
ਮੇਰੀ ਸਰਕਾਰ ਨੇ ਖ਼ੁਦ ਹੀ ਸਾਬਤ ਕਰ ਦਿੱਤਾ ਹੈ ਕਿ ਕਲਾ ਵਿੱਚ ਹੀ ਨਹੀਂ, ਕਲਾਤਮਕ ਅੰਦਾਜ਼ ਵਿੱਚ ਵਾਹੀਆਂ ਚਾਰ ਵਿੰਗ-ਤੜਿੰਗੀਆਂ ਲੀਕਾਂ ਯਾਨੀ ਕਾਰਟੂਨ-ਕਲਾ ਵਿੱਚ ਵੀ ਬੜੀ ਤਾਕਤ ਹੁੰਦੀ ਹੈ। ਜੋ ਸਰਕਾਰ ਆਪਣੇ ਮੁਲਕ ਦੇ ਸੌ ਕਰੋੜ ਤੋਂ ਵੱਧ ਲੋਕਾਂ ਤੇ ਉਨ੍ਹਾਂ ਦੀ ਤਾਕਤ ਤੋਂ ਨਹੀਂ ਡਰਦੀ, ਉਹ ਅਸੀਮ ਤ੍ਰਿਵੇਦੀ ਨਾਂ ਦੇ ਇਕ, ਪੱਚੀ ਸਾਲਾਂ ਦੀ ਉਮਰ ਦੇ ਕਾਰਟੂਨਿਸਟ ਵਲੋਂ ਬਣਾਏ ਹੋਏ ਦੋ ਕੁ ਕਾਰਟੂਨਾਂ ਤੋਂ ਹੀ ਡਰ ਗਈ ਹੈ।
ਕਾਨਪੁਰ ਨੇੜੇ ਸ਼ੁਕਲਾਗੰਜ ਵਿੱਚ ਰਹਿਣ ਵਾਲ਼ੇ ਅਸੀਮ ਤ੍ਰਿਵੇਦੀ ਨੂੰ, 8 ਸਤੰਬਰ ਦੀ ਸ਼ਾਮ ਨੂੰ ਮੁੰਬਈ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਤੇ ਅਦਾਲਤ ਨੇ ਉਸ ਨੂੰ 16 ਸਤੰਬਰ ਤਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਸੀ। 'ਇੰਡੀਆ ਅਗੇਂਸਟ ਕੋਰੱਪਸ਼ਨ' (ਭ੍ਰਿਸ਼ਟਾਚਾਰ ਵਿਰੁੱਧ ਭਾਰਤ) ਮੁਹਿੰਮ ਨਾਲ ਸਬੰਧ ਰੱਖਦੇ ਅਸੀਮ ਦੇ ਖ਼ਿਲਾਫ਼ ਭਾਰਤੀ ਦੰਡ ਵਿਧਾਨ ਦੀ ਦਫ਼ਾ 124-ਏ ਅਧੀਨ 'ਬਗ਼ਾਵਤ ਲਈ ਉਕਸਾਉਣ' ਦਾ ਦੋਸ਼ ਲਾਇਆ ਗਿਆ। ਉਸ ਦੇ ਖ਼ਿਲਾਫ਼, ਸੂਚਨਾ ਤਕਨਾਲੋਜੀ ਕਾਨੂੰਨ ਅਤੇ 1971 ਦੇ ਨੈਸ਼ਨਲ ਐਂਬਲਮ ਐਕਟ ਅਧੀਨ ਵੀ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਉਸ ਦੇ ਖ਼ਿਲਾਫ਼ ਕੌਮੀ ਅਪਮਾਨ ਰੋਕੂ ਕਾਨੂੰਨ ਦੀ ਧਾਰਾ 2 ਵੀ ਲਾਗੂ ਕੀਤੀ ਗਈ। ਉਸ ਨੇ ਕੁੱਝ ਕਾਰਟੂਨ ਬਣਾਏ ਸਨ ਤੇ ਇੰਟਰਨੈੱਟ 'ਤੇ ਪਾ ਦਿੱਤੇ ਸਨ। ਇੱਕ ਕਾਰਟੂਨ ਵਿੱਚ ਉਸ ਨੇ
ਸੰਸਦ ਭਵਨ ਨੂੰ ਇੱਕ ਪਖਾਨੇ ਦੇ ਰੂਪ ਵਿੱਚ ਚਿੱਤਰਿਆ ਸੀ ਤੇ ਇੱਕ ਹੋਰ ਕਾਰਟੂਨ ਵਿੱਚ ਕੌਮੀ ਨਿਸ਼ਾਨ ਚਿੱਤਰਿਆ ਸੀ, ਜਿਸ ਵਿੱਚ 'ਸ਼ੇਰਾਂ ਦੀ ਤ੍ਰਿਮੂਰਤੀ' ਦੀ ਥਾਂ 'ਬਘਿਆੜਾਂ ਦੀ ਤ੍ਰਿਮੂਰਤੀ' ਬਣਾਈ ਹੋਈ ਸੀ। ਇੱਕ ਹੋਰ ਕਾਰਟੂਨ ਵਿੱਚ ਉਸ ਨੇ 'ਭ੍ਰਿਸ਼ਟ ਸਿਆਸਤਦਾਨਾਂ ਵਲੋਂ ਭਾਰਤ ਮਾਤਾ ਦਾ ਲਿਬਾਸ ਪਾੜਿਆ ਜਾਂਦਾ ਤੇ ਉਸ ਨਾਲ਼ ਬਲਾਤਕਾਰ ਕਰਨ ਦਾ ਹੀਲਾ ਕੀਤਾ ਜਾਂਦਾ' ਵੀ ਦਿਖਾਇਆ ਹੈ।
ਪੁਲੀਸ ਨੇ 'ਨੈਸ਼ਨਲ ਬ੍ਰਾਡਕਾਸਟਰਜ਼ ਐਸੋਸੀਏਸ਼ਨ' ਨੂੰ ਕਿਹਾ ਕਿ ਉਹ ਖ਼ਬਰਾਂ ਵਿੱਚ ਇਹ ਕਾਰਟੂਨ ਦਿਖਾਏ ਜਾਣ ਦੀ ਮਨਾਹੀ ਕਰੇ। 11 ਸਤੰਬਰ ਨੂੰ ਮੁੰਬਈ ਦੀ ਅਦਾਲਤ ਨੇ ਅਸੀਮ ਨੂੰ ਜ਼ਮਾਨਤ 'ਤੇ ਛੱਡੇ ਜਾਣ ਦਾ ਹੁਕਮ ਦੇ ਦਿੱਤਾ, ਪਰ ਉਸ ਨੇ ਏਦਾਂ ਰਿਹਾਅ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਇੱਕ ਦਿਨ ਬਾਅਦ ਯਾਨੀ 12 ਸਤੰਬਰ ਨੂੰ ਅਸੀਮ ਨੇ ਜ਼ਮਾਨਤ 'ਤੇ ਰਿਹਾਅ ਹੋਣਾ ਮੰਨ ਲਿਆ। ਇਸ ਤੋਂ ਪਹਿਲਾਂ ਅਦਾਲਤ ਨੇ ਉਸ ਨੂੰ 24 ਸਤੰਬਰ ਤਕ ਪੁਲੀਸ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਹੋਇਆ ਸੀ। ਪਤਾ ਲੱਗਿਆ ਹੈ ਕਿ ਪੁਲੀਸ ਨੇ ਹੀ ਅਦਾਲਤ ਨੂੰ ਕਿਹਾ ਹੈ ਕਿ ਉਸ ਨੇ ਤਫ਼ਤੀਸ਼ ਮੁਕੰਮਲ ਕਰ ਲਈ ਹੈ ਤੇ ਹੁਣ ਅਸੀਮ ਨੂੰ ਹਿਰਾਸਤ ਵਿੱਚ ਰੱਖਣ ਦੀ ਲੋੜ ਨਹੀਂ ਹੈ।
'ਅਸੀਮ ਤ੍ਰਿਵੇਦੀ ਨੇ ਕਾਰਟੂਨ ਬਣਾਏ, ਪੁਲੀਸ ਨੇ ਉਸ ਨੂੰ ਫੜ ਲਿਆ। ਉਸ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਸਰਕਾਰ ਉੱਤੇ ਦਬਾਅ ਪਾਇਆ ਗਿਆ ਤਾਂ ਉਸ ਨੂੰ ਪੰਜ ਹਜ਼ਾਰ ਦੀ ਜ਼ਮਾਨਤ 'ਤੇ ਛੱਡ ਦਿੱਤਾ ਗਿਆ,' ਬਹੁਤ ਆਮ ਜਿਹੇ ਢੰਗ ਨਾਲ਼ ਤਾਂ ਇਹ ਗੱਲ 'ਏਨੀ ਮੇਰੀ ਬਾਤ, ਉੱਤੋਂ ਪੈ ਗਈ ਰਾਤ' ਵਰਗੀ ਲੱਗਦੀ ਹੈ, ਪਰ ਇਸ ਮਾਮਲੇ ਨੇ ਲੋਕਾਂ ਦੇ ਮਨਾਂ ਵਿੱਚ ਤੇ ਸੱਤਾ ਦੇ ਗਲਿਆਰਿਆਂ ਵਿੱਚ ਜਿਹੜੀ ਹਲਚਲ ਮਚਾਈ ਹੈ, ਉਸ ਬਾਰੇ ਸਾਡਾ ਵੀ ਕੁੱਝ ਅਰਜ਼ ਕਰਨਾ ਬਣਦਾ ਤਾਂ ਹੈ, ਨਹੀਂ ਤਾਂ...
ਕੁੱਛ ਤੋ ਕਹੀਏ ਕਿ ਲੋਗ ਕਹਿਤੇ ਹੈਂ,
ਆਜ 'ਗ਼ਾਲਿਬ' ਗ਼ਜ਼ਲ ਸਰਾਅ ਨਾ ਹੁਆ।
... ਵਾਲ਼ੀ ਗੱਲ ਹੋ ਜਾਵੇਗੀ।
ਜਿਸ ਦਿਨ ਅਸੀਮ ਤ੍ਰਿਵੇਦੀ ਨੂੰ ਮੁੰਬਈ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਅਦਾਲਤ ਅੱਗੇ 'ਇੰਡੀਆ ਅਗੇਂਸਟ ਕੋਰੱਪਸ਼ਨ' ਦੇ ਤਕਰੀਬਨ 200 ਵਾਲੰਟੀਅਰ ਮੌਜੂਦ ਸਨ, ਜਿਨ੍ਹਾਂ ਵਿੱਚੋਂ ਇੱਕ ਜਣੇ ਨੇ ਉੱਥੇ ਇੱਕ ਬਿਆਨ ਦੇ ਉਤਾਰੇ ਵੰਡੇ। ਇਹ ਬਿਆਨ ਹਿੰਦੀ ਭਾਸ਼ਾ ਵਿੱਚ, ਅਸੀਮ ਤ੍ਰਿਵੇਦੀ ਵੱਲੋਂ ਜੇਲ੍ਹ ਵਿੱਚੋਂ ਜਾਰੀ ਕੀਤਾ ਗਿਆ ਦੱਸਿਆ ਗਿਆ। ਕੁੱਝ ਵੀ ਅਰਜ਼ ਕਰਨ ਤੋਂ ਪਹਿਲਾਂ ਅਸੀਮ ਦੇ ਇਸ ਬਿਆਨ 'ਤੇ ਹੀ ਨਜ਼ਰ ਨਾ ਮਾਰ ਲਈ ਜਾਵੇ? ਅਸੀਮ ਨੇ ਇਸ ਬਿਆਨ ਵਿੱਚ ਏਦਾਂ ਕਿਹਾ ਹੋਇਆ ਹੈ:
''ਜੇ ਸੱਚ ਦੱਸਣਾ ਦੇਸ਼ ਦੇ ਖ਼ਿਲਾਫ਼ ਹੈ ਤਾਂ ਮੈਂ ਗ਼ੱਦਾਰ ਹਾਂ। ... ਜੇ ਬੇਇਨਸਾਫ਼ੀ ਦੇ ਖ਼ਿਲਾਫ਼ ਅਵਾਜ਼ ਉਠਾਉਣਾ ਦੇਸ਼ ਦੇ ਖ਼ਿਲਾਫ਼ ਹੈ ਤਾਂ ਮੈਂ ਗ਼ੱਦਾਰ ਹਾਂ। ... ਜੇ ਸਮੇਂ ਦੇ ਨਾਲ 'ਦੇਸ਼-ਭਗਤ' ਅਤੇ 'ਗ਼ੱਦਾਰ' ਦੀਆਂ ਪ੍ਰੀਭਾਸ਼ਾਵਾਂ ਬਦਲ ਗਈਆਂ ਹਨ ਤਾਂ ਮੈਂ ਗ਼ੱਦਾਰ ਹਾਂ। ... ਮੈਂ ਸੰਵਿਧਾਨ ਦਾ ਅਪਮਾਨ ਕਰਨ ਦੇ ਖ਼ਿਲਾਫ਼ ਹਾਂ। ਮੈਨੂੰ ਸੰਵਿਧਾਨ ਅਤੇ ਡਾ. ਅੰਬੇਦਕਰ ਦੋਹਾਂ ਵਿੱਚ ਵਿਸ਼ਵਾਸ ਹੈ... ਸੰਵਿਧਾਨ ਦਾ ਅਪਮਾਨ ਹੁੰਦਾ ਦੇਖ ਕੇ ਮੈਨੂੰ ਤਕਲੀਫ਼ ਹੁੰਦੀ ਹੈ ਤੇ ਮੈਂ ਆਪਣੇ ਕਾਰਟੂਨਾਂ ਰਾਹੀਂ ਇਹ ਅਪਮਾਨ ਬੰਦ ਕਰਾਉਣ ਦੇ ਹੀਲੇ ਕਰ ਰਿਹਾ ਹਾਂ। ਮੈਂ ਮਹਾਤਮਾ ਗਾਂਧੀ ਵੱਲੋਂ ਦਰਸਾਏ ਹੋਏ ਰਾਹ 'ਤੇ ਚੱਲ ਰਿਹਾ ਹਾਂ ਤੇ ਦੇਸ਼ ਦੀ ਸੇਵਾ ਕਰ ਰਿਹਾ ਹਾਂ... ਮੈਨੂੰ ਜੇਲ੍ਹ ਅੰਦਰ ਦੇਖ ਕੇ ਤੁਸੀਂ ਦੁਖੀ ਨਾ ਹੋਇਓ। ਯਾਦ ਰੱਖੋ, ਅੰਨਾ ਹਜ਼ਾਰੇ ਨੇ ਕਿਹਾ ਸੀ ਕਿ ਦੇਸ਼ ਦੀ ਖ਼ਾਤਰ ਜੇਲ੍ਹ ਵੀ ਜਾਣਾ ਚਾਹੀਦਾ ਹੈ।" ਇਸ ਬਿਆਨ ਅਨੁਸਾਰ, ਅਸੀਮ ਨੇ ਕਿਹਾ ਸੀ ਕਿ ਉਹ ਇਸ ਲਈ ਜ਼ਮਾਨਤ ਨਹੀਂ ਕਰਾਉਣੀ ਚਾਹੁੰਦਾ ਕਿਉਂਕਿ ਉਸ ਨੂੰ ਆਪਣੇ ਕੀਤੇ 'ਤੇ ਫ਼ਖ਼ਰ ਹੈ ਤੇ ਉਹ ਇਹ ਕੰਮ ਬਾਰ-ਬਾਰ ਕਰੇਗਾ। ਅਸੀਮ ਆਪਣੇ ਬਿਆਨ ਵਿੱਚ ਏਦਾਂ ਵੀ ਕਹਿੰਦਾ ਹੈ, ''ਮੈਂ ਕੋਈ ਅਪਰਾਧੀ ਨਹੀਂ ਹਾਂ ਕਿ ਪੈਸੇ ਜਮ੍ਹਾ ਕਰਾ ਕੇ ਜ਼ਮਾਨਤ ਕਰਾਵਾਂ। ਜਿੰਨਾ ਚਿਰ ਮੇਰੇ ਸਿਰ ਲਾਇਆ ਹੋਇਆ ਬਗ਼ਾਵਤ ਦਾ ਦੋਸ਼ ਵਾਪਸ ਨਹੀਂ ਲਿਆ ਜਾਂਦਾ, ਮੈਂ ਜੇਲ੍ਹ ਵਿੱਚ ਹੀ ਰਹਾਂਗਾ।"
ਅਸੀਮ ਤ੍ਰਿਵੇਦੀ 8 ਸਤੰਬਰ ਨੂੰ ਕਾਨਪੁਰ ਤੋਂ ਮੁੰਬਈ ਗਿਆ ਤੇ ਉਹ ਸਿੱਧਾ ਹੀ ਬਾਂਦਰਾ ਕੁਰਲਾ ਥਾਣੇ ਗਿਆ, ਜਿੱਥੇ ਉਸ ਦੇ ਖ਼ਿਲਾਫ਼ ਰਪਟ ਦਰਜ ਕਰਾਈ ਹੋਈ ਸੀ। ਉੱਥੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਅਗਲੇ ਦਿਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਮੁੰਬਈ ਪੁਲੀਸ ਦੀ ਇੱਕ ਟੀਮ ਉਸ ਨੂੰ ਲੱਭਣ ਲਈ ਕਾਨਪੁਰ ਗਈ ਸੀ। ਅਸੀਮ ਤ੍ਰਿਵੇਦੀ ਨੂੰ ਏਦਾਂ ਫੜ ਕੇ ਸੀਖਾਂ ਪਿੱਛੇ ਡੱਕ ਦੇਣ ਨਾਲ ਸੱਤਾ ਦੇ ਗਲਿਆਰਿਆਂ ਵਿੱਚ ਤੇ ਬੁੱਧੀਜੀਵੀ ਵਰਗ ਵਿੱਚ ਕੀ-ਕੀ ਕਿਹਾ ਤੇ ਸੁਣਿਆ ਗਿਆ, ਉਹ ਸੁਣਨਾ-ਵਾਚਣਾ ਵੀ ਬਣਦਾ ਹੈ।
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਇਸ ਸਬੰਧ ਵਿੱਚ ਕਿਹਾ ਕਿ ਭਾਰਤ ਸਰਕਾਰ ਲਈ ਇਹ ਕਾਰਟੂਨ ਕੋਈ ਮਸਲਾ ਨਹੀਂ ਹਨ, ਪਰ ਇਹ ਕਾਰਟੂਨ ਸੰਵਿਧਾਨਕ ਦਾਇਰੇ ਵਿੱਚ ਰਹਿਣੇ ਚਾਹੀਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ, ''ਕਾਰਟੂਨਾਂ ਵਿੱਚ ਕੌਮੀ ਨਿਸ਼ਾਨਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ।" ਇਸ ਦੇ ਨਾਲ਼ ਹੀ ਉਨ੍ਹਾਂ ਦੀ ਪਾਰਟੀ (ਕਾਂਗਰਸ) ਨੇ ਵੀ ਅਸੀਮ ਤ੍ਰਿਵੇਦੀ ਨੂੰ ਗ਼੍ਰਿਫ਼ਤਾਰ ਕਰਨ ਨੂੰ ਚੰਗਾ ਨਹੀਂ ਸਮਝਿਆ ਤੇ ਕਿਹਾ ਹੈ ਕਿ ਇਹ ਕਾਰਵਾਈ ਕਰਨ ਦੀ ਲੋੜ ਨਹੀਂ ਸੀ। ਇਹ ਟਿੱਪਣੀ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕੀਤੀ ਕਿਉਂਕਿ ਮਹਾਰਾਸ਼ਟਰ ਦੀ ਕਾਂਗਰਸ ਸਰਕਾਰ ਨੇ ਵੀ ਕਹਿ ਦਿੱਤਾ ਸੀ ਕਿ ਉਹ ਵੀ ਅਸੀਮ ਨੂੰ ਰਿਹਾਅ ਕਰਾਉਣ ਦੇ ਹੀਲੇ ਕਰ ਰਹੀ ਹੈ। ਸ਼੍ਰੀ ਤਿਵਾੜੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ''ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਇਸ ਗ੍ਰਿਫ਼ਤਾਰੀ ਨਾਲ਼ ਐਵੇਂ ਵਾਧੂ ਜਿਹਾ ਖਿਲਾਰਾ ਪਾ ਲਿਆ ਗਿਆ ਹੈ। ਅਸੀਂ ਇਸ ਗ੍ਰਿਫ਼ਤਾਰੀ ਦੇ ਮੂਲ਼ੋਂ ਹੀ ਹੱਕ ਵਿੱਚ ਨਹੀਂ ਹਾਂ। ਜਿਹੜਾ ਸਮਾਜ ਆਪਣੇ-ਆਪ ਉੱਤੇ ਨਹੀਂ ਹੱਸਦਾ, ਉਸ ਦੇ ਨਕਾਰਾ ਹੋ ਜਾਣ ਦਾ ਖ਼ਦਸ਼ਾ ਰਹਿੰਦਾ ਹੈ, ਪਰ ਕੀ ਬੋਲਣ ਦੀ ਅਜ਼ਾਦੀ ਦਾ ਮਤਲਬ ਇਹ ਹੈ ਕਿ ਜੋ ਮਰਜ਼ੀ ਬੋਲਦੇ ਜਾਓ?"
ਇੰਡੀਆ ਅਗੇਂਸਟ ਕੋਰੱਪਸ਼ਨ ਨੇ ਵੀ ਅਸੀਮ ਦੀ ਗ਼੍ਰਿਫ਼ਤਾਰੀ ਵਿਰੁੱਧ ਰੋਸ ਪ੍ਰਗਟ ਕੀਤਾ ਤੇ ਕਿਹਾ ਕਿ ਇਹ ਕਾਰਵਾਈ, ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਢਣ ਦਾ ਬਦਲਾ ਲਏ ਜਾਣ ਲਈ ਕੀਤੀ ਗਈ ਹੈ। 'ਪ੍ਰੈੱਸ ਕੌਂਸਲ ਆਫ ਇੰਡੀਆ' ਦੇ ਮੁਖੀ ਜਸਟਿਸ ਮਾਰਕੰਡੇ ਕਾਟਜੂ ਨੇ ਅਸੀਮ ਨੂੰ ਗ਼੍ਰਿਫ਼ਤਾਰ ਕਰਨ ਦੀ ਸਿੱਧੀ ਨਿਖੇਧੀ ਕਰਦਿਆਂ ਕਿਹਾ ਕਿ ਸਿਆਸਤਦਾਨਾਂ ਨੂੰ ਸਹਿਣਸ਼ੀਲ ਬਣਨਾ ਸਿੱਖਣਾ ਚਾਹੀਦਾ ਹੈ ਤੇ ਇਹ ਗ਼੍ਰਿਫ਼ਤਾਰੀ ਬਹੁਤ ਹੀ ਅਹਿਮਕਾਨਾ ਕਾਰਵਾਈ ਹੈ।
ਇਸ ਤੋਂ ਇਲਾਵਾ, ਇੰਟਰਨੈੱਟ ਉੱਤੇ ਸਮਾਜਕ ਤਾਣੇ-ਬਾਣੇ ਨਾਲ ਸਬੰਧਤ ਸਾਈਟਾਂ 'ਟਵਿਟਰ' ਰਾਹੀਂ ਲੇਖਕ ਚੇਤਨ ਭਗਤ, ਕਾਰਟੂਨਿਸਟ ਹੇਮੰਤ ਮੋਰਪਰੀਆ, ਕਾਰਟੂਨਿਸਟ ਸੁਧੀਰ ਧਰ ਨੇ ਇਸ ਕਾਰਵਾਈ ਲਈ ਮਹਾਰਾਸ਼ਟਰ ਤੇ ਕੇਂਦਰ ਸਰਕਾਰ ਨੂੰ ਲੰਬੇ ਹੱਥੀਂ ਲਿਆ। ਭਾਰਤੀ ਜਨਤਾ ਪਾਰਟੀ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਇਸ ਮਾਮਲੇ ਵਿੱਚ, ਅਮਰੀਕਾ ਦੇ ਅਖ਼ਬਾਰ 'ਵਾਸ਼ਿੰਗਟਨ ਪੋਸਟ' ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖ਼ਿਲਾਫ਼ ਛਪੇ ਇੱਕ ਲੇਖ ਦੇ ਹਵਾਲੇ ਨਾਲ਼ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਪੰਕਜ ਪਚੌਰੀ ਨਾਲ਼ ਕਾਫੀ ਕੁੱਤੇਖਾਣੀ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਕਿਹਾ ਹੈ, ''ਜੇ 'ਵਾਸ਼ਿੰਗਟਨ ਪੋਸਟ' ਵਿੱਚ ਕੋਈ ਲੇਖ ਛਪਦਾ ਹੈ ਤਾਂ ਇਹ ਸਰਕਾਰ ਫ਼ਟਾਫ਼ਟ ਇੱਕ ਚਿੱਠੀ ਉਸ ਅਖ਼ਬਾਰ ਨੂੰ ਲਿਖਦੀ ਹੈ। ਜੇ ਕੋਈ ਕਾਰਟੂਨਿਸਟ, ਵਿਚਾਰ ਪ੍ਰਗਟ ਕਰਨ ਲਈ ਮਿਲੀ ਹੋਈ ਅਜ਼ਾਦੀ ਵਰਤਦਿਆਂ ਆਪਣੇ ਵਿਚਾਰ ਜ਼ਾਹਰ ਕਰਦਾ ਹੈ ਤਾਂ ਉਹ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਜਾਂਦਾ ਹੈ।"
ਇਸ ਤੋਂ ਇਲਾਵਾ ਅਸੀਮ ਤ੍ਰਿਵੇਦੀ ਦੇ ਕਾਰਟੂਨਾਂ ਦੇ ਸਬੰਧ ਵਿੱਚ ਇੱਕ ਸਰਵੇਖਣ ਵੀ ਕਰਾਇਆ ਗਿਆ, ਜਿਸ ਵਿੱਚ ਇਹ ਸੁਆਲ ਉਠਾਇਆ ਗਿਆ, ''ਕੀ ਤ੍ਰਿਵੇਦੀ ਦੇ ਕਾਰਟੂਨ ਇਤਰਾਜ਼ ਯੋਗ ਹਨ?" ਨੈੱਟ ਉੱਤੇ ਕਰਾਏ ਗਏ ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲ਼ੇ ਲੋਕਾਂ ਵਿੱਚੋਂ, 87. 99 ਫ਼ੀਸਦੀ ਲੋਕਾਂ ਨੇ ਇਸ ਸੁਆਲ ਦੇ ਜੁਆਬ ਵਿੱਚ 'ਨਹੀਂ' ਲਿਖਿਆ, ਮਸਾਂ 9. 18 ਫ਼ੀਸਦੀ ਲੋਕਾਂ ਨੇ ਇਨ੍ਹਾਂ ਕਾਰਟੂਨਾਂ ਨੂੰ ਇਤਰਾਜ਼ਯੋਗ ਕਿਹਾ ਜਦੋਂ ਕਿ 2. 8 ਫ਼ੀਸਦੀ ਲੋਕਾਂ ਨੇ 'ਪਤਾ ਨਹੀਂ' ਕਿਹਾ।
ਹੁਣ ਕੁੱਝ ਦਾਸ ਵੱਲੋਂ ਵੀ:
''ਜੇ ਡਿਕਸ਼ਨਰੀ ਵਿੱਚ 'ਸਡੀਸ਼ਨ' ਦਾ ਅਰਥ ਦੇਖਿਆ ਜਾਵੇ ਤਾਂ ਉੱਥੇ ''ਕੋਈ ਕਾਰਵਾਈ, ਲਿਖਤ ਜੋ ਹਕੂਮਤ ਦੇ ਖ਼ਿਲਾਫ਼ ਭੁਗਤਦੀ ਹੋਵੇ ਅਤੇ ਕੋਈ ਕਾਰਵਾਈ, ਜੋ ਬਗ਼ਾਵਤ ਜਾਂ ਵਿਦਰੋਹ ਭੜਕਾਉਂਦੀ ਹੋਵੇ" ਲਿਖਿਆ ਦਿਸਦਾ ਹੈ। ਇਸ ਤਰ੍ਹਾਂ ਜੇ ਅਸੀਮ ਤ੍ਰਿਵੇਦੀ ਕਸੂਰਵਾਰ ਹੈ, ਫ਼ੇਰ ਤਾਂ ਮੈਂ ਵੀ ਕਸੂਰਵਾਰ ਹਾਂ ਤੇ ਫ਼ੇਰ ਤਾਂ ਇਹ ਸਾਰਾ ਦੇਸ਼ ਹੀ ਕਸੂਰਵਾਰ ਹੈ। ਕਿਸੇ ਨਾ ਕਿਸੇ ਹੱਦ ਤਕ, ਕਦੇ ਨਾ ਕਦੇ... "
ਉਪਰੋਕਤ ਸਤਰਾਂ ਮੈਂ ਨਹੀਂ, ਪੱਤਰਕਾਰ ਸਮਰ ਆਰਲੰਕਰ ਨੇ 13 ਸਤੰਬਰ ਨੂੰ 'ਹਿੰਦੁਸਤਾਨ ਟਾਈਮਜ਼' ਵਿੱਚ ਆਪਣੇ ਕਾਲਮ 'ਮਹਾਭਾਰਤ' ਵਿੱਚ ਲਿਖੀਆਂ ਹਨ। ਜੀ ਤਾਂ ਕਰਦਾ ਹੈ ਕਿ ਉਹ ਸਾਰਾ ਲੇਖ ਇੱਥੇ ਪੰਜਾਬੀ ਵਿੱਚ ਉਲੱਥਾ ਕਰ ਦਿਆਂ, ਪਰ ਸਮਾਂ ਤੇ ਸਲੀਕਾ ਇਜ਼ਾਜ਼ਤ ਨਹੀਂ ਦਿੰਦੇ। ਸਾਡਾ ਸੰਵਿਧਾਨ ਸਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਦਿੰਦਾ ਹੈ, ਜਦੋਂ ਸਰਕਾਰ ਦੇ ਝੰਡਾਬਰਦਾਰਾਂ ਵੱਲੋਂ ਸੰਸਦ ਭਵਨ ਵਿੱਚ ਹਰ ਰੋਜ਼ ਕੀਤਾ ਜਾਂਦਾ, ਸੰਵਿਧਾਨ ਦਾ ਅਪਮਾਨ ਰੁਕਵਾਉਣ ਲਈ ਕੋਈ ਅਸੀਮ ਤ੍ਰਿਵੇਦੀ ਜਾਂ ਉਸ/ ਮੇਰੇ ਵਰਗਾ ਕੋਈ ਹੋਰ, ਆਪਣਾ ਬੁਰਸ਼/ ਕਲਮ ਉਨਾਂ 'ਸਰਕਾਰੀ ਝੰਡਾਬਰਦਾਰਾਂ' ਵੱਲ ਤਾਣ ਲੈਂਦਾ ਹੈ ਤਾਂ ਦੇਸ਼ ਦੀ ਸੁਰੱਖਿਆ ਲਈ 'ਕਥਿਤ ਖ਼ਤਰਾ' ਪੈਦਾ ਹੋ ਹੀ ਜਾਂਦਾ ਹੈ।

ਕਾਰਟੂਨਿਸਟ ਅਸੀਮ ਤ੍ਰਿਵੇਦੀ, ਪੁਲੀਸ ਦੀ ਹਿਰਾਸਤ ਵਿੱਚ (ਉੱਪਰ), ਆਪਣੇ ਬਣਾਏ ਦੋ ਕਾਰਟੂਨਾਂ (ਵਿੱਚਾਲੇ ਹੇਠਾਂ) ਪੁਲੀਸ ਨਾਲ ਬਹਿਸ ਕਰਦਾ ਅਸੀਮ