Thursday, 18 October 2012 11:01
Print PDF

ਪਤਾ ਨਹੀਂ ਕਦੋਂ ਤੋਂ ਸੁਣਦੇ ਆ ਰਹੇ ਹਾਂ ਕਿ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ। ਧੀਆਂ ਮਾਰਨ ਦਾ ਬਹੁਤ ਵੱਡਾ ਪਾਪ ਲੱਗੇਗਾ। ਧੀਆਂ ਨੂੰ ਕੁੱਖਾਂ ਵਿੱਚ ਹੀ ਮਾਰ-ਮੁਕਾਉਣ ਨਾਲ, ਦੇਸ਼ ਵਿੱਚ ਦਹਿਸ਼ਤਗ਼ਰਦੀ ਨਾਲੋਂ ਵੀ ਵੱਡਾ ਸੰਕਟ ਆ ਜਾਵੇਗਾ। ਧੀਆਂ ਨੂੰ ਮਾਰ ਕੇ ਜਿਹੜੀਆਂ ਗੰਢਾਂ ਅਸੀਂ ਹੱਥਾਂ ਨਾਲ ਮਾਰਾਂਗੇ, ਉਹ ਦੰਦਾਂ ਨਾਲ਼ ਖੋਲ੍ਹਣੀਆਂ ਪੈਣਗੀਆਂ। ਉਹ ਸਾਰੀਆਂ ਚਿਤਾਵਨੀਆਂ ਹੁਣ ਸਹੀ ਸਿੱਧ ਹੋ ਚੱਲੀਆਂ ਹਨ ਅਤੇ ਭਾਰਤ ਯਾਨੀ ਹਿੰਦੁਸਤਾਨ ਹੁਣ ਰੇਪਿਸਤਾਨ ਹੀ ਬਣ ਚੱਲਿਆ ਹੈ। ਜੇ ਯਕੀਨ ਨਾ ਆਵੇ ਤਾਂ 'ਨੈਸ਼ਨਲ ਕਰਾਈਮ ਰੈਕਰਡਜ਼ ਬਿਊਰੋ' ਵੱਲੋਂ ਮੁਹੱਈਆ ਕਰਾਏ ਗਏ ਅੰਕੜੇ ਦੇਖੇ ਜਾ ਸਕਦੇ ਹੈ। ਇਨ੍ਹਾਂ ਅੰਕੜਿਆਂ ਤੋਂ ਇਹ ਹਕੀਕਤ ਸਾਹਮਣੇ ਆਈ ਹੈ ਕਿ ਇਸ ਮੁਲਕ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਕਿਸੇ ਭਾਰਤੀ ਔਰਤ ਦੀ ਪੱਤ ਲੁੱਟੀ ਜਾਣ ਦੀ ਗੁੰਜਾਇਸ਼ ਤਕਰੀਬਨ ਦੁੱਗਣੀ ਹੋ ਗਈ ਹੈ ਜਦੋਂ ਕਿ ਪੱਤ ਲੁੱਟਣ ਵਾਲ਼ੇ ਨੂੰ ਸਜ਼ਾ ਹੋਣ ਦੀ ਗੁੰਜਾਇਸ਼ ਤੀਜਾ ਹਿੱਸਾ ਵੀ ਨਹੀਂ ਰਹਿ ਗਈ। ਇਹ ਗੱਲ ਵੀ ਚਿੱਟੇ ਦਿਨ ਵਾਂਗ ਸਪੱਸ਼ਟ ਹੋ ਗਈ ਹੈ ਕਿ ਸਾਡੇ ਭਾਰਤ ਮਹਾਨ ਵਿੱਚ ਹੋਰ ਜੋ ਮਰਜ਼ੀ ਹੋਵੇ, ਪਰ ਔਰਤਾਂ ਦੀ ਪੱਤ ਖ਼ਤਰੇ ਤੋਂ ਬਾਹਰ ਨਹੀਂ ਹੈ।
  'ਖਾਪਾਂ' ਦੇ ਦਬਦਬੇ ਹੇਠ ਦੱਬੇ ਹੋਏ ਹਰਿਆਣੇ ਤੋਂ ਲੈ ਕੇ, ਬਹੁਤ ਹੀ 'ਤਰੱਕੀਪਸੰਦ' ਸਮਝੇ ਜਾਂਦੇ ਬੰਗਾਲ ਤਕ 'ਰੇਪ' ਯਾਨੀ 'ਪੱਤ ਲੁੱਟੀ ਜਾਣ', ਜਿਸ ਨੂੰ 'ਬਲਾਤਕਾਰ' ਵੀ ਕਿਹਾ ਜਾਂਦਾ ਹੈ, ਦਾ ਬਹੁਤ ਹੀ ਜ਼ੋਰ ਹੈ। ਭਾਰਤ ਵਿੱਚ ਇਸ ਵੇਲ਼ੇ 20 ਮਿੰਟਾਂ ਵਿੱਚ ਇੱਕ ਔਰਤ ਦੀ ਪੱਤ ਲੁੱਟੀ ਜਾ ਰਹੀ ਹੈ ਤੇ

ਇਸ ਧੱਕੇ ਦਾ ਸ਼ਿਕਾਰ ਹੋ ਰਹੀ ਹਰ ਤੀਜੀ ਕੁੜੀ ਬਾਲੜੀ ਹੁੰਦੀ ਹੈ। ਇਹ ਸਭ ਕੁੱਝ ਅਸੀਂ ਆਪਣੇ ਪੱਲਿਓਂ ਹੀ ਨਹੀਂ ਲਿਖੀ ਜਾ ਰਹੇ। ਇਹ, ਭਾਰਤ ਸਰਕਾਰ ਦੇ ਅਦਾਰੇ 'ਨੈਸ਼ਨਲ ਕਰਾਈਮ ਰੈਕਰਡਜ਼ ਬਿਊਰੋ' ਯਾਨੀ ਐੱਨ. ਸੀ. ਆਰ. ਬੀ. ਵੱਲੋਂ ਇਕੱਠੇ ਕੀਤੇ ਗਏ ਅੰਕੜੇ ਕਹਿੰਦੇ ਹਨ।
 ਸੁਆਲ ਉੱਠ ਰਿਹਾ ਹੋਵੇਗਾ ਕਿ ਇਸ ਸਬੰਧ ਵਿੱਚ ਸਰਕਾਰ ਦਾ ਕਾਨੂੰਨ ਤੇ ਕਾਨੂੰਨ ਲਾਗੂ ਕਰਨ ਵਾਲ਼ੇ ਅਦਾਰੇ ਕੀ ਕਰਦੇ ਹਨ। ਅਜੇ ਤਾਂ ਔਰਤਾਂ ਦੀ ਪੱਤ ਲੁੱਟਣ ਦੇ ਬਹੁਤ ਸਾਰੇ ਕੇਸ ਬਦਨਾਮੀ ਦੇ ਡਰੋਂ ਲੁਕਾ ਲਏ ਜਾਂਦੇ ਹਨ। ਇਸ ਲਈ, ਇਹੋ ਜਿਹੇ ਕੁੱਲ ਮਾਮਲਿਆਂ ਵਿਚੋਂ ਮਸਾਂ ਅੱਧੇ ਹੀ ਕੋਰਟ-ਕਚਹਿਰੀ ਜਾਂ ਪੁਲੀਸ ਦੇ ਗੇੜ ਵਿੱਚ ਆਉਂਦੇ ਹਨ। ਉਨ੍ਹਾਂ ਵਿੱਚੋਂ ਵੀ ਬਹੁਤ ਸਾਰੇ ਕੇਸ, ਸਬੂਤਾਂ ਜਾਂ ਗਵਾਹਾਂ ਦੀ ਅਣਹੋਂਦ ਕਾਰਨ ਦਮ ਤੋੜ ਜਾਂਦੇ ਹਨ। ਕਈ ਵਰ੍ਹਿਆਂ ਮਗਰੋਂ, ਚਹੁੰ ਵਿੱਚੋਂ ਮਸਾਂ ਇੱਕ ਮੁਕੱਦਮਾ ਹੁਕਮ ਦੀ ਤਾਰੀਖ਼ ਤਕ ਪਹੁੰਚਦਾ ਹੈ। ਪਿਛਲੇ ਦੋ ਦਹਾਕਿਆਂ ਤੋਂ ਅਦਾਲਤਾਂ ਦੇ ਵਿਚਾਰ ਗੋਚਰੇ ਪਏ, ਇਹੋ ਜਿਹੇ ਮੁਕੱਦਮਿਆਂ ਦੀ ਗਿਣਤੀ 78 ਤੋਂ 83 ਫ਼ੀਸਦੀ ਤਕ ਵਧ ਗਈ ਹੈ। ਜਿਸ ਰਫ਼ਤਾਰ ਨਾਲ ਇਸ ਮੁਲਕ ਵਿੱਚ ਪੱਤ ਲੁੱਟੀ ਜਾ ਰਹੀ ਹੈ, ਉਸ ਦੇ ਮੁਕਾਬਲੇ ਇਨਸਾਫ਼ ਦੀ ਤੋਰ ਬਹੁਤੀ ਹੀ ਮੱਠੀ ਹੈ।
 ਇਸ ਸਮੇਂ ਮੱਧ ਪ੍ਰਦੇਸ਼ ਉਹ ਸੂਬਾ ਹੈ, ਜਿਸ ਨੇ ਇਸ ਮਾਮਲੇ ਵਿੱਚ ਬਾਕੀ ਸੂਬਿਆਂ ਨੂੰ ਪਛਾੜਿਆ ਹੋਇਆ ਹੈ। ਇਸ ਸੂਬੇ ਵਿੱਚ ਪਿਛਲੇ ਸਾਲ, ਪੱਤ ਲੁੱਟੀ ਜਾਣ ਦੇ ਸਭ ਤੋਂ ਵੱਧ ਕੇਸ ਦਰਜ ਹੋਏ। ਮੱਧ ਪ੍ਰਦੇਸ਼ ਵਿੱਚ ਪਿਛਲੇ ਸਾਲ ਦੌਰਾਨ 3406 ਔਰਤਾਂ ਦੀ ਪੱਤ ਲੁੱਟੀ ਗਈ, ਜਿਨ੍ਹਾਂ ਵਿਚੋਂ 1262 ਬਾਲੜੀਆਂ ਸਨ। ਪੱਛਮੀ ਬੰਗਾਲ ਵਿੱਚ ਇਸੇ ਹੀ ਅਰਸੇ ਦੌਰਾਨ 2363 ਔਰਤਾਂ ਨਾਲ ਜਿਸਮਾਨੀ ਧੱਕਾ ਕੀਤਾ ਗਿਆ, ਜਿਨ੍ਹਾਂ ਵਿਚੋਂ 1088 ਨਬਾਲਗ ਸਨ। ਰਾਜਸਥਾਨ ਵਿੱਚ 1800 ਔਰਤਾਂ ਦੀ ਇੱਜ਼ਤ ਲੁੱਟੀ ਗਈ ਤੇ ਉਨ੍ਹਾਂ ਵਿੱਚੋਂ 394 ਛੋਟੀ ਉਮਰ ਦੀਆਂ ਬੱਚੀਆਂ ਸਨ। ਮਹਾਰਾਸ਼ਟਰ 818 ਬੱਚੀਆਂ ਸਮੇਤ 1701 ਔਰਤਾਂ ਦੀ ਪੱਤ ਨਾਲ਼ ਖੇਡੇ ਜਾਣ ਵਾਲ਼ਾ ਪੰਜਵਾਂ ਸੂਬਾ ਰਿਹਾ। ਇਸ ਤਰ੍ਹਾਂ ਪਿਛਲੇ ਸਾਲ ਦੌਰਾਨ ਸਾਰੇ ਭਾਰਤ ਵਿੱਚ ਜ਼ਨਾਨਾ ਪੱਤ ਲੁੱਟਣ ਦੇ ਕੁੱਲ 24, 206 ਕੇਸ ਦਰਜ ਹੋਏ। ਹਰਿਆਣੇ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਇੱਕ ਦਰਜਨ ਔਰਤਾਂ 'ਪੱਤਹੀਣ' ਕਰ ਦਿੱਤੀਆਂ ਗਈਆਂ।
 ਗੁਆਂਢ ਦਾ ਲਿਹਾਜ਼ ਸਮਝ ਲਓ, ਹਰਿਆਣੇ ਉੱਤੇ ਇਸ ਸਬੰਧ ਵਿੱਚ ਖ਼ਾਸ ਰੌਸ਼ਨੀ ਪਾਉਣੀ ਚਾਹੁੰਦਾ ਹਾਂ। ਇਸ ਸੂਬੇ ਵਿੱਚ ਇਸ ਸਾਲ ਜਨਵਰੀ ਤੋਂ ਅਗਸਤ ਦਰਮਿਆਨ 455 ਔਰਤਾਂ ਦੀ ਪੱਤ ਲੁੱਟੀ ਗਈ। ਇਸ ਹਿਸਾਬ ਨਾਲ਼ ਇਸ ਸੂਬੇ ਵਿੱਚ ਤਕਰੀਬਨ ਹਰ ਰੋਜ਼ ਦੋ ਔਰਤਾਂ ਨਾਲ਼ ਜਿਸਮਾਨੀ ਧੱਕਾ ਹੁੰਦਾ ਰਿਹਾ। ਅਜੇ ਸਹੀ ਅੰਕੜੇ ਇਸ ਤੋਂ ਕਿਤੇ ਵੱਧ ਹੋਣ ਦੇ ਆਸਾਰ ਹਨ ਕਿਉਂਕਿ ਜਿਹੜੇ ਮਾਮਲੇ ਦਬਾ ਲਏ ਗਏ ਜਾਂ ਸਾਹਮਣੇ ਨਹੀਂ ਆਉਣ ਦਿੱਤੇ ਗਏ, ਉਹ ਵੱਖਰੇ ਹਨ। ਇਸ ਸੂਬੇ ਵਿੱਚ ਹਿਸਾਰ ਪੁਲੀਸ ਰੇਂਜ ਵਿੱਚ 94, ਕਰਨਾਲ ਵਿੱਚ 92, ਰਿਵਾੜੀ ਵਿੱਚ 89 ਅਤੇ ਰੋਹਤਕ, ਜਿਸ ਵਿੱਚ ਮੁੱਖ ਮੰਤਰੀ ਭੁਪਿੰਦਰ ਸਿੰਘ ਹੂਡਾ ਦਾ ਜੱਦੀ ਸ਼ਹਿਰ ਵੀ ਪੈਂਦਾ ਹੈ, ਵਿੱਚ 87 ਬਲਾਤਕਾਰ ਹੋਏ। ਓਦਾਂ ਹਰਿਆਣਾ ਦੇ ਪੁਲੀਸ ਮੁਖੀ ਰੰਜੀਵ ਸਿੰਘ ਦਲਾਲ ਨੂੰ ਇਹੋ ਤਸੱਲੀ ਬਹੁਤ ਹੈ ਕਿ ਐਤਕੀਂ ਬਲਾਤਕਾਰ ਪਿਛਲੇ ਸਾਲ ਨਾਲੋਂ ਘੱਟ ਹੋਏ ਹਨ। ਹਰਿਆਣਾ ਦੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਨੇ ਇਸ ਸਾਲ ਬਲਾਤਕਾਰਾਂ ਦੀ ਗਿਣਤੀ, ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਦਰਜ ਕਰਨ ਤੋਂ ਇਨਕਾਰ ਕਰ ਕੇ ਘਟਾਈ ਹੈ।
 ਹੁਣ ਹਰਿਆਣੇ ਵਿੱਚ 28 ਦਿਨਾਂ ਵਿੱਚ 12 ਓਰਤਾਂ ਦੀ ਪੱਤ ਲੁੱਟੀ ਜਾਣ ਦੀ ਖ਼ਬਰ ਨੇ ਸਾਰੇ ਮੁਲਕ ਵਿੱਚ ਹਾਹਾਕਾਰ ਮਚਾਈ ਹੋਈ ਹੈ। ਕੁੱਝ ਸਿਆਣਿਆਂ ਦਾ ਕਹਿਣਾ ਹੈ ਕਿ ਇਹ ਸਭ ਕੁੱਝ ਤਾਂ ਹੋਣਾ ਹੀ ਸੀ। ਹਰਿਆਣੇ ਵਿੱਚ ਪਿਛਲੇ ਲੰਬੇ ਅਰਸੇ ਤੋਂ ਕੁੜੀਆਂ ਦੀ ਗਿਣਤੀੇ ਬਹੁਤ ਘਟੀ ਜਾ ਰਹੀ ਸੀ। ਪਿਛਲੇ ਸਾਲ, ਯਾਨੀ 2011, ਦੀ ਮਰਦਮ ਸ਼ੂਮਾਰੀ ਮੁਤਾਬਕ ਹਰਿਆਣੇ ਵਿੱਚ 1000 ਮੁੰਡਿਆਂ ਦੇ ਮੁਕਾਬਲੇ 830 ਕੁੜੀਆਂ ਸਨ। ਇਸ ਹਾਲਤ ਵਿੱਚ ਮੁੰਡਿਆਂ ਨੂੰ ਰਿਸ਼ਤੇ ਮਿਲਣੇ ਔਖੇ ਹੋ ਗਏ। ਇਸ ਦੇ ਨਤੀਜੇ ਵਜੋਂ ਔਰਤਾਂ ਦੀ ਪੱਤ ਲਈ ਖ਼ਤਰਾ ਪੈਦਾ ਹੋਣਾ ਹੀ ਸੀ। ਜਿਸ ਸੂਬੇ ਵਿੱਚ ਹਰ ਰੋਜ਼ ਦੋ ਬਲਾਤਕਾਰ ਹੁੰਦੇ ਹੋਣ ਤੇ ਪੁਲੀਸ ਅਫ਼ਸਰ ਤੇ ਹੁਕਮਰਾਨ ਇਸ ਗੱਲੋਂ ਹੀ ਖ਼ੁਸ਼ ਹੋਈ ਜਾਣ ਕਿ ਐਤਕੀਂ ਪਿਛਲੇ ਸਾਲ ਨਾਲੋਂ ਘੱਟ ਬਲਾਤਕਾਰ ਹੋਏ ਹਨ, ਉਸ ਦੀਆਂ ਔਰਤਾਂ ਦੀ ਰਾਖੀ ਰੱਬ ਵੀ ਸ਼ਾਇਦ ਹੀ ਕਰ ਸਕੇ।
 ਹੁਣ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਹਰਿਆਣੇ ਵਿੱਚ ਪੱਤ ਲੁਟਾ ਬੈਠੀਆਂ ਔਰਤਾਂ ਨੂੰ ਮਿਲ ਕੇ ਇਹ ਕਹਿ ਆਏ ਹਨ ਕਿ ਬਲਾਤਕਾਰ ਹਰਿਆਣੇ ਵਿੱਚ ਹੀ ਨਹੀਂ, ਸਾਰੇ ਮੁਲਕ ਵਿੱਚ ਹੋ ਰਹੇ ਹਨ। ਇਹ ਕਹਿ ਕੇ ਉਨ੍ਹਾਂ ਨੇ ਹਰਿਆਣੇ ਵਿੱਚ ਰਾਜ ਕਰ ਰਹੀ ਆਪਣੀ ਪਾਰਟੀ ਨੂੰ ਤਾਂ ਭਾਵੇਂ ਬਰੀ ਕਰਾ ਲਿਆ ਹੋਵੇ, ਸਾਰੇ ਦੇਸ਼ ਵਿੱਚ ਬਲਾਤਕਾਰਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਣ ਦੀ ਗੱਲ ਮੰਨ ਕੇ ਉਨ੍ਹਾਂ ਨੇ ਆਪਣੇ-ਆਪ ਨੂੰ ਕਸੂਤੀ ਸਥਿਤੀ ਵਿੱਚ ਫਸਾ ਲਿਆ ਹੈ। ਹਰਿਆਣੇ ਵਿੱਚ ਹੀ ਜੀਂਦ ਜ਼ਿਲੇ ਵਿੱਚ ਕਈ ਜਣਿਆਂ ਵੱਲੋਂ ਰਲ਼ ਕੇ ਇੱਕ ਕੁੜੀ ਦੀ ਪੱਤ ਹੀ ਨਹੀਂ ਲੁੱਟੀ ਗਈ, ਸਗੋਂ ਉਸ ਦੀ ਪੱਤ ਲੁੱਟੀ ਜਾਣ ਸਮੇਂ ਦਾ ਦ੍ਰਿਸ਼ ਫ਼ਿਲਮਾ ਕੇ ਉਹ 'ਕਲਿੱਪ' ਮੋਬਾਈਲ ਫ਼ੋਨ ਰਾਹੀਂ, ਹੋਰ ਫ਼ੋਨਾਂ 'ਤੇ 'ਨਸ਼ਰ' ਵੀ ਕੀਤੀ ਗਈ। ਇੰਨੀ ਵਹਿਸ਼ੀ ਵਾਰਦਾਤ ਦੇ ਸਬੰਧ ਵਿੱਚ ਕੇਸ ਦਰਜ ਕਰਨ ਤੋਂ ਕਈ ਦਿਨ ਪਹਿਲਾਂ ਪੁਲੀਸ ਇਸ ਮਾਮਲੇ ਵਿੱਚ 'ਲੋਲੋ-ਪੋਪੋ' ਹੀ ਕਰਦੀ ਰਹੀ।
  ਹਰਿਆਣੇ ਵਿੱਚ ਕਾਂਗਰਸ ਦੇ ਸੂਬਾਈ ਪ੍ਰਧਾਨ ਫੂਲ ਚੰਦ ਮੁਲਾਣਾ ਨੇ ਇਨ੍ਹਾਂ ਬਲਾਤਕਾਰਾਂ ਦੇ ਮਾਮਲੇ ਵਿੱਚ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਾਲ਼ੀ ਤਰਜ਼ 'ਤੇ ਕਿਹਾ ਹੈ ਕਿ ਇਹ ਬਲਾਤਕਾਰ 'ਸਿਆਸੀ ਸਾਜ਼ਿਸ਼' ਹਨ। ਮੁੱਖ ਮੰਤਰੀ ਸ਼੍ਰੀ ਹੂਡਾ ਨੇ ਇਸ ਸਬੰਧ ਵਿੱਚ ਇੱਕ ਕਮੇਟੀ ਬਣਾਉਣ ਦਾ ਅਤੇ ਬਲਾਤਕਾਰੀਆਂ ਵਿਰੁੱਧ 'ਸਖ਼ਤ ਕਾਰਵਾਈ ਕਰਨ' ਦਾ ਚਲਾਵਾਂ ਜਿਹਾ ਬਿਆਨ ਦੇ ਕੇ ਬੁੱਤਾ ਸਾਰ ਲਿਆ ਹੈ ਜਦੋਂ ਕਿ ਉਨ੍ਹਾਂ ਦੇ ਆਪਣੇ ਹਲਕੇ ਰੋਹਤਕ ਵਿੱਚ ਵੀ ਇਹ ਵਰਦਾਤਾਂ ਬਹੁਤ ਜ਼ੋਰਾਂ 'ਤੇ ਹਨ।
 ਜੇ ਹਰਿਆਣਾ ਸਰਕਾਰ ਇਸ ਸਬੰਧ ਵਿੱਚ ਸੱਚੀਂ ਹੀ ਕੁੱਝ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਆਪਣੇ ਬਰਾਬਰ 'ਰਾਜ ਕਰ ਰਹੀਆਂ' ਖਾਪਾਂ ਨੂੰ ਵੀ ਨੱਥ ਪਾਉਣੀ ਪੈਣੀ ਹੈ। ਹਾਲ ਹੀ ਵਿੱਚ ਇੱਕ 'ਖਾਪਧਾਰੀ' ਨੇ ਬਲਾਤਕਾਰ ਦੀ ਕਿਸੇ ਘਟਨਾ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਸਾਰਾ ਕਸੂਰ ਕੁੜੀਆਂ ਦਾ ਹੀ ਹੈ ਕਿਉਂ ਕਿ ਉਹ ਟੀਵੀ ਤੇ ਸਿਨੇਮਾ ਦੇਖ ਕੇ 'ਭੂਤਰ ਜਾਂਦੀਆਂ' ਹਨ। ਇਹੋ ਜਿਹੇ ਹੀ ਇੱਕ ਹੋਰ 'ਖਾਪੀ ਹੁਕਮਰਾਨ' ਨੇ ਇਨ੍ਹਾਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਕੁੜੀਆਂ ਨੂੰ ਸੋਲ਼ਾਂ-ਸੋਲ਼ਾਂ ਸਾਲਾਂ ਦੀ ਉਮਰ ਵਿੱਚ ਵਿਆਹ ਕੇ ਸਹੁਰੀਂ ਤੋਰਨ ਦਾ ਸੁਝਾਅ ਦਿੱਤਾ ਹੋਇਆ ਹੈ। ਉਹ ਤਾਂ ਇਹ ਵੀ ਕਹਿ ਗਿਆ ਕਿ ਇਹੋ ਜਿਹੀ ਹਾਲਤ ਵਿੱਚ ਇਹ ਕੁੜੀਆਂ 'ਕਿਸੇ ਹੋਰ ਪਾਸੇ ਦੇਖਣ ਜੋਗੀਆਂ' ਨਹੀਂ ਰਹਿਣਗੀਆਂ।
 ਬਲਾਤਕਾਰੀ ਕੋਈ ਵੀ ਹੋ ਸਕਦਾ ਹੈ। ਹਾਲ ਹੀ ਵਿੱਚ 7 ਅਕਤੂਬਰ (2012) ਨੂੰ ਨਵੀਂ ਦਿੱਲੀ ਵਿਖੇ ਪੀਤਮ ਪੁਰਾ 'ਚ ਰਹਿੰਦੇ ਇੱਕ ਡਾਕਟਰ ਨੇ ਆਪਣੀ ਨੌਕਰਾਣੀ ਨਾਲ਼ ਬਲਾਤਕਾਰ ਕੀਤਾ। ਦਿੱਲੀ ਯੂਨੀਵਰਸਿਟੀ ਦੀਆਂ ਦੋ ਵਿਦਿਆਰਥਣਾਂ, 24 ਸਤੰਬਰ ਦੇ ਦਿਨ ਤਿੰਨ ਜਣਿਆਂ ਨੇ ਠੰਢਿਆਂ ਵਿੱਚ ਨਸ਼ੀਲੀ ਦਵਾਈ ਪਿਲਾ ਕੇ, ਆਪਣੀ ਹਵਸ ਦੀ ਸ਼ਿਕਾਰ ਬਣਾ ਲਈਆਂ। ਕੋਲਕਾਤਾ ਵਿੱਚ 25 ਸਤੰਬਰ ਨੂੰ ਇੱਕ ਬੰਦੇ ਨੇ ਆਪਣੀ ਡੇਢ ਸਾਲ ਦੀ ਭਤੀਜੀ ਨਾਲ ਬਹੁਤ ਹੀ ਵਹਿਸ਼ੀ ਢੰਗ ਨਾਲ ਧੱਕਾ ਕੀਤਾ। 9 ਅਗੱਸਤ ਨੂੰ ਮੁੰਬਈ ਵਿਖੇ ਇੱਕ 25 ਸਾਲਾ ਵਕੀਲ ਕੁੜੀ ਪੱਲਵੀ ਪੁਰਕਾਯਸਥ ਉਸ ਵੇਲ਼ੇ ਆਪਣੇ ਫ਼ਲੈਟ ਵਿੱਚ ਹੀ ਮਾਰ ਸੁੱਟੀ ਗਈ, ਜਦੋਂ ਉਸ ਨੇ ਆਪਣੇ-ਆਪ ਨੂੰ ਸੱਯਾਦ ਅਹਿਮਦ ਮੁਗ਼ਲ ਨਾਂ ਦੇ ਸੁਰੱਖਿਆ ਮੁਲਾਜ਼ਮ ਹੱਥੋਂ ਛੁਡਾਉਣਾ ਚਾਹਿਆ। ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਕੋਈ ਅੰਤ ਨਹੀਂ ਹੈ। ਜਦੋਂ ਇਹ ਸਤਰਾਂ ਤੁਸੀਂ ਪੜ੍ਹ ਰਹੇ ਹੋਵੋਗੇ, 'ਰੇਪਿਸਤਾਨ' ਵਿੱਚ ਪਤਾ ਨਹੀਂ ਹੋਰ ਕਿੰਨੀਆਂ ਔਰਤਾਂ ਦੀ ਪੱਤ ਰੋਲ਼ੀ ਜਾ ਚੁੱਕੀ ਹੋਵੇਗੀ।
ਜੀਂਦ ਜ਼ਿਲੇ ਵਿੱਚ ਦੋ ਮੁੰਡਿਆਂ ਦੇ ਧੱਕੇ ਦਾ ਸ਼ਿਕਾਰ ਹੋਈ ਇੱਕ ਅੱਲ੍ਹੜ ਕੁੜੀ ਵੱਲੋਂ ਇਹ ਅਪਮਾਨ ਨਾ ਸਹਾਰਦਿਆਂ ਆਪਣੇ ਉੱਤੇ ਮਿੱਟੀ ਦਾ ਤੇਲ ਪਾ ਕੇ ਸੜ ਮਰਨਾ ਵੀ ਇਹੋ ਜਿਹੀ ਮਾਨਸਕਤਾ ਨੂੰ ਝੰਜੋੜਨ ਵਿੱਚ ਨਕਾਮ ਰਿਹਾ ਹੈ। ਇਸ ਕੁੜੀ ਦੀ ਮਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਜੇ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਵੀ ਆਪਣੀ ਧੀ ਵਾਂਗ ਹੀ ਜਾਨ ਦੇ ਦੇਵੇਗੀ। ਸੋਨੀਆ ਗਾਂਧੀ ਇਸੇ ਹੀ ਕੁੜੀ ਦੇ ਮਾਪਿਆਂ ਨੂੰ ਮਿਲਣ ਲਈ ਖ਼ਾਸ ਤੌਰ 'ਤੇ ਆਏ ਸਨ।
ਜੀਂਦ ਦੇ ਪਿੰਡ ਸੱਚਾ ਖੇੜਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਗਾਂਧੀ ਨੇ ਏਦਾਂ ਕਿਹਾ, ''ਮੈਂ ਇਸ ਤਰਾਹ ਕੀ ਘਟਨਾਉਂ ਕੀ ਭਰਪੂਰ ਨਿੰਦਾ ਕਰਤੀ ਹੂੰ। ਦੋਸ਼ੀਓਂ ਕੋ ਸਖ਼ਤ ਸੇ ਸਖ਼ਤ ਸਜ਼ਾ ਮਿਲਨੀ ਚਾਹੀਏ।"
ਕਹਿੰਦੇ ਹਨ ਕਿ ਸੋਨੀਆ ਗਾਂਧੀ ਨੇ ਪੱਤ ਲੁੱਟੇ ਜਾਣ ਮਗਰੋਂ ਸੜ ਮਰੀ ਇਸ ਕੁੜੀ ਦੇ ਮਾਪਿਆਂ ਨਾਲ਼ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਯਕੀਨ ਦੁਆਇਆ ਕਿ ਉਹ ਉਨ੍ਹਾਂ ਦੀ 'ਹਰ ਸੰਭਵ ਮਦਦ' ਕਰਨਗੇ ਤੇ ਉਨ੍ਹਾਂ ਨੂੰ 'ਪੂਰਾ ਇਨਸਾਫ਼' ਦੁਆਉਣਗੇ। ਦੇਸ਼ ਦੀ ਸਭ ਤੋਂ ਜ਼ਿੰਮੇਵਾਰ ਸਮਝੀ ਜਾਂਦੀ ਇਸ ਔਰਤ ਦੇ ਇਨ੍ਹਾਂ ਕਥਨਾਂ ਦੇ ਕੀ ਅਰਥ ਹਨ, ਜੇ ਕਿਸੇ ਨੂੰ ਸਮਝ ਆ ਜਾਣ ਤਾਂ ਉਹ ਇਸ 'ਮੂੜ੍ਹ-ਮੱਤ' ਨੂੰ ਵੀ ਸਮਝਾ ਦੇਵੇ। '

ਬਲਾਤਕਾਰ ਦੇ ਪਾਪ-ਸਰਾਪ ਉੱਤੇ ਰੌਸ਼ਨੀ ਪਾਉਂਦੀਆਂ ਕੁੱਝ ਤਸਵੀਰਾਂ

Comments (0)

Write comment

smaller | bigger

busy
You are here:   Homeਲੜੀਵਾਰਅਰਜ਼ ਕੀਤੈਰੇਪਿਸਤਾਨ

Currency Converter

Amount:
From:
To:


Gurbani Radio


Gurbani - Sri Harmandir Sahib