ਹਲਾ ਬਈ ਮੁਆਈ ਆਲ਼ਿਆ, ਦੱਸੀਂ ਖ਼ਾਂ ਭਲਾ
ਦੋ ਪਰਭਾਂ ਵਿਚਾਲੇ ਕਿੱਦਾਂ ਫਸਿਆ ਮੀਰਜ਼ਾਦਾ!

ਇਹ ਲੇਖ ਲਿਖਣ ਤੋਂ ਪਹਿਲਾਂ ਹੀ ਮੇਰੇ ਮਨ ਵਿੱਚ ਕਈ ਅਖਾੜੇ ਲੱਗੇ ਹੋਏ ਹਨ। ਕਦੇ ਮੈਨੂੰ ਰਾਮਾਂ-ਖੇਲਿਆਂ ਵਾਲੇ ਦਰਸ਼ਨ ਦੀਆਂ ਹੇਕਾਂ ਸੁਣਦੀਆਂ ਹਨ ਤੇ ਕਦੇ ਮੇਰੇ ਕੰਨਾਂ ਵਿੱਚ ਦੀਦਾਰ ਸਿੰਘ ਸ਼ੌਂਕੀ ਦੇ ਬੋਲ ਗੂੰਜਦੇ ਹਨ। 'ਨੈਬਕੋਟੀਏ ਘੁਮਾਰ ਦਾ ਪੁੱਤ ਬੂਟਾ' ਤਾਂ ਮੇਰੇ ਮਨ ਦੇ ਮੌਰੀਂ ਚੜ੍ਹਿਆ ਹੋਇਆ ਹੈ। ਸੋ ਜੇ ਇਹ ਲੇਖ ਲਿਖਦਿਆਂ ਕਿਤੇ ਮੈਂ ਰਾਗਮਈ ਜਾਂ ਗੀਤ-ਸੰਗੀਤਮਈ ਹੋ ਜਾਵਾਂ ਤਾਂ ਮੈਨੂੰ ਮੁਆਫ਼ ਕਰ ਹੀ ਦੇਣਾ। ਗੱਲ ਹਿੱਲੀ- ਹਿੱਲੀ ਜਿਹੀ ਲੱਗਦੀ ਹੈ। ਸੋ ਇਸ ਨੂੰ ਟਿਕਾਣੇ ਸਿਰ ਲਿਆਉਣ ਦਾ ਹੀਲਾ ਕਰਦਿਆਂ ਇੱਕ ਪ੍ਰਸੰਗ ਨਾ ਸੁਣਾ, ਨਾ ਸੱਚ ਪੜ੍ਹਾ ਦਈਏ?
ਗੱਲ ਰਤਾ ਕੁ ਪੁਰਾਣੇ ਜ਼ਮਾਨੇ ਦੀ ਹੈ, ਪਰ ਅਸਰ ਨਵੀਂ ਨਾਲੋਂ ਵੱਧ ਕਰਦੀ ਹੈ। ਇੱਕ ਪਿੰਡ ਵਿੱਚ ਕਿਸੇ 'ਗਨਿਕਾ' ਯਾਨੀ ਗਾਇਕਾ ਉਰਫ਼ 'ਕੰਜਰੀ' ਦਾ 'ਖਾੜਾ ਲੱਗਿਆ ਹੋਇਆ ਸੀ। ਬੁੜ੍ਹੇ ਹਰਨਾਮੇ ਵਰਗਾ ਹੀ ਇੱਕ ਮੀਰਜ਼ਾਦਾ ਯਾਨੀ ਮਰਾਸੀ ਬੁੜ੍ਹਾ 'ਹਬੀਬ' ਪਿੰਡੋਂ ਬਾਹਰ, ਰਾਹ ਨਾਲ ਲੱਗਦੇ ਇੱਕ ਖੇਤ-ਬੰਨਿਓਂ ਘਾਹ ਖੋਤਦਾ ਸੀ ਕਿ ਰਾਹੇ ਜਾਂਦੀਆਂ ਦੋ 'ਸਰਦਾਰਨੀਆਂ' ਨੇ ਉਸ ਨੂੰ ਟਿੱਚਰ ਕਰਦਿਆਂ ਕਿਹਾ, ''ਵੇ ਬੀਬਿਆ! ਪਿੰਡ ਵਿੱਚ ਕੰਜਰੀ ਗੌਣ ਡਹੀ ਹੋਈ ਆ, ਤੂੰ ਹੈਥੇ ਘਾਹ ਖੋਤੀ ਜਾਨੈ।"
''ਅਸ਼ੀਂ ਕੰਜਰੀ ਤੋਂ ਕੀ ਲੈਣਾ ਸ਼ਰਦਾਰਨੀਓਂ, ਸ਼ਾਡੇ ਲਈ ਤਾਂ ਤੁਸ਼ੀਂ ਹੀ ਕੰਜਰੀਆਂ ਤੋਂ ਵੱਧ ਓ।" ਸ਼ਾਇਦ ਇਸੇ ਲਈ ਹੀ ਕਹਿੰਦੇ ਹਨ ਕਿ ''... ਟਿੱਚਰ ਨਾ ਕਰੀਏ ਮਰਾਸੀ ਜਾਤ ਨੂੰ।"
ਜਿੱਦਾਂ ਕਿਸੇ ਵੀ ਸਿਧਾਂਤ ਵਿੱਚ ਛੋਟਾਂ ਜਾਂ ਅੱਪਵਾਦ ਹੁੰਦੇ ਹਨ ਯਾਨੀ ਉਹ ਸਿਧਾਂਤ ਹਰ ਥਾਂ ਨਹੀਂ ਵੀ ਢੁੱਕਦੇ ਹੁੰਦੇ, ਓਦਾਂ ਹੀ ਜ਼ਰੂਰੀ ਨਹੀਂ ਕਿ ਮਰਾਸੀ ਹਰ ਟਿੱਚਰ ਦਾ ਜੁਆਬ ਦੇ ਸਕਦੇ ਹੋਣ। ਵਾਕ-ਯੁੱਧ-ਕਲਾ ਦੇ ਮਹਾਯੋਧੇ ਸਮਝੇ ਜਾਂਦੇ ਮੀਰ ਵੀ ਕਈ ਵਾਰ ਮਾਰ ਖਾ ਜਾਂਦੇ ਹਨ।
ਪਿਛਲੇ ਦਿਨੀਂ, ਗਾਉਣ ਵਿੱਦਿਆ ਦੇ ਮਾਹਰ ਮੀਰਜ਼ਾਦੇ ਮੁਹੰਮਦ ਸਦੀਕ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫ਼ਰਮਾਇਸ਼ 'ਤੇ ਪੰਜਾਬ ਅਸੈਂਬਲੀ ਵਿੱਚ ਗਾਣਾ ਗਾ ਕੇ ਮਾਰ ਨਹੀਂ ਖਾਧੀ ਤਾਂ ਕੀ ਖਾਧਾ ਹੈ? ਪਹਿਲੀ ਗੱਲ ਇਹ ਕਿ ਮੁਹੰਮਦ ਸਦੀਕ ਪਹਿਲੀ ਵਾਰੀ ਵਿਧਾਇਕ ਬਣੇ ਸਨ, ਦੂਜੀ ਗੱਲ ਇਹ ਕਿ ਉਹ ਵਿਰੋਧੀ ਪਾਰਟੀ ਦੇ ਵਿਧਾਇਕ ਹਨ ਅਤੇ ਤੀਜੀ ਗੱਲ ਇਹ ਕਿ ਵਿਰੋਧੀ ਧਿਰ ਦਾ ਇੱਕ ਆਗੂ ਹੁੰਦਾ ਹੈ ਤੇ ਸਾਰੀ
ਵਿਰੋਧੀ ਧਿਰ ਉਸ ਦੀ ਕਮਾਨ ਹੇਠ ਹੁੰਦੀ ਹੈ। ਪੰਜਾਬ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਹਨ।
ਪੰਜਾਬ ਅਸੈਂਬਲੀ ਦੇ ਬੱਜਟ ਇਜਲਾਸ ਦਾ ਆਖ਼ਰੀ ਦਿਨ ਸੀ ਤੇ ਕਾਂਗਰਸ ਨੇ ਮੁੱਦੇ ਉਛਾਲ-ਉਛਾਲ ਕੇ ਹੁਕਮਰਾਨ ਗੱਠਜੋੜ ਨੂੰ ਗੁੱਠੇ ਲਾਇਆ ਹੋਇਆ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਹਾਲਤ ਵਿਚੋਂ ਨਿੱਕਲਣ ਦਾ ਰਾਹ ਨਹੀਂ ਦਿਸਦਾ ਸੀ ਕਿ ਇੰਨੇ ਵਿੱਚ ਮੁਹੰਮਦ ਸਦੀਕ ਨੇ ਖੜ੍ਹੇ ਹੋ ਕੇ ਆਪਣੇ ਅਸੈਂਬਲੀ ਹਲਕੇ ਵਿੱਚ ਕਾਲਜ 'ਖੋਲ੍ਹਣ' ਦੀ ਮੰਗ ਕਰ ਦਿੱਤੀ। ਸ਼੍ਰੀ ਬਾਦਲ ਨੂੰ ਤਾਂ ਜਿੱਦਾਂ 'ਅੰਨ੍ਹਾ ਕੀ ਭਾਲੇ ਦੋ ਅੱਖਾਂ' ਮਿਲ ਗਈਆਂ। ਉਨ੍ਹਾਂ ਨੇ ਕਾਂਗਰਸ ਵੱਲੋਂ ਉਠਾਏ ਸਾਰੇ ਮੁੱਦੇ ਇਕੋ ਹੀ ਹੱਲੇ ਹੂੰਝ ਕੇ ਸੁੱਟਣ ਲਈ, ਸਦੀਕ ਨੂੰ ਓਦਾਂ ਹੀ ਗਾ ਕੇ 'ਕਾਲਜ ਮੰਗਣ' ਲਈ ਕਿਹਾ, ਜਿੱਦਾਂ 'ਲੋਹੜੀ ਮੰਗਣ' ਆਏ ਬੱਚਿਆਂ ਨੂੰ ਸੁਆਣੀ ਕਹਿੰਦੀ ਹੈ, ''ਲੋਹੜੀ ਵੀ ਪਾਏੁਨੇ ਆਂ, ਪਰ ਪਹਿਲਾਂ ਕੁਸ ਗਾਓ ਤਾਂ ਸਹੀ।" ਇਸ ਦੇ ਨਾਲ ਹੀ ਸ਼੍ਰੀ ਬਾਦਲ ਨੇ ਅਸੈਂਬਲੀ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਇਹ ਕਹਿ ਕੇ ਆਪਣੇ ਨਾਲ ਸਹਿਮਤ ਕਰ ਲਿਆ ਕਿ, ''ਸਪੀਕਰ ਸਾਹਿਬ, ਜੇ ਸਿਫ਼ਰ ਕਾਲ ਵਿੱਚ ਕੁੱਝ ਵੀ ਕਿਹਾ-ਸੁਣਿਆ ਜਾ ਸਕਦਾ ਹੈ ਤਾਂ ਸਦੀਕ ਸਾਹਿਬ ਤੋਂ ਇੱਕ ਗੀਤ ਨਾ ਸੁਣ ਲਈਏ?" ਸਪੀਕਰ ਸ਼੍ਰੀ ਅਟਵਾਲ ਨੇ ''ਹਾਂ ਉਹ ਗਾ ਸਕਦੇ ਨੇ" ਕਹਿ ਕੇ ਸ਼੍ਰੀ ਬਾਦਲ ਦੀ ਫ਼ਰਮਾਇਸ਼ ਨੂੰ ਦੋਹਰ ਪਾ ਦਿੱਤੀ।
ਲਓ ਜੀ ਫੇਰ ਤਾਂ ਮੁਹੰਮਦ ਸਦੀਕ ਅੰਦਰਲਾ ਵਿਧਾਇਕ ਤਾਂ ਕਿਤੇ ਪਿਛਲ਼ੇ ਅੰਦਰ ਜਾ ਲੁਕਿਆ ਤੇ ਉਨ੍ਹਾਂ ਅੰਦਰਲਾ ਗਾਇਕ ਬਾਹਰ ਆ ਗਿਆ। ਭਾਰਤ ਦਾ ਪ੍ਰਧਾਨ ਮੰਤਰੀ ਬਣਨ ਵਾਲ਼ੇ ਤਕਰੀਬਨ ਹਰ ਬੰਦੇ ਦੀ ਇਹ ਇੱਛਾ ਹੁੰਦੀ ਹੈ ਕਿ ਉਸ ਦੀ ਸਰਕਾਰ 15 ਅਗੱਸਤ ਤਕ ਤਾਂ ਜ਼ਰੂਰ ਕਾਇਮ ਰਹੇ ਕਿਉਂ ਕਿ ਉਸ ਦਿਨ, ਉਸ ਨੇ ਲਾਲ ਕਿਲੇ ਦੀ ਫ਼ਸੀਲ 'ਤੇ ਝੰਡਾ ਵੀ ਲਹਿਰਾਏੁਣਾ ਹੁੰਦਾ ਹੈ ਤੇ ਸਾਰੇ ਦੇਸ਼ ਨੂੰ ਐਡਰੈੱਸ ਕਰਨਾ ਯਾਨੀ 'ਹਾਕਾਂ' ਵੀ ਮਾਰਨੀਆਂ ਹੁੰਦੀਆਂ ਹਨ। ਮੁਹੰਮਦ ਸਦੀਕ ਦੇ ਮਨ ਵਿੱਚ ਵੀ ਉਸ ਵੇਲ਼ੇ, ਕੋਈ ਏਦਾਂ ਦਾ ਪ੍ਰਧਾਨ ਮੰਤਰੀ ਹੀ ਜਾਗ ਪਿਆ ਲੱਗਦਾ ਸੀ। ਉਨ੍ਹਾਂ ਨੇ ਸੋਚਿਆ ''ਅਸੈਂਬਲੀ ਵਿੱਚ ਬੰਬ ਸੁੱਟ ਕੇ ਤਾਂ ਇਤਿਹਾਸ ਰਚਿਆ ਸੀ, ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ, ਆਪਾਂ 'ਅਸੈਂਬਲੀ ਵਿੱਚ ਹੇਕ ਸੁੱਟ ਕੇ' ਨਵਾਂ ਇਤਿਹਾਸ ਰਚ ਜਾਈਏ।"
ਨਾਲ਼ੇ ਐੱਮ. ਐੱਲ. ਏ. ਬਣ ਜਾਣਾ ਹੋਰ ਗੱਲ ਹੈ, ਬੰਦੇ ਦੇ ਅੰਦਰਲਾ ਤਾਂ ਉਹੀ ਰਹਿੰਦਾ ਹੈ। ਜਨਾਬ ਸਦੀਕ ਨੇ ਇਹ ਵੀ ਸੋਚਿਆ ਹੋਣੈ ''ਜਿਹੋ ਜਿਹੇ ਜਾਖੜ ਸਾਹਿਬ ਸਾਡੇ ਪਰਭ, ਉਹੋ ਜਿਹੇ ਬਾਦਲ ਸਾਹਿਬ ਸਾਡੇ ਪਰਭ। ਹੁਣ ਏਡੇ ਵੱਡੇ ਪਰਭ ਦੀ ਫ਼ਰਮਾਇਸ਼ ਵਗਾਹ ਕੇ ਸੁੱਟੀ ਜਾਂਦੀ ਏ ਭਲਾ?" ਇੰਨੇ ਮੰਤਰੀਆਂ ਤੇ ਵਿਧਾਇਕਾਂ ਦਾ 'ਕੱਠ ਹੋਵੇ, ਫ਼ਰਮਾਇਸ਼ ਕੀਤੀ ਹੋਵੇ ਮੁੱਖ ਮੰਤਰੀ ਨੇ ਤਾਂ ਕੋਈ ਵੀ ਗਾਇਕ, ਚਾਹੇ ਉਹ ਮੰਤਰੀ ਵੀ ਕਿਉਂ ਨਾ ਹੋਵੇ, ਗਾਉਣ ਦਾ ਮੋਹ ਨਹੀਂ ਤਿਆਗ ਸਕਦਾ। ਸੋ 'ਪਹੁੰਚੀ ਵਹੀਂ ਪੇ ਖ਼ਾਕ ਜਹਾਂ ਕਾ ਖ਼ਮੀਰ ਥਾ' ਤੇ ਮੁਹੰਮਦ ਸਦੀਕ ਨੇ ਸ਼ਮਲਾ ਭੁੜਕਾਅ ਕੇ ਤੇ ਕੰਨ ਉੱਪਰ ਹੱਥ ਲਾ ਕੇ ਹੇਕ ਚੁੱਕ ਦਿੱਤੀ:
ਭਾਰਤ ਹੈ ਵਾਂਗ ਮੁੰਦਰੀ, ਵਿੱਚ ਨਗ਼ ਪੰਜਾਬ ਦਾ।
ਭਾਰਤ ਹੈ ਜੇ ਸ਼ਰਾਬ, ਨਸ਼ਾ ਏ ਸ਼ਰਾਬ ਦਾ।
ਆਵਣ ਨੂੰ ਤਾਂ ਜੁਆਨੀਆਂ ਹਰ ਇੱਕ 'ਤੇ ਆਉਂਦੀਆਂ,
ਪਰ ਹੋਰ ਹੀ ਹਿਸਾਬ ਹੈ, ਸਾਡੇ ਸ਼ਬਾਬ ਦਾ।
ਮੁਹੰਮਦ ਸਦੀਕ ਗਾਉਣ ਦੀ ਮਸਤੀ 'ਚ ਸੁਰਖ਼ ਸਨ ਤੇ ਉਨ੍ਹਾਂ ਦੇ ਆਗੂ ਸੁਨੀਲ ਜਾਖੜ ਗੁੱਸੇ ਦੀ ਤਲਖ਼ੀ 'ਚ ਲਾਲ ਹੋਈ ਜਾ ਰਹੇ ਸਨ ਤੇ ਉਹ ਵਾਰ-ਵਾਰ ਜਨਾਬ ਸਦੀਕ ਨੂੰ ਅੱਖਾਂ ਕੱਢ-ਕੱਢ ਦਿਖਾ ਰਹੇ ਸਨ ਤੇ ਗਾਉਣਾ ਛੱਡ, ਬਹਿ ਜਾਣ ਲਈ ਹੱਥ ਹਿਲਾ ਰਹੇ ਸਨ। ਉਸ ਵੇਲ਼ੇ ਤਾਂ ਇੱਕ ਵਾਰ ਜਨਾਬ ਸਦੀਕ ਨੇ ਵੀ ਸੋਚਿਆ ਹੋਣੈ- ''ਜਾਖੜ ਕਿਹੜਾ ਲੱਤ ਭੰਨ ਲਊ, ਆਹ ਮੌਕਾ ਵੀ ਘੜੀ-ਘੜੀ ਨਹੀਂ ਮਿਲਣਾ।"
ਸ਼੍ਰੀ ਜਾਖੜ, ਜਿਨ੍ਹਾਂ ਨੇ ਆਪਣੇ ਸਾਥੀਆਂ ਨਾਲ ਰਲ਼ ਕੇ ਸਰਕਾਰ ਨੂੰ ਅਸੈਂਬਲੀ ਵਿੱਚ ਘੇਰਿਆ ਹੋਇਆ ਸੀ, ਨੂੰ ਜਨਾਬ ਸਦੀਕ ਦਾ ਗੀਤ ਸੁਣ ਕੇ ਜਿੱਤੀ ਹੋਈ ਬਾਜ਼ੀ ਜਾਂਦੀ ਦਿਸੀ। ਉਸ ਵੇਲ਼ੇ ਤਾਂ ਸ਼੍ਰੀ ਜਾਖੜ, ਕੰਧ ਵਿੱਚ ਸਿਰ ਮਾਰਨ ਵਾਲ਼ੇ ਹੋ ਗਏ ਲੱਗੇ ਜਦੋਂ ਸ਼੍ਰੀ ਬਾਦਲ ਨੇ ਜਨਾਬ ਸਦੀਕ ਦਾ ਗਾਣਾ ਖ਼ਤਮ ਹੋਣ ਮਗਰੋਂ ਭਰੇ ਸਦਨ ਵਿੱਚ ਇਹ ਕਹਿ ਦਿੱਤਾ, ''ਚਲੋ ਬਹੁਤ ਵਧੀਆ, ਅਗਲੀ ਵਾਰੀ ਚਾਰ ਕੁ ਵੈਣ ਪਾਉਣ ਵਾਲ਼ੇ ਤੇ ਕੁੱਝ ਸਾਜ਼ ਵਜਾਉਣ ਵਾਲ਼ੇ ਵੀ ਲੈ ਆਇਓ।"
ਇਹ ਫ਼ਰਮਾਇਸ਼ ਸੁਣ ਕੇ ਇਸ ਨੂੰ ਪੂਰੀ ਕਰਨ ਵਿੱਚ ਕੋਈ ਵੀ ਝਿਜਕ ਦਿਖਾਏ ਬਗ਼ੈਰ ਸਦਨ ਵਿੱਚ ਗਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਮੁਹੰਮਦ ਸਦੀਕ ਬਾਦਲ ਦੀ 'ਪਰਭ ਉਸਤਤੀ' ਕਰਦਿਆਂ ਬਹੁਤ ਨਿਮਰਤਾ ਸਹਿਤ ਇਹ ਵੀ ਕਿਹਾ, ''ਬਾਦਲ ਸਾਹਬ ਇਹੋ ਜਿਹੀ ਮੁਅੱਜ਼ਿਜ਼ ਸ਼ਖ਼ਸੀਅਤ ਨੇ ਕਿ ਜਿਹੜਾ ਵੀ ਇਨ੍ਹਾਂ ਕੋਲ ਫ਼ਰਿਆਦ ਲੈ ਕੇ ਜਾਂਦੈ, ਇਹ ਉਸ ਦੀ ਫ਼ਰਿਆਦ ਹੀ ਨਹੀਂ ਸੁਣਦੇ, ਉਸ ਨੂੰ ਹਿੱਕ ਨਾਲ ਵੀ ਲਾ ਲੈਂਦੇ ਨੇ। ਬਾਦਲ ਸਾਹਬ! ਆਪ ਜੀ ਦੇ ਫ਼ਰਜ਼ੰਦ (ਸੁਖਬੀਰ ਸਿੰਘ ਬਾਦਲ) ਤਾਂ ਇਸ ਵੇਲ਼ੇ ਹਾਊਸ ਵਿੱਚ ਹਾਜ਼ਰ ਨਹੀਂ, ਪਰ ਮੈਂ ਤੁਹਾਨੂੰ ਉਨ੍ਹਾਂ ਵੱਲੋਂ ਉਸ ਵੇਲ਼ੇ ਕੀਤੇ ਵਾਅਦੇ ਬਾਰੇ ਯਾਦ ਕਰਾਉਣਾ ਚਾਹੁੰਦਾ ਹਾਂ ਜਦੋਂ ਉਹ 9 ਅਕਤੂਬਰ, 2010 ਨੂੰ ਦਾਸ ਦੇ ਪਿੰਡ ਕੁੱਪ ਰਹੀੜਾ ਤਸ਼ਰੀਫ਼ ਲਿਆਏ ਸਨ। ਉਨ੍ਹਾਂ ਉੱਥੇ ਇੱਕ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਸੀ।" ਪੰਜਾਬ ਅਸੈਂਬਲੀ ਵਿੱਚ ਇਹ 'ਇਤਿਹਾਸਕ ਤਕਰੀਰ' ਕਰਨ ਮਗਰੋਂ ਮੁਹੰਮਦ ਸਦੀਕ ਨੇ ਹੇਕ ਚੁੱਕ ਲਈ ਸੀ।
ਜਨਾਬ ਸਦੀਕ ਦਾ ਗਾਉਣ, ਮਗਰੋਂ ਮੁਕਿਆ ਸੀ, ਉਨ੍ਹਾਂ ਵੱਲੋਂ ਆਪਣੇ ਹਲਕੇ ਵਿੱਚ ਕਾਲਜ ਸਥਾਪਤ ਕਰਨ ਲਈ ਕੀਤੀ ਹੋਈ ਮੰਗ ਪਹਿਲਾਂ ਹੀ ਰੌਲ਼ੇ-ਰੱਪੇ ਵਿੱਚ ਰੁਲ਼ ਗਈ ਸੀ।
ਪੰਜਾਬ ਅਸੈਂਬਲੀ ਵਿੱਚ ਕੀਤੀ ਗਈ, ਇਸ 'ਸੁਰ-ਮਈ' ਪਹਿਲ ਨੇ ਕਾਫੀ ਰੌਲ਼ਾ ਹੀ ਨਹੀਂ ਪੁਆਇਆ, ਸਗੋਂ ਇੱਕ ਵਿਧਾਇਕ ਦੇ ਤੌਰ 'ਤੇ ਜਨਾਬ ਸਦੀਕ ਦੀ ਕਾਰਗੁਜ਼ਾਰੀ ਵਿੱਚ ਮੋਰੀਆਂ ਵੀ ਹੋ ਗਈਆਂ ਹਨ। ਉਹ ਇਹ ਮੋਰੀਆਂ ਖ਼ੌਰੇ ਸਾਰੀ ਉਮਰ ਵੀ ਬੰਦ ਨਾ ਕਰ ਸਕਣ। ਜਿਹੜੇ ਗਾਇਕ ਸਾਥੀ, ਮੁਹੰਮਦ ਸਦੀਕ ਨੂੰ ਚੋਣ ਜਿੱਤਣ ਵੇਲ਼ੇ 'ਗਾਉਣ ਵਾਲ਼ਿਆਂ ਦਾ ਮੁੱਖ ਮੰਤਰੀ' ਕਹਿੰਦੇ ਨਹੀਂ ਥੱਕਦੇ ਸਨ, ਅੱਜ 'ਸਦਨ ਵਿੱਚ ਬੈਠ ਕੇ ਦਲ ਬਦਲੀ ਕਰਨ ਵਾਲ਼ਾ' ਕਹਿਣ ਤੋਂ ਨਹੀਂ ਝਿਜਕ ਰਹੇ।
ਸਿਆਣੇ ਤੇ ਗੁੜ੍ਹੇ ਹੋਏ ਲੋਕ ਇਸ ਮਾਮਲੇ ਬਾਰੇ ਕੀ ਸੋਚਦੇ ਹਨ, ਇਸ ਦੀ ਇੱਕ ਝਲਕ, ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਇੱਕ ਲੇਖ ਤੋਂ ਦੇਖੀ ਜਾ ਸਕਦੀ ਹੈ। ਅੰਗਰੇਜ਼ੀ ਦੇ ਇੱਕ ਅਖ਼ਬਾਰ ਵਿੱਚ ਛਪੇ ਉਨ੍ਹਾਂ ਦੇ ਇਸ ਲੇਖ ਵਿੱਚ ਉਹ ਲਿਖਦੇ ਹਨ, ''ਚਾਹੇ ਵਿਧਾਨ ਮੰਡਲ ਦੇ ਸਦਨਾਂ ਵਿੱਚ ਗਾਲ਼ਾਂ ਵੀ ਕੱਢੀਆਂ ਜਾਣ ਲੱਗੀਆਂ ਹਨ, ਕੁਰਸੀਆਂ-ਮੇਜ਼ ਵੀ ਚੁੱਕ-ਚੁੱਕ ਮਾਰੇ ਜਾਣ ਲੱਗੇ ਹਨ ਅਤੇ ਮਾਈਕਰਫੋਨ ਵੀ ਤੋੜੇ
ਜਾਣ ਲੱਗ ਪਏ ਹਨ, ਪਰ ਫਿਰ ਵੀ ਇਹ ਸਦਨ ਬਹੁਤ ਅਹਿਮ ਮੁੱਦਿਆਂ ਉੱਤੇ ਸੰਜੀਦਾ ਵਿਚਾਰ- ਵਟਾਂਦਰਾ ਕਰਨ ਲਈ ਹੀ ਹਨ।"
ਉਨ੍ਹਾਂ ਨੇ ਅਸੈਂਬਲੀ ਨੂੰ 'ਮਾਸੀ ਦਾ ਵਾੜਾ' ਬਣਾਏ ਜਾਣ ਬਾਰੇ ਇੱਕ ਉਦਾਹਰਣ ਦਿੰਦਿਆਂ ਲਿਖਿਆ ਹੈ, ''ਕਿਸੇ ਵੀ ਇਜਲਾਸ ਦੇ ਪਹਿਲੇ ਦਿਨ ਕੁੱਝ ਅਹਿਮ ਲੋਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ। ਇੱਕ ਵਾਰ ਇੱਕ ਵਿਧਾਇਕ ਨੇ ਜ਼ਿੱਦ ਕੀਤੀ ਕਿ ਕੱਲ੍ਹ ਹੀ ਮਰੇ, ਇੱਕ ਵਿਧਾਇਕ ਦੇ ਪੁੱਤਰ ਦਾ ਨਾਂ ਸ਼ਰਧਾਂਜਲੀਆਂ ਭੇਟ ਕਰਨ ਦੀ ਸੂਚੀ ਵਿੱਚ ਦਰਜ ਕੀਤਾ ਜਾਵੇ। ਜਦੋਂ ਉਸ ਮੁੰਡੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਸਬੰਧਤ ਵਿਧਾਇਕ ਦੀ ਪਤਨੀ ਨੇ ਅਸੈਂਬਲੀ ਦਾ ਇਜਲਾਸ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਇੱਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਸੀ, ਜਿਸ ਕਰ ਕੇ ਉਸ ਬੱਚੇ ਦਾ ਨਾਂ ਨਹੀਂ ਰੱਖਿਆ ਗਿਆ ਸੀ ਤੇ ਉਹ ਨਾਂ ਸੂਚੀ ਵਿੱਚ ਦਰਜ ਨਹੀਂ ਹੋਇਆ ਸੀ।"
ਬੀਰ ਦਵਿੰਦਰ ਸਿੰਘ ਹੁਰਾਂ ਦੇ ਲਿਖਣ ਮੁਤਾਬਕ, ਹੁਣ ਸਾਡੀ ਅਸੈਂਬਲੀ ਇਸ ਤੋਂ ਵੀ ਇੱਕ ਕਦਮ ਅੱਗੇ ਵਧ ਗਈ ਹੈ ਕਿਉਂ ਕਿ ਸ਼ਰਧਾਂਜਲੀਆਂ ਭੇਟ ਕਰਨ ਲਈ ਮਿੱਥੇ ਹੋਏ ਸਮੇਂ ਦੌਰਾਨ ਪਿਛਲੇ ਦਿਨੀਂ ਜ਼ਿਲਾ ਮਾਨਸਾ ਦੇ ਪਿੰਡ ਜੋਗਾ ਵਿੱਚ ਮਾਰੀਆਂ ਗਈਆਂ ਗਊਆਂ ਨੂੰ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਹੁਣ ਮੁਹੰਮਦ ਸਦੀਕ ਵੱਲੋਂ ਅਸੈਂਬਲੀ ਵਿੱਚ ਗਾਏ ਜਾਣ ਦੇ ਸਬੰਧ ਵਿੱਚ ਉਨ੍ਹਾਂ ਨੇ ਏਦਾਂ ਲਿਖਿਆ ਹੈ, ''ਪਹਿਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਨੂੰ ਨਹੀਂ ਚਾਹੀਦਾ ਸੀ ਕਿ ਉਹ ਕਿਸੇ ਵਿਧਾਇਕ ਨੂੰ ਸਦਨ ਵਿੱਚ ਗਾਉਣ ਦੀ ਫ਼ਰਮਾਇਸ਼ ਕਰੇ। ਦੂਜੀ ਗੱਲ ਇਹ ਹੈ ਕਿ ਸਪੀਕਰ ਨੂੰ ਇਸ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀ।"
ਹੁਣ ਜਨਾਬ ਸਦੀਕ ਇਹ ਕਹਿੰਦੇ ਫਿਰਦੇ ਹਨ ਕਿ ਉਨ੍ਹਾਂ ਨੇ ਸ਼੍ਰੀ ਬਾਦਲ ਦੀ ਇੱਜ਼ਤ ਕਰਦਿਆਂ ਉਨ੍ਹਾਂ ਦਾ ਹੁਕਮ ਮੰਨ ਕੇ ਗੀਤ ਗਾ ਦਿੱਤਾ ਤਾਂ ਹੁਣ ਉਹੀ (ਬਾਦਲ) ਉਨ੍ਹਾਂ ਦੀ ਖਿੱਲੀ ਉਡਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼੍ਰੀ ਬਾਦਲ ਨੂੰ ਕਿਸੇ ਨਵੇਂ ਵਿਧਾਇਕ ਨਾਲ ਇਹੋ ਜਿਹਾ ਸਲੂਕ ਕਰਨਾ ਸ਼ੋਭਦਾ ਨਹੀਂ।
ਜਿੱਦਾਂ ਕਹਿੰਦੇ ਨੇ ਤੀਰ ਕਮਾਨ 'ਚੋਂ, ਗੀਤ ਜ਼ੁਬਾਨ 'ਚੋਂ ਨਿੱਕਲੇ ਨਹੀਂ ਮੁੜਦੇ, ਓਦਾਂ ਹੀ ਰਿਕਾਰਡ ਕੀਤਾ 'ਇਰੇਜ਼' ਹੋ ਜਾਂਦੈ, ਸੁਣਾਇਆ ਕਦੇ ਵਾਪਸ ਨਹੀਂ ਆਇਆ। ਸੋ ਚਲੋ ਜੀ ਸਦੀਕ ਸਾਹਬ, ਹੁਣ ਮੰਨੋ ਭਾਣਾ ਤੋ ਤੌਬਾ ਕਰੋ ਕਿ ਕਦੇ ਬਾਦਲ ਦੇ ਕਹਿਣ 'ਤੇ ਨਹੀਂ ਗਾਣਾ!