
ਜਦੋਂ ਕੋਈ ਵਿਅਕਤੀ ਖ਼ੁਦਕੁਸ਼ੀ ਕਰਦੈ ਤਾਂ ਉਸ ਵੱਲੋਂ ਇਹ ਕਾਰਵਾਈ ਕਰਨ ਦੇ ਕੁੱਝ ਨਾ ਕੁੱਝ ਕਾਰਨ ਲਾਜ਼ਮੀ ਹੁੰਦੇ ਹਨ। ਹਰ ਮਾਮਲੇ ਵਿੱਚ ਕਾਰਨ ਇੱਕੋ ਜਿਹੇ ਹੀ ਹੋਣ, ਇਹ ਲਾਜ਼ਮੀ ਨਹੀਂ। ਪਿਛਲੇ ਕੁੱਝ ਅਰਸੇ ਤੋਂ ਖ਼ੁਦਕੁਸ਼ੀ ਕਰਨ ਦੇ ਦੋ ਮਾਮਲੇ ਬਹੁਤ ਚਰਚਾ ਵਿੱਚ ਹਨ। ਇਨ੍ਹਾਂ ਵਿੱਚੋਂ ਇੱਕ ਮਾਮਲਾ ਹੈ, ਏਅਰ ਹੋਸਟੈੱਸ ਰਹੀ ਦੱਸੀ ਜਾਂਦੀ ਕੁੜੀ ਗੀਤਿਕਾ ਸ਼ਰਮਾ ਦਾ ਤੇ ਦੂਜਾ ਮਾਮਲਾ ਹੈ, ਜਲੰਧਰ ਦੀ ਇੱਕ ਮੁਟਿਆਰ ਸ਼ਿਵਾਲੀ ਦਾ। ਭਾਵੇਂ ਜਹਾਨ ਭਰ ਵਿੱਚ ਬਹੁਤ ਸਾਰੇ ਲੋਕ ਖ਼ੁਦਕੁਸ਼ੀਆਂ ਕਰਦੇ ਹਨ, ਪਰ ਉਨ੍ਹਾਂ ਸਾਰਿਆਂ ਦੀਆਂ ਖ਼ੁਦਕੁਸ਼ੀਆਂ, ਖ਼ਬਰਾਂ ਤੇ ਚਰਚਾ ਦਾ ਵਿਸ਼ਾ ਨਹੀਂ ਬਣਦੀਆਂ। ਇਸ ਦੇ, ਇੱਕ ਨਹੀਂ, ਇੱਕ ਤੋਂ ਵੱਧ ਕਾਰਨ ਹੁੰਦੇ ਹਨ। ਇਨ੍ਹਾਂ ਦੋ ਕੁੜੀਆਂ ਵੱਲੋਂ ਖ਼ੁਦਕੁਸ਼ੀ ਕਰਨਾ, ਅਖ਼ਬਾਰਾਂ ਅਤੇ ਚਰਚਾ ਲਈ ਮਨਭਾਉਂਦੀ ਸਮੱਗਰੀ ਕਿਉਂ ਬਣਿਆ ਹੋਇਆ ਹੈ, ਕਾਰਨ ਇਸ ਦੇ ਵੀ ਘੱਟ ਨਹੀਂ ਹਨ, ਪਰ ਦੋਹਾਂ ਹੀ ਮਾਮਲਿਆਂ ਵਿੱਚ ਮੁੱਖ ਕਾਰਨ, ਇਨ੍ਹਾਂ ਦੋਹਾਂ ਦੀਆਂ ਖ਼ੁਦਕੁਸ਼ੀਆਂ ਵਿੱਚ ਸਿੱਧੇ/ ਅਸਿੱਧੇ ਰੂਪ ਵਿੱਚ ਸਰਕਾਰੀ ਹੱਥ ਹੋਣ ਦਾ ਕੋਣ ਹੈ।
ਗੀਤਿਕਾ ਸ਼ਰਮਾ ਵੱਲੋਂ ਆਪਣੇ ਘਰ ਵਿੱਚ ਪੱਖੇ ਨਾਲ ਫ਼ਾਹਾ ਲੈ ਕੇ ਮਰਨ ਦੇ ਸਬੰਧ ਵਿੱਚ, ਉਸ ਦੇ ਕਮਰੇ ਵਿੱਚੋਂ ਮਿਲੇ ਇੱਕ ਰੁੱਕੇ ਵਿੱਚ ਇਹ ਦੋਸ਼ ਲਾਇਆ ਹੋਇਆ ਹੈ ਕਿ ਉਸ ਨੂੰ ਆਤਮਘਾਤ ਕਰਨ ਲਈ ਹਰਿਆਣਾ ਦੇ ਮੰਤਰੀ (ਹੁਣ ਸਾਬਕਾ) ਗੋਪਾਲ ਕਾਂਡਾ ਤੇ ਉਸ ਦੀ ਇੱਕ
ਮੁਲਾਜ਼ਮ ਨੇ ਮਜਬੂਰ ਕੀਤਾ ਸੀ। ਸ਼ਿਵਾਲੀ ਵੱਲੋਂ ਇੱਕ ਰੇਲ ਗੱਡੀ ਹੇਠ ਆ ਕੇ ਜਾਨ ਦੇਣ ਬਾਰੇ ਵੀ ਪਤਾ ਲੱਗਿਆ ਹੈ ਕਿ ਪੁਲੀਸ ਨੇ ਇਸ ਕੁੜੀ ਨੂੰ ਇੱਕ ਮੁੰਡੇ ਨਾਲ ਕਾਰ ਵਿੱਚ ਬੈਠੀ ਦੇਖ ਕੇ, ਨਾ ਸਿਰਫ਼ ਉਸ ਦੀਆਂ ਤਸਵੀਰਾਂ ਖਿਚਾਈਆਂ, ਸਗੋਂ ਭਰੇ ਬਜ਼ਾਰ ਵਿੱਚ ਲੋਕਾਂ ਦੇ ਸਾਹਮਣੇ ਉਸ ਤੋਂ ਇਸ ਸਬੰਧ ਵਿੱਚ ਪੁੱਛ-ਪੜਤਾਲ ਕਰ ਕੇ, ਉਸ ਨੂੰ ਜ਼ਲੀਲ ਵੀ ਕੀਤਾ ਸੀ। ਇਹ ਕੁੜੀ, ਇਹ ਬੇਇਜ਼ਤੀ ਨਾ ਸਹਾਰਦੀ ਹੋਈ, ਤੇ ਅਗਲੇ ਦਿਨ ਦੇ ਅਖ਼ਬਾਰਾਂ ਵਿੱਚ ਆਪਣੀਆਂ ਤਸਵੀਰਾਂ ਛਪ ਜਾਣ ਦੇ ਡਰੋਂ, ਇਸ ਘਟਨਾ ਤੋਂ ਕੁੱਝ ਹੀ ਮਿੰਟ ਮਗਰੋਂ ਇੱਕ ਰੇਲ ਗੱਡੀ ਥੱਲੇ ਆ ਕੇ ਮਰ ਗਈ ਸੀ।
ਹੁਣ ਸ਼ਿਵਾਲੀ ਦੇ ਮਾਮਲੇ ਵਿੱਚ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਉੱਡ ਰਹੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਇਹ ਵੀ ਹੈ ਕਿ ਉਹ ਕਾਰ ਵਿੱਚ ਆਪਣੇ ਸਾਥੀ ਨੌਜੁਆਨ ਨਾਲ ਬਹੁਤ ਹੀ ਇਤਰਾਜ਼ਯੋਗ ਹਾਲਤ ਵਿੱਚ ਦੇਖੀ ਗਈ ਸੀ। ਗੀਤਿਕਾ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ, ਉਸ ਦੀ ਲਾਸ਼ ਦਾ ਪੋਸਟ ਮਾਰਟਮ ਕੀਤੇ ਜਾਣ 'ਤੇ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਹਨ, ਉਹ ਵੀ ਬਹੁਤੀਆਂ ਚੰਗੀਆਂ ਨਹੀਂ ਹਨ। ਪੋਸਟ ਮਾਰਟਮ ਦੀ ਰਿਪੋਰਟ ਵਿੱਚ ਗੀਤਾ ਦੇ ਚਾਲ-ਚੱਲਣ ਉੱਤੇ ਬਹੁਤ ਗੰਭੀਰ ਦੋਸ਼ ਲਾਏ ਗਏ ਹਨ। ਇਸ ਕਰ ਕੇ, ਇਨ੍ਹਾਂ ਦੋਹਾਂ ਮਾਮਲਿਆਂ ਨੂੰ ਬਹੁਤ ਸਾਧਾਰਣ ਨਹੀਂ ਸਮਝਿਆ ਜਾ ਸਕਦਾ। ਇਹ ਦੋਵੇਂ ਮਾਮਲੇ ਨਿਰੇ ਖ਼ੁਦਕੁਸ਼ੀਆਂ ਦੇ ਨਹੀਂ ਹਨ। ਇਨ੍ਹਾਂ ਨਾਲ ਬਹੁਤ ਕੁੱਝ ਜੁੜਿਆ ਹੋਇਆ ਹੈ।
ਇੰਸਪੈਕਟਰ ਜਨਰਲ ਔਫ਼ ਪੁਲੀਸ ਗੁਰਪ੍ਰੀਤ ਕੌਰ ਦਿਓ, ਸ਼ਿਵਾਲੀ ਦੀ ਖ਼ੁਦਕੁਸ਼ੀ ਦੇ ਮਾਮਲੇ ਦੀ ਜਾਂਚ ਕਰ ਕੇ ਜਾਂਚ ਰਿਪੋਰਟ ਸਰਕਾਰ ਨੂੰ ਸੌਂਪ ਚੁੱਕੀ ਹੈ। ਇਸ ਅਫ਼ਸਰਨੀ ਨੇ, ਸ਼ਿਵਾਲੀ ਨੂੰ ਕਾਰ ਵਿੱਚੋਂ ਕੱਢ ਕੇ, ਲੋਕਾਂ ਦੀ ਹਾਜ਼ਰੀ ਵਿੱਚ ਪੁੱਛ-ਪੜਤਾਲ ਕਰ ਕੇ, ਉਸ ਨੂੰ ਜ਼ਲੀਲ ਕਰਨ ਵਾਲੀ ਇੰਸਪੈਕਟਰ ਬਲਵਿੰਦਰ ਕੌਰ ਅਤੇ ਇਸ ਮੌਕੇ 'ਤੇ ਤਸਵੀਰਾਂ ਖਿੱਚਣ ਵਾਲ਼ੇ ਪ੍ਰੈੱਸ ਫੋਟੋਗ੍ਰਾਫਰਾਂ ਰਵੀ ਤੇ ਬ੍ਰਜੇਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਸਿਫਾਰਸ਼ ਕੀਤੀ ਹੋਈ ਹੈ। ਸਰਕਾਰ ਨੇ ਇਸ ਮਾਮਲੇ ਦੀ ਜਾਂਚ ਨਵੇਂ ਸਿਰਿਉਂ ਕਰਾਏ ਜਾਣ ਦੇ ਹੁਕਮ ਵੀ ਦੇ ਦਿੱਤੇ ਹਨ, ਪਰ ਇਸ ਜਾਂਚ ਦੇ ਸਬੰਧ ਵਿੱਚ ਕੁੱਝ ਅਰਜ਼ਾਂ ਦਾਸ ਵੱਲੋਂ ਵੀ ਕਰਨੀਆਂ ਬਣਦੀਆਂ ਹਨ। ਜਿਸ ਮੁੰਡੇ ਦੀ ਕਾਰ ਵਿੱਚ ਬੈਠੀ ਸ਼ਿਵਾਲੀ 'ਫੜੀ' ਗਈ ਸੀ, ਜਾਂਚ ਵਿੱਚ ਉਸ ਦਾ ਕੋਈ ਨਾਂ-ਭੋਗ ਹੀ ਨਹੀਂ ਪਾਇਆ ਗਿਆ ਜਦੋਂ ਕਿ ਉਸ ਦੇ ਬਿਆਨਾਂ ਦੀ ਅਹਿਮੀਅਤ ਵੀ ਘੱਟ ਨਹੀਂ ਹੋਣੀ ਸੀ। ਉਸ ਦੀ ਕੋਈ ਤਸਵੀਰ ਕਿਉਂ ਨਾ ਖਿੱਚੀ ਗਈ? ਜੇ ਖਿੱਚੀ ਗਈ ਤਾਂ ਛਾਪੀ ਕਿਉਂ ਨਾ ਗਈ? ਜੇ ਸ਼ਿਵਾਲੀ ਤੇ ਉਹ ਮੁੰਡਾ 'ਸਾਧਾਰਣ ਢੰਗ ਨਾਲ' ਹੀ ਕਾਰ ਵਿੱਚ ਬੈਠੇ ਸਨ ਤਾਂ ਸ਼ਿਵਾਲੀ ਨੂੰ ਇਸ ਤੋਂ 'ਬਦਨਾਮ ਹੋਣ' ਦਾ ਖ਼ਦਸ਼ਾ ਕਿਉਂ ਸੀ? ਜੇ ਸ਼ਿਵਾਲੀ ਵਿੱਚ ਕੋਈ ਕਾਣ ਨਹੀਂ ਸੀ ਤਾਂ ਉਸ ਨੂੰ ਰੇਲ ਗੱਡੀ ਹੇਠ ਆਉਣ ਦੀ ਕੀ ਲੋੜ ਸੀ?
ਹੁਣ ਇਹ ਦੇਖਣਾ ਬਾਕੀ ਹੈ ਕਿ ਐੱਸ. ਪੀ. ਹੈੱਡਕੁਆਰਟਰ ਨਵਜੋਤ ਸਿੰਘ ਮਾਹਲ, ਜਿਨ੍ਹਾਂ ਨੂੰ ਸ਼ਿਵਾਲੀ ਕੇਸ ਦੀ ਜਾਂਚ ਦੁਬਾਰਾ ਕਰਨ ਲਈ ਕਿਹਾ ਗਿਆ ਹੈ, ਇਨ੍ਹਾਂ ਨੁਕਤਿਆਂ ਵੱਲ ਕਿੰਨਾ ਕੁ ਧਿਆਨ ਦਿੰਦੇ ਹਨ। ਦੂਜੇ ਪਾਸੇ ਗੀਤਿਕਾ ਸ਼ਰਮਾ ਦੇ ਮਾਮਲੇ ਵਿੱਚ ਵੀ ਕਈ ਸੁਆਲ ਮੂੰਹ ਅੱਡੀ ਖੜ੍ਹੇ ਹਨ ਜਿਨ੍ਹਾਂ ਦੇ ਮੂੰਹ ਬੰਦ ਕਰਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਮਾਮਲੇ ਵਿੱਚ ਪਹਿਲਾ ਸੁਆਲ ਇਹ ਹੈ ਕਿ ਜਦੋਂ ਏਅਰ ਹੋਸਟੈੱਸ ਦੀ ਅਸਾਮੀ ਲਈ ਗੀਤਿਕਾ ਨੂੰ ਇੰਟਰਵਿਊ ਲੈਣ ਮਗਰੋਂ ਨਕਾਰ ਦਿੱਤਾ ਗਿਆ ਤਾਂ ਦੂਜੇ ਕਮਰੇ ਵਿੱਚ ਬੈਠ ਕੇ ਸ਼ਾਰਟ ਸਰਕਟ ਟੀਵੀ ਰਾਹੀਂ ਇਹ ਇੰਟਰਵਿਊ ਲਿਆ ਜਾਂਦਾ ਨਾਲੋ-ਨਾਲ ਦੇਖ ਰਹੇ ਕੰਪਨੀ ਦੇ ਮਾਲਕ, ਗੋਪਾਲ ਕਾਂਡਾ, ਨੇ ਉਸ ਨੂੰ ਭਰਤੀ ਕਰ ਲਏ ਜਾਣ ਦੀ ਸਿਫਾਰਸ਼ ਕਿਉਂ ਕੀਤੀ? ਇਸ ਤਰ੍ਹਾਂ ਗੀਤਿਕਾ ਨੂੰ ਇੰਟਰਵਿਊ ਵਿੱਚੋਂ ਫੇਲ ਹੋਣ ਦੇ ਬਾਵਜੂਦ 'ਛਾਂਟ ਲਏ' ਜਾਣ ਵੱਲ, ਉਸ ਦੇ ਮਾਪਿਆਂ ਜਾਂ ਭਰਾ ਦਾ ਧਿਆਨ ਕਿਉਂ ਨਾ ਗਿਆ? ਜਦੋਂ ਗੋਪਾਲ ਕਾਂਡਾ ਨੇ ਗੀਤਿਕਾ ਨੂੰ ਆਪਣੀ ਕੰਪਨੀ ਦੀ ਡਾਇਰੈਕਟਰ ਬਣਾ ਦਿੱਤਾ ਤਾਂ ਵੀ ਗੀਤਿਕਾ ਦੇ ਮਾਂ-ਬਾਪ ਅਤੇ ਭਰਾ ਦੇ ਮੱਥੇ ਕਿਉਂ ਨਾ ਠਣਕੇ? ਇੰਟਰਵਿਊ ਵਿੱਚੋਂ ਫੇਲ ਹੋਣ ਦੇ ਬਾਵਜੂਦ ਉਹ ਕੰਪਨੀ ਦੀ ਡਾਇਰੈਕਟਰ ਬਣਾ ਦਿੱਤੀ ਗਈ ਸੀ। ਕੰਪਨੀ ਦੇ ਮਾਲਕ ਵੱਲੋਂ ਉਸ ਉੱਪਰ ਕੀਤੀਆਂ ਜਾ ਰਹੀਆਂ ਇਨ੍ਹਾਂ ਮਿਹਰਬਾਨੀਆਂ ਦੀ ਵਜ੍ਹਾ ਜਾਨਣ ਦੇ ਹੀਲੇ ਕਿਉਂ ਨਾ ਕੀਤੇ ਗਏ?
ਗੀਤਿਕਾ ਸ਼ਰਮਾ, ਗੋਪਾਲ ਕਾਂਡਾ ਦੇ ਮੱਕੜ ਜਾਲ ਵਿੱਚ ਬਹੁਤ ਬੁਰੀ ਤਰ੍ਹਾਂ ਫਸੀ ਹੋਈ ਸੀ, ਪਰ ਉਸ ਦੇ ਮਾਪਿਆਂ ਦੇ ਕੰਨੀਂ ਇਸ ਦੀ ਭਿਣਕ ਵੀ ਨਾ ਪਈ ਹੋਵੇ, ਇਹ ਗੱਲ ਕਿਸੇ ਦਵਾਈ ਨਾਲ ਹੀ ਹਜ਼ਮ ਹੋ ਸਕਦੀ ਹੈ, ਓਦਾਂ ਨਹੀਂ। ਬਹੁਤ ਸਪੱਸ਼ਟ ਹੈ ਕਿ ਉਸ ਵੇਲੇ ਗੀਤਿਕਾ ਦੇ ਮਾਪੇ ਇਹ ਗੱਲਾਂ ਬਹੁਤ ਹੁੱਬ-ਹੁੱਬ ਕੇ ਕਰਦਿਆਂ ਇਹ ਕਹਿੰਦੇ ਵੀ ਥੱਕਦੇ ਨਹੀਂ ਹੋਣਗੇ ਕਿ ਉਨ੍ਹਾਂ ਦੀ ਧੀ ਤਾਂ ਗੁਣਾਂ ਦੀ ਗੁਥਲੀ ਹੈ। ਹੁਣ ਜਦੋਂ ਉਸ ਨੇ ਆਪਣੇ ਹੀ ਘਰ ਵਿੱਚ ਖ਼ੁਦਕੁਸ਼ੀ ਕਰ ਲਈ ਹੈ ਤਾਂ ਹੁਣ ਉਹੀ ਪੁਰਾਣੇ ਕਈ ਦ੍ਰਿਸ਼, ਬਦਲੇ ਹੋਏ ਅਰਥਾਂ ਵਿੱਚ ਉਨ੍ਹਾਂ ਦੀਆਂ ਨਜ਼ਰਾਂ ਸਾਹਵੇਂ ਆ-ਆ ਜਾਂਦੇ ਹੋਣਗੇ।
ਕਿਸੇ ਧੀ-ਭੈਣ ਵੱਲੋਂ ਇਹੋ ਜਿਹਾ ਕਦਮ ਚੁੱਕੇ ਜਾਣ ਪਿੱਛੇ ਉਸ ਦੇ ਮਾਪਿਆਂ ਅਤੇ ਭੈਣਾਂ-ਭਰਾਵਾਂ ਦੀ ਕੋਈ ਭੁਮਿਕਾ ਨਾ ਹੋਵੇ, ਇਹ ਕਦੇ ਹੋ ਹੀ ਨਹੀਂ ਸਕਦਾ। ਪਰਿਵਾਰ ਦੇ ਕਿਸੇ ਜੀਅ ਵੱਲੋਂ ਜਾਂ ਕਿਸੇ ਰਿਸ਼ਤੇਦਾਰ ਵੱਲੋਂ ਉਸ ਨੂੰ, ਉਸ ਦੇ ਕੰਮਾਂ ਵਿੱਚ ਸ਼ਹਿ ਮਿਲਣਾ ਲਾਜ਼ਮੀ ਹੈ। ਸਭ ਤੋਂ ਵੱਧ ਕਸੂਰ ਮਾਂ-ਬਾਪ ਦਾ ਹੁੰਦਾ ਹੈ, ਜਿਹੜੇ ਅੱਵਲ ਤਾਂ ਆਪਣੇ ਬੱਚੇ ਵੱਲ ਘੋਖਵੀਂ ਨਜ਼ਰ ਮਾਰਦੇ ਹੀ ਨਹੀਂ, ਮਾਰਦੇ ਵੀ ਹਨ ਤਾਂ ਉਨ੍ਹਾਂ ਨੂੰ ਆਪਣੇ ਬੱਚੇ ਦੇ ਐਬਾਂ ਦੀ ਥਾਂ, ਗੁਣ ਹੀ ਦਿਸਦੇ ਹਨ। ਮਾਂ-ਬਾਪ ਵੱਲੋਂ ਆਪਣੇ ਬੱਚੇ/ਬੱਚੀ ਨੂੰ ਹਮੇਸ਼ਾ 'ਸੁਧ੍ਹਾ ਸੋਨਾ' ਸਮਝਣਾ ਤੇ ਉਸ ਨੂੰ ਵਡਿਆਉਂਦੇ ਰਹਿਣਾ ਵੀ ਇਹੋ ਜਿਹੇ ਮਾਮਲਿਆਂ ਵਿੱਚ 'ਗ਼ੁਨਾਹ' ਬਣ ਜਾਂਦਾ ਹੈ।
ਜਦੋਂ ਕੋਈ ਧੀ-ਪੁੱਤ ਏਦਾਂ ਦੇ ਕਿਸੇ ਮਾਮਲੇ ਦੇ ਭੰਵਰ ਵਿੱਚ ਫਸ ਕੇ ਆਪੇ ਹੀ ਆਪਣੀ ਜਾਨ ਲੈ ਲੈਂਦਾ ਹੈ ਤਾਂ ਉਹ ਇਕੱਲਾ ਨਹੀਂ ਮਰਦਾ। ਉਸ ਦੇ ਮਗਰ ਹੀ ਹੋਰ ਕਈ ਮੌਤਾਂ ਵੀ ਹੁੰਦੀਆਂ ਹਨ। ਸਭ ਤੋਂ ਪਹਿਲਾਂ ਮਾਪਿਆਂ ਦੀ ਆਣ-ਆਬਰੂ ਤੇ ਇੱਜ਼ਤ ਦੀ ਮੌਤ ਹੋ ਜਾਂਦੀ ਹੈ। ਫ਼ਿਰ ਉਹ ਵਿਸ਼ਵਾਸ ਦਮ ਤੋੜ ਦਿੰਦਾ ਹੈ ਜੋ ਮਾਪਿਆਂ ਨੇ ਆਪਣੇ ਬੱਚੇ/ਬੱਚੀ ਉੱਤੇ ਕੀਤਾ ਹੁੰਦਾ ਹੈ। ਇਸ ਤੋਂ ਬਾਅਦ ਮੁਮਕਿਨ ਹੈ ਕਿ ਮਾਪੇ ਵੀ ਦਮ ਤੋੜ ਦੇਣ। ਇਸ ਤੋਂ ਇਲਾਵਾ ਜਦੋਂ ਮਾਮਲਾ ਸ਼ਿਵਾਲੀ ਵਾਲਾ ਹੋਵੇ ਤਾਂ ਸਭ ਤੋਂ ਪਹਿਲਾਂ ਪੁਲੀਸ ਵਰਗੀ ਸੰਸਥਾ ਦੀ ਸਾਖ਼ ਤੇ ਵਿਸ਼ਵਾਸ ਦੀ ਮੌਤ ਹੋ ਜਾਂਦੀ ਹੈ। ਪੱਤਰਕਾਰੀ ਵਰਗੇ ਨੇਕ-ਪਾਕ ਪੇਸ਼ੇ ਦੀ ਨੇਕੀ ਤੇ ਪਾਕੀਜ਼ਗ਼ੀ ਦਮ ਤੋੜ ਦਿੰਦੀਆਂ ਹਨ। ਇਹੋ ਜਿਹੇ ਮਾਮਲਿਆਂ ਦੀ ਜਾਂਚ ਵਿੱਚ ਪਾਂਸਕ ਮਾਰ ਜਾਣ ਵਾਲ਼ੇ ਅਧਿਕਾਰੀਆਂ ਦੇ ਵਕਾਰ ਦੀ ਮੌਤ ਹੋ ਜਾਂਦੀ ਹੈ।
ਸ਼ਿਵਾਲੀ ਦੇ ਮਾਮਲੇ ਵਿੱਚ ਦੋ ਪ੍ਰੈੱਸ ਫ਼ੋਟੋਗ੍ਰਾਫ਼ਰਾਂ ਰਵੀ ਤੇ ਬ੍ਰਜੇਸ਼ ਕੁਮਾਰ ਵੱਲੋਂ ਫ਼ੋਟੋ ਖਿੱਚ ਕੇ ਸ਼ਿਵਾਲੀ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ਅਧੀਨ ਉਨ੍ਹਾਂ ਨੂੰ ਬੁਰਾ-ਭਲਾ ਕਹੇ ਜਾਣ ਮਗਰੋਂ ਹੁਣ ਉਨ੍ਹਾਂ ਨੂੰ ਬੇਕਸੂਰ ਕਰਾਰ ਦੇਣ ਲਈ ਇਹ ਦਲੀਲ ਘੜ ਲਈ ਗਈ ਹੈ ਕਿ ਜੇ ਉਨ੍ਹਾਂ ਨੇ ਪੁਲੀਸ ਤੇ ਸ਼ਿਵਾਲੀ ਦੀਆਂ ਤਸਵੀਰਾਂ ਨਾ ਖਿੱਚੀਆਂ ਹੁੰਦੀਆਂ ਤਾਂ ਪੁਲੀਸ ਨੇ ਇਸ ਮਾਮਲੇ ਉੱਤੇ ਵੀ ਮਿੱਟੀ ਪਾ ਦੇਣੀ ਸੀ। ਸੋ ਮੀਡੀਆ ਦੇ ਇਨ੍ਹਾਂ ਸੂਰਮਿਆਂ ਨੇ ਤਾਂ ਪੁਲੀਸ ਦੀਆਂ ਕਰਤੂਤਾਂ ਹੀ ਨੰਗੀਆਂ ਕੀਤੀਆਂ ਹਨ, ਜਿਸ ਕਰ ਕੇ ਉਹ ਬੇਕਸੂਰ ਹਨ। ਇਸ ਸਬੰਧ ਵਿੱਚ ਇੱਕ ਸੱਚੀ ਘਟਨਾ ਦਾ ਜ਼ਿਕਰ ਕਰਨਾ ਲਾਜ਼ਮੀ ਸਮਝਾਂਗਾ।
ਇੱਕ ਵਾਰ ਵਧੀਆ ਤਸਵੀਰਾਂ ਖਿੱਚਣ ਦੇ ਇੱਕ ਮੁਕਾਬਲੇ ਵਿੱਚ ਇੱਕ ਫ਼ੋਟੋਗ੍ਰਾਫ਼ਰ ਵੱਲੋਂ ਹੜ੍ਹ ਵਿੱਚ ਡੁੱਬ ਰਹੇ ਵਿਅਕਤੀ ਦੀ ਤਸਵੀਰ ਨੂੰ ਸਭ ਤੋਂ ਵਧੀਆ ਕਰਾਰ ਦਿੰਦਿਆਂ ਉਸ ਫ਼ੋਟੋਗ੍ਰਾਫ਼ਰ ਨੂੰ ਇਨਾਮ ਦਿੱਤਾ ਗਿਆ। ਜਿਸ ਅਖ਼ਬਾਰ ਲਈ ਉਹ ਫ਼ੋਟੋਗ੍ਰਾਫ਼ਰ ਕੰਮ ਕਰਦਾ ਸੀ, ਉਸ ਦੇ ਮਾਲਕ ਨੇ ਵੀ ਉਸ ਨੂੰ ਇਨਾਮ ਦਿੱਤਾ, ਪਰ ਨਾਲ਼ ਹੀ ਉਸ ਨੂੰ ਨੌਕਰੀ ਤੋਂ ਹਟਾਉਣ ਦੀ ਚਿੱਠੀ ਵੀ ਫ਼ੜਾ ਦਿੱਤੀ। ਫ਼ੋਟੋਗ੍ਰਾਫ਼ਰ ਨੇ ਨੌਕਰੀ ਤੋਂ ਹਟਾਏ ਜਾਣ ਦੀ ਵਜ੍ਹਾ ਪੁੱਛੀ ਤਾਂ ਮਾਲਕ ਨੇ ਕਿਹਾ, ''ਤੂੰ ਫ਼ੋਟੋਗ੍ਰਾਫ਼ਰ ਤਾਂ ਕਮਾਲ ਦਾ ਏਂ, ਇਨਸਾਨ ਬਹੁਤ ਘਟੀਆ ਏਂ ਕਿਉਂ ਕਿ ਤੂੰ ਉਸ ਡੁੱਬਦੇ ਬੰਦੇ ਦੀ ਫ਼ੋਟੋ ਤਾਂ ਖਿੱਚੀ, ਪਰ ਉਸ ਨੂੰ ਡੁੱਬਣੋਂ ਨਹੀਂ ਬਚਾਇਆ।" ਜੇ ਪੁਲੀਸ ਦੀ 'ਨੈਤਿਕਤਾ ਬਚਾਊ ਮੁਹਿੰਮ' ਦਾ ਪ੍ਰਚਾਰ ਕਰਨ ਲਈ ਫ਼ੋਟੋ ਖਿੱਚਣ ਗਏ ਰਵੀ ਤੇ ਬ੍ਰਜੇਸ਼ ਕੁਮਾਰ ਪੁਲੀਸ ਦੇ ਹੁਕਮ 'ਤੇ 'ਬੇਕਸੂਰ' ਸ਼ਿਵਾਲੀ ਦੀਆਂ ਤਸਵੀਰਾਂ ਖਿੱਚਣ ਤੋਂ ਇਨਕਾਰ ਕਰ ਦਿੰਦੇ ਤਾਂ ਉਹ ਆਪਣੇ ਧੰਦੇ ਦੀ ਨੇਕੀ ਤੇ ਪਾਕੀਜ਼ਗ਼ੀ ਦੇ ਝੰਡਾਬਰਦਾਰ ਵੀ ਬਣ ਜਾਂਦੇ ਤੇ ਹੋ ਸਕਦਾ ਸੀ ਕਿ ਕੁੱਝ ਸੰਸਥਾਵਾਂ ਉਨ੍ਹਾਂ ਇਹੋ ਜਿਹਾ ਮਾਣ-ਸਨਮਾਨ ਵੀ ਦੇ ਦਿੰਦੀਆਂ, ਜਿਹੋ ਜਿਹਾ ਉਨ੍ਹਾਂ ਨੂੰ ਸੌ ਵਧੀਆ ਤਸਵੀਰਾਂ ਖਿੱਚ ਕੇ ਵੀ ਨਹੀਂ ਮਿਲ ਸਕਣਾ ਸੀ। ਪਰ ਕਰੀਏ ਕੀ? ਕਿਉਂ ਕਿ ਘਰੋਂ ਖਾ ਕੇ ਅਕਲ ਕੌਣ ਦੇਵੇ। '

ਸ਼ਿਵਾਲੀ ਨੂੰ ਮਰਨ ਲਈ ਮਜਬੂਰ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਦੇ ਹੱਕ ਵਿੱਚ, ਚੰਡੀਗੜ੍ਹ ਵਿੱਚ ਮੁਜ਼ਾਹਰਾ ਕਰਦੇ ਵਿਦਿਆਰਥੀ (ਖੱਬੇ), ਜਲੰਧਰ ਵਿੱਚ ਸ਼ਿਵਾਲੀ ਦੀ ਰੂਹ ਦੀ ਸ਼ਾਂਤੀ ਲਈ ਕੀਤੇ ਗਏ 'ਮੋਮਬੱਤੀ ਮਾਰਚ' ਦੀ ਇੱਕ ਝਲਕ (ਵਿਚਾਲੇ) ਸ਼ਿਵਾਲੀ (ਸੱਜੇ ਉੱਪਰ) ਅਤੇ ਗੀਤਿਕਾ ਸ਼ਰਮਾ (ਸੱਜੇ ਹੇਠਾਂ)