇਕ 'ਰਾਮਧੀਰ ਸਿੰਘ' ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ਵਿਚ ਕਿਤੇ-ਕਿਤੇ ਹਾਸੇ ਦੀਆਂ ਫੁਲਝੜੀਆਂ ਵੀ ਹਨ, ਜੋ ਹੋਰ ਹੀ ਰੰਗ ਦੀਆਂ ਹਨ। ਇਕ ਸਮੀਖਿਅਕ ਨੇ ਇਸ ਫ਼ਿਲਮ ਨੂੰ 'ਕੋਲੇ ਦਾ ਨਗ਼ਮਾ' ਕਰਾਰ ਦਿੱਤਾ ਹੈ। ਹਾਂ ਸੱਚ, ਇਸ ਵਿਚ 25 ਗੀਤ ਹਨ, ਜੋ ਕਹਾਣੀ ਵਿਚ ਇੰਨੇ ਰਚੇ-ਮਿਚੇ ਹੋਏ ਹਨ ਕਿ ਪਤਾ ਵੀ ਨਹੀਂ ਲੱਗਦਾ ਕਿ ਕਿਹੜਾ ਗੀਤ ਕਦੋਂ ਨਿੱਕਲ ਗਿਆ।
ਅਨੁਰਾਗ ਨੇ ਇਸ ਫ਼ਿਲਮ ਵਿਚ ਦਿਖਾਇਆ ਹੈ ਕਿ ਜਦੋਂ ਲੋਕਾਂ ਕੋਲ ਕੋਲਾ (ਦੌਲਤ) ਹੋਵੇ ਤਾਂ ਜ਼ਿੰਦਗ਼ੀ ਵਿਚੋਂ ਸਮਾਜਵਾਦ ਤੇ ਜਮਹੂਰੀਅਤ ਮਨਫ਼ੀ ਹੋ ਜਾਂਦੇ ਹਨ ਤੇ ਇਨ੍ਹਾਂ ਦੀ ਥਾਂ ਕੋਲਾ ਹੀ ਲੈ ਲੈਂਦਾ ਹੈ। ਇਹੋ ਜਿਹੀ ਹਾਲਤ ਵਿਚ ਟਰੇਡ ਯੂਨੀਅਨਾਂ ਗੁੰਡਿਆਂ ਦੇ ਗਰੋਹ ਬਣ ਜਾਂਦੀਆਂ ਹਨ। ਇਸ ਫ਼ਿਲਮ ਦਾ ਨਾਇਕ ਵੀ ਕੋਲਾ ਹੈ ਤੇ ਖਲਨਾਇਕ ਵੀ। ਫ਼ਿਲਮ ਦਾ ਮੁੱਖ ਥੰਮ, ਇਸ ਦੀ ਸਕਰਿਪਟ ਹੈ, ਜੋ ਇਕ-ਦੋ ਜਣਿਆਂ ਨੇ ਨਹੀਂ, ਸਗੋਂ ਨਿਰਦੇਸ਼ਕ ਸਮੇਤ ਚਾਰ ਜਣਿਆਂ ਨੇ ਲਿਖੀ ਹੈ ਤੇ ਇਹ ਚਾਰ ਜਣੇ ਹਨ ਸਈਅਦ ਜ਼ੀਸ਼ਾਨ ਕਾਦਰੀ, ਅਖਿਲੇਸ਼ ਜੈਸਵਾਲ, ਸਚਿਨ ਲਾਡੀਆ ਅਤੇ ਅਨੁਰਾਗ ਕਸ਼ਯਪ ਆਪ। ਇਸ ਫ਼ਿਲਮ ਦਾ ਦੂਜਾ ਹਿੱਸਾ ਵੀ ਰਿਲੀਜ਼ ਲਈ ਤਿਆਰ ਹੈ।ਫ਼ਿਲਮ ਦੇ ਪਹਿਲੇ ਹਿੱਸੇ ਦੇ ਅੰਤ ਵਿਚ ਦਿਖਾਇਆ ਗਿਆ, ਦੂਜੇ ਹਿੱਸੇ ਦਾ ਟਰੇਲਰ ਵੀ ਕਮਾਲ ਦਾ ਹੈ। #

ਫ਼ਿਲਮ 'ਗੈਂਗਜ਼ ਆਫ ਵਾਸੱਈਪੁਰ' ਦੀ ਇਕ ਝਲਕ (ਉੱਪਰ) ਅਤੇ ਨਿਰਦੇਸ਼ਕ ਅਨੁਰਾਗ ਕਸ਼ਯਪ (ਹੇਠਾਂ)

ਕਾਨਜ਼ ਫ਼ਿਲਮ ਮੇਲੇ ਵਿਚ ਸ਼ਾਮਲ ਹੋਏ, ਫ਼ਿਲਮ 'ਗੈਂਗਜ਼ ਆਫ ਵਾਸੱਈਪੁਰ' ਦੇ ਕਲਾਕਾਰ ਤੇ ਨਿਰਦੇਸ਼ਕ