
ਦਾਰਾ ਸਿੰਘ ਕੌਣ ਸੀ? ਉਸ ਦੇ ਇਸ ਜਹਾਨੋਂ ਤੁਰ ਜਾਣ ਨਾਲ ਤਾਂ ਉਸ ਬੰਦੇ ਨੂੰ ਵੀ ਉਸ ਦੀ ਸ਼ਖ਼ਸੀਅਤ ਵਿੱਚ ਦਿਲਚਸਪੀ ਹੋ ਗਈ, ਜਿਸ ਨੇ ਕਦੇ ਸਿਨਮੇ ਦਾ ਗੇਟ ਨਹੀਂ ਦੇਖਿਆ। ਦਾਰਾ ਸਿੰਘ ਸੱਚੀਂ-ਮੁੱਚੀਂ ਲੋਕ-ਨਾਇਕ ਸੀ। ਜਵਾਹਰ ਲਾਲ ਨਹਿਰੂ, ਗਿਆਨੀ ਜ਼ੈਲ ਸਿੰਘ ਦੇ ਨਾਲ-ਨਾਲ ਇੰਦਰਾ ਗਾਂਧੀ ਦਾ ਸਾਰਾ ਪਰਿਵਾਰ ਅਤੇ ਅੱਜ ਦਾ ਦਹਿਸਦੀ ਸਟਾਰ ਅਮਿਤਾਭ ਬੱਚਨ, ਦਾਰਾ ਸਿੰਘ ਦੇ ਪ੍ਰਸ਼ੰਸਕਾਂ ਵਿੱਚੋਂ ਸਨ।
ਇਸ ਸਭ ਕੁੱਝ ਦੇ ਬਾਵਜੂਦ, ਉਸ ਦਾ ਕਈ ਕੁੱਝ ਹੈ, ਜੋ ਲੋਕਾਂ ਸਾਹਮਣੇ ਨਹੀਂ ਆਇਆ। ਇਹ ਲੇਖ ਲਿਖਣ ਦਾ ਮੰਤਵ ਦਾਰਾ ਸਿੰਘ ਬਾਰੇ ਕੁੱਝ ਉਹ ਗੱਲਾਂ ਕਰਨਾ ਹੈ, ਜੋ ਬਹੁਤ ਅਹਿਮ ਭਾਵੇਂ ਨਾ ਹੋਣ, ਪਰ ਉਹ ਗੱਲਾਂ ਉਸ ਦੀਆਂ ਹਨ। ਇਨ੍ਹਾਂ ਵਿੱਚੋਂ ਕੁੱਝ ਗੱਲਾਂ ਦਾ ਮੈਂ ਚਸ਼ਮਦੀਦ ਗਵਾਹ ਹਾਂ। ਦਾਰਾ ਸਿੰਘ ਦੇ ਪਰਿਵਾਰ ਵਿੱਚ ''ਬਹੁਤੀ ਸਰੱਗੀ" (ਖ਼ੁਸ਼ਹਾਲੀ) ਨਹੀਂ ਸੀ। ਜੇ ਹੁੰਦੀ ਤਾਂ ਉਸ ਨੂੰ ਤੇ ਉਸ ਦੇ ਚਾਚੇ ਨੂੰ ਘਰ-ਘਾਟ ਛੱਡ ਕੇ ਸਿੰਗਾਪੁਰ ਨਾ ਜਾਣਾ ਪੈਂਦਾ। ਇਹ ਥੁੜਾਂ ਹੀ ਸਨ, ਜਿਨ੍ਹਾਂ 17 ਸਾਲਾਂ ਦੇ ''ਦਾਰੀ" ਨੂੰ ਬਾਪ ਬਣਾ ਦਿੱਤਾ ਸੀ। ਦਾਰਾ ਸਿੰਘ ਬਾਰੇ ਲਿਖੇ ਗਏ ਲੇਖਾਂ ਵਿੱਚ ਉਸ ਦੀ ਵਿਦਿਅਕ ਯੋਗਤਾ ਦਾ

ਦਾਰਾ ਸਿੰਘ ਨਾਲ ਲੇਖਕ ਦੀ ਇੱਕ ਪੁਰਾਣੀ ਤਸਵੀਰ, ਜੋ ਹਾਲ ਹੀ ਵਿੱਚ ਸੁਖ਼ਵੰਤ ਚਿੱਤਰਕਾਰ ਦੀ ਪੋਟਲੀ ਵਿਚੋਂ ਨਿੱਕਲੀ ਹੈ
ਜ਼ਿਕਰ ਨਾ ਹੋਣ ਜਿੰਨਾ ਹੀ ਸੀ।
ਬਾਪੂ ਸੂਰਤ ਸਿੰਘ ਉਸ ਨੂੰ ਪੜ੍ਹਾਉਣ ਦੇ ਸਮਰੱਥ ਨਹੀਂ ਸੀ। ਭਾਵੇਂ ਬਾਪੂ ਨੇ ਪਹਿਲਾਂ ਦਾਰਾ ਸਿੰਘ ਨੂੰ ਭਲਵਾਨੀ ਦੇ ਰਾਹ ਪੈਣ ਤੋਂ ਰੋਕਣ ਲਈ ''ਭਲਵਾਨਾਂ ਦੀ ਪਛਾੜ ਬਹੁਤ ਮਾੜੀ ਹੋਣ" ਦਾ ਬਹਾਨਾ ਲਾਇਆ ਸੀ, ਪਰ ਹਕੀਕਤ ਇਹ ਸੀ ਕਿ 'ਦਾਰੀ' ਨੂੰ ਭਲਵਾਨ ਬਣਾਉਣ ਲਈ ਅਤੇ ਉਸ ਨੂੰ ਖੁਆਉਣ ਲਈ ਸੂਰਤ ਸਿੰਘ ਕੋਲ ਘਰ ਹੀ ਨਹੀਂ ਸੀ। ਸੋ ਦਾਰਾ ਸਿੰਘ ਨੂੰ ਭਲਵਾਨ ਬਣਾਉਣ ਲਈ ਘਰ ਖਲਾਉਣਾ ਤਾਂ ਕੀ, ਬਾਪੂ ਕੋਲ ਤਾਂ ਉਸ ਨੂੰ ਪਾਲਣ ਜੋਗੀ ਗੁੰਜਾਇਸ਼ ਵੀ ਮਸਾਂ ਸੀ। ਦਾਰਾ ਸਿੰਘ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਕੋਈ ਡਿਗਰੀ ਕਰਨ ਨਾ ਗਿਆ। ਜ਼ਿੰਦਗ਼ੀ ਦੇ ਅਮਲੀ ਸਿੱਖਿਆ ਅਦਾਰੇ ਤੋਂ ਉਸ ਨੇ ਬਹੁਤ ਕੁੱਝ ਸਿੱਖਿਆ। ਇੱਕ ਵਾਰ ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਕਿ ਪੰਜਾਬੀ ਤਾਂ ਚਲੋ ਆਪਣੀ ਘਰ ਦੀ ਜ਼ੁਬਾਨ ਹੈ, ਉਨ੍ਹਾਂ ਨੇ ਹਿੰਦੀ ਦਾ ਅਭਿਆਸ ਕਿੱਦਾਂ ਕਰ ਲਿਆ? ਦਾਰਾ ਸਿੰਘ ਨੇ ਕਿਹਾ, ''ਮੇਰੀਆਂ ਪਹਿਲੀਆਂ ਦੋ ਕੁ ਫ਼ਿਲਮਾਂ ਵਿੱਚ ਮੇਰੀ ਆਪਣੀ 'ਵਾਜ ਨਹੀਂ ਸੀ। ਮੈਨੂੰ ਚੰਗਾ ਨਾ ਲੱਗਿਆ। ਮੈਂ ਕਿਸੇ ਭਾਊ ਦੀ ਮਦਦ ਨਾਲ ਇੱਕ ਉਸਤਾਦ ਰੱਖ ਲਿਆ, ਜਿਹੜਾ ਮੈਨੂੰ ਵਿਹਲੇ ਵੇਲ਼ੇ ਹਿੰਦੀ ਬੋਲਣੀ ਸਿਖਾਉਂਦਾ।" ਇਸੇ ਤਰ੍ਹਾਂ ਹੀ ਦੇਸ਼ਾਂ-ਵਿਦੇਸ਼ਾਂ ਵਿੱਚ ਲੋਕਾਂ ਨੂੰ ਮਿਲਦਿਆਂ-ਗਿਲਦਿਆਂ ਦਾਰਾ ਸਿੰਘ ਕਈ ਭਾਸ਼ਾਵਾਂ ਬੋਲਣੀਆਂ ਹੀ ਨਹੀਂ, ਥੋੜ੍ਹੀਆਂ-ਬਹੁਤ 'ਉਠਾਲਣੀਆਂ' ਵੀ ਸਿੱਖ ਗਿਆ ਸੀ।
''ਫ਼ਿਲਮ ਇੰਡਸਟਰੀ ਵਿੱਚ ਜਾਣ ਦਾ ਮੌਕਾ ਕਿੱਦਾਂ ਮਿਲ ਗਿਆ?" ਇਸ ਸੁਆਲ ਦਾ ਜੁਆਬ ਦਿੰਦਿਆਂ ਦਾਰਾ ਸਿੰਘ ਨੇ ਏਦਾਂ ਕਿਹਾ ਸੀ, ''ਕਿਸੇ ਕੁਸ਼ਤੀ ਤੋਂ ਵਿਹਲਾ ਹੋ ਕੇ ਦਮ ਜਿਹਾ ਲੈ ਰਿਹਾ ਸਾਂ ਕਿ ਇੱਕ ਬੰਦਾ ਮੇਰੇ ਕੋਲ ਆ ਕੇ ਬਹਿ ਗਿਆ। ਫੇਰ ਥੋੜ੍ਹੇ ਚਿਰ ਮਗਰੋਂ ਆਪੇ ਹੀ ਬੋਲਿਆ, 'ਮੈਂ ਫ਼ਿਲਮਾਂ ਬਣਾਉਂਦਾਂ, ਪ੍ਰੋਡਿਊਜ਼ਰ ਆਂ'। ਮੈਂ ਸੋਚਿਆ, ਅਜੀਬ ਆਦਮੀ ਏ, ਮੈਂ ਤਾਂ ਇਸ ਕੋਲੋਂ ਪੁੱਛਿਆ ਵੀ ਨਹੀਂ। ਮੈਂ ਅਜੇ ਸੋਚ ਹੀ ਰਿਹਾ ਸਾਂ ਕਿ ਉਹ ਫ਼ੇਰ ਬੋਲ ਪਿਆ। ਅਖੇ, 'ਫ਼ਿਲਮਾਂ ਵਿੱਚ ਕੰਮ ਕਰੋਗੇ?' ਮੈਂ ਕਿਹਾ ਭਰਾਵਾ, ਮੈਂ ਤਾਂ ਕਦੇ ਫ਼ਿਲਮ ਦੇਖੀ ਤੱਕ ਨਹੀਂ। ਸਾਡੇ ਉਸਤਾਦ ਜੀ ਤਾਂ ਕਹਿੰਦੇ ਹੁੰਦੇ ਆ, ਫ਼ਿਲਮਾਂ ਬਦਮਾਸ਼ ਹੀ ਦੇਖਦੇ ਆ। ਫ਼ੇਰ ਉਹ ਕਹਿੰਦਾ, 'ਮੈਂ ਫ਼ਿਲਮ ਦੇਖਣ ਦੀ ਗੱਲ ਨਹੀਂ ਕਰਦਾ, ਫ਼ਿਲਮ ਵਿੱਚ ਕੰਮ ਕਰਨ ਦੀ ਗੱਲ ਕਰਦਾ ਹਾਂ। ਅੱਜ ਰਾਤੀਂ ਸੋਚ ਲਿਓ, ਮੈਂ ਭਲਕੇ ਫ਼ੇਰ ਆਵਾਂਗਾ। ਜਿੰਨੇ ਕੁ ਪੈਸੇ ਕੁਸ਼ਤੀ ਤੋਂ ਕਮਾਉਂਦੇ ਓ, ਓਦੋਂ ਵੱਧ ਹੀ ਦਿਆਂਗੇ।' ਇਹ ਕਹਿ ਕੇ, ਉਹ ਉਸ ਦਿਨ ਚਲਿਆ ਗਿਆ, ਪਰ ਮੈਨੂੰ ਆਪਣੇ ਬਾਪੂ ਜੀ ਦੀ ਕਹੀ ਹੋਈ ਇੱਕ ਗੱਲ ਚੇਤੇ ਕਰਾ ਗਿਆ।"
''ਕਿਹੜੀ ਗੱਲ?" ਮੈਂ ਪੁੱਛਿਆ ਸੀ।
''ਇਹੋ ਹੀ ਪਈ ਸਾਨ੍ਹ ਤੇ ਭਲਵਾਨ ਦੀ ਪਛਾੜ ਬੜੀ ਮਾੜੀ ਹੁੰਦੀ ਆ। ਮੈਂ ਜਿੰਨਾ ਚਿਰ ਕੁਸ਼ਤੀਆਂ ਕੀਤੀਆਂ, ਮੈਂ ਹੋਰ ਭਲਵਾਨਾਂ ਦੇ ਨਾਲ-ਨਾਲ, ਬਾਪੂ ਜੀ ਦੀ ਕਹੀ ਹੋਈ ਇਸ ਗੱਲ ਨਾਲ ਵੀ ਘੁਲਦਾ ਰਿਹਾ। ਇੱਕ ਤਰ੍ਹਾਂ ਨਾਲ, ਮੇਰੀ ਭਲਵਾਨੀ ਜ਼ਿੰਦਗ਼ੀ ਦੌਰਾਨ ਇਹ ਗੱਲ ਮੇਰੇ ਨਾਲ ਹੀ ਰਹੀ।"
''ਫਿਰ ਤੁਸੀਂ ਕੀ ਫ਼ੈਸਲਾ ਕੀਤਾ?"
''ਮੈਂ ਸੋਚਿਆ ਪਈ ਬਾਪੂ ਜੀ ਦੀ ਗੱਲ ਤਾਂ ਗ਼ਲਤ ਨਹੀਂ ਹੋ ਸਕਦੀ। ਸੋ ਭਲਵਾਨੀ ਛੱਡਣ ਮਗਰੋਂ ਕੋਈ ਕੰਮ ਮਿਲ ਰਿਹਾ ਏ, ਕਰ ਲੈਂਦੇ ਹਾਂ। ਅਗਲੇ ਦਿਨ ਮੂਲ਼ੋਂ ਹੀ ਮਿੱਥੇ ਟੈਮ 'ਤੇ ਉਹ ਫ਼ਿਲਮ ਪ੍ਰੋਡਿਊਜ਼ਰ ਫ਼ੇਰ ਆ ਗਿਆ ਤੇ ਮੈਂ ਉਸ ਨੂੰ ਹਾਂ ਕਰ ਦਿੱਤੀ। ਏਤਰਾਂ ਗੱਡੀ ਇਸ ਰਾਹੇ ਰਿੜ੍ਹ ਪਈ।"
''ਕਿਸੇ ਫ਼ਿਲਮ ਵਿੱਚ ਕੋਈ ਕਿਰਦਾਰ ਨਿਭਾਉਣ ਲਈ ਰਾਜ਼ੀ ਹੋਣਾ ਹੈ ਜਾਂ ਨਹੀਂ, ਇਹ ਫ਼ੈਸਲਾ ਕੌਣ ਕਰਦਾ ਸੀ ਤੇ ਕਿੱਦਾਂ ਕਰਦਾ ਸੀ?" ਇੱਕ ਹੋਰ ਮਹਿਫ਼ਿਲ ਵਿੱਚ ਦਾਰਾ ਸਿੰਘ ਨੂੰ ਮੈਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, ''ਏਸ ਮਾਮਲੇ ਵਿੱਚ ਆਪਣਾ 'ਸਾਬ੍ਹ ਬਹੁਤ ਸਿੱਧਾ ਹੈ। ਕਹਾਣੀ ਸੁਣਨ ਦੌਰਾਨ, ਜਿਸ ਕਿਰਦਾਰ ਬਾਰੇ ਮਨ ਵਿੱਚੋਂ ਇਹ 'ਵਾਜ ਆਵੇ ਪਈ ਇਹ ਤਾਂ ਕਮੀਨਾ ਬੰਦਾ ਏ, ਉਸ ਕਿਰਦਾਰ ਬਾਰੇ ਨਾਂਹ ਕਰ ਦਈਦੀ ਹੈ। ਜਿਹੜਾ ਕਿਰਦਾਰ ਆਪਣੇ ਵਰਗਾ ਲੱਗੇ, ਉਸ ਬਾਰੇ ਹਾਂ ਕਰਨ ਲੱਗਿਆਂ ਕਦੇ ਇਹ ਵੀ ਨਹੀਂ ਸੋਚਿਆ ਕਿ ਇਸ ਕਿਰਦਾਰ ਨੇ ਸਕਰੀਨ ਉੱਤੇ ਕਿੰਨਾ ਚਿਰ ਰਹਿਣਾ ਹੈ," ਦਾਰਾ ਸਿੰਘ ਜਦੋਂ ਇਹ ਕਹਿ ਰਿਹਾ ਸੀ, ਉਸ ਦਾ ਚਿਹਰਾ ਹੋਰ ਵੀ ਸੰਧੂਰੀ ਜਿਹਾ ਹੋ ਗਿਆ ਸੀ।
''ਕਿਸੇ ਫ਼ਿਲਮੀ ਕਿਰਦਾਰ ਜਾਂ ਕਹਾਣੀ ਬਾਰੇ ਫ਼ਿਲਮ ਡਾਇਰੈਕਟਰ ਜਾਂ ਪ੍ਰੋਡਿਊਸਰ ਨਾਲ ਤੁਹਾਡਾ ਕਦੇ ਕੋਈ ਰੌਲ਼ਾ-ਗੌਲ਼ਾ ਵੀ ਪਿਆ ਏ?" ਮੈਂ ਇਸ ਸਬੰਧ ਵਿੱਚ ਹੋਰ ਨਾਟਕੀ ਘਟਨਾਵਾਂ ਸੁਣਨ ਦੇ ਮੂਡ ਵਿੱਚ ਕਿਹਾ।
''ਆਹੋ। ਜਿਹੜੇ ਲੋਕ ਮੈਨੂੰ ਕਹਾਣੀ ਸੁਣਾ ਕੇ ਤੇ ਕਹਾਣੀ ਮੈਨੂੰ ਪਸੰਦ ਆ ਜਾਣ ਮਗਰੋਂ ਉਸ ਵਿੱਚ ਅਦਲਾ-ਬਦਲੀਆਂ ਕਰਦੇ ਹਨ ਮੈਨੂੰ ਉਹ ਚੰਗੇ ਨਹੀਂ ਲੱਗਦੇ। ਇੱਕ ਵਾਰ ਇੱਕ ਡਾਇਰੈਕਟਰ ਨੇ 'ਬਾਂਬੇ' (ਉਦੋਂ ਮੁੰਬਈ ਨੂੰ ਬਾਂਬੇ ਹੀ ਕਹਿੰਦੇ ਸਨ) ਮੈਨੂੰ ਕਹਾਣੀ ਸੁਣਾਈ, ਮੈਂ ਕਹਾਣੀ ਤੇ ਉਸ ਵਿੱਚ ਮੇਰੇ ਵੱਲੋਂ ਕੀਤਾ ਜਾਣ ਵਾਲ਼ਾ ਰੋਲ ਪਸੰਦ ਕਰ ਕੇ ਉਸ ਨੂੰ ਹਾਂ ਕਰ ਦਿੱਤੀ। ਫ਼ੇਰ ਕਿੰਨੇ ਹੀ ਚਿਰ ਮਗਰੋਂ ਜਦੋਂ ਉਹ ਡਾਇਰੈਕਟਰ, ਪੰਜਾਬ ਆਇਆ ਤਾਂ ਉਸ ਨੇ ਉਹ ਕਹਾਣੀ ਬਹੁਤ ਬਦਲ ਦਿੱਤੀ ਸੀ। ਮੈਂ ਕਿਹਾ, 'ਇਹ ਕਿੱਤਰਾਂ ਦਾ ਐਂਡ ਲਾ ਰਹੇ ਓ ਸਟੋਰੀ ਨੂੰ? ਸਟੋਰੀ ਨੂੰ ਐਂਡ ਤਾਂ ਓਤਰਾਂ ਹੀ ਲੱਗੂ, ਜਿੱਤਰਾਂ ਬਾਂਬੇ ਲੱਗਿਆ ਸੀ।"
ਇਕ ਵਾਰ ਉਸ ਨੇ ਇੱਕ ਕਹਾਣੀ ਸੁਣ ਕੇ ਏਦਾਂ ਵੀ ਕਿਹਾ ਸੀ, ''ਕਹਾਣੀ ਧਾਅਡੀ ਵਧੀਆ, ਬਸ ਇਸ ਵਿੱਚ ਥੋੜ੍ਹਾ ਜਿਹਾ ''ਸੈਂਡਲ-ਮੈਂਡਲ" (ਸੈਂਟੀਮੈਂਟਲ) ਪਾ ਦਿਓ।"
ਨਿਰਦੇਸ਼ਕ ਸ਼ਾਮ ਰਲਹਨ ਨੇ ਇੱਕ ਵਾਰ ਜਲੰਧਰ ਵਿੱਚ ਦਾਸ ਸਣੇ ਕੁੱਝ ਚੋਣਵੇਂ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਇੱਕ ਕਿੱਸਾ ਸੁਣਾਇਆ, ਜੋ ਆਪਣੇ ਪਾਠਕਾਂ ਨਾਲ ਸਾਂਝਾ ਕਰਨਾ ਜ਼ਰੂਰੀ ਸਮਝਦਾ ਹਾਂ ਕਿਉਂ ਕਿ ਉਸ ਵਿੱਚੋਂ ਦਾਰਾ ਸਿੰਘ ਦੀ ਸ਼ਖ਼ਸੀਅਤ ਦੇ ਕੁੱਝ ਅਹਿਮ ਪਹਿਲੂਆਂ ਦੇ ਦਰਸ਼ਨ ਹੋ ਸਕਣਗੇ। ਸ਼ਾਮ ਰਲਹਨ ਦੱਸ ਰਹੇ ਸਨ, ''ਮੈਂ ਇੱਕ ਇਤਿਹਾਸਕ ਸਬਜੈਕਟ 'ਤੇ ਸਕ੍ਰਿਪਟ ਲਿਖਵਾ ਕੇ, ਉਸ ਵਿੱਚ ਇੱਕ ਬਹੁਤ ਹੀ ਅਹਿਮ ਕਿਰਦਾਰ ਲਈ ਦਾਰਾ ਜੀ ਨੂੰ ਸਾਈਨ ਕਰਨ ਲਈ ਉਨ੍ਹਾਂ ਦੇ ਘਰ ਗਿਆ। ਮੈਂ ਉਨ੍ਹਾਂ ਨੂੰ ਸਕ੍ਰਿਪਟ ਸੁਣਾਈ, ਜਿਸ ਵਿੱਚ ਅਲਾਓਦੀਨ ਖ਼ਿਲਜੀ ਦੇ ਕਿਰਦਾਰ ਸਮੇਤ ਹੋਰ ਬਹੁਤ ਸਾਰੇ ਇਤਿਹਾਸਕ ਕਿਰਦਾਰ ਸਨ। 'ਵਾਹ ਜੀ ਵਾਹ! ਰਲਹਨ ਸਾਹਬ' ਦਾਰਾ ਜੀ ਸਕ੍ਰਿਪਟ ਸੁਣ ਕੇ ਕਹਿਣ ਲੱਗੇ, 'ਆਹ ਅਲਾਦੀਨ ਖ਼ਿਲਜੀ ਵਾਲ਼ਾ ਰੋਲ ਤਾਂ ਮੈਂ ਕਰੂੰਗਾ।"
ਜੱਟ ਦੀ ਸਾਦਗ਼ੀ ਤੇ ਸਾਫ਼ਗੋਈ ਨੇ 'ਅਲਾਓਦੀਨ ਖਿਲਜੀ' ਨੂੰ 'ਅਲਾਦੀਨ ਖ਼ਿਲਜੀ' ਬਣਾ ਸੁੱਟਿਆ। ਸ਼ਾਮ ਰਲਹਨ, ਦਾਰਾ ਸਿੰਘ ਦਾ ਇਹ ਜੁਆਬ ਸੁਣ ਕੇ ਦੁਚਿੱਤੀ ਵਿੱਚ ਪੈ ਗਏ। ਉਹ ਸੋਚਣ ਕਿ ਜਿਸ ਬੰਦੇ ਨੂੰ 'ਅਲਾਦੀਨ' ਤੇ ਅਲਾਓਦੀਨ' ਦੇ ਫ਼ਰਕ ਦਾ ਪਤਾ ਨਹੀਂ, ਉਹ ਉਸ ਨੂੰ ਸਾਈਨ ਕਰਨ ਜਾਂ ਨਾ, ਸਾਈਨਿੰਗ ਅਮਾਊਂਟ ਦੇਣ ਜਾਂ ਨਾ ਦੇਣ। ਦਾਰਾ ਸਿੰਘ ਦੀ ਸਾਦਗ਼ੀ ਦੇ ਮੋਹੇ ਸ਼ਾਮ ਰਲਹਨ, ਦਾਰਾ ਸਿੰਘ ਨੂੰ ਸਾਈਨਿੰਗ ਅਮਾਊਂਟ ਦਿੱਤੇ ਤੇ ਇਕਰਾਰਨਾਮੇ ਉੱਤੇ ਉਨ੍ਹਾਂ ਤੋਂ ਦਸਤਖ਼ਤ ਕਰਾਏ ਬਗ਼ੈਰ, ਉੱਥੋਂ ਉੱਠ ਨਹੀਂ ਸਕੇ ਸਨ।
''ਬੜੇ ਸੋਹਣੇ, ਵੱਡੇ-ਵੱਡੇ ਐਕਟਰਾਂ ਨਾਲ ਫ਼ਿਲਮਾਂ ਵਿੱਚ ਕੰਮ ਕਰੀ ਜਾਂਦੇ ਸੀ, ਇਹ ਡਾਇਰੈਕਟਰ ਤੇ ਪ੍ਰਡਿਊਸਰ ਬਣਨ ਦਾ ਫੁਰਨਾ ਕਿਦਾਂ ਫੁਰਿਆ," ਇੱਕ ਦਿਨ ਮੈਂ ਦਾਰਾ ਸਿੰਘ ਨੂੰ ਪੁੱਛ ਲਿਆ ਤਾਂ ਉਸ ਨੇ ਕਿਹਾ, ''ਮੈਂ ਜਿਸ ਦਿਨ ਫ਼ਿਲਮ ਇੰਡਸਟਰੀ ਵਿੱਚ ਪੈਰ ਪਾਉਣ ਸਾਰ ਤਹੱਈਆ ਕਰ ਲਿਆ ਸੀ ਕਿ ਪੰਜਾਬੀ ਵਿੱਚ ਕੁੱਝ ਚੰਗੀਆਂ ਫ਼ਿਲਮਾਂ ਬਣਾਉਣੀਆਂ ਨੇ। ਮੌਕਾ ਆਇਆ ਤਾਂ ਡਰੈਕਟਰ ਮੇਰਾ ਕਿਹਾ ਹੀ ਨਾ ਮੰਨੇ। ਮੈਂ ਇੱਕ ਦਿਨ ਉਸ ਨੂੰ ਪਰ੍ਹਾਂ ਕਰ ਕੇ ਕੈਮਰਾਮੈਨ ਨੂੰ ਸੀਨ ਸਮਝਾਇਆ ਤਾਂ ਉਹ ਮੇਰੇ ਮੂੰਹ ਵੱਲ ਦੇਖੇ ਜਿੱਤਰਾਂ ਕਹਿੰਦਾ ਹੋਵੇ, 'ਭਾਊ! ਤੂੰ ਆਪ ਕਿਉਂ ਨਹੀਂ ਇਹ ਕੰਮ ਕਰਦਾ?' ਮੈਂ ਵੀ ਉਸ ਵਾਂਗ ਹੀ ਮਨੋ-ਮਨੀਂ ਉਸ ਦੀ ਗੱਲ ਮੰਨ ਲਈ।"
ਇਕ ਦਿਨ ਮੈਂ ਉਸ ਨੂੰ ਛੇੜਨ ਲਈ ਕਿਹਾ, ''ਪ੍ਰੋਡਿਊਸਰ-ਡਾਇਰੈਕਟਰ ਬਣ ਕੇ ਹੁਣ ਪੰਜਾਬੀ ਫ਼ਿਲਮਾਂ ਦੇ ਨਾਂ ਵੀ ਹਿੰਦੀ ਵਿੱਚ ਰੱਖਣ ਲੱਗ ਪਏ ਹੋ?"
''ਕਿਹੜੀ ਫ਼ਿਲਮ?"
''ਸਵਾ ਲਾਖ ਸੇ ਏਕ ਲੜਾਊਂ।" ਮੇਰਾ ਜੁਆਬ ਸੁਣ ਕੇ ਮੁਸਕਰਾ ਕੇ ਇੰਨਾ ਹੀ ਕਿਹਾ, ''ਹਾਂ ਯਾਰ, ਇਹ ਤਾਂ ਕਦੇ ਸੋਚਿਆ ਹੀ ਨਹੀਂ।"
ਦਾਰਾ ਸਿੰਘ ਤਨੋਂ ਭਲਵਾਨ ਸੀ, ਮਨੋਂ ਬਹੁਤ ਮਹੀਨ। ਇਸ ਗੱਲ ਦਾ ਸਬੂਤ ਸੀ, ਇੱਕ ਫ਼ਿਲਮ ਵਿੱਚ ਹਲਟ ਦੀ ਮਾਹਲ ਤਰ ਜਾਣ 'ਤੇ ਉਸ ਵਿੱਚ ਹੋਰ ਟਿੰਡਾਂ ਪਾਉਣ ਦਾ ਦ੍ਰਿਸ਼, ਜੋ ਅੱਜ ਵੀ ਮੈਂ ਭੁਲਾ ਨਹੀਂ ਸਕਿਆ।
ਦਾਰਾ ਸਿੰਘ ਨੇ ਇੱਕ ਹਿੰਦੀ ਫ਼ਿਲਮ 'ਚੈਂਪੀਅਨ' ਬਣਾਈ ਸੀ, ਜਿਸ ਦਾ ਨਿਰਦੇਸ਼ਨ ਉਸ ਦੇ ਨਿਆਣਿਆਂ ਦੇ ਮਾਮੇ ਰਤਨ ਔਲਖ, ਜੋ ਖ਼ੁਦ ਭਲਵਾਨ ਹਨ, ਨੇ ਕੀਤਾ ਸੀ। ਇਸ ਹਿੰਦੀ ਫ਼ਿਲਮ ਦੇ ਇੱਕ ਸੀਨ ਵਿੱਚ ਦਾਰਾ ਸਿੰਘ, ਇੱਕ ਬਾਲ ਕਲਾਕਾਰ (ਇਸ ਵੇਲ਼ੇ ਨਾਂ ਚੇਤੇ ਨਹੀਂ ਆ ਰਿਹਾ) ਨੂੰ ਆਪਣੇ ਨਾਲ ਦੌੜ ਲਾਉਣ ਦਾ ਸੱਦਾ ਦੇਣ ਲਈ ਉਸ ਨੂੰ ਪੂਰੇ ਪੰਜਾਬੀ ਲਹਿਜੇ ਵਿੱਚ ''ਆ ਜਾ" ਕਹਿੰਦੇ ਹਨ। ਇਹ ਸੀਨ ਜਦੋਂ ਸਿਨੇਮਾ ਦੇ ਪਰਦੇ ਉੱਤੇ ਆਉਂਦਾ ਹੈ ਤਾਂ ਇਹ ਸੰਵਾਦ ਸੁਣ ਕੇ ਦਰਸ਼ਕ ਹੱਸਦੇ ਹਨ। ਦਾਰਾ ਸਿੰਘ ਵੱਲੋਂ ਇਸ ਹਿੰਦੀ ਫ਼ਿਲਮ ਵਿੱਚ, ਪੰਜਾਬੀ ਅੰਦਾਜ਼ ਨਾਲ ਬੋਲਿਆ ਗਿਆ ਇਹ ਸੰਵਾਦ ਦਰਸ਼ਕਾਂ ਨੂੰ ਰੜਕਣ ਦੀ ਥਾਂ ਉਨ੍ਹਾਂ ਨੂੰ ਹਸਾਉਂਦਾ ਹੈ। ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਫ਼ਿਲਮਾਂ ਵਿੱਚ ਵੀ ਡਾਇਲਾਗ ਬੋਲਦਿਆਂ ਦਾਰਾ ਸਿੰਘ ਦੇ ਅੰਦਰਲਾ ਪੰਜਾਬੀ ਜਾਗ ਆਉਂਦਾ ਸੀ।
ਦਾਰਾ ਸਿੰਘ ਦੇ ਹਿੰਦੀ ਉਚਾਰਣ ਵਿੱਚ ਬਹੁਤੀ ਵਾਰੀ ਪੰਜਾਬੀ ਲਬੋ-ਲਹਿਜੇ ਦਾ ਤੜਕਾ ਲੱਗਿਆ ਹੁੰਦਾ ਸੀ, ਪਰ ਪੰਜਾਬ ਦੇ ਹੀ ਨਹੀਂ, ਪੂਰੇ ਹਿੰਦੁਸਤਾਨ ਤੇ ਬਾਹਰ ਵਸਦੇ ਭਾਰਤੀ ਉਸ ਦੀਆਂ ਇਨ੍ਹਾਂ ਉਕਾਈਆਂ ਨੂੰ ਖਿੜੇ ਮੱਥੇ ਨਜ਼ਰਅੰਦਾਜ਼ ਕਰ ਦਿੰਦੇ ਸਨ, ਜਿਸ ਦੀ ਇਕੋ ਹੀ ਵਜ੍ਹਾ ਸੀ ਕਿ ਉਹ ਦਾਰਾ ਸਿੰਘ ਸੀ, ਜੋ ਜਿਹੋ-ਜਿਹਾ ਵੀ ਸੀ, ਉਨ੍ਹਾਂ ਨੂੰ ਪਿਆਰਾ ਸੀ, ਉਨ੍ਹਾਂ ਦੀਆਂ ਅੱਖਾਂ ਦਾ ਤਾਰਾ ਸੀ।
ਸ਼ੁਕਰੀਆ ਦਾਰਾ ਸਿੰਘ! ਤੇਰੇ ਤੁਰ ਜਾਣ ਨੇ ਹੀ ਮੈਨੂੰ 'ਨਿੱਕ-ਸੁਕ' ਲਿਖਣ ਲਈ ਪ੍ਰੇਰਿਆ, ਨਹੀਂ ਤਾਂ ਸ਼ਾਇਦ ਇਹ ਮੇਰੇ ਨਾਲ ਹੀ ਤੁਰ ਜਾਂਦਾ। '